ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, October 17, 2012

ਕੁਦਰਤ ਬੱਚੇ ਨੂੰ ਖਾਣ ਲਈ ਕਿਵੇਂ ਤਿਆਰ ਕਰਦੀ ਹੈ?


ਛੇ ਮਹੀਨੇ ਦੀ ਉਮਰ ਤਕ ਪਹੁੰਚਦਾ ਬੱਚਾ ਆਪਣੇ ਜਨਮ ਸਮੇਂ ਦੇ ਭਾਰ ਤੋਂ ਦੁਗਣੇ ਤੋਂ ਵੱਧ ਭਾਰ ਦਾ ਹੋ ਜਾਂਦਾ ਹੈ। ਜ਼ਾਹਿਰ ਹੈ ਉਸ ਦੀਆਂ ਖ਼ੁਰਾਕ ਵਾਸਤੇ ਲੋੜਾਂ ਵਿਚ ਵੀ ਬੇਹਿਸਾਬ ਵਾਧਾ ਹੋ ਜਾਣਾ ਹੋਇਆ। ਇਕੱਲੇ ਮਾਂ ਦੇ ਦੁੱਧ ਨਾਲ ਤਾਂ ਢਿੱਡ ਭਰਨਾ ਨਾ ਹੋਇਆ, ਇਸੇ ਲਈ ਬੱਚੇ ਦੀ ਸਰੀਰਕ ਲੋੜ ਅਨੁਸਾਰ ਉਸ ਨੂੰ ਹੋਰ ਖਾਣ ਦੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰਨੀਆਂ ਪੈਂਦੀਆਂ ਹਨ।
ਜਨਮ ਤੋਂ ਬਾਅਦ ਪਹਿਲੇ ਚਾਰ ਮਹੀਨੇ ਬੱਚੇ ਦਾ ਸਰੀਰ ਬਹੁਤ ਤੇਜ਼ੀ ਨਾਲ ਵਧਦਾ ਹੈ ਅਤੇ ਨਾਲ ਦੀ ਨਾਲ ਅੰਦਰੂਨੀ ਅੰਗ ਵੀ। ਵੱਖੋ-ਵੱਖ ਅੰਗਾਂ ਨੂੰ ਆਪੋ-ਆਪਣੇ ਕੰਮਕਾਰ ਲਈ ਪ੍ਰੋਟੀਨ, ਥਿੰਦਾ, ਵਿਟਾਮਿਨ, ਲੋਹ ਕਣ, ਜ਼ਿੰਕ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਤੇ ਹੋਰ ਵੀ ਕਈ ਕੁੱਝ ਚਾਹੀਦਾ ਹੁੰਦਾ ਹੈ ਜਿਸ ਲਈ ਪਹਿਲੇ ਪੰਜ ਕੁ ਮਹੀਨਿਆਂ ਦੀ ਉਮਰ ਤੱਕ ਦੇ ਭੰਡਾਰ ਤਾਂ ਮਾਂ ਦੇ ਢਿੱਡ ਅੰਦਰੋਂ ਹੀ ਜਮ੍ਹਾਂ ਹੋ ਕੇ ਬੱਚੇ ਨੂੰ ਪਹੁੰਚੇ ਹੁੰਦੇ ਹਨ।
ਛੇਵੇਂ ਮਹੀਨੇ ਤੋਂ ਬਾਅਦ ਜੇ ਸਹੀ ਖ਼ੁਰਾਕ ਬੱਚੇ ਨੁੂੰ ਨਾ ਮਿਲੇ ਤਾਂ ਸਰੀਰ ਅੰਦਰ ਕਈ ਤਰ੍ਹਾਂ ਦੀਆਂ ਕਮੀਆਂ ਪੈਦਾ ਹੋ ਜਾਂਦੀਆਂ ਹਨ, ਜਿਨ੍ਹਾਂ ਵਿਚ ਦਿਮਾਗ਼ ਦੇ ਕੰਮਕਾਰ ਦੇ ਨੁਕਸ ਵੀ ਸ਼ਾਮਲ ਹਨ।
ਇਸ ਉਮਰ ਵਿਚ ਕੋਈ ਖ਼ੁਰਾਕ ਸ਼ੁਰੂ ਕਰਨ ਤੋਂ ਪਹਿਲਾਂ ਬੱਚੇ ਦੇ ਬਾਰੇ ਹੇਠ ਦੱਸੀਆਂ ਗੱਲਾਂ ਦਾ ਪਤਾ ਹੋਣਾ ਜ਼ਰੂਰੀ ਹੈ।
ਛੇ ਮਹੀਨੇ ਦਾ ਬੱਚਾ ਸਹਾਰੇ ਨਾਲ ਬਹੁਤ ਵਧੀਆ ਬਹਿ ਜਾਂਦਾ ਹੈ ਤੇ ਥੋੜ੍ਹਾ ਚਿਰ ਸਹਾਰੇ ਤੋਂ ਬਗ਼ੈਰ ਵੀ। ਬੱਚਾ ਇਸ ਉਮਰ ਵਿਚ ਸਿਰ ਵੀ ਸੰਭਾਲਣ ਲੱਗ ਪੈਂਦਾ ਹੈ, ਇਸ ਲਈ ਸਿਰਫ਼ ਪਾਣੀ ਵਾਂਗ ਤਰਲ ਚੀਜ਼ਾਂ ਤੋਂ ਇਲਾਵਾ ਰਤਾ ਕੁ ਗਾੜ੍ਹੀਆਂ ਚੀਜ਼ਾਂ ਵੀ ਗਲੇ ਅੰਦਰ ਬਿਨਾਂ ਹੱਥੂ ਲਏ ਲੰਘਾ ਲੈਂਦਾ ਹੈ ਜਿਵੇਂ ਸੂਜੀ ਦੀ ਖੀਰ, ਦਹੀਂ ਆਦਿ।
ਛੋਟੇ ਬੱਚੇ ਦੇ ਮੂੰਹ ਵਿਚ ਕੁੱਝ ਵੀ ਪਾਇਆ ਜਾਏ ਤਾਂ ਉਸ ਦੀ ਜੀਭ ਉਸ ਨੂੰ ਬਾਹਰ ਨੂੰ ਧੱਕਦੀ ਹੈ ਕਿਉਂਕਿ ਗਾੜ੍ਹੀ ਚੀਜ਼ ਅੰਦਰ ਲੰਘਾਉਣ ਦਾ ਵੱਲ ਹਾਲੇ ਉਸ ਨੂੰ ਆਇਆ ਨਹੀਂ ਹੁੰਦਾ। ਛੇ ਮਹੀਨੇ ਦੀ ਉਮਰ ਪੂਰੀ ਹੋਣ ਤਕ ਇਹ ਵੱਲ ਬੱਚੇ ਨੂੰ ਆ ਜਾਂਦਾ ਹੈ ਤੇ ਉਹ ਸਾਰਾ ਕੁੱਝ ਬਾਹਰ ਸੁੱਟਣ ਦੀ ਬਜਾਏ ਥੋੜ੍ਹਾ ਅੰਦਰ ਵੀ ਲੰਘਾਉਣ ਲੱਗ ਪੈਂਦਾ ਹੈ।
ਇਕ ਹੋਰ ਵੱਲ ਜੋ ਛੇ ਮਹੀਨੇ ਦੀ ਉਮਰ ਉੱਤੇ ਬੱਚੇ ਨੂੰ ਆ ਜਾਂਦਾ ਹੈ, ਉਹ ਹੈ ਜੀਭ ਮੂੰਹ ਵਿਚ ਗੋਲ ਘੁਮਾ ਕੇ ਗਰਾਹੀ ਬਣਾਉਣ ਦੀ ਜਾਚ। ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਬੱਚਾ ਕੁੱਝ ਸਖ਼ਤ ਚੀਜ਼ ਨੂੰ ਮੂੰਹ ਵਿਚਲੀ ਥੁੱਕ ਵਿਚ ਘੋਲ ਕੇ ਖਾ ਸਕਣ ਜੋਗਾ ਹੋ ਜਾਂਦਾ ਹੈ।
ਇਸ ਉਮਰ ਤੋਂ ਛੋਟਾ ਬੱਚਾ ਤਾਂ ਸਿਰਫ਼ ਮਾਂ ਦਾ ਦੁੱਧ ਪੀਣ ਲਈ ਹੀ ਮਾਂ ਦੀ ਛਾਤੀ ਵੱਲ ਮੂੰਹ ਘੁਮਾਉਣਾ ਜਾਣਦਾ ਹੁੰਦਾ ਹੈ ਪਰ ਛੇ ਮਹੀਨੇ ਦਾ ਬੱਚਾ ਚਮਚ ਵੇਖ ਕੇ ਵੀ ਉਸ ਵੱਲ ਮੂੰਹ ਘੁਮਾਉਣ ਲੱਗ ਪੈਂਦਾ ਹੈ।
ਜੇ ਬੱਚਾ ਭੁੱਖਾ ਨਾ ਹੋਵੇ ਤਾਂ ਮੂੰਹ ਚਮਚ ਤੋਂ ਪਰ੍ਹਾਂ ਕਰ ਲੈਂਦਾ ਹੈ। ਜੇ ਇਸ ਵੇਲੇ ਧੱਕੋਜ਼ੋਰੀ ਮੂੰਹ ਅੰਦਰ ਚੀਜ਼ ਪਾਈ ਜਾਏ ਤਾਂ ਬੱਚਾ ਉਲਟੀ ਤਾਂ ਕਰਦਾ ਹੀ ਹੈ ਪਰ ਉਸ ਨੂੰ ਖਾਣੇ ਤੋਂ ਨਫ਼ਰਤ ਵੀ ਹੋਣ ਲੱਗ ਪੈਂਦੀ ਹੈ।
ਜੇ ਬੱਚੇ ਦੀ ਗੱਲ ਮੰਨ ਕੇ ਉਸ ਦਾ ਢਿੱਡ ਭਰ ਜਾਣ ਉੱਤੇ ਉਸ ਨੂੰ ਖਾਣਾ ਖੁਆਉਣਾ ਬੰਦ ਕਰ ਦਿੱਤਾ ਜਾਏ ਤਾਂ ਹੌਲੀ-ਹੌਲੀ ਬੱਚਾ ਵੱਖਰੀ ਕਿਸਮ ਦੇ ਖਾਣਿਆਂ ਨੂੰ ਬਣਦਾ ਵੇਖ ਕੇ ਅਤੇ ਖੁਸ਼ਬੋ ਸੁੰਘ ਕੇ ਮੂੰਹ ਵਿਚ ਉਂਗਲ ਪਾ ਕੇ ਇਸ਼ਾਰਾ ਵੀ ਕਰ ਦਿੰਦਾ ਹੈ ਕਿ ਉਸ ਨੇ ਵੀ ਖਾਣਾ ਹੈ!
ਇਸ ਉਮਰ ਦਾ ਬੱਚਾ ਖਾਣਾ ਖਾਂਦਿਆਂ ਆਪਣੇ ਹੱਥਾਂ ਨਾਲ ਲਗਾਤਾਰ ਖੇਡਦਾ ਰਹਿੰਦਾ ਹੈ ਅਤੇ ਜੇ ਉਸ ਦੇ ਖਾਣੇ ਦੇ ਦੌਰਾਨ ਕੋਈ ਜਾਣ-ਪਛਾਣ ਦਾ ਬੰਦਾ ਦਿਸ ਜਾਏ ਤਾਂ ਭੁੱਖ ਭੁੱਲ ਕੇ ਫਟ ਉਸ ਵੱਲ ਉੱਲਰ ਪੈਂਦਾ ਹੈ। ਪਰ, ਜੇ ਓਪਰਾ ਬੰਦਾ ਦਿਸ ਜਾਏ ਤਾਂ ਝੱਟ ਰੋਣ ਵੀ ਲੱਗ ਪੈਂਦਾ ਹੈ ਅਤੇ ਰੋਟੀ ਛੱਡ ਕੇ ਮਾਂ ਦੀ ਬੁੱਕਲ ਵਿਚ ਲੁਕ ਜਾਂਦਾ ਹੈ।
ਕਈ ਵਾਰ ਤਾਂ ਏਨਾ ਮਜ਼ਾ ਆਉਂਦਾ ਹੈ, ਜਦੋਂ ਬੱਚਾ ਖਾਂਦਿਆਂ ਹੋਇਆਂ ਨਾਲ-ਨਾਲ ਆਪਣੇ ਪੈਰ ਦਾ ਅੰਗੂਠਾ ਵੀ ਫੜ ਕੇ ਮੂੰਹ ਵਿਚ ਪਾ ਲੈਂਦਾ ਹੈ ਜਾਂ ਮਾਂ ਦਾ ਅੰਗੂਠਾ ਜੇ ਹੱਥ ਵਿਚ ਆ ਜਾਏ ਤਾਂ ਉਹ ਵੀ ਖਿੱਚ ਕੇ ਆਪਣੇ ਮੁੂੰਹ ਅੰਦਰ ਪਾਉਣ ਦੀ ਕੋਸ਼ਿਸ਼ ਕਰਦਾ ਹੈ।
ਅੱਠ ਮਹੀਨੇ ਦਾ ਬੱਚਾ ਚੀਜ਼ਾਂ ਆਪ ਚੁੱਕ ਕੇ ਮੂੰਹ ਵਿਚ ਪਾਉਣੀਆਂ ਸ਼ੁਰੂ ਕਰ ਦਿੰਦਾ ਹੈ ਅਤੇ ਇਕ ਤੋਂ ਦੂਜੇ ਹੱਥ ਵਿਚ ਚੀਜ਼ ਫੜਾਉਣ ਵੀ ਲੱਗ ਪੈਂਦਾ ਹੈ। ਕੁੱਝ ਅਵਾਜ਼ਾਂ ਵੀ ਕੱਢ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਖਾਣਾ ਉੱਕਾ ਹੀ ਬਕਵਾਸ ਹੈ ਜਾਂ ਨਹੀਂ। ਇਹ ਵੱਖਰੀ ਗੱਲ ਹੈ ਕਿ ਉਸ ਦੀ ਗੱਲ ਅਣਸੁਣੀ ਕਰ ਕੇ ਮਾਪੇ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ ਕਿ ਉਨ੍ਹਾਂ ਦਾ ਬੱਚਾ ‘ਆ’ ‘ਬਲਾ’ ‘ਕਾ’ ‘ਤਾ’ ਬੋਲ ਗਿਆ ਤਾਂ ਕਮਾਲ ਹੀ ਹੋ ਗਿਆ! ਕੀ ਪਤਾ ਅਸਲ ਵਿਚ ਉਹ ਕਹਿ ਰਿਹਾ ਹੋਵੇ ਬਈ ਆਪ ਤਾਂ ਮਜ਼ੇਦਾਰ ਚਾਟ ਖਾਈ ਬੈਠੇ ਹੋ ਤੇ ਮੈਨੂੰ ਉਬਲੀ ਫਿੱਕੀ ਦਾਲ ਦੇਈ ਜਾ ਰਹੇ ਹੋ! ਜਾਂ, ਬਈ ਪਿਛਲੇ ਸੱਤ ਮਹੀਨਿਆਂ ਤੋਂ ਨਿਰੇ ਦੁੱਧ ਉੱਤੇ ਹੀ ਰੱਖਿਆ ਹੋਇਆ ਹੈ! ਹੁਣ ਕੁੱਝ ਹੋਰ ਵੀ ਬਦਲ ਕੇ ਮਿਲੇਗਾ? ਆਪ ਰੋਜ਼ ਸੱਤ ਮਹੀਨੇ ਲਗਾਤਾਰ ਦਿਨ ਵਿਚ ਪੰਜ ਵਾਰ ਮੂੰਗੀ ਧੋਤੀ ਦਾਲ ਖਾ ਕੇ ਵੇਖੋ ਖਾਂ ! ਮੈਨੁੂੰ ਵੀ ਹੁਣ ਕੁੱਝ ਵਖਰਾ ਖੁਆ ਦਿਓ !
ਅੱਠ ਮਹੀਨੇ ਦਾ ਬੱਚਾ ਆਪਣੀ ਪਸੰਦ ਨਾਪਸੰਦ ਚੰਗੀ ਤਰ੍ਹਾਂ ਸਮਝਾਉਣ ਦੇ ਸਮਰੱਥ ਹੋ ਜਾਂਦਾ ਹੈ। ਇਸੇ ਲਈ ਬੋਲ ਨਾ ਸਕਣ ਦੇ ਬਾਵਜੂਦ ਜੇ ਖਾਣ ਵਾਲੀ ਚੀਜ਼ ਪਸੰਦ ਨਾ ਹੋਵੇ ਤਾਂ ਆਪਣੇ ਬੁੱਲ੍ਹ ਘੁੱਟ ਕੇ ਬੰਦ ਕਰ ਲੈਂਦਾ ਹੈ। ਸੁਆਦਲੀ ਚੀਜ਼ ਨੂੰ ਉੱਪਰਲੇ ਬੁੱਲ੍ਹ ਰਤਾ ਕੁ ਉੱਪਰ ਕਰ ਕੇ ਚਮਚ ਮੂੰਹ ਅੰਦਰ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਮਾਂ ਵੱਲੋਂ ਫੜੀ ਭਾਰੀ ਬੋਤਲ ਵੀ ਆਪਣੇ ਨਿੱਕੇ ਹੱਥਾਂ ਨਾਲ ਸਹਾਰੇ ਨਾਲ ਫੜਨ ਦੀ ਕੋਸ਼ਿਸ਼ ਕਰਦਾ ਹੈ। ਖਾਣੇ ਨੂੰ ਰਤਾ-ਰਤਾ ਚਿੱਥਣ ਦੀ ਕੋਸ਼ਿਸ਼ ਕਰਦਾ ਵੀ ਬੱਚਾ ਏਸੇ ਉਮਰ ਵਿਚ ਵੇਖਿਆ ਜਾ ਸਕਦਾ ਹੈ। ਇਸ ਉਮਰ ਤੋਂ ਪਹਿਲਾਂ ਤਾਂ ਬੱਚਾ ਸਿਰਫ਼ ਨਿਗਲਦਾ ਹੈ, ਪਰ ਹੁਣ ਰਤਾ ਕੁ ਜਬਾੜਾ ਵੀ ਘੁਮਾਉਣ ਲੱਗ ਪੈਂਦਾ ਹੈ। ਏਸੇ ਲਈ ਕੁੱਝ ਹੋਰ ਗਾੜ੍ਹੀਆਂ ਚੀਜ਼ਾਂ ਬੱਚੇ ਨੂੰ ਖਾਣ ਲਈ ਦਿੱਤੀਆਂ ਜਾ ਸਕਦੀਆਂ ਹਨ ਜਿਵੇਂ ਖਿਚੜੀ, ਖੀਰ, ਚੌਲ, ਕੜਾਹ, ਆਦਿ
ਸਭ ਤੋਂ ਮਜ਼ੇਦਾਰ ਗੱਲ ਤਾਂ ਇਹ ਲੱਗਦੀ ਹੈ ਕਿ ਬੱਚਾ ਸੁਆਦੀ ਚੀਜ਼ ਨੂੰ ਛੇਤੀ-ਛੇਤੀ ਮੂੰਹ ਵਿਚ ਪਾਉਣ ਲਈ ਮਾਂ ਦਾ ਹੱਥ ਵੀ ਫੜ ਕੇ ਚਮਚ ਮੂੰਹ ਵਿਚ ਧੱਕਣ ਦੀ ਕਰਦਾ ਹੈ।
ਦਸ ਮਹੀਨੇ ਦਾ ਬੱਚਾ ਆਪਣਾ ਨਾਂ ਅਤੇ ਰੋਟੀ ਬਾਰੇ ਪਈ ਅਵਾਜ਼ ਫੱਟ ਪਛਾਨਣ ਲੱਗ ਪੈਂਦਾ ਹੈ ਅਤੇ ਰਤਾ ਕੁ ਮੂੰਹ ਖੋਲ੍ਹ ਕੇ ਇਸ਼ਾਰਾ ਵੀ ਕਰ ਦਿੰਦਾ ਹੈ ਕਿ ਲਿਆਓ ਜੀ ਤਿਆਰ ਬੈਠੇ ਹਾਂ! ਇਸ ਉਮਰ ਦਾ ਬੱਚਾ ਭੁੱਖੇ ਹੋਣ ਉੱਤੇ ਰੋਣਾ ਵੀ ਵੱਖਰੀ ਕਿਸਮ ਦਾ ਰੋਂਦਾ ਹੈ ਅਤੇ ਪਿਆਸਾ ਹੋਣ ਉੱਤੇ ਬੋਤਲ, ਗਿਲਾਸ ਜਾਂ ਕੱਪ ਆਪਣੇ ਹੱਥੀਂ ਫੜ ਕੇ ਮੂੰਹ ਨੂੰ ਲਾ ਲੈਂਦਾ ਹੈ।
ਹੁਣ ਤਾਂ ਬੱਚਾ ਆਪਣੇ ਨਿੱਕੇ ਜਿਹੇ ਹੱਥਾਂ ਨਾਲ ਗਰਾਹੀ ਜਾਂ ਬਿਸਕੁਟ ਫੜ ਕੇ ਮੂੰਹ ਵਿਚ ਆਪੇ ਪਾ ਕੇ ਉਸ ਨੂੰ ਮੂੰਹ ਅੰਦਰ ਘੁਮਾ ਕੇ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਵੇਲੇ ਜੇ ਭੁੱਖ ਨਾ ਹੋਣ ਉੱਤੇ ਬੱਚੇ ਦੇ ਮੂੰਹ ਅੰਦਰ ਖਾਣਾ ਧੱਕਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਪੱਕੀ ਤਰ੍ਹਾਂ ਮੂੰਹ ਬੰਦ ਕਰ ਕੇ ਸਿਰ ਵੀ ਪਾਸੇ ਉੱਤੇ ਘੁਮਾ ਕੇ ਘੂਰੀ ਵੱਟ ਕੇ ਬੱਚਾ ਹੈਰਾਨ ਹੁੰਦਾ ਪੁੱਛਦਾ ਜਾਪਦਾ ਹੈ – ਕੀ ਹੁਣ ਪੂਰੇ ਘਰ ਦਾ ਖਾਣਾ ਮੇਰੇ ਨਿੱਕੇ ਜਿਹੇ ਢਿੱਡ ਵਿਚ ਹੀ ਘਸੋੜ ਛੱਡੋਗੇ? ਇਸੇ ਉਮਰ ਵਿਚ ਪਹਿਲੀ ਦੰਦੀ ਵੀ ਬਹੁਤੀ ਵਾਰ ਬੱਚਾ ਕੱਢ ਲੈਂਦਾ ਹੈ। ਜੇ ਮੂੰਹ ਅੰਦਰ ਖਾਣਾ ਧੱਕਣਾ ਬੰਦ ਨਾ ਕੀਤਾ ਜਾਏ ਤਾਂ ਬੱਚਾ ਉਂਗਲੀ ਉੱਤੇ ਦੰਦੀ ਵੀ ਵੱਢ ਦਿੰਦਾ ਹੈ।
ਇਕ ਸਾਲ ਦਾ ਬੱਚਾ ਮਾਪਿਆਂ ਦੀ ਕਹੀ ਨਿੱਕੀ ਮੋਟੀ ਗੱਲ ਮੰਨ ਵੀ ਲੈਂਦਾ ਹੈ ਅਤੇ ਦਿਲ ਨਾ ਕਰੇ ਤਾਂ ਪੂਰੇ ਜ਼ੋਰ ਦੀ ਸਿਰ ‘ਨਾ’ ਵਿਚ ਹਿਲਾ ਕੇ ਵਿਖਾ ਦਿੰਦਾ ਹੈ। ਹੁਣ ਕਿਉਂਕਿ ਬੱਚਾ ਬੋਲਣ ਜੋਗਾ ਹੋ ਜਾਂਦਾ ਹੈ, ਇਸੇ ਲਈ ‘ਮਾਮਾ’ ਕਹਿ ਕੇ ਅੱਗੋਂ ‘ਨਾ’ ਵਿਚ ਸਿਰ ਹਿਲਾ ਕੇ ਸਮਝਾ ਦਿੰਦਾ ਹੈ ਕਿ ਖਾਣਾ ਹੈ ਜਾਂ ਨਹੀਂ। ਇਸੇ ਉਮਰ ਵਿਚ ਬੱਚਾ ਗੁੱਸਾ ਜ਼ਾਹਰ ਕਰਨ ਜੋਗਾ ਹੋ ਜਾਂਦਾ ਹੈ। ਸੋ ਜੇ ਨਾ ਖਾਣਾ ਹੋਵੇ ਤਾਂ ਚੀਕ-ਚਿਆੜਾ ਵੀ ਮਚਾ ਸਕਦਾ ਹੈ ਜਾਂ ਹੱਥ ਫੜੀ ਚੀਜ਼ ਵਗਾਹ ਕੇ ਪਰ੍ਹਾਂ ਮਾਰਦਾ ਹੈ। ਹੁਣ ਬੱਚਾ ਆਪ ਚਮਚ ਫੜ ਕੇ ਖਾਣ ਦੀ ਕੋਸ਼ਿਸ਼ ਕਰਦਾ ਹੈ ਅਤੇ ਮੂੰਹ ਨੂੰ ਸਾਰੇ ਪਾਸਿਓਂ ਲਬੇੜ ਕੇ ਖ਼ੂਬਸੂਰਤ ਮੁਸਕੁਰਾਹਟ ਵੀ ਬਿਖੇਰ ਦਿੰਦਾ ਹੈ ਕਿ ਲਓ ਜੀ ਮੈਂ ਵੱਡਾ ਹੋ ਗਿਆ ਹਾਂ।
ਇਸ ਵੇਲੇ ਜੇ ਬੱਚੇ ਨੂੰ ਚੀਜ਼ ਚਬਾਉਂਦਿਆਂ ਵੇਖਿਆ ਜਾਵੇ ਤਾਂ ਬੜਾ ਮਜ਼ਾ ਆਉਂਦਾ ਹੈ ਕਿਉਂਕਿ ਉਹ ਥੋੜਾ ਇਧਰੋਂ ਉਧਰੋਂ ਘੁਮਾ ਕੇ ਕੁੱਝ ਬਾਹਰ ਕੱਢ ਲੈਂਦਾ ਹੈ ਤੇ ਕੁੱਝ ਅੰਦਰ ਲੰਘਾ ਦਿੰਦਾ ਹੈ। ਇਹ ਕਰਨ ਵੇਲੇ ਉਹ ਮੂੰਹ ਗੋਲ-ਗੋਲ ਹਿਲਾਉਂਦਾ ਹੈ ਅਤੇ ਕਦੇ- ਕਦਾਈਂ ਇਕ ਅੱਖ ਵੀ ਬੰਦ ਕਰ ਲੈਂਦਾ ਹੈ। ਕੁਦਰਤ ਵੱਲੋਂ ਇਸ ਤੋਂ ਖ਼ੂਬਸੂਰਤ ਨਜ਼ਾਰਾ ਹੋਰ ਕੋਈ ਬਖ਼ਸ਼ਿਆ ਹੀ ਨਹੀਂ ਗਿਆ ਹੋਣਾ ਕਿਉਂਕਿ ਬੱਚੇ ਦੀ ਅਜਿਹੀ ਯਾਦਗਾਰੀ ਤਸਵੀਰ ਕਿਸੇ ਵੀ ਹੋਰ ਸੋਹਣੇ ਤੋਂ ਸੋਹਣੇ ਨਜ਼ਾਰੇ ਤੋਂ ਵਧ ਦਿਲ ਨੂੰ ਗੁਦਗੁਦਾ ਸਕਦੀ ਹੈ। ਖਾਣੇ ਦੇ ਨਾਲ ਵਿਚ ਵਾਰ-ਵਾਰ ਪਾਣੀ ਦਾ ਗਿਲਾਸ ਮੂੰਹ ਨੂੰ ਆਪੇ ਲਾ ਕੇ ਬੱਚਾ ਖਾਣਾ ਝਟਪਟ ਅੰਦਰ ਲੰਘਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਸ ਉਮਰ ਦਾ ਬੱਚਾ ਮੂੰਹ ਬੰਦ ਕਰ ਕੇ ਖਾਣਾ ਖਾਣ ਲੱਗ ਪੈਂਦਾ ਹੈ ਯਾਨੀ ਕੁਦਰਤੀ ਤੌਰ ਉੱਤੇ ਤਹਿਜ਼ੀਬ ਆ ਜਾਂਦੀ ਹੈ ਜੋ ਕਈ ਜਣੇ ਵੱਡੇ ਹੋ ਕੇ ਛੱਡ ਦਿੰਦੇ ਹਨ ਅਤੇ ਮੂੰਹ ਖੋਲ੍ਹ ਕੇ ਖਾਣ ਲੱਗ ਪੈਂਦੇ ਹਨ। ਇਸ ਉਮਰ ਵਿਚ ਬੱਚਾ ਵੱਡਿਆਂ ਵਾਂਗ ਬੁੱਲ੍ਹ, ਜੀਭ ਅਤੇ ਦੰਦ ਵਰਤ ਕੇ ਰੋਟੀ ਖਾਣ ਲੱਗ  ਪੈਂਦਾ ਹੈ।
ਜਦੋਂ ਵੀ ਬੱਚੇ ਨੂੰ ਖ਼ੁਰਾਕ ਦੇਣੀ ਹੋਵੇ ਤਾਂ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਨਿੱਕੇ ਬੱਚੇ ਦਾ ਢਿੱਡ ਵੱਡਿਆਂ ਦੇ ਢਿੱਡ ਦਾ ਦਸਵਾਂ ਹਿੱਸਾ ਹੀ ਹੁੰਦਾ ਹੈ। ਇਸੇ ਲਈ ਆਪਣੇ ਹਿਸਾਬ ਨਾਲ ਮਿਣ ਕੇ ਬੱਚੇ ਦੀ ਖ਼ੁਰਾਕ ਨਹੀਂ ਮਿੱਥੀ ਜਾ ਸਕਦੀ।
ਹਰ ਇਨਸਾਨ ਦੀ ਆਪਣੀ ਵੱਖਰੀ ਲੋੜ ਹੁੰਦੀ ਹੈ ਅਤੇ ਉਸ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਬਿਲਕੁਲ ਏਸੇ ਹੀ ਤਰ੍ਹਾਂ ਬੱਚਾ ਵੀ ਆਪਣੀ ਹੋਂਦ ਦਾ ਅਹਿਸਾਸ ਕਰਵਾ ਰਿਹਾ ਹੁੰਦਾ ਹੈ। ਇਸੇ ਲਈ ਉਸ ਦੀ ਨਿੱਕੀ ਨਿੱਕੀ ਲੋੜ ਦਾ ਖ਼ਿਆਲ ਰੱਖਣਾ ਮਾਪਿਆਂ ਦਾ ਫ਼ਰਜ਼ ਹੁੰਦਾ ਹੈ ਨਾ ਕਿ ਆਪਣੇ ਹਿਸਾਬ ਨਾਲ ਖਾਣਾ ਪੀਣਾ ਠੋਸਣਾ।
ਯਾਦ ਸਿਰਫ਼ ਏਨਾ ਰੱਖਣ ਦੀ ਲੋੜ ਹੈ ਕਿ ਬੱਚੇ ਨੂੰ ਰੋਜ਼ ਵੱਖੋ- ਵਖਰੀਆਂ ਚੀਜ਼ਾਂ ਖਾਣ ਲਈ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਰੋਜ਼ ਇੱਕੋ ਜਿਹੀ ਚੀਜ਼ ਖਾ ਕੇ ਅੱਕ ਨਾ ਜਾਵੇ ਤੇ ਖਾਣ ਪੀਣ ਤੋਂ ਇਨਕਾਰੀ ਹੋ ਜਾਵੇ।

  ਡਾ. ਹਰਸ਼ਿੰਦਰ ਕੌਰ
* ਸੰਪਰਕ: 0175-2216783

Post by: Gursham Singh Cheema






Post Comment


ਗੁਰਸ਼ਾਮ ਸਿੰਘ ਚੀਮਾਂ