ਪੰਜਾਬੀ ਕਿਸਾਨਾਂ ਨੇ ਆਪਣੀ ਮਿਹਨਤ ਅਤੇ ਅਗਾਂਹਵਧੂ ਸੋਚ ਨਾਲ ਇਕ ਬਹੁਤ ਹੀ ਸ਼ਾਨਦਾਰ ਇਤਿਹਾਸ ਸਿਰਜਿਆ ਹੈ, ਜਿਸ ਕਾਰਨ ਉਨ੍ਹਾਂ ਦੇ ਹੱੁਨਰ ਦਾ ਸਿੱਕਾ ਪੂਰੀ ਦੁਨੀਆਂ ਮੰਨਦੀ ਹੈ। ਪਿਛਲੀ ਇਕ ਸਦੀ ਦੌਰਾਨ ਪੰਜਾਬ ਦੇ ਕਿਸਾਨਾਂ ਨੇ ਖੇਤੀ ਵਿੱਚ ਜੋ ਮੱਲਾਂ ਮਾਰੀਆਂ ਉਹ ਸੱਚਮੱੁਚ ਹੀ ਕਾਬਿਲੇ ਤਾਰੀਫ਼ ਹਨ। ਫਿਰ ਚਾਹੇ ਉਹ ਪਾਕਿਸਤਾਨ ਵਿਚ ਬਾਰ-ਆਬਾਦ ਕਰਨਾ ਹੋਵੇ, ਵੰਡ-ਮਗਰੋਂ ਪੰਜਾਬ ਦੀਆਂ ਜ਼ਮੀਨਾਂ ਨੂੰ ਵਾਹੀਯੋਗ ਬਣਾਉਣਾ ਹੋਵੇ, ਟਿੱਬਿਆਂ ਨੂੰ ਕਰਾਹ ਕੇ ਪੱਧਰਾ ਕਰਨਾ ਹੋਵੇ ਜਾਂ ਫਿਰ ਰੇਤਲੀਆਂ ਜ਼ਮੀਨਾਂ ਵਿਚ ਝੋਨਾ ਲਾ ਕੇ ਜ਼ਮੀਨਾਂ ਦੀ ਸਿਹਤ ਸੁਧਾਰਨਾ ਹੋਵੇ। ਇੱਥੇ ਹੀ ਬਸ ਨਹੀਂ, ਪੰਜਾਬੀਆਂ ਨੇ ਪੰਜਾਬ ਤੋਂ ਬਾਹਰ ਹਰਿਆਣਾ, ਯੂ.ਪੀ., ਮੱਧ ਪ੍ਰਦੇਸ਼, ਰਾਜਸਥਾਨ ਵਰਗੇ ਸੂਬਿਆਂ ਅਤੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਆਦਿ ਦੇਸ਼ਾਂ ਵਿਚ ਆਪਣੀ ਸਫਲਤਾ ਦੇ ਝੰਡੇ ਗੱਡੇ ਹਨ। ਹੁਣ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਪੰਜਾਬ ਦੇ ਕਿਸਾਨ ਅਫਰੀਕਾ ਦੀ ਧਰਤੀ ਉੱਤੇ ਵੀ ਜਾ ਪੁੱਜੇ ਹਨ ਅਤੇ ਖੇਤੀ ਦੀ ਸਫਲ ਸ਼ੁਰੂਆਤ ਕਰ ਚੁੱਕੇ ਹਨ।
ਪੰਜਾਬੀ ਕਿਸਾਨਾਂ ਦਾ ਇਹ ਸਮੂਹ ਅੱਜ ਕੱਲ੍ਹ ਪੂਰਬੀ ਅਫਰੀਕਾ ਦੇ ਦੇਸ਼ ਇਥੋਪੀਆ ਵਿਚ ਵੱਡੇ ਪਧਰ ’ਤੇ ਖੇਤੀ ਕਰ ਰਿਹਾ ਹੈ ਜਿਸ ਵਿਚ ਪੰਜਾਬ ਤੋਂ ਗਏ ਨੌਜਵਾਨ ਕਿਸਾਨ ਪੁਨੀਤ ਸਿੰਘ ਥਿੰਦ, ਭਾਰਤ ਵਿਚ ਨੈਸ਼ਨਲ ਐਵਾਰਡੀ ਅਤੇ ‘ਵਿਗਿਆਨੀ ਕਿਸਾਨ’ ਕਹੇ ਜਾਂਦੇ ਮੋਹਿੰਦਰ ਸਿੰਘ ਗਰੇਵਾਲ ਅਤੇ ਸਾਥੀ ਰਾਕੇਸ਼ ਚੌਧਰੀ, ਮਨਿੰਦਰ ਸਿੰਘ, ਗਵਨੀਤ ਸਿੰਘ, ਪ੍ਰੀਤਿੰਦਰ ਸਿੰਘ ਸ਼ਾਮਿਲ ਹਨ ਜੋ ਸਾਰੇ ਉਥੇ ਆਪਣੀ ਬਣਾਈ ਕੰਪਨੀ ਥਿੰਦ ਫਾਰਮ ਪੀ.ਐਲ.ਸੀ. ਵਿਚ ਕੰਮ ਕਰ ਰਹੇ ਹਨ। ਅੰਬਾਲਾ, ਪਟਿਆਲਾ ਤੇ ਲੁਧਿਆਣਾ ਜ਼ਿਲ੍ਹਿਆਂ ਨਾਲ ਸਬੰਧਿਤ ਇਹ ਕਿਸਾਨ ਇਕ ਨਵੀਂ ਸੋਚ ਲੈ ਕੇ ਅਫਰੀਕਾ ਪੁੱਜੇ ਹਨ, ਤਾਂ ਜੋ ਉਹ ਉਥੇ ਆਪਣੇ ਪੈਰ ਜਮਾ ਕੇ ਆਪਣੇ ਪੰਜਾਬੀ ਭਰਾਵਾਂ ਲਈ ਅਵਸਰਾਂ ਦਾ ਇਕ ਸੁਨਹਿਰੀ ਦਰਵਾਜ਼ਾ ਖੋਲ੍ਹ ਸਕਣ।
ਜ਼ਿਕਰਯੋਗ ਹੈ ਕਿ ਅਫਰੀਕਾ ਮਹਾਂਦੀਪ ਦੇ ਕਈ ਦੇਸ਼ ਜਿਵੇਂ ਕਿ ਇਥੋਪੀਆ, ਯੂਗਾਂਡਾ, ਸੂਡਾਨ, ਤਨਜਾਨੀਆ, ਕਾਂਗੋ, ਮੌਜਾਮਬਿਕ, ਘਾਨਾ, ਸੈਨੇਗਲ ਆਦਿ ਵੱਲੋਂ ਪੰਜਾਬੀ ਕਿਸਾਨਾਂ ਨੂੰ ਕਾਫੀ ਚਿਰ ਤੋਂ ਆਪਣੇ ਦੇਸ਼ ਵਿਚ ਆ ਕੇ ਖੇਤੀ ਕਰਨ ਦਾ ਸੱਦਾ ਦਿਤਾ ਜਾ ਰਿਹਾ ਸੀ। ਇਸੇ ਸਿਲਸਿਲੇ ਵਿਚ ਪੰਜਾਬ ਤੋਂ ਬਹੁਤ ਸਾਰੇ ਕਿਸਾਨ ਅਤੇ ਉਦਯੋਗਪਤੀ ਇਨ੍ਹਾਂ ਦੇਸ਼ਾਂ ਵਿਚ ਜਾ ਕੇ ਆਏ ਅਤੇ ਕੁੱਝ ਉੱਥੇ ਖੇਤੀ ਸਬੰਧੀ ਕਾਰੋਬਾਰ ਸ਼ੁਰੂ ਕਰਨ ਵਿਚ ਕਾਮਯਾਬ ਰਹੇ। ਪਰ ਜ਼ਿਆਦਾਤਰ ਕਿਸਾਨਾਂ ਨੂੰ ਇਕ ਵੱਡੀ ਦਿੱਕਤ ਪੇਸ਼ ਆਈ ਕਿ ਉਥੇ ਖੇਤੀ ਦੀ ਸ਼ੁਰੂਆਤ ਕਰਨ ਵਿਚ ਬਹੁਤ ਭਾਰੀ ਨਿਵੇਸ਼ ਦੀ ਲੋੜ ਪੈਂਦੀ ਹੈ, ਜੋ ਇਕ ਕਿਸਾਨ ਲਈ ਪੈਦਾ ਕਰਨਾ ਕਾਫੀ ਮੁਸ਼ਕਿਲ ਹੈ। ਇਸ ਤੋਂ ਇਲਾਵਾ ਉਥੇ ਖੇਤੀ ਦਾ ਸਕੇਲ ਵੱਡਾ ਹੋਣ ਕਰਕੇ ਖੇਤੀ ਨੂੰ ਸਾਂਭਣ ਲਈ ਵੱਡੀ ਮਸ਼ੀਨਰੀ ਅਤੇ ਵੱਡੀ ਟੀਮ ਦਾ ਹੋਣਾ ਜ਼ਰੂਰੀ ਹੈ।
ਕੁੱਝ ਅਜਿਹਾ ਹੀ ਤਜ਼ਰਬਾ ਪੁਨੀਤ ਸਿੰਘ ਥਿੰਦ ਅਤੇ ਉਨ੍ਹਾਂ ਦੇ ਦੋਸਤਾਂ ਦਾ ਰਿਹਾ ਜਦੋਂ ਉਹ ਪਹਿਲੀ ਵਾਰ ਇਥੋਪੀਆ ਸਰਕਾਰ ਦੇ ਬੁਲਾਵੇ ’ਤੇ ਇਥੋਪੀਆ ਗਏ। ਪਰ ਔਕੜਾਂ ਦੇ ਨਾਲ ਨਾਲ ਉਨ੍ਹਾਂ ਇਹ ਵੀ ਵੇਖਿਆ ਕਿ ਉਥੋਂ ਦੀ ਜ਼ਮੀਨ ਬੇਹੱਦ ਜ਼ਰਖੇਜ਼ ਹੈ, ਲੇਬਰ ਸਸਤੀ ਹੈ ਤੇ ਅੰਨ ਦੀ ਕਮੀ ਹੋਣ ਕਾਰਨ ਫਸਲਾਂ ਦੇ ਮੁੱਲ ਕਾਫੀ ਚੰਗੇ ਨੇ। ਸੋ ਉਨ੍ਹਾਂ ਨੇ ਇਥੋਪੀਆ ਆਉਣ ਦਾ ਫੈਸਲਾ ਕੀਤਾ। ਇਸ ਕੰਮ ਵਿਚ ਉਨ੍ਹਾਂ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਉਸ ਵੇਲੇ ਮਿਲੀ ਜਦੋਂ ਉਨ੍ਹਾਂ ਦਾ ਹੌਂਸਲਾ ਵੇਖ ਕੇ ਦੁਨੀਆਂ ਦੀ ਫੁੱਲਾਂ ਦੀ ਸੱਭ ਤੋਂ ਵੱਡੀ ਕੰਪਨੀ ਕਰਾਤੂਰੀ ਗਰੁੱਪ ਨੇ ਉਨ੍ਹਾਂ ਨਾਲ ਸਾਂਝੀ ਖੇਤੀ ਦਾ ਸਮਝੌਤਾ ਕੀਤਾ।
ਇਸ ਤੋਂ ਪਹਿਲਾਂ, ਉਨ੍ਹਾਂ ਨੇ ਪੂਰੇ ਅਫਰੀਕਾ ਮਹਾਂਦੀਪ ਵਿਚੋਂ ਇਥੋਪੀਆ ਨੂੰ ਵੀ ਕੁਝ ਖਾਸ ਗੱਲਾਂ ਕਰਕੇ ਚੁਣਿਆ। ਉਨ੍ਹਾਂ ਵੇਖਿਆ ਕਿ ਇਹ ਮੁਲਕ ਕਿਸੇ ਤਰ੍ਹਾਂ ਵੀ ਕੋਈ ਅਫਰੀਕੀ ਮੁਲਕ ਨਹੀਂ ਜਾਪਦਾ। ਵੈਸੇ ਤਾਂ ਜਦੋਂ ਵੀ ਅਫਰੀਕਾ ਦੀ ਗੱਲ ਕਰੀਏ ਤਾਂ ਦਿਮਾਗ ਵਿਚ ਆਮ ਤੌਰ ’ਤੇ ਆਉਂਦਾ ਹੈ ਬੇਹੱਦ ਗਰਮ ਉਜਾੜ ਧਰਤੀ ਜਾਂ ਜੰਗਲ ਅਤੇ ਖਤਰਨਾਕ ਲੋਕ। ਪਰ ਜੇ ਇਥੋਪੀਆ ਦੀ ਗੱਲ ਕਰੀਏ ਤਾ ਸੱਚਾਈ ਬਿਲਕੁਲ ਹੀ ਇਸ ਤੋਂ ਉਲਟ ਹੈ। ਉਥੋਂ ਦੇ ਲੋਕ ਬਹੁਤ ਸ਼ਾਂਤੀ ਪਸੰਦ ਨੇ। ਇਸ ਮੁਲਕ ਵਿਚ ਜੁਰਮ-ਦਰ ਅਫਰੀਕਾ ਦੇ ਸਭ ਮੁਲਕਾਂ ਤੋਂ ਘੱਟ ਹੈ। ਸਭ ਤੋਂ ਵੱਧ ਹੈਰਾਨੀ ਹੁੰਦੀ ਹੈ ਇਥੋਂ ਦਾ ਮੌਸਮ ਵੇਖ ਕੇ ਜੋ ਕਿ ਬੇਹੱਦ ਠੰਢਾ ਹੈ। ਇਕ ਹੋਰ ਖਾਸ ਗੱਲ ਧਿਆਨ ਦੇਣਯੋਗ ਹੈ ਕਿ ਇਥੋਪੀਅਨ ਲੋਕਾਂ ਦਾ ਭਾਰਤੀ ਲੋਕਾਂ ਨਾਲ ਬਹੁਤ ਗੂੜ੍ਹਾ ਪਿਆਰ ਹੈ। ਇਸ ਦੀ ਵਜ੍ਹਾ ਇਹ ਹੈ ਕਿ ਉਥੇ ਭਾਰਤੀ ਟੀਚਰ ਬਹੁਤ ਲੰਮੇ ਸਮੇਂ ਤੋਂ ਪੜ੍ਹਾ ਰਹੇ ਹਨ। ਲੱਗਪਗ ਹਰ ਇਥੋਪੀਅਨ ਆਪਣੀ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਭਾਰਤੀ ਟੀਚਰ ਕੋਲੋਂ ਜ਼ਰੂਰ ਪੜ੍ਹਿਆ ਹੈ।
ਇਥੋਪੀਆ ਵਿੱਚ ਖੇਤੀ ਖੇਤਰ ਨਾਲ ਸਬੰਧਿਤ ਬਹੁਤ ਸਾਰੇ ਅਵਸਰ ਮੌਜੂਦ ਹਨ। ਉਥੇ ਦੀਆਂ ਮੁੱਖ ਫਸਲਾਂ ਜਿਵੇਂ ਮੱਕੀ, ਗੰਨਾ, ਦਾਲਾਂ, ਝੋਨਾ, ਸਬਜ਼ੀਆਂ ਆਦਿ ਵਿੱਚ ਪੰਜਾਬੀ ਕਿਸਾਨਾਂ ਨੂੰ ਚੰਗੀ ਮੁਹਾਰਤ ਹਾਸਲ ਹੈ। ਉਥੇ ਖਾਸ ਤੌਰ ’ਤੇ ਕਾਲੀ ਮਿੱਟੀ ਹੈ ਤੇ ਭਾਰੀਆਂ ਜ਼ਮੀਨਾਂ ਹਨ। ਜਿਨ੍ਹਾਂ ਦੀ ਉਪਜਾਊ ਸਮਰੱਥਾ ਕਾਫੀ ਚੰਗੀ ਹੈ। ਸਿੰਚਾਈ ਲਈ ਬਰਸਾਤਾਂ ਕਾਫੀ ਹੁੰਦੀਆਂ ਨੇ ਅਤੇ ਨਦੀਆਂ ਵੀ ਕਾਫੀ ਗਿਣਤੀ ਵਿਚ ਹਨ। ਕਿਸਾਨ ਜ਼ਮੀਨ ਸਰਕਾਰ ਪਾਸੋਂ ਲੀਜ਼ ਉੱਤੇ ਲੈ ਸਕਦੇ ਹਨ। ਇਸ ਤੋਂ ਮਗਰੋਂ ਜ਼ਮੀਨ ਨੂੰ ਵਾਹੀ ਵਿਚ ਲਿਆਂਦਾ ਜਾਂਦਾ ਹੈ ਅਤੇ ਖੇਤੀ ਸ਼ੁਰੂ ਹੁੰਦੀ ਹੈ। ਉਥੇ ਲੇਬਰ ਮਿਲਣ ਵਿਚ ਕੋਈ ਖਾਸ ਦਿੱਕਤ ਨਹੀਂ ਆਉਂਦੀ, ਪਰ ਆਮ ਤੌਰ ’ਤੇ ਲੇਬਰ ਨੂੰ ਕੰਮ ਕਰਨਾ ਸਿਖਾਉਣਾ ਆਪ ਪੈਂਦਾ ਹੈ।
ਪੁਨੀਤ ਸਿੰਘ ਥਿੰਦ ਨੇ ਦੱਸਿਆ ਕਿ ਇਸ ਨਿਵੇਕਲੇ ਕੰਮ ਦੀ ਪ੍ਰੇਰਨਾ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਸਵਰਗਵਾਸੀ ਗੁਰਚਰਨ ਸਿੰਘ ਥਿੰਦ ਪਾਸੋਂ ਮਿਲੀ ਜੋ ਆਪ ਇਕ ਉੱਘੇ ਕਿਸਾਨ ਆਗੂ ਅਤੇ ਪਲਾਨਿੰਗ ਕਮਿਸ਼ਨ ਦੇ ਮੈਂਬਰ ਵੀ ਸਨ। ਆਪਣੇ ਪਿਤਾ ਜੀ ਦੀ ਜ਼ਿੰਦਗੀ ਤੋਂ ਹੀ ਮੂਲ ਸ਼ਕਤੀ ਲੈਂਦੇ ਹੋਏ ਪੁਨੀਤ ਥਿੰਦ ਨੇ ਦੱਖਣੀ ਭਾਰਤ ਵਿਚਲੀ ਬੇਹੱਦ ਚੰਗੀ ਨੌਕਰੀ ਤੋਂ ਅਸਤੀਫਾ ਦੇ ਕੇ ਖੇਤੀ ਵੱਲ ਮੁੜ ਆਉਣ ਦਾ ਫੈਸਲਾ ਲਿਆ। ਇਸ ਪਿਛੋਂ ਉਹ ਅਤੇ ਮੋਹਿੰਦਰ ਸਿੰਘ ਗਰੇਵਾਲ ਇਥੋਪੀਆ ਵਿਚ ਖੇਤੀ ਦੇ ਅਵਸਰ ਲੱਭਣ ਵਿਚ ਜੁੱਟ ਗਏ ਅਤੇ ਸਾਲ 2011 ਵਿਚ ਖੇਤੀ ਸ਼ੁਰੂ ਕਰਨ ਵਿਚ ਕਾਮਯਾਬ ਹੋ ਗਏ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਜ਼ਮੀਨ ਉੱਤੇ ਹੁਣ ਉਹ ਖੇਤੀ ਕਰ ਰਹੇ ਹਨ ਉਸ ਉੱਤੇ ਪਹਿਲੀ ਵਾਰ ਖੇਤੀ ਹੋ ਰਹੀ ਹੈ, ਜਦੋਂ ਦਾ ਕੁਦਰਤ ਨੇ ਉਸ ਜ਼ਮੀਨ ਨੂੰ ਬਣਾਇਆ ਹੈ। ਇਸ ਤਰ੍ਹਾਂ ਇਹ ਇਕ ਇਤਿਹਾਸ ਰਚਿਆ ਜਾ ਰਿਹਾ ਹੈ।
ਭੁਪਿੰਦਰ ਪੰਨੀਵਾਲੀਆ