ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, October 12, 2012

ਸਿੱਖ ਧਰਮ ਦੇ ਪ੍ਰਸਾਰ ਵਿਚ ਮਾਵਾਂ ਦਾ ਯੋਗਦਾਨ

ਮਾਤਾ ਖੀਵੀ ਜੀ, ਮਾਤਾ ਗੰਗਾ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨਾਲ
ਕਿਸੇ ਵੀ ਧਰਮ, ਕੌਮ ਜਾਂ ਦੇਸ਼ ਦੇ ਭਵਿੱਖ ਦਾ ਦਾਰੋਮਦਾਰ ਮਾਂ ਵੱਲੋਂ ਆਪਣੇ ਬੱਚੇ ਨੂੰ ਦਿੱਤੀ ਸਿੱਖਿਆ ਅਤੇ ਦੀਖਿਆ 'ਤੇ ਨਿਰਭਰ ਕਰਦਾ ਹੈ। ਔਰਤ ਹੀ ਕਿਸੇ ਵਿਰਸੇ, ਭਾਵਨਾ ਅਤੇ ਗੁਣ ਦਾ ਪ੍ਰਸਾਰ ਸਭ ਤੋਂ ਵੱਧ ਅਸਰਦਾਰ ਤਰੀਕੇ ਨਾਲ ਕਰ ਸਕਦੀ ਹੈ। ਬੱਚੇ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਂ ਦੀ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ। ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਪਾਲਦੀ-ਪੋਸਦੀ ਅਤੇ ਸੰਜਮ ਦੀ ਰਹਿਣੀ-ਬਹਿਣੀ ਸਿਖਾਉਂਦੀ ਹੈ। ਆਚਾਰ-ਵਿਹਾਰ, ਸਮਾਜਿਕ, ਸੱਭਿਆਚਾਰਕ ਤੇ ਧਾਰਮਿਕ ਕਦਰਾਂ-ਕੀਮਤਾਂ ਉਸ ਵਿਚ ਕੁੱਟ-ਕੁੱਟ ਕੇ ਭਰਦੀ ਹੈ। ਜਦੋਂ ਉਸ ਨੂੰ ਆਪਣੀ ਛਾਤੀ ਨਾਲ ਲਗਾਉਂਦੀ ਹੈ ਤਾਂ ਉਸ ਨੂੰ ਸਿਰਫ਼ ਢਿੱਡ ਭਰਨ ਜੋਗਾ ਦੁੱਧ ਹੀ ਨਹੀਂ ਪਿਲਾਉਂਦੀ, ਸਗੋਂ ਉਸ ਵਿਚ ਮਨੋਬਿਰਤੀਆਂ ਦਾ ਸੰਚਾਰ ਵੀ ਕਰਦੀ ਹੈ। ਸ਼ਾਇਦ ਇਸੇ ਲਈ ਉੱਘੇ ਮਨੋਵਿਗਿਆਨੀ ਸਾਲੋਮਨ ਨੇ ਆਖਿਆ ਸੀ, 'ਬੁੱਧੀਵਾਨ ਪੁੱਤਰ ਪਿਤਾ ਨੂੰ ਪ੍ਰਸੰਨ ਕਰਦਾ ਹੈ ਅਤੇ ਦੁਰਾਚਾਰੀ, ਬਦਚਲਣ ਪੁੱਤਰ ਮਾਂ ਨੂੰ ਸ਼ਰਮਿੰਦਾ ਕਰਦਾ ਹੈ।' ਇਸ ਦਾ ਅਰਥ ਇਹ ਹੈ ਕਿ ਪੁੱਤਰ ਦੇ ਵਿਦਵਾਨ ਹੋਣ 'ਤੇ ਤਾਂ ਪਿਤਾ ਮਾਣ ਮਹਿਸੂਸ ਕਰ ਸਕਦਾ ਹੈ ਪਰ ਕਿਸੇ ਵੀ ਬੱਚੇ ਦੀ ਸ਼ਖ਼ਸੀਅਤ ਉਸਾਰੀ ਸਿਰਫ਼ ਮਾਂ ਦੇ ਹੀ ਹੱਥ ਹੁੰਦੀ ਹੈ। ਆਖਿਆ ਜਾ ਸਕਦਾ ਹੈ ਕਿ ਕਿਸੇ ਵੀ ਕੌਮ ਦੀ ਨਵੀਂ ਪੀੜ੍ਹੀ ਜਾਂ ਵਿਰਸੇ ਨੂੰ ਅੱਗੇ ਤੋਰਨ ਵਿਚ ਮਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।

ਲਹੂ ਨਾਲ ਸਿੰਜੇ ਸਿੱਖ ਕੌਮ ਦੇ ਇਤਿਹਾਸ ਨੂੰ ਫ਼ਰੋਲੀਏ ਤਾਂ 'ਰਾਇ ਭੋਏ ਦੀ ਤਲਵੰਡੀ' ਤੋਂ ਸਿੱਖੀ ਦੇ ਬੂਟੇ (ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਵੇਲੇ) ਦੀ ਪੈਦਾਵਾਰ ਤੋਂ ਲੈ ਕੇ ਅੱਜ ਵਿਸ਼ਵ ਵਿਆਪੀ ਫ਼ੁਲਵਾੜੀ ਦੇ ਰੂਪ ਵਿਚ ਖਿੜਨ ਵਿਚ 'ਮਾਂ' (ਔਰਤ) ਦਾ ਲਾਸਾਨੀ ਅਤੇ ਵਡਮੁੱਲਾ ਯੋਗਦਾਨ ਰਿਹਾ ਹੈ। ਸਦੀਆਂ ਤੋਂ ਜਿਥੇ ਔਰਤ ਨੂੰ ਗੁਲਾਮ ਬਣਾਉਣ ਦੀ ਪ੍ਰਵਿਰਤੀ ਦੇ ਵਿਰੁੱਧ ਸਿੱਖ ਧਰਮ ਨੇ ਆਵਾਜ਼ ਬੁਲੰਦ ਕੀਤੀ, ਉਥੇ ਸਿੱਖ ਧਰਮ ਦੇ ਬਿਖੜੇ ਤੇ ਖੂਨੀ ਪੈਂਡਿਆਂ ਦੌਰਾਨ ਜਿਹੜੀ ਭੂਮਿਕਾ ਸਿੱਖ ਔਰਤ ਦੀ ਰਹੀ ਹੈ, ਸ਼ਾਇਦ ਹੀ ਉਹ ਕਿਸੇ ਹੋਰ ਕੌਮ ਵਿਚ ਰਹੀ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਮਾਣ ਦਿੰਦਿਆਂ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਦਾ ਪੈਗਾਮ ਦਿੱਤਾ। ਸਿੱਖ ਬੀਬੀਆਂ ਨੂੰ ਪਾਠ-ਪੂਜਾ, ਸੇਵਾ, ਰਹਿਤ ਮਰਿਆਦਾ ਅਤੇ ਜੀਵਨ ਮੁਕਤੀ ਲਈ ਪੁਰਸ਼ਾਂ ਦੇ ਬਰਾਬਰ ਹੀ ਅਧਿਕਾਰ ਦਿੱਤਾ। ਉਸ ਔਰਤ (ਮਾਂ) ਦਾ ਯੋਗਦਾਨ ਅਤੇ ਵਡਿਆਈ ਕਿਵੇਂ ਭੁਲਾਈ ਜਾ ਸਕਦੀ ਹੈ, ਜਿਸ ਨੇ ਜਗਤ ਜਲੰਦੇ ਨੂੰ ਠਾਰਨ ਆਏ ਰੱਬੀ ਨੂਰ ਨੂੰ ਜਨਮ ਦਿੱਤਾ।

'ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ॥'

ਧੰਨ ਹੈ ਮਾਤਾ ਤ੍ਰਿਪਤਾ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਂ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਕਿੰਨੀ ਭਗਤੀ ਅਤੇ ਪ੍ਰਤਾਪ ਹੋਵੇਗਾ ਉਸ ਮਾਂ ਦਾ, ਜਿਸ ਦੀ ਪਵਿੱਤਰ ਕੁੱਖ ਵਿਚੋਂ ਅਕਾਲ ਜੋਤਿ ਨੇ ਆਪ ਅਵਤਾਰ ਧਾਰਿਆ।

'ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥'

ਸਿੱਖ ਧਰਮ ਦੇ ਪ੍ਰਸਾਰ ਵਿਚ ਲਾਸਾਨੀ ਯੋਗਦਾਨ ਪਾਉਣ ਵਾਲੀਆਂ ਮਾਵਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸਿੱਖ ਤੋਂ ਖ਼ਾਲਸਾ ਤੱਕ ਮਨੁੱਖੀ ਸੰਪੂਰਨਤਾ ਦੇ ਪੈਂਡੇ ਦੌਰਾਨ ਮਾਤਾ ਸੁਲੱਖਣੀ, ਮਾਤਾ ਖੀਵੀ, ਮਾਤਾ ਗੰਗਾ, ਮਾਤਾ ਗੁਜਰੀ, ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਦੀਆਂ ਭੂਮਿਕਾਵਾਂ ਇਲਾਹੀ ਹਨ। ਬੀਬੀ ਭਾਨੀ ਦੀ ਦੇਣ ਸਭ ਤੋਂ ਵਡਮੁੱਲੀ ਹੈ, ਜਿਸ ਨੂੰ ਗੁਰੂ ਦੀ ਪੁੱਤਰੀ, ਗੁਰੂ ਦੀ ਪਤਨੀ ਅਤੇ ਗੁਰੂ ਦੀ ਮਾਂ ਹੋਣ ਦਾ ਮਾਣ ਪ੍ਰਾਪਤ ਹੋਇਆ। ਬੀਬੀ ਭਾਨੀ ਜੀ ਨੇ ਮਾਂ ਦੇ ਰੂਪ ਵਿਚ ਜੋ ਅਸੀਸ, ਜੋ ਇਲਾਹੀ ਸੰਚਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤਾ, ਉਸ ਅਗੰਮੀ ਲੋਰੀ ਦਾ ਜ਼ਿਕਰ ਪੰਜਵੇਂ ਪਾਤਸ਼ਾਹ ਆਪਣੀ ਬਾਣੀ ਵਿਚ ਕਰਦੇ ਹਨ :

'ਪੂਤਾ ਮਾਤਾ ਕੀ ਆਸੀਸ॥ ਨਿਮਖ ਨ ਬਿਸਰਉ ਤੁਮ੍ਰ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥'

ਜੇਕਰ ਇਹ ਆਸੀਸ ਅੱਜ ਹਰੇਕ ਬੱਚੇ ਦੇ ਹਿਰਦੇ 'ਤੇ ਉਕਰ ਦਿੱਤੀ ਜਾਵੇ ਤਾਂ ਸਿੱਖ ਵਿਰਸੇ ਦੀ ਫ਼ੁਲਵਾੜੀ ਨੂੰ ਪੂਰੀ ਦੁਨੀਆ 'ਤੇ ਛਾ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਮਾਤਾ ਗੰਗਾ ਜੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਸੇਵਾ ਘਾਲਣਾ ਮਿਸਾਲੀ ਹੈ। ਇਸ ਮਾਂ ਦੀ ਕੁੱਖੋਂ ਮਹਾਨ ਯੋਧੇ, ਪਰਉਪਕਾਰੀ ਤੇ ਗੁਰੂ ਨਾਨਕ ਦੀ ਗੱਦੀ ਦੇ ਛੇਵੇਂ ਵਾਰਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਨਮ ਲਿਆ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਤਾਂ ਮਾਤਾ ਗੰਗਾ ਦੀ ਅਵਸਥਾ ਅਤੇ ਜ਼ਿੰਮੇਵਾਰੀਆਂ ਅਗੰਮੀ ਸਨ। ਪਤੀ ਦੀ ਸ਼ਹੀਦੀ ਤੋਂ ਬਾਅਦ ਵੀ ਅਡੋਲ ਰਹੇ ਅਤੇ ਪੁੱਤਰ ਗੁਰੂ ਹਰਿਗੋਬਿੰਦ ਜੀ ਦੀ ਪਰਵਰਿਸ਼ ਤੇ ਉਨ੍ਹਾਂ ਨੂੰ ਛੋਟੀ ਉਮਰੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਮਾਰਗ ਦਰਸ਼ਨ ਕਰਨ ਵਿਚ ਰੁੱਝ ਗਏ। ਮਾਤਾ ਨਾਨਕੀ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਿਲ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਨਮ ਦੇਣ ਵਾਲੀ ਧੰਨ ਮਾਤਾ ਸਨ। ਜਦੋਂ ਬੱਚੇ ਵਿਚ ਵਿਰਸੇ ਦੀ ਦ੍ਰਿੜ੍ਹਤਾ, ਨਿਡਰਤਾ ਅਤੇ ਅਡੋਲਤਾ ਵਰਗੇ ਦੈਵੀ ਗੁਣ ਭਰਨ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਗੁਜਰੀ ਜੀ ਦੀ ਲਾਸਾਨੀ ਮਿਸਾਲ ਸਾਡੇ ਸਾਹਮਣੇ ਆ ਜਾਂਦੀ ਹੈ। ਮਾਤਾ ਗੁਜਰੀ ਵਰਗੀ ਅਦੁੱਤੀ ਸ਼ਖ਼ਸੀਅਤ ਸ਼ਾਇਦ ਹੀ ਦੁਨੀਆ ਦੇ ਇਤਿਹਾਸ ਵਿਚ ਹੋਰ ਕਿਧਰੇ ਮਿਲੇ, ਜਿਸ ਨੂੰ ਇਕ ਸ਼ਹੀਦ ਦੀ ਪਤਨੀ, ਇਕ ਸ਼ਹੀਦ ਦੀ ਮਾਂ ਅਤੇ ਚਾਰ ਸ਼ਹੀਦਾਂ ਦੀ ਦਾਦੀ ਹੋਣ ਦੇ ਨਾਲ-ਨਾਲ ਖੁਦ ਵੀ ਸ਼ਹੀਦ ਦਾ ਮਾਣ ਪ੍ਰਾਪਤ ਹੋਵੇ। ਸਾਰਾ ਸਰਬੰਸ ਵਾਰ ਕੇ ਵੀ 'ਸੀਅ' ਤੱਕ ਨਾ ਕੀਤੀ। ਕਿੰਨਾ ਅਦੁੱਤੀ ਦ੍ਰਿਸ਼ ਸੀ ਜਿਸ ਵੇਲੇ ਛੋਟੇ ਸਾਹਿਬਜ਼ਾਦਿਆਂ ਨੂੰ ਮੁਗ਼ਲ ਸਿਪਾਹੀ ਠੰਢੇ ਬੁਰਜ ਵਿਚੋਂ ਹੱਥਕੜੀਆਂ ਨਾਲ ਜਕੜ ਕੇ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਪੇਸ਼ ਕਰਨ ਲਿਜਾਣ ਲੱਗੇ ਸਨ ਤਾਂ ਬੱਚਿਆਂ ਨੂੰ ਤੋਰਨ ਤੋਂ ਪਹਿਲਾਂ ਦਾਦੀ ਮਾਤਾ ਗੁਜਰੀ ਉਨ੍ਹਾਂ ਨੂੰ ਆਪਣੇ ਵਡੇਰਿਆਂ ਦੇ ਪੂਰਨਿਆਂ 'ਤੇ ਚੱਲ ਕੇ ਦੀਨ ਅੱਗੇ ਜ਼ਿੰਦਗੀ ਅਤੇ ਦੁਨੀਆ ਦੇ ਹਰ ਲਾਲਚ ਨੂੰ ਠੋਕਰ ਮਾਰ ਦੇਣ ਅਤੇ ਸਿੱਖੀ ਸਿਦਕ ਨੂੰ ਸੁਆਸਾਂ ਸੰਗ ਨਿਭਾਉਣ ਦੀ ਸਿੱਖਿਆ ਦਿੰਦੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੇ ਮਨੁੱਖਤਾ ਦੇ ਰਹਿਬਰ, ਮਹਾਨ ਦਾਨੀ, ਕਵੀ, ਜੁਝਾਰੂ ਅਤੇ ਸੰਤ ਨੂੰ ਜਨਮ ਦੇਣ ਵਾਲੀ ਮਾਂ ਦੀ ਸ਼ਖ਼ਸੀਅਤ ਦਾ ਪੂਰਨ ਮੁਲਾਂਕਣ ਕਰਨਾ ਸ਼ਬਦਾਂ ਤੋਂ ਬਾਹਰੀ ਗੱਲ ਹੈ। ਮਾਤਾ ਗੁਜਰੀ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਉਸਾਰੀ ਵਿਚ ਕਿੰਨੀ ਮਹਾਨ ਭੂਮਿਕਾ ਨਿਭਾਈ, ਇਸ ਦਾ ਜ਼ਿਕਰ ਦਸਮ ਗ੍ਰੰਥ ਵਿਚ ਮਿਲਦਾ ਹੈ :

'ਕੀਨੀ ਅਨਿਕ ਭਾਂਤਿ ਤਨ ਰੱਛਾ॥ ਦੀਨੀ ਭਾਂਤਿ ਭਾਂਤਿ ਕੀ ਸਿਛਾ॥'

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਦਾ ਕਿੰਨਾ ਵੱਡਾ ਜਿਗਰਾ ਹੋਵੇਗਾ, ਜਿਨ੍ਹਾਂ ਨੇ ਦੀਨ ਹਿੱਤ ਆਪਣੇ ਚਾਰ ਪੁੱਤਰਾਂ ਨੂੰ ਨਿਛਾਵਰ ਕਰ ਦਿੱਤਾ। ਉਨ੍ਹਾਂ ਆਪਣੇ ਪਤੀ ਅਤੇ ਪੁੱਤਰਾਂ ਦੀ ਸ਼ਹੀਦੀ ਤੋਂ ਬਾਅਦ 40 ਸਾਲਾਂ ਤੱਕ ਸਿੱਖ ਕੌਮ ਦੀ ਬਿਖੜੇ ਤੇ ਔਖੇ ਸਮੇਂ ਵਿਚ ਬੜੇ ਸੁਚੱਜੇ ਤਰੀਕੇ ਨਾਲ ਅਗਵਾਈ ਕੀਤੀ। ਇਸੇ ਤਰ੍ਹਾਂ ਮਾਤਾ ਸਾਹਿਬ ਕੌਰ ਨੂੰ ਖ਼ਾਲਸੇ ਦੀ ਮਾਤਾ ਹੋਣ ਦਾ ਮਾਣ ਹਾਸਲ ਹੈ। ਇਸ ਮਾਤਾ ਨੇ ਆਪਣੇ ਨਾਦੀ ਪੁੱਤਰ ਖ਼ਾਲਸੇ ਦੀ ਸੀਰਤ ਬਦਲਣ ਦਾ ਯੁੱਗਾਂ-ਯੁਗਾਂਤਰਾਂ ਤੱਕ ਯਾਦ ਕੀਤਾ ਜਾਣ ਵਾਲਾ ਮਹਾਨ ਪਰਉਪਕਾਰ ਕੀਤਾ। (ਬਾਕੀ ਅਗਲੇ ਅੰਕ 'ਚ)

ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ,

ਤਲਵਿੰਦਰ ਸਿੰਘ ਬੁੱਟਰ



Post Comment


ਗੁਰਸ਼ਾਮ ਸਿੰਘ ਚੀਮਾਂ