ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, October 19, 2012

ਪੰਜਾਬੀਓ! ਪਰਾਲੀ ਦੀ ਸੁਚੱਜੀ ਵਰਤੋਂ ਅਤੇ 'ਹਰੀ ਖਾਦ' ਨਾਲ ਵਧਾਇਆ ਜਾ ਸਕਦਾ ਹੈ ਉਪਜਾਊਪਣ

ਹਰੀ ਖਾਦ ਦੇ ਰੂਪ ਵਿਚ ਬੀਜੀ ਗਈ ਫ਼ਸਲ ਨੂੰ ਹਰੀ ਹਾਲਤ ਵਿਚ ਹੀ ਵਾਹ ਕੇ ਖੇਤੀ ਸੰਦਾਂ ਨਾਲ ਮਿੱਟੀ ਵਿਚ
ਮਿਲਾ ਦਿੱਤਾ ਜਾਂਦਾ ਹੈ, ਜੋ ਗਲ ਸੜ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ।

ਪੰਜਾਬ ਅੰਦਰ ਇਸ ਮੌਕੇ ਝੋਨੇ ਦੀ ਫ਼ਸਲ ਪੱਕ ਕੇ ਕੱਟਣ ਲਈ ਤਿਆਰ ਖੜ੍ਹੀ ਹੈ ਅਤੇ ਕਿਸਾਨਾਂ ਵਲੋਂ ਫ਼ਸਲ ਨੂੰ ਸਮੇਂ ਸਿਰ ਵੱਢ ਕੇ ਅਗਲੀ ਫ਼ਸਲ ਬੀਜਣ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ। ਹਰ ਸਾਲ ਹੀ ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਹੀ ਸਾੜ ਕੇ ਵਾਤਾਵਰਣ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰਦੇ ਹਨ। ਅੰਕੜਿਆਂ ਅਨੁਸਾਰ ਸਾਲ ਵਿਚ ਤਕਰੀਬਨ 246 ਲੱਖ ਟਨ ਪਰਾਲੀ ਅਤੇ ਫੱਕ ਵਿਚੋਂ ਜ਼ਿਆਦਾਤਰ ਪਰਾਲੀ ਨੂੰ ਅੱਗ ਲਗਾ ਕੇ ਨਸ਼ਟ ਕਰ ਦਿੱਤਾ ਜਾਂਦਾ ਹੈ। ਪਰਾਲੀ ਦੀ ਅੱਗ ਤੋਂ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਸਾਡੀ ਸਿਹਤ ਦੇ ਨਾਲ ਨਾਲ ਮਿੱਟੀ, ਪਾਣੀ ਅਤੇ ਹਵਾ ਸਮੇਤ ਬਹੁਤ ਕੁਝ ਪ੍ਰਭਾਵਿਤ ਹੋ ਰਿਹਾ ਹੈ। ਮਾਹਿਰਾਂ ਅਨੁਸਾਰ ਪੰਜਾਬ ਦੀ ਮਿੱਟੀ 'ਚ 0.02 ਤੋਂ 0.25 ਫ਼ੀਸਦੀ ਤੱਕ ਜੈਵਿਕ ਮਾਦਾ ਹੀ ਰਹਿ ਗਿਆ ਹੈ ਜਦੋਂ ਕਿ ਖੇਤੀ ਮਾਹਿਰਾਂ ਅਨੁਸਾਰ ਇਸ ਦੀ ਘੱਟੋ ਘੱਟ ਮਾਤਰਾ ਇਸ ਨਾਲੋਂ ਦੁਗਣੀ ਹੋਣੀ ਚਾਹੀਦੀ ਹੈ। ਜੈਵਿਕ ਮਾਦੇ ਦੇ ਘਟਣ ਨਾਲ ਨਾ ਸਿਰਫ਼ ਮਿੱਟੀ ਦੇ ਭੌਤਿਕ ਗੁਣ ਵਿਗੜ ਰਹੇ ਹਨ ਸਗੋਂ ਇਸ ਨਾਲ ਫ਼ਸਲਾਂ ਦੀ ਪੈਦਾਵਾਰ ਵੀ ਪ੍ਰਭਾਵਿਤ ਹੋ ਰਹੀ ਹੈ। ਦੂਜੇ ਪਾਸੇ ਜੇਕਰ ਕਿਸਾਨ ਪਰਾਲੀ ਨੂੰ ਸਾੜਨ ਤੋਂ ਗੁਰੇਜ਼ ਕਰਨ ਤਾਂ ਪਰਾਲੀ ਨੂੰ ਵੇਚ ਕੇ ਨਾ ਸਿਰਫ ਮੋਟੀ ਕਮਾਈ ਕੀਤੀ ਜਾ ਸਕਦੀ ਹੈ ਸਗੋਂ ਇਸ ਨੂੰ ਪੱਠਿਆਂ ਅਤੇ ਮਲਚਿੰਗ ਵਰਗੇ ਕੰਮਾਂ ਲਈ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਹੈਪੀ ਸੀਡਰ ਵਰਗੇ ਸੰਦਾਂ ਨਾਲ ਝੋਨੇ ਦੀ ਪਰਾਲੀ ਨੂੰ ਕੁਤਰ ਕੇ ਖੇਤ ਵਿਚ ਖਿਲਾਰਣ ਦੇ ਇਲਾਵਾ ਹੋਰ ਵੀ ਅਨੇਕਾਂ ਤਕਨੀਕਾਂ ਹਨ ਜਿਸ ਨਾਲ ਕਿਸਾਨ ਪਰਾਲੀ ਨੂੰ ਸਾੜਨ ਦੇ ਬਗ਼ੈਰ ਕਣਕ ਦੀ ਕਾਸ਼ਤ ਕਰ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸਾਨ ਪਰਾਲੀ ਨੂੰ ਸਾਂਭ ਲੈਣ ਤਾਂ ਇਸ ਨੂੰ ਅਗਲੇ ਸਮੇਂ ਵਿਚ ਬੀਜਣ ਵਾਲੀਆਂ ਵੱਖ-ਵੱਖ ਫ਼ਸਲਾਂ ਵਿਚ 'ਮਲਚਿੰਗ' ਕਰਨ ਲਈ ਵਰਤਿਆ ਜਾ ਸਕਦਾ ਹੈ। ਅਨੇਕਾਂ ਕਿਸਾਨ ਝੋਨੇ ਦੀ ਪਰਾਲੀ ਨਾਲ ਬਾਗਾਂ, ਕਮਾਦ ਅਤੇ ਸਬਜ਼ੀਆਂ ਵਿਚ ਮਲਚਿੰਗ ਕਰ ਰਹੇ ਹਨ। ਮਲਚਿੰਗ ਪਾਣੀ ਦੀ ਬਚਤ ਕਰਨ ਲਈ ਵੀ ਕਾਫੀ ਲਾਹੇਵੰਦ ਸਿੱਧ ਹੁੰਦੀ ਹੈ ਕਿਉਂਕਿ ਜੇਕਰ ਫਰਵਰੀ ਮਹੀਨੇ ਵਿਚ ਬੀਜੀਆਂ ਜਾਣ ਵਾਲੀਆਂ ਸਬਜ਼ੀਆਂ ਦੇ ਖੇਤਾਂ ਵਿਚ ਖ਼ਾਲੀ ਰਹਿ ਜਾਣ ਵਾਲੀ ਜਗ੍ਹਾ 'ਤੇ 10 ਇੰਚ ਪਰਾਲੀ ਦੀ ਤਹਿ ਲਗਾ ਦਿੱਤੀ ਜਾਵੇ ਤਾਂ ਸੂਰਜ ਦੀ ਸਿੱਧੀ ਰੌਸ਼ਨੀ ਜ਼ਮੀਨ 'ਤੇ ਨਾ ਪੈ ਸਕਣ ਕਾਰਨ ਜ਼ਮੀਨ ਵਿਚ ਖੁਸ਼ਕਪਨ ਨਹੀਂ ਆਵੇਗਾ ਜਿਸ ਕਾਰਨ ਪਾਣੀ ਵੀ ਖਪਤ ਘੱਟ ਹੋਵੇਗੀ ਅਤੇ ਖੇਤਾਂ ਵਿਚ ਨਦੀਨਾਂ ਦੀ ਰੋਕਥਾਮ ਦਾ ਖਰਚਾ ਵੀ ਘਟੇਗਾ। ਇਸ ਤੋਂ ਇਲਾਵਾ ਹਲਦੀ ਵਿਚ ਵੀ ਪਾਣੀ ਦੀ ਜ਼ਿਆਦਾ ਜ਼ਰੂਰਤ ਨੂੰ ਘਟਾਉਣ ਲਈ ਗਰਮੀ ਦੇ ਦਿਨਾਂ ਵਿਚ ਪਰਾਲੀ ਦੀ ਤਹਿ ਵਿਛਾ ਕੇ 'ਮਲਚਿੰਗ' ਕੀਤੀ ਜਾ ਸਕਦੀ ਹੈ। ਬਾਗ਼ਾਂ ਵਿਚ ਵੀ ਫਲਦਾਰ ਬੂਟਿਆਂ ਵਿਚਲੀ ਖ਼ਾਲੀ ਪਈ ਥਾਂ 'ਤੇ ਕਿਸਾਨਾਂ ਵੱਲੋਂ ਇਸ ਤਕਨੀਕ ਨੂੰ ਅਪਣਾਇਆ ਜਾ ਸਕਦਾ ਹੈ। ਮਲਚਿੰਗ ਲਈ ਖੇਤ ਵਿਚ ਵਿਛਾਈ ਗਈ ਪਰਾਲੀ ਗਲ ਸੜ ਕੇ ਜ਼ਮੀਨ ਦੇ ਉਪਜਾਊਪਨ ਅਤੇ ਜੈਵਿਕ ਮਾਦੇ ਨੂੰ ਵੀ ਵਧਾਉਂਦੀ ਹੈ। ਅਜਿਹੇ ਫ਼ਾਇਦਿਆਂ ਕਾਰਨ ਕਿਸਾਨ ਮਲਚਿੰਗ ਰਾਹੀਂ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਦੇ ਇਲਾਵਾ ਜ਼ਮੀਨ ਦੀ ਸਿਹਤ ਵੀ ਸੁਧਾਰ ਸਕਦੇ ਹਨ।

ਇਸ ਤੋਂ ਇਲਾਵਾ ਹਾੜੀ ਦੀਆਂ ਫ਼ਸਲਾਂ ਬੀਜਣ ਤੋਂ ਪਹਿਲਾਂ 'ਹਰੀ ਖਾਦ' ਬੀਜ ਕੇ ਵੀ ਜ਼ਮੀਨ ਦੀ ਭੌਤਿਕ ਸਥਿਤੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਹਰੀ ਖਾਦ ਦੇ ਰੂਪ ਵਿਚ ਬੀਜੀ ਗਈ ਫ਼ਸਲ ਨੂੰ ਹਰੀ ਹਾਲਤ ਵਿਚ ਹੀ ਵਾਹ ਕੇ ਖੇਤੀ ਸੰਦਾਂ ਨਾਲ ਮਿੱਟੀ ਵਿਚ ਮਿਲਾ ਦਿੱਤਾ ਜਾਂਦਾ ਹੈ, ਜੋ ਗਲ ਸੜ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ। ਹਾੜੀ ਦੀਆਂ ਫ਼ਸਲਾਂ ਤੋਂ ਪਹਿਲਾਂ ਮੇਥੀ, ਮਸਰੀ, ਸੇਂਜੀ, ਬਰਸੀਮ ਵਰਗੀਆਂ ਫ਼ਸਲਾਂ ਦੀ ਬਿਜਾਈ ਕਰਕੇ ਇਨ੍ਹਾਂ ਨੂੰ ਹਰੀ ਖਾਦ ਦੇ ਰੂਪ ਵਿਚ ਵਾਹਿਆ ਜਾ ਸਕਦਾ ਹੈ। ਜ਼ਿਆਦਾਤਰ ਦਾਲ ਵਾਲੀਆਂ ਫ਼ਸਲਾਂ ਨੂੰ ਹਰੀ ਖਾਦ ਦੇ ਰੂਪ ਵਿਚ ਵਰਤਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਵਿਚ ਨਾਈਟਰੋਜਨ ਸਥਿਰੀਕਰਨ ਦੀ ਸਮਰਥਾ ਹੁੰਦੀ ਹੈ। ਹਰੀ ਖਾਦ ਵਜੋਂ ਚੁਣੀ ਜਾਣ ਵਾਲੀ ਫ਼ਸਲ ਅਜਿਹੀ ਹੋਣੀ ਚਾਹੀਦੀ ਹੈ ਜੋ ਘੱਟ ਸਮੇਂ ਵਿਚ ਜ਼ਿਆਦਾ ਨਾਈਟਰੋਜਨ ਦੇ ਸਕੇ ਅਤੇ ਪਾਣੀ ਦੀ ਖਪਤ ਵੀ ਘੱਟ ਕਰੇ। ਹਰੀ ਖਾਦ ਲਈ ਡੂੰਘੀਆਂ ਜੜ੍ਹਾਂ ਵਾਲੀਆਂ ਫ਼ਸਲਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਤੇਜ਼ੀ ਨਾਲ ਵਧਣ ਵਾਲੀਆਂ ਫ਼ਸਲਾਂ ਇਸ ਮੰਤਵ ਲਈ ਕਾਫ਼ੀ ਲਾਭਦਾਇਕ ਸਿੱਧ ਹੁੰਦੀਆਂ ਹਨ। ਹਰੀ ਖਾਦ ਵਾਲੀ ਚੁਣੀ ਜਾਣ ਵਾਲੀ ਫ਼ਸਲ ਦੇ ਪੱਤੇ ਅਤੇ ਹੋਰ ਭਾਗ ਸਖ਼ਤ ਨਹੀਂ ਹੋਣੇ ਚਾਹੀਦੇ ਅਤੇ ਇਹ ਫ਼ਸਲ ਕੀਟ ਅਤੇ ਰੋਗਾਂ ਦੇ ਪ੍ਰਤੀਰੋਧੀ ਹੋਣੀ ਚਾਹੀਦੀ ਹੈ। ਹਰੀ ਖਾਦ ਨੂੰ ਖੇਤ ਵਿਚ ਦਬਾਉਣ ਦੇ ਸਮੇਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਕ ਖਾਸ ਅਵਸਥਾ 'ਤੇ ਹੀ ਫ਼ਸਲ ਵਿਚੋਂ ਨਾਈਟ੍ਰੋਜਨ ਅਤੇ ਹੋਰ ਲਾਭਦਾਇਕ ਅੰਸ਼ ਜ਼ਿਆਦਾ ਮਾਤਰਾ ਵਿਚ ਪ੍ਰਾਪਤ ਹੁੰਦੇ ਹਨ। ਵੱਖ-ਵੱਖ ਫ਼ਸਲਾਂ ਲਈ ਇਹ ਸਮਾਂ ਵੱਖ-ਵੱਖ ਹੁੰਦਾ ਹੈ। ਜ਼ਿਆਦਾਤਰ ਫ਼ਸਲਾਂ ਵਿਚ ਜਦੋਂ 50 ਫੀਸਦੀ ਦੇ ਕਰੀਬ ਫੁੱਲ ਆ ਗਏ ਹੋਣ ਤਾਂ ਇਸ ਨੂੰ ਮਿੱਟੀ ਪਲਟਣ ਵਾਲੇ ਹਲ ਨਾਲ ਜ਼ਮੀਨ ਵਿਚ ਦਬਾ ਦੇਣਾ ਚਾਹੀਦਾ ਹੈ। ਬਰਸੀਮ ਦੀਆਂ ਦੋ-ਤਿੰਨ ਕਟਾਈਆਂ ਤੋਂ ਬਾਅਦ ਇਸ ਨੂੰ ਦਬਾਇਆ ਜਾ ਸਕਦਾ ਹੈ। ਕਣਕ, ਗੰਨਾ, ਆਲੂ ਅਤੇ ਸਬਜ਼ੀਆਂ ਆਦਿ ਦੀ ਬਿਜਾਈ ਤੋਂ ਕਰੀਬ ਇਕ ਮਹੀਨਾ ਪਹਿਲਾਂ ਹੀ ਹਰੀ ਖਾਦ ਨੂੰ ਮਿੱਟੀ ਵਿਚ ਦਬਾ ਦੇਣਾ ਚਾਹੀਦਾ ਹੈ। ਹਰੀ ਖਾਦ ਨੂੰ ਪੂਰੀ ਤਰ੍ਹਾਂ ਲਾਭਦਾਇਕ ਬਣਾਉਣ ਲਈ ਉਪਰੋਕਤ ਤੋਂ ਇਲਾਵਾ ਹੋਰ ਅਨੇਕਾਂ ਨੁਕਤਿਆਂ ਦਾ ਧਿਆਨ ਰੱਖ ਕੇ ਕਿਸਾਨ ਰਸਾਇਣਿਕ ਖਾਦਾਂ ਦੇ ਖਰਚੇ ਨੂੰ ਵੀ ਘਟਾ ਸਕਦੇ ਹਨ।

-ਉਪ-ਦਫ਼ਤਰ ਗੁਰਦਾਸਪੁਰ
ਈਮੇਲ. harman.ajitgurdaspur@gmail.com

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ



Post Comment


ਗੁਰਸ਼ਾਮ ਸਿੰਘ ਚੀਮਾਂ