ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, September 17, 2012

ਕੈਨੇਡਾ 'ਚ ਪਹਿਲੇ ਗੁਰਦੁਆਰੇ ਦੀ ਮਾਨਤਾ ਤੇ ਗੌਰਵਮਈ ਵਿਰਾਸਤ(1) 1866-ਵੈਸਟ ਸੈਕੰਡ ਐਵੀਨਿਊ

ਕੈਨੇਡਾ ਵਿਚ ਪਹਿਲਾਂ ਪਹਿਲ ਆਏ ਪੰਜਾਬੀ
ਵਿਸ਼ਵ ਇਤਿਹਾਸ ਵਿਚ ਕੈਨੇਡਾ ਅਤੇ ਅਮਰੀਕਾ ਦੀ ਧਰਤੀ 'ਤੇ ਸਿੱਖਾਂ ਦੀ ਆਮਦ, ਵੀਹਵੀਂ ਸਦੀ ਦੀ ਸ਼ੁਰੂਆਤ ਨਾਲ ਹੀ ਆਰੰਭ ਹੋ ਜਾਂਦੀ ਹੈ। ਆਪਣੀ ਜਨਮ-ਧਰਤੀ 'ਪੰਜਾਬ' ਨੂੰ ਅਲਵਿਦਾ ਆਖ ਕੇ ਕਈ ਮੁਲਕਾਂ 'ਚੋਂ ਦੀ ਹੁੰਦਿਆਂ ਹੋਇਆਂ ਪੰਜਾਬੀ, ਕੰਮਕਾਰ ਦੀ ਭਾਲ ਵਿਚ ਕੈਨੇਡਾ ਤੇ ਅਮਰੀਕਾ ਵਿਚ ਆ ਕੇ ਆਬਾਦ ਹੋਏ। ਇਨ੍ਹਾਂ ਪ੍ਰਵਾਸੀ ਸਿੱਖਾਂ ਵਿਚ ਵੱਡੀ ਗਿਣਤੀ ਉਨ੍ਹਾਂ ਸਾਬਕਾ ਫ਼ੌਜੀਆਂ ਦੀ ਵੀ ਸੀ, ਜਿਹੜੇ ਭਾਰਤੀ ਬਰਤਾਨਵੀ ਸੈਨਾ ਵਿਚ ਨੌਕਰ ਸਨ। ਇਕ ਕਥਨ ਅਨੁਸਾਰ ਬਰਤਾਨੀਆ ਦੀ ਮਹਾਂਰਾਣੀ ਦੀ ਸ਼ਾਨ 'ਚ ਹੋਏ ਡਾਇਮੰਡ ਜੁਬਲੀ ਜਸ਼ਨਾਂ ਵਿਚ ਸ਼ਾਮਿਲ ਹੋਣ ਲਈ 1897 ਈਸਵੀ ਨੂੰ ਫ਼ੌਜੀਆਂ ਦਾ ਇਕ ਦਸਤਾ ਭਾਰਤ ਤੋਂ ਇੰਗਲੈਂਡ ਭੇਜਿਆ ਗਿਆ। ਉਥੋਂ ਪਰਤਣ ਦੌਰਾਨ ਅੰਗਰੇਜ਼ਾਂ ਨੇ ਫ਼ੌਜੀਆਂ ਨੂੰ ਖੁਸ਼ ਕਰਨ ਲਈ ਆਪਣੀ ਇਕ ਹੋਰ ਬਸਤੀ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਖੂਬਸੂਰਤ ਧਰਤੀ ਦੀ ਸਮੁੰਦਰੀ ਜਹਾਜ਼ ਰਾਹੀਂ ਸੈਰ ਕਰਵਾਈ। ਕੁਦਰਤੀ ਸੁਹੱਪਣ ਨਾਲ ਮਾਲਾਮਾਲ ਇਸ ਧਰਤੀ 'ਤੇ ਵਹਿੰਦੇ ਸਾਗਰਾਂ ਦੀਆਂ ਤਰੰਗਾਂ ਦੀਆਂ ਸੰਗੀਤਕ ਧੁਨਾਂ, ਅਸਮਾਨ ਨਾਲ ਗੱਲਾਂ ਕਰਦੇ ਉੱਚੇ ਦਰੱਖਤਾਂ ਤੇ ਸੰਘਣੇ ਜੰਗਲਾਂ ਦੀ ਹਰਿਆਲੀ ਤੇ ਬਰਫ਼ ਲੱਦੀਆਂ ਪਹਾੜੀਆਂ ਦੇ ਦਿਲਕਸ਼ ਨਜ਼ਾਰਿਆਂ ਨੇ ਯਾਤੂਰਆਂ ਦੇ ਦਿਲਾਂ 'ਤੇ ਅਜਿਹਾ ਜਾਦੂ ਕੀਤਾ ਕਿ ਉਹ ਕਿਸੇ ਰੁਮਾਂਚਿਕ ਕਵੀ ਦੀ ਗ਼ਜ਼ਲ ਵਾਂਗ ਇਸ ਹੁਸੀਨ ਵਾਦੀ ਦੇ ਆਸ਼ਕ ਹੋ ਉਠੇ। ਦੇਸ਼ ਵਾਪਸੀ ਤੋਂ ਬਾਅਦ ਉਹ ਛੇਤੀ ਹੀ ਪ੍ਰਸ਼ਾਂਤ ਮਹਾਂਸਾਗਰ ਦੇ ਸਾਹਿਲ 'ਤੇ ਵਸਦੇ ਸ਼ਹਿਰਾਂ ਵਿਚ ਵਸਣ ਵਾਸਤੇ ਵਾਪਸ ਪਰਤ ਗਏ। ਇਹ ਕੈਨੇਡਾ ਦੀ ਧਰਤੀ 'ਤੇ ਸਿੱਖਾਂ ਦਾ ਪਹਿਲਾ ਇਤਿਹਾਸਕ ਕਦਮ ਸੀ। 
ਕੈਨੇਡਾ ਅੰਗਰੇਜ਼ਾਂ ਦੀ 'ਨਾਓ ਆਬਾਦੀ' ਸੀ। ਭਾਰਤ ਵਾਂਗ ਇਹ ਵੀ ਵਿਕਟੋਰੀਆ ਦੇ ਸ਼ਾਸਨ ਅਧੀਨ ਸੀ। ਇਸ ਦੇ ਇਤਿਹਾਸਿਕ ਪਿਛੋਕੜ ਅਨੁਸਾਰ ਇਥੋਂ ਦੇ ਸਾਰੇ ਵਸਨੀਕ ਹੋਰਨਾਂ ਮੁਲਕਾਂ ਵਿਚੋਂ ਹੀ ਆਣ ਕੇ ਵਸੇ ਸਨ, ਜਿਨ੍ਹਾਂ 'ਚੋਂ ਸਭ ਤੋਂ ਪੁਰਾਣੇ ਵਾਸੀਆਂ ਨੂੰ ਅਜੋਕੀ ਸ਼ਬਦਾਵਲੀ ਵਿਚ 'ਰੈੱਡ ਇੰਡੀਅਨ' ਕਿਹਾ ਜਾਂਦਾ ਹੈ ਜੋ ਕਿ ਏਸ਼ੀਆ ਮਹਾਂਦੀਪ ਦੇ ਪੂਰਬ-ਉੱਤਰੀ ਖੇਤਰਾਂ ਤੋਂ ਸ਼ਿਰਕਤ ਕਰਕੇ ਕੈਨੇਡਾ ਆਏ ਸਨ। ਮਗਰੋਂ ਯੂਰਪ ਮਹਾਂਦੀਪ ਦੀਆਂ ਅਖੌਤੀ ਵਿਕਸਿਤ ਕੌਮਾਂ ਨੇ ਇਨ੍ਹਾਂ ਲੋਕਾਂ ਨੂੰ ਆਪਣੀ ਚਾਲਾਕੀ, ਸ਼ਕਤੀ ਤੇ ਵਿਕਸਿਤ ਜੀਵਨਸ਼ੈਲੀ ਰਾਹੀਂ ਉਸੇ ਤਰ੍ਹਾਂ ਹੀ ਪਿਛਾਂਹ ਧੱਕ ਦਿੱਤਾ।
 ਸਿੱਖ ਟੈਂਪਲ ਦਾ ਅੰਦਰੂਨੀ ਦ੍ਰਿਸ਼ 

ਵਿਸ਼ਾਲ ਖੇਤਰਫਲ ਵਾਲੇ ਦੇਸ਼ ਕੈਨੇਡਾ ਵਿਚ ਨਵੇਂ ਕੰਮਾਂਕਾਰਾਂ ਲਈ ਬਹੁਤ ਮਜ਼ਦੂਰਾਂ ਦੀ ਲੋੜ ਸੀ, ਜਿਸ ਕਾਰਨ ਕਲਕੱਤੇ ਦੇ ਅਖ਼ਬਾਰਾਂ ਵਿਚ ਵੀ ਕੈਨੇਡਾ ਦੀਆਂ ਖੂਬੀਆਂ ਦੱਸ ਕੇ ਜਾਂ ਵਸਣ ਲਈ ਇਸ਼ਤਿਹਾਰ ਅਕਸਰ ਹੀ ਦਿੱਤੇ ਜਾਂਦੇ ਸਨ। ਇਸ ਤਰੀਕੇ ਨਾਲ ਹੀ ਬੇਕਾਰ ਲੋਕਾਂ ਨੂੰ ਰੁਜ਼ਗਾਰ ਦੇ ਵਸੀਲੇ ਨਜ਼ਰ ਆਉਂਦੇ ਵੇਖ ਕੇ, ਸਮੁੰਦਰੋਂ ਪਾਰ ਜਾ ਕੇ ਰਹਿਣ ਲਈ ਉਤਸ਼ਾਹ ਮਿਲਿਆ। ਇਸ ਦੌਰਾਨ ਸੰਨ 1899 ਈਸਵੀ ਵਿਚ ਹਾਂਗਕਾਂਗ ਤੋਂ ਸਮੁੰਦਰੀ ਜਹਾਜ਼ ਰਾਹੀਂ ਕੁਝ ਸਿੱਖ ਵੈਨਕੂਵਰ ਤੇ ਵਿਕਟੋਰੀਆ ਉੱਤਰੇ ਤੇ ਉਪਲੱਬਧ ਹਰ ਕੰਮ ਕਰਨ ਲਈ ਤਿਆਰ ਹੋ ਗਏ। ਉਸ ਵੇਲੇ ਉਨ੍ਹਾਂ ਨੇ ਕੈਨੇਡੀਅਨ ਪੈਸੇਫਿਕ ਰੇਲਵੇ ਲਈ ਲਾਈਨਾਂ ਵਿਛਾਉਣ, ਖਾਨਾਂ ਵਿਚੋਂ ਧਾਤਾਂ ਲਈ ਖੁਦਾਈ ਕਰਨ ਤੇ ਜੰਗਲ ਕੱਟਣ ਆਦਿ ਵਰਗੇ ਸਖ਼ਤ ਕੰਮਾਂ ਨੂੰ ਚੁਣੌਤੀ ਸਹਿਤ ਅਪਨਾਇਆ ਤੇ ਬਹੁਤ ਥੋੜ੍ਹੀ ਮਜ਼ਦੂਰੀ 'ਤੇ ਨੌਕਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਆਪਣੀ ਰਿਹਾਇਸ਼ ਬੰਕ ਹਾਊਸ ਜਾਂ ਘੋੜਿਆਂ ਦੀਆਂ ਬਾਰਨਾਂ ਵਿਚ ਕੀਤੀ। ਭਾਸ਼ਾਈ ਸਾਂਝ ਦੀ ਅਣਹੋਂਦ ਕਾਰਨ ਪੇਸ਼ ਆਉਂਦੀਆਂ ਔਕੜਾਂ ਦੇ ਬਾਵਜੂਦ ਉਨ੍ਹਾਂ ਹੌਂਸਲਾ ਨਾ ਹਾਰਿਆ। ਆਪਣੇ ਦ੍ਰਿੜ ਇਰਾਦੇ, ਸ੍ਰੇਸ਼ਟ ਬੌਧਿਕਤਾ ਤੇ ਫ਼ੌਲਾਦੀ ਜੁੱਸੇ ਦੀਆਂ ਤਾਕਤਾਂ ਦੇ ਸੁਮੇਲ ਨਾਲ, ਉਲਟ ਹਾਲਤਾਂ ਨੂੰ ਵੀ ਅਨੁਕੂਲ ਬਣਾ ਲਿਆ। ਇਸ ਦੇ ਨਾਲ ਹੀ ਲੋਕਾਂ ਅੰਦਰ ਕੈਨੇਡਾ ਵਿਚ ਆ ਕੇ ਵਸਣ ਦੀ ਦਿਲਚਸਪੀ ਵੀ ਵਧ ਗਈ।

ਸਰਕਾਰੀ ਅੰਕੜਿਆਂ ਅਨੁਸਾਰ ਸੰਨ 1904-08 ਦੌਰਾਨ ਕੈਨੇਡਾ ਵਿਚ ਭਾਰਤ ਵਾਸੀਆਂ ਦੀ ਪ੍ਰਮਾਣਿਕ ਗਿਣਤੀ ਇਸ ਤਰ੍ਹਾਂ ਦਿੱਤੀ ਗਈ ਹੈ:
ਕੈਨੇਡਾ ਦਾ ਵਿੱਤੀ ਵਰ੍ਹਾ ਗਿਣਤੀ
1904-1905 45
1905-1906 287
1906-1907 2124
1907-1908 2623
ਕੁੱਲ ਜੋੜ 5079
ਭਾਰਤ ਤੋਂ ਆਏ ਇਨ੍ਹਾਂ ਪ੍ਰਵਾਸੀਆਂ ਵਿਚ 98 ਫੀਸਦੀ ਸਿੱਖ ਸਨ ਤੇ ਬਾਕੀ ਹਿੰਦੂ ਤੇ ਮੁਸਲਮਾਨ। ਪੰਜਾਬ ਦੇ ਸਿੱਖਾਂ 'ਚ ਕੈਨੇਡਾ ਆਉਣ ਵਾਲਿਆਂ ਦੀ ਬਹੁਗਿਣਤੀ ਅੰਮ੍ਰਿਤਸਰ, ਲਾਹੌਰ, ਜਲੰਧਰ, ਹੁਸ਼ਿਆਰਪੁਰ, ਫਿਰੋਜ਼ਪੁਰ ਤੇ ਲੁਧਿਆਣਾ ਜ਼ਿਲ੍ਹਿਆਂ ਨਾਲ ਸਬੰਧਿਤ ਸੀ। ਤਨ ਦੀ ਖੁਰਾਕ ਲਈ ਇਥੇ ਸਿੱਖਾਂ ਲਈ ਰੋਜ਼ੀ-ਰੋਟੀ ਉਪਲੱਬਧ ਸੀ ਪਰ ਮਨ ਦੀ ਭੁੱਖ ਪੂਰਤੀ ਵਾਸਤੇ ਗੁਰੂ ਉਪਦੇਸ਼ ਦੀ ਵਿਸ਼ੇਸ਼ ਜ਼ਰੂਰਤ ਸੀ। ਇਹ ਲੋੜ ਲੁਧਿਆਣਾ ਜ਼ਿਲ੍ਹੇ ਦੇ ਪਿੰਡ 'ਮਲਕ' ਦੇ ਭਾਈ ਅਰਜਨ ਸਿੰਘ ਨੇ ਪੂਰੀ ਕੀਤੀ, ਜਿਨ੍ਹਾਂ 1904 ਈਸਵੀ ਨੂੰ ਕੈਨੇਡਾ ਦੀ ਧਰਤੀ 'ਤੇ ਪਹਿਲੀ ਵਾਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਲਿਆਂਦਾ। ਨਿੱਕੀਆਂ-ਨਿੱਕੀਆਂ ਕੁੱਲੀਆਂ 'ਚ ਵਸਦੇ ਭਾਈ ਲਾਲੋ ਵਰਗੇ ਸਿੱਖਾਂ ਦੇ ਘਰਾਂ 'ਚ ਹਫ਼ਤਾਵਾਰੀ ਦੀਵਾਨ ਹੋਣ ਲੱਗੇ। ਪ੍ਰਦੇਸੀਂ ਵਸਦੇ ਹਮ-ਵਤਨਾਂ 'ਚ ਨੇੜਤਾ ਸਥਾਪਤ ਹੋਣ ਲੱਗੀ। ਇਕ-ਦੂਜੇ ਨਾਲ ਸਮੁੰਦਰੋਂ ਪਾਰ ਦੇ ਦੁੱਖ-ਸੁੱਖ ਸਾਂਝੇ ਕੀਤੇ ਜਾਣ ਲੱਗੇ। ਹੁਣ ਉਨ੍ਹਾਂ ਇਕ ਅਜਿਹੀ ਸਾਂਝੀ ਜਥੇਬੰਦੀ ਦੀ ਲੋੜ ਅਨੁਭਵ ਕੀਤੀ, ਜਿਸ ਰਾਹੀਂ ਧਾਰਮਿਕ ਭਾਵਨਾ, ਸੱਭਿਆਚਾਰਕ ਰਿਸ਼ਤਿਆਂ ਅਤੇ ਸਮਾਜਿਕ ਸਬੰਧਾਂ ਨੂੰ ਸੰਗਠਿਤ ਕੀਤਾ ਜਾ ਸਕੇ। ਅਜਿਹੇ ਮੰਤਵ ਦੀ ਪੂਰਤੀ ਲਈ ਸਿੱਖ ਭਾਈਚਾਰੇ ਵੱਲੋਂ ਸਮੂਹਿਕ ਇਕੱਤਰਤਾ ਵਿਚ ਮਤਾ ਪਾਸ ਕਰਕੇ 22 ਜੁਲਾਈ, 1906 ਈਸਵੀ ਨੂੰ ਵੈਨਕੂਵਰ ਸਥਿਤ ਕਿਰਾਏ ਦੇ ਇਕ ਘਰ ਨੂੰ ਗੁਰਦੁਆਰੇ ਦੀ ਆਰਜ਼ੀ ਸ਼ਕਲ ਦੇ ਕੇ 'ਖ਼ਾਲਸਾ ਦੀਵਾਨ ਸੁਸਾਇਟੀ' ਨਾਂਅ ਦੀ ਜਥੇਬੰਦੀ ਦੀ ਨੀਂਹ ਰੱਖੀ ਗਈ।
ਇਹ ਉਹ ਸਮਾਂ ਸੀ, ਜਦੋਂ ਪੰਜਾਬ ਦੀ ਧਰਤੀ 'ਤੇ ਖ਼ਾਲਸਾ ਦੀਵਾਨ ਲਹਿਰ ਪੂਰੇ ਜੋਬਨ ਉੱਤੇ ਸੀ। ਸਿੱਖ ਜਗਤ ਵਿਚ ਧਾਰਮਿਕ ਪ੍ਰਚਾਰ ਤੇ ਸਮਾਜਿਕ ਸੁਧਾਰ ਰਾਹੀਂ ਖ਼ਾਲਸਾ ਦੀਵਾਨਾਂ ਦੇ ਆਗੂ ਕੌਮ ਦੀ ਭਰਪੂਰ ਖਿਦਮਤ ਕਰ ਰਹੇ ਸਨ। ਉਨ੍ਹਾਂ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਕੈਨੇਡਾ ਵਸਦੇ ਸਿੱਖਾਂ ਨੇ ਵੀ ਇਥੋਂ ਦੀ ਪਹਿਲੀ ਸਿੱਖ ਸੁਸਾਇਟੀ ਦਾ ਨਾਂਅ 'ਖ਼ਾਲਸਾ ਦੀਵਾਨ' ਰੱਖਣ ਵਿਚ ਮਾਣ ਮਹਿਸੂਸ ਕੀਤਾ। ਇਹ ਵੀ ਸੱਚ ਹੈ ਕਿ ਪੰਜਾਬ ਦੇ ਖ਼ਾਲਸਾ ਦੀਵਾਨਾਂ ਦੀ ਤਰ੍ਹਾਂ ਕੈਨਡਾ ਦੀ ਖ਼ਾਲਸਾ ਦੀਵਾਨ ਸੁਸਾਇਟੀ ਨੇ ਲੰਮਾਂ ਸਮਾਂ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਪੱਖੋਂ ਪੰਥਕ ਸੇਵਾ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਹੈ। ਇਸ ਸਮਾਨਤਾ ਦੇ ਨਾਲ-ਨਾਲ ਦੋਵਾਂ ਵਿਚਕਾਰ ਇਕ ਭਿੰਨਤਾ ਵੀ ਇਤਿਹਾਸਿਕ ਵਿਸ਼ਲੇਸ਼ਣ ਪੱਖੋਂ ਦ੍ਰਿਸ਼ਟੀਗੋਚਰ ਹੁੰਦੀ ਹੈ। ਜਿਥੇ ਦੇਸੀ ਖਾਲਸਾ ਦੀਵਾਨ ਲਹਿਰ ਦੇ ਪ੍ਰਮੁੱਖ ਆਗੂਆਂ 'ਚੋਂ ਜ਼ਿਆਦਾਤਰ ਨੇ ਅੰਗਰੇਜ਼ਾਂ ਪ੍ਰਤੀ ਵਫ਼ਾਦਾਰੀ ਨੂੰ ਪਹਿਲ ਦਿੱਤੀ, ਉਥੇ ਖ਼ਾਲਸਾ ਦੀਵਾਨ ਸੁਸਾਇਟੀ ਦੇ ਮੁਖੀਆਂ ਵੱਲੋਂ ਵਤਨ ਨੂੰ ਫਿਰੰਗੀ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਜਨ-ਸ਼ਕਤੀ ਅਤੇ ਮਾਲੀ-ਸਹਾਇਤਾ ਰਾਹੀਂ ਆਜ਼ਾਦੀ ਦੀਆਂ ਲਹਿਰਾਂ ਦੀ ਪੂਰੀ ਸਹਾਇਤਾ ਕੀਤੀ ਜਾਂਦੀ ਰਹੀ। ਖ਼ਾਲਸਾ ਦੀਵਾਨ ਸੁਸਾਇਟੀ, ਕੈਨੇਡਾ ਵੱਲੋਂ ਪੱਕੇ ਰੂਪ ਵਿਚ ਸਿੱਖਾਂ ਲਈ ਕੇਂਦਰੀ ਅਸਥਾਨ 'ਗੁਰਦੁਆਰਾ' 1866 ਡਬਲਿਊ-2 ਐਵੇਨਿਊ ਵੈਨਕੂਵਰ ਵਿਚ 19 ਜਨਵਰੀ, 1908 ਈਸਵੀ ਨੂੰ ਸਥਾਪਤ ਕੀਤਾ ਗਿਆ। ਤਦ ਤੱਕ ਕਰੀਬ ਛੇ ਹਜ਼ਾਰ ਸਿੱਖ ਬ੍ਰਿਟਿਸ਼ ਕੋਲੰਬੀਆ ਵਿਚ ਪਹੁੰਚ ਚੁੱਕੇ ਸਨ। ਇਨ੍ਹਾਂ ਸਭ ਨੇ ਮਿਲ ਕੇ ਸਥਾਪਤੀ ਦਿਹਾੜੇ 'ਤੇ ਵੈਨਕੂਵਰ ਸ਼ਹਿਰ ਵਿਚ ਪਹਿਲਾ ਨਗਰ ਕੀਰਤਨ ਸਜਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਈ 6 ਘੋੜਿਆਂ ਵਾਲਾ ਰੱਥ ਸਜਾਇਆ ਗਿਆ। ਤਾਬਿਆ ਵਿਚ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਚੌਰ ਕਰ ਰਹੇ ਸਨ। ਸਵਾਰੀ ਅੱਗੇ ਗੋਰਿਆਂ ਦਾ ਬੈਂਡ ਸੀ ਤੇ ਮਗਰ ਪੰਜ ਪਿਆਰਿਆਂ ਸਣੇ ਨਿਸ਼ਾਨ ਸਾਹਿਬ ਲੈ ਕੇ ਜਥਾ ਤੁਰ ਰਿਹਾ ਸੀ। ਪਹਿਲੀ ਵਾਰ ਲੱਗੇ ਖੁੱਲ੍ਹੇ ਤੇ ਅਤੁੱਟ ਲੰਗਰਾਂ ਨੇ ਗੋਰਿਆਂ ਨੂੰ ਸਿੱਖੀ ਭਾਵਨਾ ਤੋਂ ਜਾਣੂ ਕਰਵਾਇਆ। ਕੈਨੇਡਾ ਭਰ ਦੇ ਅਖ਼ਬਾਰਾਂ ਨੇ ਸਿੱਖਾਂ ਦੀ ਖ਼ਾਲਸਾਈ ਪਰੇਡ ਦੀ ਅਖ਼ਬਾਰਾਂ ਰਾਹੀਂ ਭਰਪੂਰ ਸ਼ਲਾਘਾ ਕੀਤੀ। ਕੈਨੇਡਾ ਦੇ ਪਹਿਲੇ ਗੁਰਦੁਆਰੇ ਦੇ ਪ੍ਰਬੰਧਕਾਂ ਤੇ ਸੰਗਤਾਂ ਨੇ ਜੋ ਮਤੇ ਪਾਸ ਕੀਤੇ ਸਨ, ਉਨ੍ਹਾਂ ਦਾ ਰਿਕਾਰਡ ਭਾਈ ਅਰਜਨ ਸਿੰਘ ਚੰਦ ਨਵਾਂ ਦੀ ਡਾਇਰੀ ਰਾਹੀਂ ਮਿਤੀਆਂ ਅਨੁਸਾਰ ਮਿਲਦਾ ਹੈ। ਇਸ ਤੋਂ ਇਲਾਵਾ ਪ੍ਰਿੰਸੀਪਲ ਸੰਤ ਤੇਜਾ ਸਿੰਘ ਦੀ ਅਗਵਾੀ 'ਚ 4 ਅਪ੍ਰੈਲ, 1909 ਨੂੰ ਅੰਮ੍ਰਿਤ ਸੰਚਾਰ ਹੋਇਆ, ਜਿਸ ਵਿਚ ਅੱਠ ਆਦਮੀ ਤੇ ਦੋ ਇਸਤਰੀਆਂ ਨੇ ਅੰਮ੍ਰਿਤ ਛਕਿਆ। ਕੈਨੇਡਾ ਦੇ ਪਹਿਲੇ ਗੁਰਦੁਆਰਾ ਸਾਹਿਬ ਵਿਖੇ ਅਜਿਹੇ ਇਤਿਹਾਸਕ ਫੈਸਲੇ ਹੋਏ, ਜਿਨ੍ਹਾਂ ਉੱਤਰੀ ਅਮਰੀਕਾ ਦੀ ਧਰਤੀ ਤੋਂ ਭਾਰਤੀ ਆਜ਼ਾਦੀ ਦਾ ਮੁੱਢ ਬੰਨ੍ਹਿਆ। ਇਹ ਅਸਥਾਨ ਹੀ ਸੀ, ਜਿਥੇ ਬਰਤਾਨਵੀ ਸਰਕਾਰ ਦੇ ਮੈਡਲਾਂ, ਵਰਦੀਆਂ ਤੇ ਇਨਸਿਗਨੀਆਂ ਨੂੰ ਸਿੱਖ ਫੌਜੀਆਂ ਨੇ ਸਾੜ ਕੇ ਗ਼ਦਰ ਦਾ ਐਲਾਨ ਕੀਤਾ ਸੀ। ਕਾਮਾਗਾਟਾਮਾਰੂ ਬਨਾਮ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਿਰਾਂ ਦੀ ਸੇਵਾ 'ਤੇ ਇਸ ਦਾ ਪਟਾ ਖਾਲਸਾ ਦੀਵਾਨ ਸੁਸਾਇਟੀ ਦੇ ਨਾਂਅ ਕਰਵਾਉਣ ਲਈ ਇਥੇ ਸੰਗਤਾਂ ਨੇ ਇਕੋ ਦਿਨ 'ਚ ਹਜ਼ਾਰਾਂ ਡਾਲਰ ਇਕੱਠੇ ਕੀਤੇ ਸਨ। ਗੁਰੂ ਕੇ ਬਾਗ਼ ਦੇ ਮੋਰਚੇ ਤੇ ਜੈਤੋ ਦੇ ਮੋਰਚੇ ਲਈ ਸ਼ਹੀਦੀ ਜਥੇ ਇਥੋਂ ਹੀ ਭਾਰਤ ਲਈ ਰਵਾਨਾ ਹੋਏ ਸਨ। ਖ਼ਾਲਸਾ ਦੀਵਾਨ ਸੁਸਾਇਟੀ, ਸੈਕਿੰਡ ਐਵੀਨਿਊ ਦੇ ਉੱਦਮ ਸਦਕਾ ਹੀ 1947 ਵਿਚ ਕੈਨੇਡਾ ਅੰਦਰ ਭਾਰਤੀਆਂ ਨੂੰ ਵੋਟ ਪਾਉਣ ਦਾ ਹੱਕ ਪ੍ਰਾਪਤ ਹੋਇਆ ਸੀ। ਇਸ ਮੁੱਢਲੇ ਅਸਥਾਨ ਮਗਰੋਂ ਹੀ ਐਬਟਸਫੋਰਡ, ਵਿਕਟੋਰੀਆ, ਪਾਲਦੀ, ਪੋਰਟ ਅਲਬਰਨੀ, ਸਟਾਕਟਨ, ਨਿਊਵੈਸਟ ਮਿੰਸਟਰ, ਸਰੀ, ਔਟਵਾ, ਟੋਰਾਂਟੋ ਆਦਿ ਸਣੇ ਹੁਣ ਸੈਂਕੜੇ ਗੁਰਦੁਆਰੇ ਬਣ ਚੁੱਕੇ ਹਨ।
ਵੈਨਕੂਵਰ ਸ਼ਹਿਰ 'ਚ ਸਿੱਖਾਂ ਦੀ ਵਸੋਂ ਵਧਣ ਮਗਰੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਹਾੜੇ 'ਤੇ 1969 ਈ. 'ਚ ਵੱਡਾ ਗੁਰਦੁਆਰਾ 8000-ਰੌਸ ਸਟਰੀਟ 'ਤੇ ਸਥਾਪਿਤ ਕਰ ਦਿੱਤਾ ਗਿਆ, ਪਰੰਤੂ ਸੰਨ 1971 ਈ. ਵਿਚ ਪ੍ਰਬੰਧਕਾਂ ਨੇ ਇਤਿਹਾਸਕ ਗ਼ਲਤੀ ਕਰਦਿਆਂ, ਉੱਤਰੀ ਅਮਰੀਕਾ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਵੇਚ ਦਿੱਤੀ। ਨਤੀਜੇ ਵਜੋਂ ਸਿੱਖ ਕੌਮ ਨੇ ਕੈਨੇਡਾ 'ਚ ਗ਼ਦਰ ਲਹਿਰ, ਕਾਮਾਗਾਟਾਮਾਰੂ, ਸ਼ਹੀਦਾਂ ਦਾ ਸਥਾਨ ਤੇ ਸੈਂਕੜੇ ਹੋਰ ਇਤਿਹਾਸਕ ਪ੍ਰਾਪਤੀਆਂ ਵਾਲਾ ਗੁਰਦੁਆਰਾ ਹੱਥੋਂ ਗੁਆ ਲਿਆ। ਅੱਜਕਲ੍ਹ ਇਸ ਜਗ੍ਹਾ 'ਤੇ ਅਪਾਰਟਮੈਂਟ ਬਣ ਚੁੱਕੇ ਹਨ।
ਸ਼ਹਿਰ ਦਾ ਇਹ ਹਿੱਸਾ ਸਭ ਤੋਂ ਵੱਧ ਕੀਮਤ ਵਾਲਾ ਸਾਬਤ ਹੋ ਰਿਹਾ ਹੈ। ਹਰੇਕ ਕੈਨੇਡੀਅਨ ਸਿੱਖ ਇਸ ਅਸਥਾਨ ਦੇ ਖੁਸਣ ਦਾ ਦੁੱਖ ਮਹਿਸੂਸ ਕਰ ਰਿਹਾ ਹੈ। ਅਜਿਹੇ ਸਮੇਂ ਵੈਨਕੂਵਰ ਦੇ 'ਵਿਰਾਸਤੀ' ਵਿਭਾਗ ਨੇ ਅਹਿਮ ਕਦਮ ਚੁੱਕਦਿਆਂ ਅੱਜ ਸ਼ਹਿਰ ਦੀ 125ਵੇਂ ਵਰ੍ਹੇਗੰਢ 'ਤੇ 2 ਐਵੇਨਿਊ 'ਤੇ ਸਥਿਤ ਗੁਰਦੁਆਰਾ ਇਮਾਰਤ ਨੂੰ ਕੈਨੇਡੀਅਨ ਹੈਰੀਟੇਜ ਵਜੋਂ ਸਨਮਾਨ ਦੇਣ ਦਾ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ। ਇਸ ਜਗ੍ਹਾ 'ਤੇ ਪਲੈਕ ਲਗਾ ਕੇ ਕੈਨੇਡਾ ਦੇ ਮੋਢੀ ਸਿੱਖਾਂ ਦੀ ਘਾਲਣਾ ਨੂੰ ਵੀ ਸਤਿਕਾਰਿਆ ਜਾ ਰਿਹਾ ਹੈ। ਬ੍ਰਿਟਿਸ਼ ਨੇਵੀ ਅਫ਼ਸਰ ਜਾਰਜ ਵੈਨਕੂਵਰ ਦੇ ਨਾਂਅ 'ਤੇ ਵਸਾਏ ਗਏ ਦੁਨੀਆ ਦੇ ਸਭ ਤੋਂ ਚੰਗੇ ਸ਼ਹਿਰਾਂ 'ਚੋਂ ਇਕ ਵੈਨਕੂਵਰ 'ਚ ਸਿੱਖਾਂ ਦਾ ਸਵਾ ਸੌ ਸਾਲ ਦਾ ਇਤਿਹਾਸ ਵੀ ਸ਼ਹਿਰ ਜਿੰਨਾ ਹੀ ਪੁਰਾਣਾ ਹੈ ਅਤੇ ਅੱਜ ਦਾ ਦਿਨ ਦੁਨੀਆ ਭਰ 'ਚ ਵਸਦੇ ਸਿੱਖਾਂ ਲਈ ਸੁਭਾਗ ਭਰਿਆ ਕਿਹਾ ਜਾ ਸਕਦਾ ਹੈ। ਕੈਨੇਡਾ 'ਚ ਸਿੱਖਾਂ ਦੇ ਸੌ ਸਾਲ ਪੂਰੇ ਹੋਣ 'ਤੇ ਖ਼ਾਲਸਾ ਪੰਥ ਦੀ ਟਿਕਟ ਜਾਰੀ ਹੋਣਾ ਤੇ ਐਬਟਸਫੋਰਡ ਦੇ ਗੁਰਦੁਆਰੇ ਦੀ ਸ਼ਤਾਬਦੀ 'ਤੇ ਵਿਰਾਸਤੀ ਦਰਜਾ ਦਿੱਤਾ ਜਾਣਾ ਇਤਿਹਾਸਿਕ ਸਨਮਾਨ ਹਨ।

ਵੈਨਕੂਵਰ ਤੋਂ ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ


Post Comment


ਗੁਰਸ਼ਾਮ ਸਿੰਘ ਚੀਮਾਂ