ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, October 21, 2012

ਬਚਪਣ ਦੀ ਅਮੀਰੀ (ਬੱਚਿਆਂ ਨੂੰ 'ਪੇਂਡੂ' ਲੋਕ ਖੇਡਾਂ ਵੱਲ ਮੋੜਨ ਦੀ ਲੋੜ੍ਹ)


ਜਦ ਬਚਪਣ ਸ਼ਬਦ ਸੁਣਦੇ ਜਾਂ ਮੂੰਹੋਂ ਬੋਲਦੇ ਹਾਂ ਤਾਂ ਸਾਨੂੰ ਆਪਣੇ ਬਚਪਨ ਦਾ ਵੀ ਧੁੰਦਲਾ ਜਿਹਾ ਖਿਆਲ ਆ ਜਾਂਦਾ ਹੈ। ਫਿਰ ਜਦ ਅੱਜ ਦੇ ਬਚਪਨ ਨੂੰ ਦੇਖਦੇ ਹਾਂ ਤਾਂ ਮਨ ਅੰਦਰੋ ਅੰਦਰੀ ਦੁਖੀ ਹੁੰਦਾ ਅਤੇ ਕਈ ਸਵਾਲ ਵੀ ਖੜ੍ਹੇ ਕਰਦਾ ਹੈ। ਦੁਖੀ ਇਸ ਲਈ ਕੇ ਅੱਜ ਦਾ ਬੱਚਾ ਪੇਂਡੂ' ਲੋਕ ਖੇਡਾਂ ਤੋਂ ਕਿਤੇ ਸਖਣਾ ਹੈ। ਇਸ ਸਭ ਤੋਂ ਦੂਰ ਉਹ ਆਪਦਾ ਬਚਪਨ ਕੰਪਿਊਟਰ ਗੇਮਾਂ ਅਤੇ ਟੀਵੀ ਦੀ ਚਕਾਚੌਂਦ ਵਿਚ ਬਿਤਾ ਰਿਹਾ ਹੈ। ਜੋ ਬਚਪਨ ਉਸ ਨੂੰ ਬੀਤ ਜਾਣ ਤੇ ਕਦੀ ਦੁਬਾਰਾ ਨਹੀ ਮਿਲਣਾ ‘ਜੇ ਗਿਆ ਇਹ ਬਚਪਨ ਫਿਰ ਮੁੜਕੇ ਹੱਥ ਨਹੀ ਆਉਣਾ’ ਉਸ ਬਚਪਨ ਦੇ ਅਸਲੀ ਆਨੰਦ ਤੋਂ ਉਹ ਵਾਂਝਾ ਹੈ। ਹੁਣ ਸਵਾਲ ਇਹ ਕੇ ਇਸ ਦਾ ਹੱਲ ਕੀ ਅਤੇ ਕਿਵੇਂ ਅਸੀਂ ਬੱਚਿਆਂ ਨੂੰ ਉਹਨਾ ਦੇ ਅਸਲੀ ਬਚਪਨ ਤੋਂ ਜਾਣੂੰ ਕਰਵਾਉਣਾ ਹੈ। ਬਚਪਨ ਵਿਚ ਹੀ ਬੱਚਾ ਬਹੁਤ ਕੁਝ ਸਿਖਦਾ ਹੈ ਬਚਪਨ ਦਾ ਸਿਖਿਆ ਚੰਗਾ ਮਾੜਾ ਸਾਰੀ ਉਮਰ ਉਸ ਦੀ ਜਿੰਦਗੀ ਦੇ ਜੀਵਨ ਵਿਚ ਰਹਿੰਦਾ ਹੈ। ਮਾਪਿਆ ਦਾ ਬੱਚਿਆਂ ਵੱਲ ਘੱਟ ਧਿਆਨ ਦੇਣਾ ਅਤੇ ਉਹਨਾ ਨੂੰ ਹਰ ਵੇਲੇ ਪੜਾਈ ਦੇ ਬੋਝ ਹੇਠਾਂ ਰੱਖਣਾ, ਬੱਚਾ ਅਜੇ ਬੋਲਣਾ ਵੀ ਨਹੀ ਸਿਖਿਆ ਹੁੰਦਾ ਤੇ ਮਾਪੇ ਉਸ ਨੂੰ ਆਹ ਪੰਜਾਬੀ ਦੀ ਜਗ੍ਹਾ ਅੰਗ੍ਰੇਜੀ ਆਲੀ ਏ ਬੀ ਸੀ ਸਿਖਾ ਰਹੇ ਹੁੰਦੇ ਨੇ। ਅਤੇ ਬੱਚਾ ਮਸਾਂ ਤੁਰਨ ਹੀ ਲਗਿਆ ਹੁੰਦਾ ਤੇ ਭਾਰੀ ਬਸਤਿਆਂ ਦਾ ਭਾਰੀ ਬੋਝ ਉਹਨਾ ਦੇ ਮੋਡਿਆ ਤੇ ਧਰ ਦਿੰਦੇ ਹਾਂ। ਜਦੋਂਕਿ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਅਜੇ ਪੂਰਾ ਨਹੀਂ ਹੋਇਆ ਹੁੰਦਾ। ਹੁਣ ਉਹ ਵਿਚਾਰਾ ਕਰੇ ਤਾਂ ਕਰੇ ਕੀ ਇਸ ਉਮਰ ਵਿੱਚ ਮਾਪਿਆਂ ਨੂੰ ਵੀ ਬੱਚਿਆਂ ਨੂੰ ਅਕਸਰ ਇਹ ਕਹਿੰਦੇ ਸੁਣਿਆਂ ਗਿਆ ਹੈ ਕਿ ਚੱਲ ਤੈਨੂੰ ਸਕੂਲ ਛੱਡ ਕੇ ਆਈਏ, ਐਵੇਂ ਘਰੇ ਦਿਮਾਗ ਖਾਈ ਜਾਂਦਾ ਏਂ। ਬੱਚਾ ਫਿਰ ਸਕੂਲ ਨੂੰ ਜੇਲ੍ਹਖਾਨਾ ਸਮਝਣ ਲੱਗ ਪੈਂਦਾ ਹੈ। ਕੀ ਇਸ ਤਰਾਂ ਕਰਕੇ ਮਾਪੇ ਬਚਿਆਂ ਦਾ ਸਨਮਾਨ ਕਰਦੇ ਹਨ? ਇਹੋ ਜਿਹੇ ਕਈ ਕਾਰਨ ਸਾਹਮਣੇ ਆਏ ਨੇ ਜਿਹਨਾ ਕਰਕੇ ਬੱਚਾ ਆਪਣੇ ਬਚਪਨ ਤੋਂ ਦੂਰ ਏ ਉਸ ਵਿਚਾਰੇ ਨੂੰ ਵੀ ਪਤਾ ਨਹੀ ਲਗਦਾ ਕੇ ਕਦ ਉਹ ਬਚਪਨ ਵਿਚੋਂ ਨਿਕਲਕੇ ਜਵਾਨੀ ਦੀ ਦਹਿਲੀਜ਼ ਵਿਚ ਪੈਰ ਰੱਖ ਲੈਂਦਾ ਹੈ। ਫਿਰ ਉਹ ਵੱਡਾ ਹੋ ਕੀ ਕਲਪਨਾ ਕਰੇਗਾ ਆਪਦੇ ਬੀਤੇ ਬਚਪਨ ਦੀ। ਅਸੀਂ ਦਿੱਤਾ ਕੀ ਹੈ ਆਪਦੇ ਬਚਿਆ ਨੂੰ ਜੋ ਉਹਨਾ ਤੋਂ ਪਾਉਣ ਦੀਆਂ ਉਮੀਦਾ ਰਖਦੇ ਹਾਂ। ਸਿਰਫ ਪੜ੍ਹਨ ਨਾਲ ਹੀ ਜਿੰਦਗੀ ਨਹੀ ਬਣ ਜਾਂਦੀ। ਹੋਰ ਵੀ ਬਹੁਤ ਕੁਝ ਜਿੰਦਗੀ ਵਿਚ ਮਾਇਨੇ ਰੱਖਦਾ ਹੈ। ਜਦ ਅਸੀਂ ਬੱਚੇ ਸੀ ਸਾਡੀ ਸੋਚਣੀ ਸਾਡੀ ਕਰਨੀ ਕੁਝ ਹੋਰ ਹੀ ਹੁੰਦੀ ਸੀ। ਸਾਨੂੰ ਸਾਡੇ ਮਾਪੇ ਪੜਾਈ ਦੇ ਨਾਲ ਨਾਲ ਵੱਡਿਆ ਦਾ ਸਤਿਕਾਰ ਕਰਨਾ ਆਪਣੇ ਇਤਿਹਾਸ ਬਾਰੇ ਅਸੀਂ ਕਿਸ ਕਲਚਰ ਵਿਚ ਰਹਿੰਦੇ ਹਾਂ ਉਸ ਬਾਰੇ ਜਾਣੂੰ ਕਰਵਾਉਂਦੇ ਸਨ। ਸਾਨੂੰ ਗੁਰਬਾਣੀ ਨਾਲ, ਜੋੜਦੇ ਸਨ। ਅਤੇ ਹੋਰ ਕਈ ਸਮਾਜਿਕ ਬੁਰਾਈਆਂ ਤੋਂ ਕਿਵੇੰ ਦੂਰ ਰਹਿਣਾ ਹੈ ਇਸ ਬਾਰੇ ਵਿਚ ਸਮੇ-ਸਮੇ ਪ੍ਰੇਰਿਤ ਕਰਦੇ ਰਹਿੰਦੇ ਸਨ। ਸਾਨੂੰ ਅੱਜ ਵੀ ਬਚਪਨ ਵਿਚ ਸਿਖੀਆਂ ਗੱਲਾਂ ਯਾਦ ਆਉਂਦੀਆਂ ਹਨ। ਅੱਜ ਦੇ ਪਦਾਰਥੀ ਮਨੁੱਖ ਦੀ ਹੋਣੀ ਇਹ ਹੈ ਕੇ ਜਿਸ ਵਿਚ ਬੱਚੇ ਦਾ ਬਚਪਨ ਅਤੇ ਬਜ਼ੁਰਗਾਂ ਦੀ ਸੰਭਾਲ ਦੋਵੇਂ ਹੀ ਗੁੰਮ ਗਏ ਹਨ।

ਇਹ ਬੱਚੇ ਦੀ ਫਿਤਰਤ ਹੁੰਦੀ ਹੈ ਕੇ ਉਸ ਨੂੰ ਆਪਦੇ ਬਚਪਨ ਵਿਚ ਕੁਝ ਸਿਖੀਆਂ ਗੱਲਾਂ ਯਾਦ ਰਹਿੰਦੀਆਂ ਨੇ ਜੋ ਆਪਣੇ ਆਪ ਉਸ ਦੇ ਜੀਵਨ ਵਿਚ ਢਲ ਜਾਂਦੀਆਂ ਨੇ। ਮਾਪਿਆ ਦਾ ਇਹ ਫਰਜ ਬਣਦਾ ਹੈ ਕੇ ਉਹ ਬਚਿਆ ਨੂੰ ਆਪਣੇ ਇਤਿਹਾਸ ਤੋਂ ਸਭਿਆਚਾਰ ਤੋਂ ਪੰਜਾਬੀਅਤ ਤੋਂ ਜਾਣੂੰ ਕਰਵਾਉਣ ਤਾਂ ਕੇ ਸਾਡੀ ਵਿਰਾਸਤ ਪੀੜ੍ਹੀ ਦਰ ਪੀੜ੍ਹੀ ਜਿਉਂਦੀ ਰਹਿ ਸਕੇ। ਅਸੀਂ ਇਹ ਸੋਚ ਕੇ ਬੇਠੇ ਰਹਿੰਦੇ ਹਾਂ ਕੇ ਬੱਚੇ ਦੀ ਸਾਰੀ ਜਿੰਦਗੀ ਪਈ ਹੈ ਆਪੇ ਸਿਖ ਲਉ ਪਰ ਇਹੀ ਸੋਚਣਾ ਸਾਡਾ ਬਿਲਕੁਲ ਗਲਤ ਹੈ, ਜੋ ਬੱਚੇ ਨੇ ਬਚਪਨ ਵਿਚ ਸਿੱਖਣਾ ਹੈ ਉਹ ਜਵਾਨੀ ਵਿਚ ਨਹੀ ਸਿਖ ਸਕਦਾ ਹਰ ਚੀਝ ਸਿੱਖਣ ਦਾ ਸਮਾ ਹੁੰਦਾ ਹੈ। ਜੇ ਬੱਚੇ ਨੂੰ ਬਚਪਨ ਵਿਚ ਆਪਣੇ ਸਭਿਆਚਾਰ ਵੱਲ ਮੋੜਾਂਗੇ ਆਪਣੇ ਇਤਿਹਾਸ ਤੋਂ ਜਾਣੂੰ ਕਰਵਾਵਾਂ ਗੇ ਤਾਂ ਬੱਚੇ ਦੇ ਮਨ ਉਪਰ ਇਸ ਦਾ ਬਹੁਤ ਜਲਦੀ ਅਸਰ ਹੁੰਦਾ ਹੈ ਉਹ ਇਹਨਾ ਨੂੰ ਆਪਣੇ ਜੀਵਨ ਵਿਚ ਜਲਦੀ ਗ੍ਰਹਿਣ  ਕਰਦਾ ਹੈ। ਅਸੀਂ ਤਾਂ ਸਿਰਫ ਸੁਣ ਕੇ ਸਿਰ ਹਿਲਾਉਂਦੇ ਹਾਂ ਪਰ ਬੱਚਾ ਸੁਣ ਕੇ ਅਪਣਾਉਂਦਾ ਹੈ। 

ਪੰਜਾਬੀਓ! ਬਚਿਆਂ ਨੂੰ ਵਿਰਾਸਤੀ ਖੇਡਾਂ ਵੱਲ ਮੋੜਨ ਦੀ ਲੋੜ੍ਹ ਹੈ। ਅੱਜ ਬੱਚਾ ਚਾਰ ਦੀਵਾਰੀ ਵਿਚ ਬੇਠਾ ਆਪਦੇ ਛੁਟੀਆਂ ਦੇ ਦਿਨ ਬਿਤਾਉਂਦਾ ਹੈ। ਜੋ ਕੇ ਉਸ ਦੀ ਸਿਹਤ ਉੱਤੇ ਬਹੁਤ ਮਾੜਾ ਅਸਰ ਪਾਉਂਦੇ ਨੇ, ਉਸ ਦੀ ਤਾਂ ਸਾਰੀ ਜਿੰਦਗੀ ਅਜੇ ਪਈ ਹੈ ਜਿਉਣ ਲਈ ਇਸ ਲਈ ਬੱਚੇ ਨੂੰ ਇਹਨਾ ਬੰਦ ਕਮਰਿਆਂ ਦੀਆਂ ਚੱਕਾਂ ਚੋੰਦਾਂ ਵਿਚੋ ਬਾਹਰ ਕੱਢੋ ਉਹਨਾ ਨੂੰ ਪੇਂਡੂ ਲੋਕ ਵਿਰਾਸਤੀ ਖੇਡਾਂ ਵੱਲ ਨੂੰ ਮੋੜੋ, ਜੋ ਕੇ ਸਰੀਰਕ ਮਿਹਨਤ ਮਨੋਰੰਜਨ ਦੇ ਨਾਲ ਨਾਲ ਕੁਝ੍ਹ ਖੇਡਾਂ ਤਾਂ ਸਿੱਖਿਆ ਭਰਭੂਰ ਵੀ ਹੁੰਦੀਆਂ ਹਨ। ਬੱਚਿਆਂ ਨੂੰ ਉਹਨਾ ਦੇ ਅਸਲੀ ਬਚਪਣ ਤੋਂ ਜਾਣੂੰ ਕਰਵਾਓ, ਤਾਂ ਕੇ ਉਹ ਆਪਦੇ ਹੁਣ ਦੇ ਬਚਪਨ ਦਾ ਅਤੇ ਆਉਣ ਵਾਲੀ ਜਿੰਦਗੀ ਦਾ ਆਨੰਦ ਲੈ ਸਕਣ। ਅਤੇ ਜਦ ਇਹ ਵੱਡੇ ਹੋਣ ਆਪਦੇ ਬਚਪਨ ਦੀ ਅਮੀਰੀ ਨੂੰ ਸਦਾ ਖੂਬਸੂਰਤ ਪਲਾਂ ਦੀ ਤਰਾਂ ਯਾਦ ਕਰਨ। ਬਚਪਨ ਾਂ ਹੁੰਦਾ ਬੇਫਿਕਰਾ ਹੈ ਫਿਰ ਅਸੀਂ ਕਿਓ ਬੋਜ ਇਹਨਾ ਤੇ ਪਾਈਏ।  

ਮੇਨੂੰ ਆਪਦਾ ਬਚਪਨ ਬਹੁਤ ਪਿਆਰਾ ਸੀ, ਜਦ ਆਪਦੇ ਉਸ ਬੀਤੇ ਬਚਪਨ ਦੇ ਉਹ ਸੋਹਣੇ ਦਿਨ ਯਾਦ ਆਉਂਦੇ ਨੇ ਤਾਂ ਰੂਹ ਫਿਰ ਉਸ ਬਚਪਣ ਵਿਚ ਦੁਬਾਰਾ ਜਾਣ ਨੂੰ ਕਰਦੀ ਏ..., ਕੇ ਕਿਵੇਂ ਮਿੱਟੀ ਦਿਆ ਘਰਾਂ ਨੂੰ ਬਣਾਉਣਾ, ਫਿਰ ਛੋਟੀਆਂ ਛੋਟੀਆਂ ਚੀਝਾਂ ਨਾਲ ਉਹਨਾ ਨੂੰ ਸਜਾਉਣਾ  ਅਤੇ ਉਹ ਛੂਹਣ ਛਿਪਾਈ, ਕੋਟਲਾ-ਛਿਪਾਕੀ, ਰਾਤਾ ਵੇਲੇ ਰੋਟੀ ਖਾਣ ਪਿਛੋ ਖੇਡਣੀ ਲੁਕਣ-ਮਚਾਈ , ਉਹ ਖੇਡਿਆ ਯਾਰਾਂ ਬੇਲੀਆਂ ਸੰਗ ਗੁੱਲੀ ਡੰਡਾ ਨਹੀ ਭੁਲਦਾ ਸਾਨੂੰ ਉਹਨਾ ਵੇਲਿਆਂ ਵਿਚ ਨਾ ਕੋਈ ਫਿਕਰ ਹੋਣਾ ਨਾ ਫਾਕਾ , ਸਕੂਲ ਦੀ ਅਧਿ ਛੁੱਟੀ ਵੇਲ੍ਹੇ  ਬਾਰ੍ਹਾਂਟਾਹਣੀ ਖੇਡਣੀ , ਮੀਹਾਂ ਵਿਚ ਗਲੀਆਂ ਚ ਨਗ੍ਨੇ ਪੇਰੀ ਦੋੜ੍ਹ- ਦੋੜ੍ਹ ਨਾਉਣਾ, ਅਤੇ ਉਹ ਜਾਮਣਾ , ਮਲਿਆ ਦੇ ਬੇਰ ,ਤੋੜ੍ਹ ਤੋੜ੍ਹ ਕੇ ਜੇਬਾਂ ਨੂੰ ਭਰਨਾ, ਉਹ ਹਾਰੇ ਜਿੱਤੇ ਬੰਟਿਆਂ ਦਾ ਹਿਸਾਬ ਲਾਉਣਾ, ਗਲੀਆਂ ਚ’ ਟਾਇਰ ਸਾਇਕਲਾ ਦੇ ਭਜਾਉਣਾ, ਪਿੰਡ ਦੀ ਫਿਰਨੀਓ ਫਿਰਨੀ ਗੇੜਾ ਲਾਉਣਾ, ਬਾਂਦਰ ਕਿੱਲਾ ਖੇਡਣਾ, ਖੇਡਾਂ ਖੇਡਣ ਦਾ ਤਾਂ ਸਾਨੂੰ ਇਨਾ ਚਾਹ ਹੁੰਦਾ ਸੀ ਕੇ ਸਕੂਲ ਦੀ ਅੱਧੀ  ਛੁੱਟੀ ਹੋਣ ਤੋਂ ਪਹਿਲਾਂ ਹੀ ਸਭ ਯਾਰਾਂ ਦੋਸਤਾਂ ਨੂੰ ਕਹਿ ਦੇਣਾ ਕੇ ਭਾਈ ਅੱਜ ਅੱਧੀ  ਛੁਟੀ ਵੇਲੇ ਕੋਈ ਘਰ ਨਾ ਜਾਵੇ ਅੱਜ ਗੁਲੀ ਡੰਡਾ ਜਾਂ ਕੋਈ ਹੋਰ ਖੇਡਾਂ ਖੇਡਾਗੇ।  ਇਸ ਤਰਾਂ ਨਾਲ ਅਸੀਂ ਬਚਪਣ ਵਿਚ ਹਰ ਪੇਂਡੂ ਖੇਡ ਦਾ ਮਜ਼ਾ ਲਿਆ ਅਤੇ ਅੱਜ ਵੀ ਉਹਨਾ ਬੀਤੇ ਪਲਾਂ ਨੂੰ ਯਾਦ ਕਰਦੇ ਹਾਂ। ਅੱਜ ਦੇ ਬੱਚਿਆਂ ਵਿਚ ਉਹਨਾ ਖੇਡਾਂ ਨੂੰ ਜਿਉਂਦਿਆਂ ਦੇਖਣਾ ਚਾਉਂਦੇ ਹਾਂ । ਜੋ ਇਹਨਾ ਤੋਂ ਦੂਰ ਹੁੰਦੇ ਜਾ ਰਹੇ ਨੇ। ਬੱਚਿਆਂ ਦੇ ਬਚਪਣ ਦੀ ਅਮੀਰੀ ਜੋ ਉਹਨਾ ਦਾ ਬਣਦਾ ਹੱਕ ਹੈ ਉਹਨਾ ਤੋਂ ਦੂਰ ਨਾ ਕਰੋ ਪੰਜਾਬੀਓ! ਆਪਦੇ ਬਚਿਆਂ ਨੂੰ ਆਪਦੇ ਸਭਿਆਚਾਰ ਵਿਰਸੇ, ਪੰਜਾਬੀ ਮਾਂ ਬੋਲੀ ਨਾਲ ਜੋੜ੍ਹ ਕੇ ਰੱਖੋ।   

ਗੁਰਸ਼ਾਮ ਸਿੰਘ ਚੀਮਾ
+34 603294805



Post Comment


ਗੁਰਸ਼ਾਮ ਸਿੰਘ ਚੀਮਾਂ