ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, October 20, 2012

ਏਧਰ ਦੇ ਰਹੇ ਨਾ ਓਧਰ ਦੇ (ਪਾਕਿਸਤਾਨ ਰਹਿੰਦੇ ਹਿੰਦੂ, ਸਿੱਖ)


ਸੰਨ ਸੰਤਾਲੀ ਵਿੱਚ ਦੇਸ਼ ਦੇ ਬਟਵਾਰੇ ਨੇ ਸੈਂਕੜੇ ਸਾਲਾਂ ਤੋਂ ਰਹਿੰਦੇ ਹਿੰਦੂ-ਸਿੱਖਾਂ ਨੂੰ ਆਪਣਿਆਂ ਪੁਰਖਿਆਂ ਦੇ ਵਸਾਏ ਹੋਏ ਘਰਾਂ ਨੂੰ ਤਿਲਾਂਜਲੀ ਦੇਣ ਲਈ ਮਜਬੂਰ ਕਰ ਦਿੱਤਾ। ਲੱਖਾਂ ਹਿੰਦੂ-ਸਿੱਖ ਰੋਂਦੇ-ਢਹਿੰਦੇ, ਤਕਲੀਫ਼ਾਂ ਝਾਗਦੇ ਤੇ ਆਪਣਿਆਂ ਦੀਆਂ ਦਰਦਨਾਕ ਮੌਤਾਂ ਵੇਖਦੇ, ਆਪਣੀਆਂ ਜਾਇਦਾਦਾਂ ਛੱਡ ਕੇ ਸਰਹੱਦੋਂ ਪਾਰ ਆਪਣੀ ਸਾਰੀ ਜ਼ਮੀਨ ਨੂੰ ਅਲਵਿਦਾ ਕਹਿ ਹਿੰਦੁਸਤਾਨ ਵਿੱਚ ਆ ਪਹੁੰਚੇ। ਉਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਕਿੱਥੇ ਜਾ ਕੇ ਵਸਣਾ ਹੈ, ਗੁਜ਼ਾਰਾ ਕਿਵੇਂ ਚੱਲੇਗਾ। ਇਹ ਉਨ੍ਹਾਂ ਸ਼ਰਨਾਰਥੀਆਂ ਦੀ ਸੰਖੇਪ ਦਾਸਤਾਨ ਹੈ।
ਪਾਕਿਸਤਾਨ ਖ਼ਾਸ ਕਰ ਕੇ ਸਿੰਧ ਸੂਬੇ ਦੇ ਕਈ ਹਿੰਦੂ-ਸਿੱਖ ਪਰਿਵਾਰਾਂ ਨੇ 1947 ਤੋਂ ਬਾਅਦ ਵੀ ਪਾਕਿਸਤਾਨ  ਵਿੱਚ ਰਹਿਣ ਦਾ ਫ਼ੈਸਲਾ ਕੀਤਾ। ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਵਿੱਚ ਅੰਦਰੂਨੀ ਬਦਅਮਨੀ ਕਾਰਨ ਘੱਟ ਗਿਣਤੀ ਕੌਮਾਂ ਦਾ ਸੁਰੱਖਿਅਤ ਮਹਿਸੂਸ ਨਾ ਕਰਨਾ ਕੁਦਰਤੀ ਸੀ। ਕੱਟੜਵਾਦੀਆਂ ਵੱਲੋਂ ਇਨ੍ਹਾਂ ਨੂੰ ਡਰਾ-ਧਮਕਾ ਕੇ ਜਬਰੀ ਧਰਮ ਬਦਲਣ ਦਾ ਦਬਾਅ ਇਨ੍ਹਾਂ ਲਈ ਹੋਰ ਵੀ ਗਹਿਰੇ ਦੁੱਖ ਦਾ ਕਾਰਨ ਬਣਿਆ। 1990 ਤੋਂ ਬਾਅਦ ਖ਼ਾਸ ਕਰ ਕੇ ਹਿੰਦੂਆਂ ਦਾ ਉੱਥੇ ਰਹਿਣਾ ਦੁੱਭਰ ਹੋ ਗਿਆ ਹੈ।
ਅਸਲ ਗੱਲ ਇਹ ਹੈ ਕਿ ਪਾਕਿਸਤਾਨ ਵਿੱਚ ਰਹਿੰਦੇ ਹਿੰਦੂ ਬਹੁਤ ਘੱਟ ਗਿਣਤੀ ਵਿੱਚ ਹੋਣ ਕਰਕੇ ਕਮਜ਼ੋਰ ਕੜੀ ਹਨ। ਕਰਾਚੀ ਦੀ ਪਾਕਿਸਤਾਨ ਹਿੰਦੂ ਕੌਂਸਲ ਦੇ ਅਧਿਕਾਰੀ ਰਮੇਸ਼ ਵਕਵਾਨੀ ਨੇ ਦੱਸਿਆ ਕਿ ਹਿੰਦੂ ਪਰਿਵਾਰਾਂ ਦੀਆਂ ਕਈ ਬੱਚੀਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ ਤੇ ਧਰਮ ਪਰਿਵਰਤਨ ਉਨ੍ਹਾਂ ਦੀ ਮਜਬੂਰੀ ਬਣ ਜਾਂਦਾ ਹੈ। ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਤੇ ਇਸ ਸਬੰਧੀ ਪਾਕਿਸਤਾਨ ਦੀ ਸਰਵਉੱਚ ਅਦਾਲਤ ਵਿੱਚ ਇੱਕ ਅਰਜ਼ੀ ਪਾਈ ਗਈ ਹੈ। ਇਸ ਸੰਸਥਾ ਦੇ ਮੁਖੀ ਵਕੀਲ ਅਮਰਨਾਥ ਮੋਟੂਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਅੱਠ ਮਹੀਨਿਆਂ ਵਿੱਚ ਛੋਟੀ ਉਮਰ ਦੀਆਂ ਬੱਚੀਆਂ ਨੂੰ ਚੁੱਕ ਕੇ ਜਬਰੀ ਮੁਸਲਮਾਨ ਬਣਾਉਣ ਸਬੰਧੀ 455 ਕੇਸ ਆਏ ਹਨ। ਜਬਰੀ ਧਰਮ ਪਰਿਵਰਤਨ ਅਤਿਅੰਤ ਮਾਨਸਿਕ ਕਸ਼ਟ ਦੇਣ ਵਾਲਾ ਮੁੱਦਾ ਹੈ ਜਿਸ ਨੂੰ ਪਾਕਿਸਤਾਨ ਦੀਆਂ ਸਿਆਸੀ ਪਾਰਟੀਆਂ ਅਤੇ ਇਨਸਾਫ਼ ਏਜੰਸੀਆਂ ਨੇ ਵੀ ਠੀਕ ਢੰਗ ਨਾਲ ਨਹੀਂ ਸੁਲਝਾਇਆ। ਜੈਕਬਾਬਾਦ ਦੀ ਇੱਕ ਸਕੂਲ ਪੜ੍ਹਦੀ ਬੱਚੀ ਮਨੀਸ਼ਾ ਕੁਮਾਰੀ ਨੂੰ ਅਗਵਾ ਕੀਤਾ ਗਿਆ। ਵਜ਼ੀਰਾਂ ਨੇ ਦਿਲਾਸੇ ਤਾਂ ਦਿੱਤੇ ਪਰ ਉਸ ਬੱਚੀ ਦੇ ਪਿਤਾ ਰਾਵਤ ਮੱਲ ਨੂੰ ਆਪਣੀ ਧੀ ਨਹੀਂ ਮਿਲ ਸਕੀ। ਜਦੋਂ ਇੱਕ ਮੁਸਲਮਾਨ ਕਿਸੇ ਹਿੰਦੂ ਕੁੜੀ ਨੂੰ ਲਿਆ ਕੇ ਵਿਆਹ ਰਚਾਉਂਦਾ ਹੈ ਤਾਂ ਉਸ ‘ਤੇ ਫੁੱਲਾਂ ਦੀ ਬਰਖਾ ਹੁੰਦੀ ਹੈ ਪਰ ਜੇ ਮੁਸਲਮਾਨ ਲੜਕੀ ਸ਼ਬਨਾਂ ਮੇਹਰ ਨੇ, ਪਵਨ ਕੁਮਾਰ ਨਾਲ ਵਿਆਹ ਕਰਾਇਆ ਤਾਂ ਉਨ੍ਹਾਂ ਦੋਵਾਂ ਦੇ ਟੁਕੜੇ-ਟੁਕੜੇ ਕਰ ਦਿੱਤੇ ਗਏ।
ਇਹੀ ਨਹੀਂ ਸਗੋਂ ਅਮੀਰ ਹਿੰਦੂ ਵਪਾਰੀ ਵੀ ਬਲੈਕਮੇਲ ਕੀਤੇ ਜਾਂਦੇ ਹਨ। ਸਿਰਫ਼ ਧਰਮ ਕਰ ਕੇ ਨਹੀਂ ਸਗੋਂ ਇਸ ਲਈ ਕਿ ਉਨ੍ਹਾਂ ਕੋਲ ਪੈਸਾ ਹੈ ਤੇ ਉਹ ਜਲਦ ਹੀ ਗਲਤ ਅਨਸਰਾਂ ਦਾ ਸ਼ਿਕਾਰ ਬਣ ਸਕਦੇ ਹਨ। 1995 ਵਿੱਚ ਦੋ ਆਦਮੀਆਂ ਨੂੰ ਲੁਟੇਰਿਆਂ ਨੇ ਅਗਵਾ ਕਰ ਲਿਆ। ਇਨ੍ਹਾਂ ਵਿੱਚੋਂ ਇੱਕ ਡਾ. ਲਾਲ ਜਾਗਵਾਨੀ ਦੇ ਪਰਿਵਾਰ ਨੇ 50 ਲੱਖ ਰੁਪਏ ਫਿਰੌਤੀ ਦੇ ਕੇ ਉਨ੍ਹਾਂ ਨੂੰ ਛੁਡਵਾਇਆ। ਜ਼ਿਲ੍ਹਾ ਖੈਰਪੁਰ ਦੇ ਤਿੰਨ ਹਿੰਦੂ ਧਨਾਢ 40 ਲੱਖ ਰੁਪਏ ਦੀ ਫਿਰੌਤੀ ਦੇ ਕੇ ਛੁਡਵਾਏ ਗਏ। ਇਸ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਪਹਿਲਾਂ ਤਸੀਹੇ ਦਿੱਤੇ ਗਏ ਤੇ ਬਾਅਦ ਵਿੱਚ ਮਾਰ ਮੁਕਾਇਆ ਗਿਆ। ਇਸ ਤੋਂ ਪਹਿਲਾਂ ਖਾਰੋਰੋ ਵਿੱਚ ਸ਼ਿਵ ਮੰਦਰ ਦੇ ਛੇ ਪੁਜਾਰੀਆਂ ਨੂੰ 1988 ਵਿੱਚ ਮਾਰ ਦਿੱਤਾ ਗਿਆ ਸੀ। ਬਰਾਬਰੀ ਦੇ ਹੱਕ ਲਈ ਆਵਾਜ਼ ਉਠਾਉਣ ਵਾਲੇ ਧਰਮ ਚੰਦ ਚਾਵਲਾ ਨੂੰ 2001 ਵਿੱਚ ਕੱਟੜਪੰਥੀਆਂ ਨੇ ਕਤਲ ਕਰ ਦਿੱਤਾ। ਇਸ ਕਤਲ ਦੀ ਗੁੱਥੀ ਅਜੇ ਤੱਕ ਨਹੀਂ ਸੁਲਝੀ। ਜ਼ਿਆਦਾਤਰ ਅਜਿਹੀਆਂ ਘਟਨਾਵਾਂ ਉਨ੍ਹਾਂ ਥਾਵਾਂ ‘ਤੇ ਵਾਪਰਦੀਆਂ ਹਨ, ਜਿੱਥੇ ਹਿੰਦੂ ਆਬਾਦੀ ਘੱਟ ਹੈ ਤੇ ਉੱਥੇ ਕਬਾਇਲੀ ਧੜਿਆਂ ਦੀ ਤਿੱਖੀ ਖਾਨਾਜੰਗੀ ਹੈ।
ਇੱਕ ਛਪੇ ਅੰਕੜੇ ਮੁਤਾਬਕ ਪਾਕਿਸਤਾਨ ਵਿਚਲੇ 68 ਲੱਖ ਹਿੰਦੂਆਂ ਦਾ ਤਕਰੀਬਨ 93 ਫ਼ੀਸਦੀ ਹਿੱਸਾ ਸਿੰਧ ਵਿੱਚ ਰਹਿੰਦਾ ਹੈ। ਜ਼ਿਲ੍ਹਾ ਥਰਪਾਰਕਰ ਵਿੱਚ 11 ਲੱਖ, ਹੈਦਰਾਬਾਦ ਤੇ ਟਾਡੋ ਮੁਹੰਮਦ ਖ਼ਾਨ ਵਿੱਚ 10 ਲੱਖ, ਘੋਟਨੀ 2 ਲੱਖ, ਖੈਰਪੁਰ ਵਿੱਚ ਇੱਕ ਲੱਖ ਪੰਝੀ ਹਜ਼ਾਰ, ਜੈਕਬਾਬਾਦ ‘ਚ ਤਕਰੀਬਨ ਡੇਢ ਲੱਖ, ਲੜਕਾਨਾ ਜ਼ਿਲ੍ਹੇ ਵਿੱਚ ਇੱਕ ਲੱਖ, ਉਮਰਕੋਟ ਤੇ ਸੰਘਾਰ ਜ਼ਿਲਿ੍ਹਆਂ ਵਿੱਚ ਨੌਂ ਲੱਖ ਹਿੰਦੂ ਰਹਿੰਦੇ ਹਨ।
ਪਾਕਿਸਤਾਨ ਵਿੱਚ ਆਮ ਤੌਰ ‘ਤੇ ਘੱਟ ਗਿਣਤੀ ਕੌਮਾਂ ਨਾਲ ਵਿਤਕਰਾ ਹੁੰਦਾ ਹੈ। ਸਰਕਾਰੀ ਨੌਕਰੀਆਂ ਵਿੱਚ ਘੱਟ ਗਿਣਤੀਆਂ ਲਈ ਪੰਜ ਫ਼ੀਸਦੀ ਰਾਖਵਾਂਕਰਨ ਮੁਕੱਰਰ ਕੀਤਾ ਗਿਆ ਹੈ ਪਰ ਅਸਲ ਵਿੱਚ ਇਸ ਦੀ ਪਾਲਣਾ ਨਹੀਂ ਹੁੰਦੀ। ਦੇਸ਼ ਦੇ 101 ਫੈਡਰਲ ਸੈਕਟਰੀਆਂ ਵਿੱਚੋਂ ਇੱਕ ਵੀ ਹਿੰਦੂ, ਸਿੱਖ ਜਾਂ ਈਸਾਈ ਨਹੀਂ ਹੈ। ਬਹੁਤ ਥੋੜ੍ਹੀਆਂ ਨੌਕਰੀਆਂ ਉਹ ਵੀ ਹੇਠਲੇ ਦਰਜੇ ਦੀਆਂ, ਹਿੰਦੂਆਂ ਤੇ ਈਸਾਈਆਂ ਨੂੰ ਦਿੱਤੀਆਂ ਗਈਆਂ ਹਨ। ਘੱਟ ਗਿਣਤੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਧਰਮ ਦਾ ਸਤਿਕਾਰ ਹੋਵੇ, ਉਨ੍ਹਾਂ ਦੀ ਬਰਾਬਰ ਦੀ ਹਿਫ਼ਾਜ਼ਤ ਹੋਵੇ ਕਿਉਂਕਿ ਉਨ੍ਹਾਂ ਦੀ ਦੇਸ਼ ਪ੍ਰਤੀ ਵਫ਼ਾਦਾਰੀ ਵਾਲੀ ਭਾਵਨਾ ਹੈ।
ਇੱਕ ਪ੍ਰਕਾਸ਼ਤ ਅੰਦਾਜ਼ੇ ਮੁਤਾਬਕ ਲੜਕਾਨਾ (ਸਿੰਧ) ਡਿਵੀਜ਼ਨ ਦੇ ਹਿੰਦੂ ਵਪਾਰੀ ਇੱਕ ਸਾਲ ਵਿੱਚ ਤਕਰੀਬਨ 28 ਕਰੋੜ ਦੀ ਰਕਮ ਬਤੌਰ ਭੱਤਾ ਕਬਾਇਲੀ ਸਰਦਾਰਾਂ ਨੂੰ ਦਿੰਦੇ ਹਨ। ਲੜਕਾਨਾ ਤੇ ਸੁਕੁਰ ਡਿਵੀਜ਼ਨ ਵਿੱਚ ਰਹਿੰਦੇ ਹਿੰਦੂਆਂ ਦਾ ਥੋਕ ਵਪਾਰ ‘ਤੇ ਕੰਟਰੋਲ ਹੈ। ਉਹ ਅਨਾਜ ਦੀ ਖਰੀਦ-ਫਰੋਖਤ, ਬੀਜ, ਕੀੜੇਮਾਰ ਦਵਾਈਆਂ ਅਤੇ ਖਾਦਾਂ ਦੇ ਵਪਾਰੀ ਹਨ। ਇਨ੍ਹਾਂ ਦੇ ਕਪਾਹ ਦੇ ਕਾਰਖਾਨੇ ਹਨ ਤੇ ਇਸ ਭਾਈਚਾਰੇ ਦੇ ਲੋਕ ਵੱਡੇ ਜ਼ਿਮੀਂਦਾਰ ਵੀ ਹਨ। ਸਿੰਧ ਸਰਕਾਰ ਵੱਲੋਂ ਮੁਹੱਈਆ ਕਰਵਾਏ ਅੰਕੜਿਆਂ ਮੁਤਾਬਕ ਸਿੰਧ ਸੂਬੇ ਵਿੱਚ 750 ਚਾਵਲ ਮਿੱਲਾਂ ਹਨ। ਇਕੱਲੀ ਲੜਕਾਨਾ ਡਿਵੀਜ਼ਨ ਵਿੱਚ 340 ਮਿੱਲਾਂ ਹਨ। ਇਨ੍ਹਾਂ ਵਿੱਚੋਂ 80 ਫ਼ੀਸਦੀ ਹਿੰਦੂ ਕਾਰਖਾਨੇਦਾਰਾਂ ਦੀਆਂ ਹਨ। ਪਿਛਲੇ ਛੇ ਮਹੀਨਿਆਂ ਵਿੱਚ ਹਿੰਦੂਆਂ ਨੂੰ ਫਿਰੌਤੀ ਲੈਣ ਖ਼ਾਤਰ ਅਗਵਾ ਕਰਨ ਦੀਆਂ 108 ਵਾਰਦਾਤਾਂ ਹੋਈਆਂ।
ਸਿੰਧ ਵਿੱਚ ਹਿੰਦੂਆਂ ਦੀ ਜਿੰਨੀ ਆਬਾਦੀ 1947 ਵਿੱਚ ਸੀ, ਅੱਜ ਉਸ ਦੇ ਚੌਥੇ ਹਿੱਸੇ ਤੋਂ ਵੀ ਘੱਟ ਹੈ। ਬਹੁਤ ਗਿਣਤੀ ਵਿੱਚ ਹਿੰਦੂ ਮੁਲਕ ਤੋਂ ਬਾਹਰ ਚਲੇ ਗਏ ਹਨ ਤੇ ਕਾਫ਼ੀ ਹਿੰਦੁਸਤਾਨ ਵਿੱਚ ਆ ਗਏ ਹਨ। ਚਾਰ ਬੇਟੀਆਂ ਦਾ ਪਿਤਾ ਕਰਾਚੀ ਦਾ ਸਤੀਸ਼ ਕੁਮਾਰ ਉੱਥੋਂ ਦੇ ਅਸੁਰੱਖਿਅਤ ਹਾਲਾਤ ਵਿੱਚ ਰਹਿਣ ਨੂੰ ਤਿਆਰ ਨਹੀਂ। ਇਸੇ ਲਈ ਕਈ ਸਾਲਾਂ ਤੋਂ ਚੰਗਾ ਚਲਦਾ ਕਾਰੋਬਾਰ ਛੱਡ ਕੇ ਭਾਰਤ ਆਉਣ ਲਈ ਮਜਬੂਰ ਹੈ।
ਅਮੀਰ ਹਿੰਦੂ ਵਪਾਰੀਆਂ ਤੇ ਜ਼ਿਮੀਂਦਾਰਾਂ ਤੋਂ ਇਲਾਵਾ ਗ਼ਰੀਬ ਦਲਿਤ ਹਿੰਦੂਆਂ ਦੀ ਹਾਲਤ ਵੀ ਚੰਗੀ ਨਹੀਂ ਹੈ। ਉਨ੍ਹਾਂ ਕੋਲ ਬਹੁਤ ਥੋੜ੍ਹੀਆਂ ਜ਼ਮੀਨਾਂ ਹਨ ਤੇ ਉਹ ਦੂਜਿਆਂ ਦੀਆਂ ਜ਼ਮੀਨਾਂ ਲੈ ਕੇ ਵਾਹੀ ਕਰਦੇ ਹਨ। ਖਰਚਾ ਤਾਂ ਅੱਧਾ ਕਰਦੇ ਹਨ ਪਰ ਹਿੱਸੇ ਵਜੋਂ ਸਿਰਫ਼ ਚੌਥਾਈ ਹੀ ਹਾਸਲ ਹੁੰਦਾ ਹੈ, ਜਿਸ ਕਰਕੇ ਉਨ੍ਹਾਂ ਦੀ ਮੁਸ਼ਕਿਲ ਨਾਲ ਹੀ ਗੁਜ਼ਰ ਹੁੰਦੀ ਹੈ। ਇੱਥੇ ਈਸਾਈ ਚੁੱਪ-ਚੁਪੀਤੇ ਆਪਣਾ ਪ੍ਰਚਾਰ ਕਰ ਰਹੇ ਹਨ। ਪਾਕਿਸਤਾਨ ਹਿੰਦੂ ਕੌਂਸਲ ਦੇ ਅੰਦਾਜ਼ੇ ਮੁਤਾਬਕ ਪਿਛਲੇ ਨੌਂ ਸਾਲਾਂ ਵਿੱਚ ਤਕਰੀਬਨ ਇੱਕ ਲੱਖ ਸੱਠ ਹਜ਼ਾਰ ਦਲਿਤ, ਈਸਾਈ ਮਤ ਵਿੱਚ ਸ਼ਾਮਲ ਹੋ ਗਏ ਹਨ। ਇਹ ਈਸਾਈ ਮਿਸ਼ਨਰੀ ਧਰਮ ਪਰਿਵਰਤਨ ਕਰਨ ਵਾਲਿਆਂ ਲਈ ਲੋੜੀਂਦੇ ਅਨਾਜ, ਵਿੱਦਿਆ ਤੇ ਨੌਕਰੀਆਂ ਦਾ ਵੀ ਪ੍ਰਬੰਧ ਕਰਨ ਦਾ ਉਪਰਾਲਾ ਕਰਦੇ ਹਨ।
ਪਾਕਿਸਤਾਨ ਰਹਿੰਦੇ ਹਿੰਦੂਆਂ ਦਾ ਇੱਥੋਂ ਬਾਹਰ ਜਾਣਾ 1947 ਤੋਂ ਕੁਝ ਸਮੇਂ ਬਾਅਦ ਹੀ ਸ਼ੁਰੂ ਹੋ ਗਿਆ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਦੇਸ਼ ਛੱਡ ਕੇ ਜਾਣ ਵਾਲਿਆਂ ਦਾ ਕਾਫ਼ਲਾ ਵੱਡਾ ਹੀ ਹੁੰਦਾ ਗਿਆ ਹੈ। ਹਿੰਦੁਸਤਾਨ, ਉਨ੍ਹਾਂ ਵਾਸਤੇ ਪਹਿਲਾਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਖਿੱਚ ਦਾ ਕਾਰਨ ਸੀ ਪਰ ਬਾਅਦ ਵਿੱਚ ਥੋੜ੍ਹੇ ਸਮੇਂ ਦਾ ਵੀਜ਼ਾ ਬਤੌਰ ਯਾਤਰੂ ਲੈ ਕੇ ਆਏ ਤੇ ਫਿਰ ਵੀਜ਼ੇ ਦੀ ਮਿਆਦ ਵਧਾਉਂਦੇ ਰਹੇ। ਅਖੀਰ ਕਈਆਂ ਨੇ ਹਿੰਦੁਸਤਾਨ ਵਿੱਚ ਰਹਿਣ ਦਾ ਪੱਕਾ ਮਨ ਬਣਾ ਲਿਆ। ਅਸਲ ਕਾਰਨ ਇਹ ਸੀ ਕਿ ਦੇਸ਼ ਦੀ ਕਮਜ਼ੋਰ ਕਾਨੂੰਨ ਵਿਵਸਥਾ, ਘੱਟ ਗਿਣਤੀਆਂ ਦਾ ਖ਼ੁਦ ਨੂੰ ਅਸੁਰੱਖਿਅਤ ਸਮਝਣਾ, ਬਦਅਮਨੀ  ਅਤੇ ਪਾਕਿਸਤਾਨੀ ਸਮਾਜ ਦੇ ਤਾਲਿਬਾਨ ਪ੍ਰਤੀ ਝੁਕਾਅ ਆਦਿ ਨੇ ਹਿੰਦੂਆਂ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ। ਇਹ ਚੰਗੇ ਭਵਿੱਖ ਲਈ ਹਿੰਦੁਸਤਾਨ ਆਉਣ ਜਾਂ ਕਿਸੇ ਹੋਰ ਦੇਸ਼ ਲਈ ਰਵਾਨਗੀ ਕਰਨ ਲੱਗੇ।
ਸਿੰਧ ਤੋਂ ਭਾਰਤ ਵਿੱਚ ਆਏ ਇੱਕ ਪਰਿਵਾਰ ਜੋ ਹੁਣ ਹਰਿਦੁਆਰ ਰਹਿੰਦਾ ਹੈ, ਦੇ ਦੱਸਣ ਮੁਤਾਬਕ ਜਬਰੀ ਧਰਮ ਪਰਿਵਰਤਨ ਅਤੇ ਭੱਤਾ ਵਸੂਲਣ ਦੇ ਡਰ ਮਾਰੇ, ਉਹ ਹਿੰਦੁਸਤਾਨ ਵਿੱਚ ਆਏ ਹਨ। ਉਨ੍ਹਾਂ ਦਾ ਉੱਥੇ ਇਨ੍ਹਾਂ ਹਾਲਾਤ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਸੀ। ਇੱਕ ਅੰਗਰੇਜ਼ੀ ਅਖ਼ਬਾਰ ਵਿੱਚ ਛਪੀ ਖ਼ਬਰ ਮੁਤਾਬਕ ਸਤੰਬਰ ਦੇ ਪਹਿਲੇ 15 ਦਿਨਾਂ ਵਿੱਚ ਤਕਰੀਬਨ 350 ਹਿੰਦੂ ਰਾਜਸਥਾਨ ਵਿੱਚ ਦਾਖਲ ਹੋਏ ਹਨ। ਇੱਕ ਲੋਕ ਸੰਗਠਨ ਸਮਿਤੀ ਮੁਤਾਬਕ 1971 ਤੋਂ ਬਾਅਦ ਤਕਰੀਬਨ 1,10,000 ਹਿੰਦੂ ਪਾਕਿਸਤਾਨ ਤੋਂ ਆ ਕੇ ਰਾਜਸਥਾਨ ਵਿੱਚ ਆ ਵੱਸੇ ਹਨ। ਇਹ ਲੋਕ ਮੁੜ ਪਾਕਿਸਤਾਨ ਜਾਣ ਨੂੰ ਬਿਲਕੁਲ ਤਿਆਰ ਨਹੀਂ। ਪੰਜਾਬ ਦੇ ਅਟਾਰੀ ਬਾਰਡਰ ‘ਤੇ ਕਈ ਹਿੰਦੂ ਪਰਿਵਾਰਾਂ ਦੇ ਲਿਆਂਦੇ ਹੋਏ ਸਾਮਾਨ ਵਿੱਚ ਚਕਲਾ, ਵੇਲਣਾ ਤੇ ਪਰਾਤ ਹੋਣ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦਾ ਵਾਪਸ ਜਾਣ ਦਾ ਕੋਈ ਇਰਾਦਾ ਨਹੀਂ ਹੈ। ਪਿਛਲੇ ਤਿੰਨ ਸਾਲਾਂ ਤੋਂ ਕੋਈ ਸੱਤ ਹਜ਼ਾਰ ਤੋਂ ਵੱਧ ਹਿੰਦੂ ਭਾਰਤ ਵਿੱਚ ਬਤੌਰ ਯਾਤਰੀ ਆਏ ਤੇ ਉਨ੍ਹਾਂ ਨੇ ਆਪਣੇ ਵੀਜ਼ੇ ਵਧਾਉਣ ਲਈ ਦਰਖਾਸਤ ਦੇ ਦਿੱਤੀ ਹੈ। ਇਸ ਸਾਲ 13 ਅਗਸਤ ਨੂੰ ਕੋਈ 266 ਹਿੰਦੂਆਂ ਦਾ ਜਥਾ ਪੈਦਲ ਹੀ ਵਾਹਗਾ ਸਰਹੱਦ ਪਾਰ ਕਰ ਕੇ ਭਾਰਤ ਵਿੱਚ ਦਾਖਲ ਹੋਇਆ ਹੈ, ਭਾਵੇਂ ਇਹ ਆਪਣੇ-ਆਪ ਨੂੰ ਯਾਤਰੀ ਹੀ ਕਹਿੰਦੇ ਹਨ।
ਇਹ ਗੱਲ ਵੀ ਅਹਿਮ ਹੈ ਕਿ ਭਾਰਤ ਤੋਂ ਪਾਕਿਸਤਾਨ ਜਾਂਦੇ ਮੁਸਲਮਾਨ, ਉੱਥੋਂ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਨੂੰ ਰੜਕਦੇ ਹਨ।  ਉਹ ਪਾਕਿਸਤਾਨ ਗਏ ਭਾਰਤੀ ਮੁਸਲਮਾਨਾਂ ਨੂੰ ਰਾਅ ਦਾ ਏਜੰਟ ਸਮਝ ਕੇ ਉਨ੍ਹਾਂ ਨਾਲ ਮਾੜਾ ਸਲੂਕ ਕਰਦੇ ਹਨ। ਮਰਹੂਮ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਪਰਿਵਾਰ ਨਾਲ ਸਬੰਧਿਤ ਫ਼ਿਰੋਜ਼ ਬਖਤ ਅਹਿਮਦ ਨੇ ਆਪਣੀ ਲਿਖਤ ਰਾਹੀਂ ਇਸ ਗੱਲ ਦਾ ਇੰਕਸ਼ਾਫ ਕੀਤਾ ਹੈ।
ਪਾਕਿਸਤਾਨ ਵਿੱਚ ਘੱਟ ਗਿਣਤੀ ਕੌਮਾਂ ਦੀਆਂ ਜਬਰੀ ਧਰਮ ਪਰਿਵਰਤਨ ਤੇ ਅਗਵਾ ਆਦਿ ਸਬੰਧੀ ਸ਼ਿਕਾਇਤਾਂ ਨੂੰ ਮੁੱਖ ਰੱਖ ਕੇ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਸਤੰਬਰ ਵਿੱਚ ਇੱਕ ਤਿੰਨ ਮੈਂਬਰੀ ਕਮੇਟੀ ਦਾ ਸੰਗਠਨ ਕੀਤਾ ਹੈ। ਇਸ ਕਮੇਟੀ ਦਾ ਕੰਮ ਸਿੰਧ ਦੇ ਵੱਖ-ਵੱਖ ਇਲਾਕਿਆਂ ਵਿੱਚ ਦੌਰੇ ਕਰਕੇ ਹਿੰਦੂ ਭਾਈਚਾਰੇ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿਵਾਉਣਾ ਹੈ।
ਭਾਰਤ ਵਿੱਚ ਕੋਈ ਅਜਿਹੀ ਪ੍ਰਵਾਨਤ ਨੀਤੀ ਨਹੀਂ, ਜਿਸ ਅਧੀਨ ਕਿਸੇ ਵਿਦੇਸ਼ੀ ਹਿੰਦੂ-ਸਿੱਖ ਨੂੰ ਦੇਸ਼ ਵਿੱਚ ਕਾਨੂੰਨੀ ਤੌਰ ‘ਤੇ ਪਨਾਹ ਦਿੱਤੀ ਜਾਵੇ। ਇਸ ਕਾਰਨ ਪਾਕਿਸਤਾਨ ਜਾਂ ਅਫ਼ਗ਼ਾਨਿਸਤਾਨ ਵਿੱਚੋਂ ਭਾਰਤ ਆਉਣ ਵਾਲੇ ਹਿੰਦੂ-ਸਿੱਖ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਗ਼ੈਰ-ਕਾਨੂੰਨੀ ਤੌਰ ‘ਤੇ ਇੱਥੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ, ਜਿੱਥੇ ਉਹ ਜਾਣਾ ਨਹੀਂ ਚਾਹੁੰਦੇ। ਇਨ੍ਹਾਂ ਵਿਚਾਰਿਆਂ ਨੂੰ ਜੇ ਇੱਥੇ ਵੀ ਪਨਾਹ ਨਹੀਂ ਮਿਲਣੀ ਤਾਂ ਇਹ ਲੋਕ ਹੋਰ ਜਾਣ ਵੀ ਕਿੱਥੇ?

ਹਰਚਰਨ ਸਿੰਘ
*ਮੋਬਾਈਲ:098103-06924

post by: Gursham Singh Cheema



Post Comment


ਗੁਰਸ਼ਾਮ ਸਿੰਘ ਚੀਮਾਂ