ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, October 8, 2012

ਸ਼੍ਰੀ ਗੁਰੂ ਰਾਮਦਾਸ ਜੀ


ਚੌਥੇ ਪਾਤਿਸ਼ਾਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ 24 ਸਤੰਬਰ ਸੰਨ 1534 ਈ ਨੂੰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। ਛੋਟੀ ਉਮਰ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਅਕਲਾ ਚਲਾਣਾ ਕਰ ਗਏ।

ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ ਨੂੰ ਉਹਨਾਂ ਦੀ ਨਾਨੀ ਜੀ ਆਪਣੇ ਨਾਲ ਪਿੰਡ ਬਾਸਰਕੇ ਲੈ ਆਏ। ਆਪ ਜੀ ਕੁੱਝ ਸਾਲ ਪਿੰਡ ਬਾਸਕਰੇ ਵਿੱਚ ਰਹੇ। ਜਦੋਂ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਨਾਲ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਗੋਂਦੇ ਦੀ ਬੇਨਤੀ ਤੇ ਗੋਵਿੰਦਵਾਲ ਸਾਹਿਬ ਨਗਰ ਵਸਾਇਆ ਤਾਂ ਬਾਸਰਕੇ ਪਿੰਡ ਦੇ ਕਾਫੀ ਪਰਿਵਾਰਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਲਿਆਂਦਾ ਗਿਆ। ਇਹਨਾਂ ਵਿੱਚ ਭਾਈ ਜੇਠਾ ਜੀ ਵੀ ਉਹਨਾਂ ਦੀ ਨਾਨੀ ਜੀ ਦੇ ਨਾਲ ਗੋਵਿੰਦਵਾਲ ਸਾਹਿਬ ਆ ਗਏ।

ਮਾਤਾ ਰਾਮ ਕੌਰ ਜੀ ਜੋ ਕਿ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੁਪਤਨੀ ਸਨ। ਉਹਨਾਂ ਨੇ ਇਕ ਵਾਰ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਿਹਾ ਕਿ ਬੀਬੀ ਭਾਨੀ ਜੀ ਦੇ ਲਈ ਯੋਗ ਵਰ ਲਭਣਾ ਚਾਹੀਦਾ ਹੈ। ਉਦੋਂ ਹੀ ਭਾਈ ਜੇਠਾ ਜੀ ਉਥੇ ਆਏ ਆਪ ਜੀ ਸੁਭਾਅ ਬਹੁਤ ਹੀ ਵਧੀਆ ਸੀ। ਆਪ ਜੀ ਨਿਮਰਤਾ ਦੇ ਸਾਗਰ ਸਨ। ਮਾਤਾ ਰਾਮ ਕੌਰ ਜੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਆਪ ਜੀ ਨੂ ਬਹੁਤ ਪਸੰਦ ਕਰਦੇ ਸੀ।

ਜਦੋਂ ਆਪ ਜੀ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਨਜਦੀਕ ਪਹੁੰਚੇ ਤਾਂ ਆਪ ਜੀ ਨੂੰ ਦੇਖ ਕੇ ਮਾਤਾ ਰਾਮ ਕੌਰ ਜੀ ਨੇ ਕਿਹਾ ਕਿ ਇਹੋ ਜਿਹਾ ਵਰ ਭਾਣੀ ਦੇ ਲਈ ਚਾਹੀਦਾ ਹੈ। ਮਾਤਾ ਜੀ ਦੀ ਗੱਲ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਕਿ ਇਹਨਾਂ ਦੇ ਵਰਗਾ ਤਾਂ ਇਹ ਹੀ ਹਨ। ਇਹਨਾਂ ਵਰਗਾ ਹੋਰ ਕੋਈ ਹੋ ਹੀ ਨਹੀਂ ਸਕਦਾ।

ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਣੀ ਜੀ ਦਾ ਵਿਹਾਅ ਜੇਠਾ ਜੀ ਨਾਲ ਕਰਵਾਇਆ। ਬਾਅਦ ਵਿੱਚ ਜੇਠਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਰਖਿਆ ਗਿਆ। ਆਪ ਜੀ ਨੇ ਆਪਣੇ ਗੁਰਦੇਵ ਸੁਹਰੇ ਜੀ ਦੀ ਸੇਵਾ ਹਮੇਸ਼ਾ ਇੱਕ ਸਿੱਖ ਦੀ ਤਰ੍ਹਾਂ ਕੀਤੀ ਕਦੀ ਵੀ ਆਪ ਜੀ ਨੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣਾ ਸੁਹਰਾ ਨਹੀਂ ਜਾਣਿਆ ਸਦਾ ਹੀ ਉਹਨਾਂ ਨੂੰ ਆਪਣਾ ਗੁਰੂ ਤੇ ਆਪ ਨੂੰ ਉਹਨਾਂ ਦਾ ਸੇਵਕ ਹੀ ਜਾਣਿਆ ਸੀ।

ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੇ ਆਪ ਜੀ ਨੇ ਨਗਰ ਵਸਾਇਆਂ ਜਿਸ ਦਾ ਨਾਮ ਗੁਰੂ ਕਾ ਚੱਕ ਸੀ। ਬਾਅਦ ਵਿੱਚ ਇਸ ਦਾ ਨਾਮ ਰਾਮਦਾਸਪੁਰ ਹੋ ਗਿਆ। ਅੱਜ ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਇੱਕ ਸਤੰਬਰ 1574 ਈ. ਵਿੱਚ ਆਪ ਜੀ ਨੇ ਗੁਰਗੱਦੀ ਦੀ ਸੇਵਾ ਸੰਭਾਲੀ।

ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਸੁਭਾਅ ਬਹੁਤ ਹੀ ਦਇਆਲੂ ਅਤੇ ਨਿਮਰਤਾ ਵਾਲਾ ਸੀ। ਆਪ ਜੀ ਦੇ ਘਰ ਤਿੰਨ ਸਪੁੱਤਰਾਂ ਦਾ ਜਨਮ ਹੋਇਆ ਸੀ। ਬਾਬਾ ਪ੍ਰਿਥੀ ਚੰਦ, ਮਹਾਂਦੇਵ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ।

ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚੀ ਬਾਣੀ 30 ਰਾਗਾਂ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਿਸ ਵਿੱਚ 679 ਸ਼ਬਦ ਹਨ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਨੂੰ ਲੱਖ ਲੱਖ ਵਧਾਈਆਂ ਹੋਵੇ ਜੀ।


ਪੋਸਟ ਕਰਤਾ:- ਗੁਰਸ਼ਾਮ ਸਿੰਘ 


Post Comment


ਗੁਰਸ਼ਾਮ ਸਿੰਘ ਚੀਮਾਂ