ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, October 27, 2012

ਲੱਤਾਂ-ਪੈਰ ਕਿਓਂ ਸੁੱਜਦੇ ਨੇ …?

‘‘ਪੁੱਤ…ਕੁਝ ਦਿਨਾਂ ਦਾ ਮੈਨੂੰ ਸਾਹ ਜਿਹਾ ਚੜ੍ਹਦੈ …ਤੇ ਆਹ…ਅੱਜ ਲੱਤਾਂ ਸੁੱਜੀਆਂ ਲਗਦੀਆਂ ਨੇ…?’’ 60 ਸਾਲਾ ਬਾਪ ਆਪਣੇ ਪੁੱਤ ਨੂੰ ਕਹਿ ਰਿਹਾ ਸੀ। ਇਸੇ ਤਰ੍ਹਾਂ ਛੇ ਮਹੀਨੇ ਦੀ ਗਰਭਵਤੀ, 25 ਸਾਲਾ ਪਰਮੀਤ ਆਪਣੇ ਪਤੀ ਨੂੰ ਪੈਰ ਵਿਖਾ ਕੇ ਪੁੱਛ ਰਹੀ ਸੀ, ‘‘ਰਣਬੀਰ…ਆਹ ਵੇਖੋ ਨਾ…ਮੇਰੇ ਪੈਰਾਂ ’ਤੇ ਕੁਝ ਸੋਜ ਲਗਦੀ ਐ…!’’  ਤੇ ਹਸਪਤਾਲ ਵਿਚ ਆਪਣੀ   ਬੇਟੀ ਨੂੰ ਚੈੱਕ ਕਰਵਾਉਣ ਗਿਆ ਪਾਲਾ, ਡਾਕਟਰ ਨੂੰ ਦੱਸ ਰਿਹਾ ਸੀ, ‘‘ਡਾਕਟਰ ਸਾਹਿਬ…, ਸੱਤਾਂ ਸਾਲਾਂ ਦੀ ਸਾਡੀ ਭੋਲੀ ਦੇ, ਪਹਿਲਾਂ…, ਅੱਖਾਂ ਦੁਆਲੇ ਸੋਜ ਜਹੀ ਦਿੱਸਦੀ ਸੀ ਤੇ ਹੁਣ.., ਲੱਤਾਂ ਅਤੇ ਪੇਟ ’ਤੇ ਵੀ ਸੋਜ ਲਗਦੀ ਐ…!’’                                             ਇਸ ਤਰਾਂ੍ਹ ਵੱਖ-ਵੱਖ ਉਮਰਾਂ ਦੇ ਰੋਗੀ, ਲੱਤਾਂ ਤੇ ਪੈਰਾਂ ’ਤੇ ਸੋਜ ਦੀ ਸਮੱਸਿਆ ਲੈ ਕੇ ਹਸਪਤਾਲਾਂ ਵਿਚ ਜਾਂਦੇ ਨੇ। ਮੈਡੀਕਲ, ਸਰਜੀਕਲ, ਇਸਤਰੀ-ਰੋਗ, ਬੱਚਾ-ਵਿਭਾਗ, ਗੁਰਦਾ-ਰੋਗ ਆਦਿ ਦੇ ਬਾਹਰੀ-ਰੋਗੀ ਵਿਭਾਗ (ਓ.ਪੀ.ਡੀ.) ਵਿਚ ਐਸੇ ਰੋਗੀ ਆਮ ਹੀ ਆਉਂਦੇ ਹਨ ਜਿਨ੍ਹਾਂ ਦੇ ਲੱਤਾਂ ਪੈਰਾਂ ’ਤੇ ਸੋਜ ਹੁੰਦੀ ਹੈ। ਇਸ ਅਲਾਮਤ ਦਾ ਕੋਈ ਇਕ ਕਾਰਨ ਨਹੀਂ ਹੁੰਦਾ। ਜੇਕਰ ਇਸ ਬਾਰੇ ਕੁਝ ਜਾਣਕਾਰੀ ਹੋਵੇ ਤਾਂ ਡਾਕਟਰ ਕੋਲ ਪੁੱਜਣ ਤੋਂ ਪਹਿਲਾਂ ਵੀ ਅਸੀਂ ਕੁਝ ਨਾ ਕੁਝ ਕਰ ਸਕਦੇ ਹਾਂ। ਸੋ ਆਓ… ਅੱਜ ਇਸ ਅਲਾਮਤ ਯਾਨੀ ਕਿ ਲੱਤਾਂ ਤੇ ਪੈਰ ’ਤੇ ਸੋਜ ਹੋਣ ਬਾਰੇ ਕੁਝ ਜਾਣਕਾਰੀ ਸਾਂਝੀ ਕਰੀਏ।  ਪੈਰ, ਗਿੱਟੇ ਤੇ ਲੱਤ ਨੂੰ ਥੋੜ੍ਹਾ ਥੋੜ੍ਹਾ ਸੋਜਾ, ਵਡੇਰੀ ਉਮਰੇ, ਮੋਟਾਪੇ ਵਿਚ, ਲੱਤ ਦੀ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਤੇ ਲੱਤ ਦੀਆਂ ਖ਼ੂਨ ਦੀਆਂ ਨਾੜੀਆਂ ਦੇ ਫੁੱਲਣ ਵਾਲੇ ਰੋਗ ਵਿਚ ਆਮ ਹੁੰਦਾ ਹੈ। ਲੰਮੇ ਸਮੇਂ ਦੇ ਕਾਰ ਜਾਂ ਹਵਾਈ ਜਹਾਜ਼ ਦੇ ਸਫ਼ਰ ਦੌਰਾਨ ਬੈਠੇ ਰਹਿਣ ਕਰਕੇ ਜਾਂ ਲੰਮਾ ਸਮਾਂ ਖੜ੍ਹੇ ਰਹਿਣ ਵਾਲੇ ਵਿਅਕਤੀਆਂ (ਜਿਵੇਂ ਡਿਊਟੀ ’ਤੇ ਖੜ੍ਹੇ ਸੰਤਰੀ ਜਾਂ ਵੱਡੇ ਅਪਰੇਸ਼ਨਾਂ ਵਾਸਤੇ ਕਈ ਕਈ ਘੰਟੇ ਖੜ੍ਹੇ ਰਹਿਣ ਵਾਲੇ ਸਰਜਨਾਂ) ਦੀਆਂ ਲੱਤਾਂ ਅਤੇ ਪੈਰਾਂ ’ਤੇ  ਸੋਜ ਪੈ ਜਾਂਦੀ ਹੈ। ਸੋਜ ਵਾਲੇ ਹਿੱਸੇ ਨੂੰ ਨੱਪਣ ਨਾਲ ਉਸ ਜਗ੍ਹਾ ਟੋਇਆ ਪੈ ਜਾਂਦਾ ਹੈ (ਪਿਟਿੰਗ ਓਡੀਮਾ)। ਪੈਰ, ਗੋਡੇ ਜਾਂ ਲੱਤ ਦੀ ਕਿਸੇ ਤਰ੍ਹਾਂ ਦੀ ਸੱਟ, ਜਾਂ ਇਨ੍ਹਾਂ ਅੰਗਾਂ ਅਤੇ ਪੇਟ ਦੇ ਹੇਠਲੇ ਹਿੱਸੇ (ਪੈਲਵਿਸ) ਦੀ ਸਰਜਰੀ ਖ਼ਾਸਕਰ ਕੈਂਸਰ ਦੀ, ਤੋਂ ਬਾਅਦ ਪੈਰਾਂ ’ਤੇ ਸੋਜ ਹੋ ਸਕਦੀ ਹੈ। ਤਕਰੀਬਨ ਹਰੇਕ ਗਰਭਵਤੀ ਔਰਤ ਦੇ ਪੈਰਾਂ ’ਤੇ ਸੋਜ ਪੈ ਜਾਂਦੀ ਹੈ ਕਿਉਂਕਿ ਗਰਭ ਅੰਦਰ ਪਣਪ ਰਹੇ ਬੱਚੇ ਦੇ ਵਧਣ ਨਾਲ ਬੱਚੇ-ਦਾਨੀ ਦਾ ਦਬਾਅ ਖ਼ੂਨ ਦੀਆਂ ਨਾੜੀਆਂ ’ਤੇ ਪੈਂਦਾ ਹੈ ਜਿਸ ਨਾਲ ਪੈਰਾਂ ਅਤੇ ਲੱਤਾਂ ਦੀਆਂ ਖ਼ੂਨ-ਨਾੜੀਆਂ ਭਰੀਆਂ ਰਹਿੰਦੀਆਂ ਹਨ ਤੇ ਵੱਧ ਪ੍ਰੈਸ਼ਰ ਨਾਲ ਤਰਲ, ਨਾੜੀਆਂ ’ਚੋਂ ਬਾਹਰ ਆ ਕੇ ਪੈਰਾਂ ਅਤੇ ਗਿੱਟਿਆਂ ’ਤੇ ਸੋਜ ਪੈਦਾ ਕਰਦਾ ਹੈ। ਸ਼ਾਇਦ ਇਸੇ ਕਰਕੇ ਗਰਭ ਠਹਿਰਨ ’ਤੇ ਕਿਹਾ ਜਾਂਦਾ ਹੈ ‘‘ਇਸ ਦੇ ਪੈਰ ਭਾਰੇ ਨੇ।’’ ਐਸੀ ਸੋਜ ਵਾਸਤੇ ਕੁਝ ਤਰੀਕੇ ਅਪਣਾਏ ਜਾ ਸਕਦੇ ਹਨ ਜੋ ਫਾਇਦਾ ਦਿੰਦੇ ਹਨ:

*  ਵਧੇਰੇ ਸਮਾਂ ਖੜੇ ਨਾ ਰਹੋ।
*  ਜਦ ਬੈਠੋ ਤਾਂ ਚੌਂਕੜੀ ਮਾਰਨ ਦੀ ਬਜਾਏ ਪੈਰਾਂ ਨੂੰ ਸਿੱਧੇ ਫਰਸ਼ ’ਤੇ ਰੱਖੋ।
*  ਬੈਠਣ ਵੇਲੇ ਲੱਤਾਂ ਨੂੰ ਹਿਲਾਉਂਦੇ ਰਹੋ ਤੇ ਲੇਟਣ ਵੇਲੇ ਪੈਰ (ਹੇਠਾਂ ਸਿਰਹਾਣਾ ਰੱਖ ਕੇ)     ਉੱਚੇ ਰੱਖੋ।
*  ਲੇਟਣ ਵੇਲੇ ਖੱਬੇ ਪਾਸੇ ਵੱਲ ਨੂੰ ਲੇਟੋ।
*  ਇਸ ਗੱਲ ਦਾ ਧਿਆਨ ਰੱਖੋ ਕਿ ਜੁੱਤੀ, ਜੁਰਾਬਾਂ ਤੇ ਸਟੌਕਿੰਗਜ਼ ਆਰਾਮ-ਦਾਇਕ ਹੋਣ,
*  ਜਿਨ੍ਹਾਂ ਦੇ ਘਰੀਂ ਸਵਿਮਿੰਗ ਪੂਲ ਹੈ ਉਹ ਰੋਜ਼ ਕੁਝ ਦੇਰ ਲਈ ਪਾਣੀ ਵਿਚ ਖੜੇ ਹੋਣ।
*  ਡਾਕਟਰ ਦੀ ਸਲਾਹ ਨਾਲ ਜਿੰਨੀ ਵਰਜ਼ਿਸ਼ ਕਰ ਸਕਦੇ ਹੋਵੋ, ਕਰੋ।
*  ਗਰਮੀ ਤੇ ਹੁੰਮਸ ਵਾਲਾ ਮੌਸਮ ਹੋਵੇ ਤਾਂ ਕਮਰੇ ਨੂੰ ਠੰਢਾ ਰੱਖੋ।
* ਕੌਫੀ ਵਾਲੀਆਂ ਡਰਿੰਕਸ ਤੇ ਵਧੇਰੇ ਲੂਣ ਤੋਂ ਪ੍ਰਹੇਜ਼ ਕਰੋ।
ਹਰੀਆਂ ਸਬਜ਼ੀਆਂ ਤੇ ਫਲ-ਫਰੂਟ ਦਾ ਸੇਵਨ ਵਧੇਰੇ ਕਰੋ।
ਮਾੜੀ ਮੋਟੀ ਸੋਜ ਤਾਂ ਕੋਈ ਗੱਲ ਨਹੀਂ ਪਰ ਜੇਕਰ ਇਹ ਬਹੁਤ ਜ਼ਿਆਦਾ ਹੋ ਜਾਵੇ ਤੇ ਮੂੰਹ ’ਤੇ ਵੀ ਸੋਜ ਨਜ਼ਰ ਆਉਣ ਲੱਗੇ ਤਾਂ ਟੌਕਸੀਮੀਆਂ ਆਫ ਪ੍ਰੈਗਨੈਂਨਸੀ ਦਾ ਖ਼ਦਸ਼ਾ ਹੁੰਦਾ ਹੈ।
ਟੌਕਸੀਮੀਆਂ ਆਫ ਪ੍ਰੈਗਨੈਂਨਸੀ: ਜੇਕਰ ਗਰਭਾਵਸਥਾ ਵਿੱਚ ਪੈਰਾਂ ’ਤੇ ਕਾਫੀ ਜ਼ਿਆਦਾ ਸੋਜ ਹੋ ਜਾਵੇ ਤਾਂ ਇਹ ਟੌਕਸੀਮੀਆਂ ਦੀ ਨਿਸ਼ਾਨੀ ਹੁੰਦੀ ਹੈ। ਇਸ ਨੂੰ ‘‘ਪ੍ਰੀ-ਐਕਲੈਂਪਸੀਆ’’ ਵੀ ਕਿਹਾ ਜਾਂਦਾ ਹੈ ਜੋ ਤਕਰੀਬਨ 5 ਪ੍ਰਤੀਸ਼ਤ ਗਰਭਵਤੀਆਂ ਵਿਚ ਹੋ ਜਾਂਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ, ਪੈਰਾਂ ’ਤੇ ਸੋਜ, ਸਰੀਰ ਅੰਦਰ ਵਾਧੂ ਤਰਲ ਜਮ੍ਹਾਂ ਹੋਣਾ ਖ਼ਾਸ ਕਰਕੇ ਗਰਭ ਦੇ ਆਖਰੀ ਪੜਾਅ  ਦੌਰਾਨ ਤੇ ਪਿਸ਼ਾਬ ਵਿਚ ਪ੍ਰੋਟੀਨ ਦਾ ਆਉਣਾ ਲੱਛਣ ਹੁੰਦੇ ਹਨ। ਵਧੇਰੇ ਕਰਕੇ ਸਮੱਸਿਆ ਪਹਿਲੇ ਬੱਚੇ ਵੇਲੇ, ਛੇਵੇਂ ਮਹੀਨੇ ’ਚ ਜਾਂ ਉਸ ਤੋਂ ਬਾਅਦ ਆਉਂਦੀ ਹੈ। ਇਸ ਤੋਂ ਪੈਦਾ ਹੋਣ ਵਾਲੀਆਂ ਉਲਝਣਾਂ, ਜੱਚਾ ਤੇ ਬੱਚਾ, ਦੋਵਾਂ ਵਾਸਤੇ ਹੀ ਚੰਗੀਆਂ ਨਹੀਂ ਹੁੰਦੀਆਂ। ਇਸ ਦੌਰਾਨ ਬੇਹੱਦ ਸਿਰ ਪੀੜ, ਯਰਕਾਨ, ਵਾਧੂ ਪਾਣੀ ਜਮ੍ਹਾਂ        ਹੋਣ ਕਰਕੇ ਸਰੀਰ ਦੇ ਭਾਰ ਦਾ     ਵਧ ਜਾਣਾ,   ਪੈਰਾਂ, ਗੋਡਿਆਂ, ਗਿੱਟਿਆਂ ਆਦਿ ’ਤੇ ਸੋਜ, ਤੇ ਕਈ ਵਾਰ, ਧੁੰਦਲਾ ਨਜ਼ਰ ਆਉਣਾ ਆਦਿ, ਇਸ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਐਸੇ ਕੇਸਾਂ ਵਿਚ ਜੱਚਾ ਤੇ ਬੱਚੇ ਦੀ ਸਿਹਤ ਅਤੇ ਭਲਾਈ ਲਈ ਬਿਨਾਂ ਦੇਰੀ ਦੇ ਡਾਕਟਰੀ ਸਹਾਇਤਾ ਲੈ ਕੇ ਨਿਯਮਤ ਇਲਾਜ ਕਰਵਾਉਣਾ ਚਾਹੀਦਾ ਹੈ। ਘਰੇਲੂ ਟੋਟਕੇ ਵਰਤਣ ਦੇ ਚੱਕਰ ਵਿਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ।
ਸਰੀਰ ਵਿਚ ਪ੍ਰੋਟੀਨ ਦੀ ਘਾਟ: ਸੋਜਾਂ ਪੈਣ ਦਾ ਇਕ ਜ਼ਰੀਆ ਹੈ। ਲੱਤਾਂ ਪੈਰਾਂ ਦੀ ਸੋਜ ਜਿਸ ਨਾਲ ਕੋਈ ਪੀੜ ਨਹੀਂ ਹੁੰਦੀ, ਆਮ ਕਰਕੇ ਵਡੇਰੀ ਉਮਰ ਦੇ ਵਿਅਕਤੀਆਂ; ਦਿਲ, ਗੁਰਦੇ ਜਾਂ ਜਿਗਰ ਦੇ ਰੋਗੀਆਂ ਅਤੇ ਸਰੀਰ ਵਿਚ ਪ੍ਰੋਟੀਨ ਦੀ ਘਾਟ ਵਾਲੇ ਬੱਚਿਆਂ ਜਾਂ ਵੱਡਿਆਂ ਵਿੱਚ ਹੁੰਦੀ ਹੈ। ਐਸੀ ਸੋਜ, ਫਾਲਤੂ ਤਰਲ ਜਮ੍ਹਾਂ ਹੋਣ ਕਾਰਨ ਹੁੰਦੀ ਹੈ ਜਿਸ ਨੂੰ ’ਓਡੀਮਾ’ ਕਿਹਾ ਜਾਂਦਾ ਹੈ। ਇਹ ਦੋਵਾਂ (ਖੱਬੇ ਤੇ ਸੱਜੇ) ਪਾਸਿਆਂ ’ਤੇ ਬਰਾਬਰ ਹੁੰਦੀ ਹੈ।  ਪੈਰਾਂ, ਲੱਤਾਂ ਦੀਆਂ ਪਿੰਨੀਆਂ ’ਤੇ ਕਈ ਵਾਰ ਪੱਟਾਂ ਤੱਕ ਵੀ ਸੋਜ ਹੋ ਜਾਂਦੀ ਹੈ। ਗੁਰੂਤਾ (ਗ੍ਰੈਵਿਟੀ) ਵੀ ਇਸ ਦਾ ਕਾਰਨ ਹੈ ਇਸ ਲਈ ਇਹ ਹੇਠਲੇ ਹਿੱਸਿਆ ਵਿੱਚ ਵਧੇਰੇ ਹੁੰਦੀ ਹੈ।
ਖ਼ਤਰਨਾਕ ਬਿਮਾਰੀਆਂ: ਹਾਰਟ ਫੇਲ੍ਹ, ਜਿਗਰ ਫੇਲ੍ਹ ਤੇ ਗੁਰਦੇ ਫੇਲ੍ਹ ਦੇ ਮਰੀਜ਼ਾਂ ਵਿਚ ਲੱਤਾਂ ਪੈਰਾਂ ਦੀ ਸੋਜ ਬਹੁਤ ਹੀ ਜ਼ਿਆਦਾ ਹੁੰਦੀ ਹੈ, ਲੱਤਾਂ ਤਾਂ ਭੜੋਲੇ ਵਾਂਗ (ਮੋਟੀਆਂ) ਬਣੀਆਂ ਹੁੰਦੀਆਂ ਹਨ।
ਗੁਰਦੇ ਫੇਲ੍ਹ ਹੋਣ ਕਰਕੇ ਸੋਜਾਂ: ਕਈ ਤਰ੍ਹਾਂ ਦੇ ਰੋਗਾਂ ਨਾਲ ਗੁਰਦੇ ਨੁਕਸਾਨੇ  ਜਾਂਦੇ ਹਨ। ਇਸ ਰੋਗ ਨਾਲ ਸਭ ਤੋਂ ਪਹਿਲਾਂ ਅੱਖਾਂ ਦੇ ਦੁਆਲੇ ਜਾਂ ਭਰਵੱਟਿਆਂ ਕੋਲ ਸੋਜ ਪੈਂਦੀ ਹੈ ਬਾਅਦ ਵਿਚ ਵਧੇਰੇ ਤਰਲ ਜਮ੍ਹਾਂ ਹੋਣ ਨਾਲ ਲੱਤਾਂ-ਪੈਰਾਂ ’ਤੇ ਸੋਜਾਂ ਪੈ ਜਾਂਦੀਆਂ  ਹਨ। ਨੈਫਰੋਟਿਕ ਸਿੰਡਰੋਮ ਵਿਚ ਲੱਤਾਂ-ਪੈਰਾਂ ਦੀ ਸੋਜ ਦੇ ਨਾਲ ਨਾਲ ਪੇਟ  ਦੇ ਅੰਦਰ (ਅਸਾਇਟਿਸ), ਫੇਫੜਿਆਂ ਦੁਆਲੇ (ਪਲੂਰਲ ਇਫਿਊਯਨ) ਤੇ ਦਿਲ ਦੇ ਦੁਆਲੇ (ਪੈਰੀਕਾਰਡੀਅਲ ਇਫਿਊਯਨ) ਵੀ ਕਾਫੀ ਤਰਲ ਇੱਕਠਾ ਹੋ ਜਾਂਦਾ ਹੈ ਜਿਸ ਨਾਲ ਮਰੀਜ਼ ਨੂੰ ਸਾਹ ਲੈਣ ਵਿਚ ਵੀ ਬੜੀ ਦਿੱਕਤ ਪੇਸ਼ ਆਉਂਦੀ ਹੈ। ਇਹ ਬਿਮਾਰੀ ਬੱਚਿਆਂ ਵਿਚ ਹੁੰਦੀ ਹੈ ਤੇ ਵੱਡਿਆਂ ਵਿਚ ਵੀ। ਗੁਰਦਾ ਰੋਗ  ਕਾਰਨ, ਪਿਸ਼ਾਬ ਵਿਚ ਬਹੁਤ ਜ਼ਿਆਦਾ ਪ੍ਰੋਟੀਨਜ਼ ਖ਼ਾਰਜ ਹੋ ਜਾਣ (ਮੈਸਿਵ ਪ੍ਰੋਟੀਨੂਰੀਆ) ਕਰਕੇ ਖ਼ੂਨ ਵਿਚ ਪ੍ਰੋਟੀਨਜ਼ ਦਾ ਪੱਧਰ  ਘਟ ਜਾਂਦਾ ਹੈ (ਹਾਇਪੋ-ਪ੍ਰੋਟੀਨੀਮੀਆ) ਤੇ ਵਧੇਰੇ ਤਰਲ ਸਰੀਰ ਵਿਚ ਜਮ੍ਹਾਂ ਹੋਣ ਕਰਕੇ ਸੋਜਾਂ ਪੈ ਜਾਂਦੀਆਂ ਹਨ। ਬੱਚੇ ਦੀਆਂ ਅੱਖਾਂ ਦੁਆਲੇ ਭਰੂਣ ਜਿਹੀ ਮਹਿਸੂਸ ਹੋਵੇ ਤਾਂ ਫੌਰੀ ਤੌਰ ’ਤੇ ਮੈਡੀਕਲ ਸਪੈਸ਼ਲਿਸਟ ਜਾਂ ਬੱਚਿਆਂ ਦੇ ਮਾਹਿਰ ਡਾਕਟਰ ਜਾਂ ਨੈਫਰਾਲੋਜਿਸਟ ਕੋਲੋਂ ਚੈਕਅੱਪ ਕਰਵਾਉਣਾ ਚਾਹੀਦਾ ਹੈ।
ਜਿਗਰ ਫੇਲ੍ਹ ’ਤੇ ਸੋਜ: ਜਿਗਰ ਦੇ ਵੱਖ-ਵੱਖ ਰੋਗਾਂ ਕਾਰਨ ਅੰਤ ਵਿਚ, ਜਦ ਨੁਕਸਾਨੇ ਜਾਣ ਕਰਕੇ ਜਿਗਰ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਸਕਦਾ ਤਾਂ ਕਿਹਾ ਜਾਂਦਾ ਹੈ ਕਿ ਜਿਗਰ ਫੇਲ੍ਹ ਹੋ ਗਿਆ ਹੈ। ਜਿਗਰ ਦੇ ਅਤੀ ਅਹਿਮ ਕੰਮਾਂ ਵਿਚੋਂ ਇਕ ਕੰਮ ਹੈ ਪ੍ਰੋਟੀਨਜ਼ ਬਣਾਉਣਾ। ਫੇਲ੍ਹ ਹੋਇਆ ਜਿਗਰ ਪ੍ਰੋਟੀਨ ਨਹੀਂ ਬਣਾ ਸਕਦਾ ਇਸ ਲਈ ਸਰੀਰ ਵਿਚ ਪ੍ਰੋਟੀਨਾਂ ਦਾ ਲੈਵਲ ਘਟ ਜਾਂਦਾ ਹੈ ਤੇ ਨਤੀਜੇ ਵਜੋਂ ਤਰਲ ਵਧ ਜਾਂਦਾ ਹੈ ਅਰਥਾਤ ਲੱਤਾਂ-ਪੈਰਾਂ ’ਤੇ ਸੋਜ ਪੈ ਜਾਂਦੀ ਹੈ।
ਸਰੀਰ ਵਿਚ ਪ੍ਰੋਟੀਨਜ਼ ਦੀ ਘਾਟ, ਤੇ ਨਤੀਜੇ ਵਜੋਂ ਲੱਤਾਂ ਪੈਰਾਂ ’ਤੇ ਸੋਜ ਦੇ ਹੋਰ ਕਾਰਨ ਹਨ:
* ਭੱੁਖਮਰੀ ਜਾਂ ਭੁੱਖ-ਹੜਤਾਲ/ ਮਰਨ ਵਰਤ ’ਤੇ ਬੈਠੇ ਵਿਅਕਤੀ।
* ਲੰਮੇ ਸਮੇ ਤੋਂ ਫੇਫੜਿਆਂ ਦੀ ਬਿਮਾਰੀ (ਟੀ.ਬੀ., ਬਰੌਂਕੀਐਕਟੇਸਿਸ)  ਜਿਸ ਨਾਲ ਬਲਗ਼ਮ ਰਾਹੀਂ ਸਰੀਰ ਦੀਆਂ ਪ੍ਰੋਟੀਨਜ਼ ਜ਼ਾਇਆ ਹੋ ਜਾਂਦੀਆਂ ਹਨ।
* ਕੈਂਸਰ ਤੇ ਏਡਜ਼ ਵਰਗੇ ਰੋਗ ਜਿਨ੍ਹਾਂ ਵਿਚ ਭੁੱਖ ਘਟ ਜਾਂਦੀ ਹੈ ਤੇ ਸਰੀਰ ਵਿਚ ਪ੍ਰੋਟੀਨਜ਼ ਸਮੇਤ ਕਈ ਤਰ੍ਹਾਂ ਦੀਆਂ ਕਮੀਆਂ ਹੋ ਜਾਂਦੀਆਂ ਹਨ।
ਦਿਲ ਦਾ ਫੇਲ੍ਹ ਹੋਣ ਕਰਕੇ ਸੋਜਾਂ: ਦਿਲ ਦਾ ਦੌਰਾ (ਹਾਰਟ ਅਟੈਕ) ਤੇ ਦਿਲ ਫੇਲ੍ਹ ਹੋਣਾ (ਹਾਰਟ ਫੇਲ੍ਹ) ਵੱਖ- ਵੱਖ ਸਥਿਤੀਆਂ ਹਨ। ਦਿਲ ਦੇ ਦੌਰੇ ਤੋਂ ਭਾਵ ਹੈ ਦਿਲ ਦੀ ਖ਼ੂਨ-ਨਾੜੀ ਬੰਦ ਹੋਣ ਕਰਕੇ ਛਾਤੀ ਵਿਚ ਪੀੜ, ਤ੍ਰੇਲੀਆਂ, ਸਾਹ-ਸਤ ਈ ਨਾ ਰਹਿਣਾ, ਜਿਸ ਨਾਲ ਇਕਦਮ ਮੌਤ ਵੀ ਹੋ ਜਾਂਦੀ ਹੈ ਤੇ ਦਿਲ ਫੇਲ੍ਹ ਹੋਣ ਦਾ ਮਤਲਬ ਹੈ ਕਿ ਇਹਦੇ ਕਿਸੇ ਨੁਕਸ ਕਾਰਨ ਖੂਨ ਦਾ ਦੌਰਾ ਸਹੀ ਤਰੀਕੇ ਨਾਲ ਨਹੀਂ ਚਲ ਰਿਹਾ, ਖ਼ੂਨ ਦੇ ‘ਬੈਕ ਪ੍ਰੈਸ਼ਰ’ ਕਰਕੇ ਰੋਗੀ ਨੂੰ ਸਾਹ ਚੜ੍ਹਦਾ ਹੈ, ਝੱਗ ਵਰਗੀ ਬਲਗ਼ਮ ਜਿਸ ਵਿਚ ਕਦੀ ਕਦੀ ਖ਼ੂਨ ਵੀ ਹੋ ਸਕਦੈ… ਤੇ ਨਾਲ ਲੱਤਾਂ ਪੈਰਾਂ ਦੀ ਸੋਜ। ਐਸੇ ਰੋਗੀ ਦਵਾਈਆਂ ਦੀ ਮਦਦ ਨਾਲ ਕਈ-ਕਈ ਮਹੀਨੇ ਚਲਦੇ-ਫਿਰਦੇ ਰਹਿੰਦੇ   ਹਨ, ਪਰ ਕਿਹਾ ਜਾਂਦਾ ਹੈ ਕਿ ‘‘ਇਸ ਦਾ ਦਿਲ ‘ਫੇਲਿਓਰ’ ਵਿਚ ਹੈ।’’
ਫਾਇਲੇਰੀਆ ਰੋਗ ਤੇ ਸੋਜਾਂ: ਇਹ ਰੋਗ ਏਸ਼ੀਆ ਦੇ ਕੁਝ ਭਾਗਾਂ, ਦੱਖਣੀ ਤੇ ਮੱਧ-ਅਮਰੀਕਾ ਤੇ ਪ੍ਰਸ਼ਾਂਤ ਟਾਪੂਆਂ ਵਿਚ ਹੁੰਦਾ ਹੈ; ਭਾਰਤ ਵਿਚ ਅਸਾਮ, ਬੰਗਾਲ, ਬੰਗਲਾਦੇਸ਼ ਤੇ ਨਾਲ ਲਗਦੇ ਇਲਾਕਿਆਂ ਵਿਚ ਹੁੰਦਾ ਹੈ। ਮਲੇਰੀਏ ਵਾਂਗ ਇਹ ਵੀ ਇਕ ਮੱਛਰ ਦੇ ਲੜਨ ਨਾਲ ਹੁੰਦਾ ਹੈ-ਇਸ ਮੱਛਰ ਦਾ ਨਾਂ ਹੈ ’ਏਡੀਜ਼ ਏਜਿਪਟਾਈ’ (ਜਦਕਿ ਮਲੇਰੀਏ ਵਿਚ ’ਐਨੋਫਲੀਜ਼’ ਮੱਛਰ ਹੁੰਦਾ ਹੈ)। ਪੰਜਾਬ ਵਿਚ ਇਹ ਰੋਗ ਨਹੀਂ ਹੈ ਕਿਉਂਕਿ ਇਹ ਮੱਛਰ (ਏਡੀਜ਼ ਏਜਿਪਟਾਈ) ਪੰਜਾਬ ਵਿਚ ਨਹੀਂ ਹੁੰਦਾ। ਪਰ ਮਿਹਨਤ ਮਜ਼ਦੂਰੀ ਕਰਨ  ਵਾਸਤੇ ਦੂਸਰੇ ਸੂਬਿਆਂ ਤੋਂ ਪੰਜਾਬ ’ਚ ਆਏ ਲੋਕ ਇਸ ਮਰਜ਼ ਤੋਂ ਪੀੜਤ ਹੁੰਦੇ ਹਨ ਜੋ ਰਾਜਿੰਦਰਾ ਹਸਪਤਾਲ/ਸਾਡੇ ਕੋਲ ਆਉਂਦੇ   ਰਹਿੰਦੇ ਹਨ। ਇਸ ਰੋਗ ਵਿਚ ਲੱਤ-ਪੈਰ ਜਾਂ ਕਿਸੇ ਹੋਰ ਅੰਗ ਦੀ ਚਮੜੀ, ਹਾਥੀ ਦੀ ਚਮੜੀ ਵਰਗੀ ਹੋ ਜਾਂਦੀ ਹੈ। ਇਸੇ ਕਰਕੇ ਇਸ ਸਥਿਤੀ ਨੂੰ ‘ਐਲੀਫੈਂਟੀਐਸਿਸ’ ਕਿਹਾ ਜਾਂਦਾ ਹੈ। ਐਸੀ ਸੋਜ ਇਕੋ ਪਾਸੇ ਵੀ ਹੋ ਸਕਦੀ ਹੈ ਅਤੇ ਦੋਵਾਂ ਲੱਤਾਂ ਨੂੰ ਵੀ। ਇਹ ਨਾਨ-ਪਿਟਿੰਗਓਡੀਮਾ ਹੁੰਦਾ ਹੈ।
ਇੱਕੋ ਪਾਸੇ (ਇੱਕ ਲੱਤ ਜਾਂ ਪੈਰ) ਵਾਲੀ ਸੋਜ, ਇਨਫੈਕਸ਼ਨ ਜਾਂ ਨਾੜੀਆਂ ਬੰਦ ਹੋਣ ਕਰਕੇ ਹੁੰਦੀ ਹੈ। ਇਨਫੈਕਸ਼ਨ ਨਾਲ ਨਲ਼ਾਂ ਵਿਚ ਸੰਢਾ ਚੜ੍ਹ ਜਾਂਦਾ ਹੈ, ਬੁਖ਼ਾਰ ਹੋ ਜਾਂਦਾ ਹੈ ਤੇ ਲੱਤ ਜਾਂ ਪੈਰ ਵਿਚ ਦਰਦ ਵੀ ਹੁੰਦਾ ਹੈ।
ਥਾਇਰਾਇਡ ਰੋਗ ਤੇ ਸੋਜਾਂ: ਹਾਇਪੋ-ਥਾਇਰਾਇਡ ਯਾਨੀ ਕਿ ਥਾਇਰਾਇਡ ਹਾਰਮੋਨ ਦੀ ਕਮੀ ਵਾਲੇ ਵਿਅਕਤੀਆਂ ਦੇ ਪੈਰ-ਲੱਤਾਂ ਤੇ ਬਾਹਵਾਂ ਸੁੱਜ ਜਾਂਦੀਆਂ ਹਨ ਇਹ ਸੋਜ ‘‘ਨਾਨ-ਪਿਟਿੰਗ’’ ਹੁੰਦੀ ਹੈ ਅਰਥਾਤ ਨੱਪਣ ਨਾਲ ਟੋਇਆ ਨਹੀਂ ਪੈਂਦਾ।
ਲੱਤਾਂ-ਪੈਰਾਂ ’ਤੇ ਸੋਜ ਪੈਣ ’ਤੇ ਕੁਝ ਹੋਰ ਵੀ ਕਾਰਨ ਹਨ ਜਿਵੇਂ:
ਮਨੋਰੋਗਾਂ ਵਾਸਤੇ ਵਰਤੀਆਂ ਜਾਣ ਵਾਲੀਆਂ, ਬਲੱਡ ਪ੍ਰੈਸ਼ਰ ਦੀਆਂ, ਹਾਰਮੋਨ (ਈਸਟਰੋਜਨ) ਤੇ ਸਟੀਰਾਇਡ ਦਵਾਈਆਂ ਦਾ ਸੇਵਨ।
ਛੋਟੀ-ਮੋਟੀ ਸੋਜ ਹੋਵੇ ਤਾਂ ਨਿਮਨ ਤਰੀਕੇ ਅਪਣਾਏ ਜਾ ਸਕਦੇ ਹਨ:
* ਲੇਟਣ ਵੇਲੇ ਲੱਤਾਂ ਦਾ ਲੈਵਲ, ਦਿਲ ਦੇ ਲੈਵਲ ਤੋਂ ਉੱਚਾ ਕਰ ਲਵੋ।
* ਲੂਣ ਘਟਾ ਦਿਓ ਜਾਂ ਕੁਝ ਦਿਨਾਂ ਵਾਸਤੇ ਬੰਦ ਹੀ ਕਰ ਦਿਓ।
* ਬੱਸ ਜਾਂ ਰੇਲ ਵਿਚ ਸਫ਼ਰ ਦੌਰਾਨ ਤੁਰਦੇ ਫਿਰਦੇ ਰਹੋ; ਜੇ ਕਾਰ ਹੋਵੇ ਤਾਂ ਰੁਕਦੇ ਜਾਓ, ਰੁਕਣ ਵੇਲੇ ਥੋੜ੍ਹਾ ਘੁੰਮ-   ਫਿਰ ਲਵੋ।
* ਭਾਰ ਘਟਾਉਣ ਦੀ ਕੋਸ਼ਿਸ਼ ਕਰੋ, ਨਮਕ ਘਟਾਉਣ ਨਾਲ ਵੀ ਭਾਰ ਘਟਦਾ ਹੈ।
* ਪੱਟਾਂ ਜਾਂ ਲੱਤਾਂ ਦੁਆਲੇ, ਤੰਗ ਲੀੜੇ ਨਾ ਪਾਓ।
ਅਗਰ ਕੋਈ ਦਵਾਈ ਲੈ ਰਹੇ ਹੋ ਤਾਂ ਡਾਕਟਰ ਦੀ ਸਲਾਹ ਤੋਂ ਬਿਨਾਂ, ਆਪਣੇ ਆਪ ਕਦੀ ਬੰਦ ਨਾ ਕਰੋ।
ਖ਼ਤਰੇ ਦੇ ਚਿੰਨ੍ਹ: ਸਾਹ ਤੇਜ਼ ਤੇਜ਼ ਤੇ ਛੋਟੇ ਛੋਟੇ ਆਉਣੇ, ਛਾਤੀ ’ਤੇ ਦਬਾਅ ਜਿਹਾ ਮਹਿਸੂਸ ਹੋਣਾ ਜਾਂ ਛਾਤੀ ਵਿਚ ਦਰਦ ਜਾਂ ਚਾਕੂ ਵੱਜਣ ਵਰਗੀ ਪੀੜ।
ਯਾਦ ਰੱਖਣ ਯੋਗ:
ਲੱਤਾਂ, ਪੈਰਾਂ, ਗਿੱਟਿਆਂ ਦੀ ਸੋਜ ਦਾ ਕੋਈ ਇਕ ਕਾਰਨ ਨਹੀਂ।
ਉਮਰ, ਲਿੰਗ ਅਤੇ ਪਹਿਲਾਂ ਤੋਂ ਚਲ ਰਹੇ ਰੋਗ ਦੇ ਹਿਸਾਬ ਨਾਲ ਸੋਜ ਵੱਧ, ਘੱਟ ਜਾਂ ਖ਼ਤਰੇ ਦੀ ਹੱਦ ਤੱਕ ਹੋ ਸਕਦੀ ਹੈ।
ਮਾੜੀ ਮੋਟੀ ਸੋਜ ਵਾਸਤੇ ਕੁਝ ਢੰਗ ਸੁਝਾਏ ਗਏ ਹਨ, ਫਿਰ ਵੀ ਪੂਰੀ ਜਾਂਚ ਤੋਂ ਬਾਅਦ ਹੀ ਇਲਾਜ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।
* ਡਾ.ਮਨਜੀਤ ਸਿੰਘ ਬੱਲ
 ਪ੍ਰੋਫੈਸਰ ਤੇ ਮੁਖੀ ਪੈਥਾਲੋਜੀ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਰਾਜਿੰਦਰਾ ਹਸਪਤਾਲ ਪਟਿਆਲਾ।



Post Comment


ਗੁਰਸ਼ਾਮ ਸਿੰਘ ਚੀਮਾਂ