ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, October 25, 2012

ਕੈਨੇਡਾ ਦੀ ਮਰਦਮਸ਼ੁਮਾਰੀ 'ਚ ਪੰਜਾਬੀ ਬੋਲੀ ਦੀ ਚੜ੍ਹਤ

ਵੈਨਕੂਵਰ, 25 ਅਕਤੂਬਰ (ਗੁਰਵਿੰਦਰ ਸਿੰਘ ਧਾਲੀਵਾਲ)-ਕਰੀਬ ਸਵਾ ਸੌ ਵਰ੍ਹੇ ਪਹਿਲਾ ਕੈਨੇਡਾ ਦੀ ਧਰਤੀ 'ਤੇ ਪਹਿਲੇ ਪੰਜਾਬੀ ਦੇ ਧਰੇ ਕਦਮਾਂ ਨੂੰ ਅੱਜ ਉਸ ਸਮੇਂ ਮਾਰਗ ਦਰਸ਼ਕ ਬਣਨ ਦਾ ਸੁਭਾਗ ਮਿਲਿਆ, ਜਦੋਂ ਕੈਨੇਡੀਅਨ ਮਰਦਮਸ਼ੁਮਾਰੀ 2011 ਦੀ ਰਿਪੋਰਟ ਅਨੁਸਾਰ ਪੰਜਾਬੀ ਬੋਲੀ ਨੂੰ ਮੋਹਰਲੀ ਕਤਾਰ 'ਚ ਸ਼ਾਮਿਲ ਕੀਤਾ ਗਿਆ। ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਦੀਆਂ ਸਰਕਾਰੀ ਬੋਲੀਆਂ ਅੰਗਰੇਜ਼ੀ ਅਤੇ ਫਰੈਂਚ ਤੋਂ ਮਗਰੋਂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਜ਼ੁਬਾਨਾਂ 'ਚ, ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚਾਰ ਲੱਖ ਸੱਠ ਹਜ਼ਾਰ ਤੋਂ ਵੱਧ ਦੱਸੀ ਗਈ ਹੈ, ਜੋ ਕਿ ਪਿਛਲੀ ਵਾਰ ਦੇ ਅੰਕੜਿਆਂ 'ਚ ਤਿੰਨ ਲੱਖ ਸਤਾਹਟ ਹਜ਼ਾਰ ਸੀ। ਇਸ ਦੇ ਨਾਲ ਹੀ ਪੰਜਾਬੀ ਸੰਨ 2006 ਦੀ ਮਰਦਮਸ਼ੁਮਾਰੀ 'ਚ ਛੇਵੇਂ ਸਥਾਨ 'ਤੇ ਸੀ, ਪ੍ਰੰਤੂ ਹੁਣ ਇਟਾਲੀਅਨ ਅਤੇ ਜਰਮਨ ਬੋਲੀਆਂ ਨੂੰ ਪਛਾੜਦੀ ਹੋਈ ਚੌਥੇ ਥਾਂ 'ਤੇ ਪੁੱਜ ਗਈ ਹੈ। ਇਸ ਰਿਪੋਰਟ ਅਨੁਸਾਰ ਤੀਜੇ ਥਾਂ 'ਤੇ ਚੀਨ ਦੀਆਂ ਤਿੰਨੇ ਭਾਸ਼ਾਵਾਂ ਮੈਂਡਰਿਨ, ਕੈਂਟਨੀ ਤੇ ਹਾਕਾ ਬੋਲਣ ਵਾਲਿਆਂ ਦੀ ਕੁਝ ਗਿਣਤੀ ਹੈ, ਪਰ ਜੇਕਰ ਇਨ੍ਹਾਂ ਨੂੰ ਵੱਖੋ-ਵੱਖ ਕਰਕੇ ਵੇਖਿਆ ਜਾਵੇ ਤਾਂ ਪੰਜਾਬੀ ਕੈਨੇਡਾ ਦੀ ਤੀਜੀ ਸਭ ਤੋਂ ਵੱਧ ਬੋਲੇ ਜਾਣ ਵਾਲੀ ਭਾਸ਼ਾ ਬਣ ਜਾਂਦੀ ਹੈ। ਇਕੱਲੇ ਬ੍ਰਿਟਿਸ਼ ਕੋਲੰਬੀਆ 'ਚ ਇਕ ਲੱਖ ਤਰਿਆਨਵੇਂ ਹਜ਼ਾਰ ਪੰਜਾਬੀ ਬੋਲਣ ਵਾਲੇ ਹਨ ਤੇ ਇਥੇ ਵਸਦੇ ਆਵਾਸੀਆਂ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਇਕੱਲੀ ਜ਼ੁਬਾਨ ਪੰਜਾਬੀ ਹੈ। ਇਸ ਤਰ੍ਹਾਂ ਹੀ ਉਂਟਾਰੀਓ, ਐਲਬਰਟਾ, ਕਿਊਬੈਕ ਤੇ ਮੈਨੀਟੋਬਾ ਵਿਚ ਵੀ ਪੰਜਾਬੀ ਬੋਲਣ ਵਾਲਿਆਂ ਦੀ ਸੰਖਿਆ ਵਧੀ ਹੈ। ਇਸ ਦੌਰਾਨ ਕੈਨੇਡਾ ਦੀ ਸੰਸਦ ਵਿਚ ਵੀ ਪੰਜਾਬੀਆਂ ਦੀ ਸੰਖਿਆ ਅਨੁਸਾਰ, ਪੰਜਾਬੀ ਤੀਜੀ ਬੋਲੀ ਵਜੋਂ ਮਾਨਤਾ ਹਾਸਿਲ ਕਰ ਚੁੱਕੀ ਹੈ। ਕੈਨੇਡਾ ਦੇਸ਼ 200 ਬੋਲੀਆਂ ਵਾਲਾ ਬਹੁ-ਭਾਸ਼ਾਈ ਤੇ ਬਹੁ-ਸੱਭਿਆਚਾਰਕ ਮੁਲਕ ਹੈ, ਜਿਸ 'ਚ ਆਵਾਸੀ ਪੰਜਾਬੀਆਂ ਨੇ ਬੋਲੀ ਬਚਾਉਣ ਲਈ ਲਗਾਤਾਰ ਅਖ਼ਬਾਰਾਂ, ਰੇਡੀਓ ਤੇ ਟੈਲੀਵਿਜ਼ਨ ਰਾਹੀਂ ਪ੍ਰਚਾਰ ਜਾਰੀ ਰੱਖਿਆ ਹੈ। ਦੂਜੇ ਪਾਸੇ ਮਿਲੇ ਵੇਰਵਿਆਂ ਅਨੁਸਾਰ ਇਥੋਂ ਦੇ ਮੂਲਵਾਸੀਆਂ ਦੀਆਂ 450 ਬੋਲੀਆਂ, ਅੰਗਰੇਜ਼ੀ ਤੇ ਫਰੈਂਚ ਦੇ ਗਲਬੇ ਮਗਰੋਂ ਘਟ ਕੇ ਹੁਣ ਸਿਰਫ 60 ਹੀ ਰਹਿ ਗਈਆਂ ਹਨ। ਪੰਜਾਬੀ ਚਿੰਤਕਾਂ ਅਨੁਸਾਰ ਚਾਹੇ ਨਵੇਂ ਮਰਦਮਸ਼ੁਮਾਰੀ 'ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਭਗ 1 ਲੱਖ ਦੇ ਕਰੀਬ ਵਧੀ ਹੈ, ਪ੍ਰੰਤੂ ਕੈਨੇਡਾ 'ਚ ਵਸਦੇ 7 ਲੱਖ ਪੰਜਾਬੀਆਂ ਦੇ ਮੁਕਾਬਲਤਨ ਅਜੇ ਵੀ ਦੋ ਲੱਖ ਤੋਂ ਵੱਧ ਲੋਕ ਮਰਦਮਸ਼ੁਮਾਰੀ 'ਚ ਮਾਂ ਬੋਲੀ ਪੰਜਾਬੀ ਲਿਖਵਾਉਣ ਤੋਂ ਅਵੇਸਲੇ ਰਹੇ ਹਨ। ਤਾਜ਼ਾ ਮਰਦਮਸ਼ੁਮਾਰੀ ਅਨੁਸਾਰ ਕੈਨੇਡਾ ਦੇ 64 ਲੱਖ ਲੋਕ ਆਵਾਸੀਆਂ ਬੋਲੀਆਂ ਨੂੰ ਆਪਣੀ ਜ਼ੁਬਾਨ ਮੰਨਦੇ ਹਨ। ਵੈਨਕੂਵਰ 'ਚ 7,11,515 ਭਾਵ 31 ਫ਼ੀਸਦੀ ਲੋਕ ਆਵਾਸੀ ਭਾਸ਼ਾਵਾਂ 'ਚ ਸਭ ਤੋਂ ਵੱਧ ਚੀਨੀ ਤੇ ਪੰਜਾਬੀ ਬੋਲਦੇ ਹਨ। ਕੈਲਗਿਰੀ 'ਚ 2, 27,515 (18.9 ਫ਼ੀਸਦੀ) ਲੋਕਾਂ 'ਚ ਸਭ ਤੋਂ ਜ਼ਿਆਦਾ ਪੰਜਾਬੀ, ਟਾਗਾਲੌਗ ਤੇ ਚੀਨੀ ਬੋਲਦੇ ਹਨ। ਐਡਮਿੰਟਨ 'ਚ 1,65,145 (14.5 ਫ਼ੀਸਦੀ) ਲੋਕ ਟਾਗਾਲੌਗ, ਪੰਜਾਬੀ ਤੇ ਚੀਨੀ ਬੋਲਦੇ ਹਨ, ਜਦ ਕਿ ਟੋਰਾਂਟੋ 'ਚ 17 ਲੱਖ (32.4 ਫ਼ੀਸਦੀ) ਵਸੋਂ ਆਵਾਸੀ ਬੋਲੀ ਵਾਲੀ ਹੈ, ਜਿਨ੍ਹਾਂ 'ਚ ਸਭ ਤੋਂ ਵੱਧ ਚੀਨੀ ਤੇ ਪੰਜਾਬੀ ਬੋਲਣ ਵਾਲੇ ਹਨ।


Post Comment


ਗੁਰਸ਼ਾਮ ਸਿੰਘ ਚੀਮਾਂ