ਸਿੱਖ ਧਰਮ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਹੱਕ, ਸੱਚ, ਨਿਆਂ ਅਤੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਦੇ ਉਦੇਸ਼ ਨੂੰ ਲੈ ਕੇ ਕੀਤੀ ਸੀ। ਇਸੇ ਲਈ ਸਮੇਂ ਦੀਆਂ ਜਾਬਰ ਹਕੂਮਤਾਂ ਦੇ ਅੱਤਿਆਚਾਰ ਤੇ ਧੱਕੇਸ਼ਾਹੀ ਵਿਰੁੱਧ ਗੁਰੂ ਸਾਹਿਬਾਨ ਨੇ ਆਵਾਜ਼ ਉਠਾਈ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਿੱਖੀ ਸਿਧਾਂਤਾਂ ਨੂੰ ਮਜ਼ਬੂਤ ਕਰਨ ਲਈ ਡਟ ਕੇ ਪਹਿਰਾ ਦਿੱਤਾ। ਉਸ ਵਕਤ ਹਿੰਦੁਸਤਾਨ ਵਿੱਚ ਮੁਗ਼ਲ ਸਰਕਾਰ ਵੱਲੋਂ ਆਮ ਨਾਗਰਿਕਾਂ, ਖ਼ਾਸ ਕਰਕੇ ਗ਼ੈਰ-ਮੁਸਲਮਾਨਾਂ ਉੱਤੇ ਧਰਮ ਦੇ ਨਾਂ ਉੱਪਰ ਹੋ ਰਹੇ ਜ਼ੁਲਮ ਵਿਰੁੱਧ ਗੁਰੂ ਸਾਹਿਬ ਵੱਲੋਂ ਧਰਮ ਯੁੱਧ ਸ਼ੁਰੂ ਕਰਨ ਦਾ ਇਹ ਇੱਕ ਅਹਿਮ ਐਲਾਨ ਸੀ:
ਅਵਰ ਬਾਸਨਾ ਨਾਂਹਿ ਪ੍ਰਭ ਧਰਮ ਜੁੱਧ ਕੇ ਚਾਇ।
ਧਰਮ ਯੁੱਧ ਦੀ ਨੀਤੀ ਦਾ ਆਧਾਰ ਇਸ ਸਿਧਾਂਤ ਨੂੰ ਬਣਾਇਆ:
‘‘ਚੂ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।’’
(ਭਾਵ ਹਰ ਪ੍ਰਕਾਰ ਦੇ ਸ਼ਾਂਤੀ ਭਰੇ ਸੰਵਾਦ ਦੇ ਹੀਲੇ ਨਾਕਾਮ ਹੋਣ ਉਪਰੰਤ ਹੀ ਹੱਥ ਵਿੱਚ ਸ਼ਮਸ਼ੀਰ ਪਕੜਨੀ।)
ਗੁਰੂ ਗੋਬਿੰਦ ਸਿੰਘ ਜੀ ਨੇ ਗ਼ਰੀਬਾਂ ’ਤੇ ਹੋ ਰਹੇ ਜਬਰ ਜ਼ੁਲਮ ਦੇ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਕਿ ਧਰਮ ਦੀ ਰੱਖਿਆ ਖ਼ਾਤਰ ਜ਼ੁਲਮੀ ਤਲਵਾਰ ਨੂੰ ਸਿਰ ਦਿੱਤਾ ਜਾਵੇ ਜਾਂ ਜ਼ੁਲਮ ਦਾ ਮੁਕਾਬਲਾ ਤੇਗ ਨਾਲ ਕੀਤਾ ਜਾਵੇ? ਸੋਚ-ਵਿਚਾਰ ਮਗਰੋਂ ਉਨ੍ਹਾਂ ‘‘ਸ਼ਮਸ਼ੀਰ ਦਸਤ’’ ਦਾ ਰਾਹ ਚੁਣਿਆ ਅਤੇ ਖ਼ਾਲਸੇ ਦੀ ਸਿਰਜਣਾ ਕੀਤੀ। ਇਸ ਤੋਂ ਪਹਿਲਾਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਧਰਮ ਦੀ ਰੱਖਿਆ ਵਾਸਤੇ ਸ਼ਸਤਰਾਂ ਦੇ ਉਪਯੋਗ ਦਾ ਕੋਈ ਹਵਾਲਾ ਨਹੀਂ ਮਿਲਦਾ। ਭਾਰਤ ਦੇ ਲੋਕਾਂ ਦੇ ਦਿਲਾਂ ਵਿੱਚ ਧਾਰਮਿਕ ਆਜ਼ਾਦੀ ਲਈ ਯੁੱਧ ਕਰਨ ਦੀ ਭਾਵਨਾ, ਸਿੱਖ ਧਰਮ ਵਿੱਚ ਆਈ ਇਸ ਨਵੀਂ ਕ੍ਰਾਂਤੀ ਦੁਆਰਾ ਹੀ ਉਤਪੰਨ ਹੋਈ। ਸਿੱਖਾਂ ਨੇ ਇਸ ਦੀ ਅਗਵਾਈ ਵੀ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਸਾਜੇ ਗਏ ਖ਼ਾਲਸੇ ਨੇ ਹੱਕ-ਸੱਚ ਖ਼ਾਤਰ ਜਾਬਰ ਮੁਗ਼ਲ ਸਾਮਰਾਜ ਨਾਲ ਹਥਿਆਰਬੰਦ ਯੁੱਧਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ। ਸਦੀਆਂ ਤੋਂ ਬੁਜ਼ਦਿਲ ਅਤੇ ਕਾਇਰ ਸਮਝੇ ਜਾਂਦੇ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨੇ ਵੀ ਖੰਡੇ-ਬਾਟੇ ਦੀ ਪਾਹੁਲ ਛਕ ਕੇ ਕਹਿੰਦੇ ਕਹਾਉਂਦੇ ਲੜਾਕੂਆਂ ਨੂੰ ਜੰਗਾਂ ਵਿੱਚ ਕਰਾਰੀ ਮਾਤ ਦਿੱਤੀ। ਸਤਿਗੁਰਾਂ ਦਾ ਧਰਮ ਯੁੁੱਧ ਕਿਸੇ ਜਾਤ ਜਾਂ ਮਜ਼ਹਬ ਵਿਰੁੱਧ ਨਹੀਂ ਸਗੋਂ ਹਰ ਤਰ੍ਹਾਂ ਦੇ ਅਨਿਆਂ ਦੇ ਵਿਰੁੱਧ ਸੀ। ਪਾਤਸ਼ਾਹ ਤਾਂ ਖ਼ੁਦ ਅਕਾਲ ਉਸਤਤ ਵਿੱਚ ਫੁਰਮਾਉਂਦੇ ਹਨ:
‘‘ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’’
‘‘ਦੇਹਰਾ ਮਸੀਤ ਸੋਈ ਪੂਜਾ ਅੋ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ’’
ਪੰਥ ਦੇ ਵਾਲੀ ਦਸਮੇਸ਼ ਪਿਤਾ ਦਾ ਪ੍ਰਕਾਸ਼ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪੋਹ ਸੁਦੀ ਸੱਤਵੀਂ ਮੁਤਾਬਕ 1723 ਬਿਕ੍ਰਮੀ ਨੂੰ ਪਟਨਾ ਸ਼ਹਿਰ (ਬਿਹਾਰ) ਵਿਖੇ ਹੋਇਆ:
ਤਹੀ ਪ੍ਰਕਾਸ ਹਮਾਰਾ ਭਯੋ
ਪਟਨਾ ਸਹਰ ਬਿਖੈ ਭਵ ਲਯੋ
ਇਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਢਾਕਾ, ਬੰਗਾਲ ਤੇ ਅਸਾਮ ਆਦਿ ਦੇ ਇਲਾਕਿਆਂ ਵਿੱਚ ਸਿੱਖ ਧਰਮ ਦੇ ਪ੍ਰਚਾਰ ਹਿੱਤ ਗਏ ਹੋਏ ਸਨ। ਦਸਮੇਸ਼ ਪਿਤਾ ਦੇ ਪਹਿਲੇ ਪੰਜ ਕੁ ਸਾਲ ਪਟਨੇ ਵਿੱਚ ਹੀ ਬੀਤੇ ਅਤੇ ਉੱਥੇ ਹੀ ਆਪ ਜੀ ਦੀ ਵਿੱਦਿਆ ਆਦਿ ਦੇ ਪ੍ਰਬੰਧ ਕੀਤੇ ਗਏ। ਆਪ ਜੀ ਨੂੰ ਗੁਰਮੁਖੀ ਅਤੇ ਗੁਰਬਾਣੀ ਦੀ ਵਿੱਦਿਆ ਦੇ ਨਾਲ-ਨਾਲ ਘੋੜ-ਸਵਾਰੀ, ਨੇਜ਼ਾ-ਬਾਜ਼ੀ, ਤਲਵਾਰ-ਬਾਜ਼ੀ ਅਤੇ ਤੀਰ-ਅੰਦਾਜ਼ੀ ਆਦਿ ਦੀ ਵੀ ਮੁੱਢਲੀ ਸਿਖਲਾਈ ਦਿੱਤੀ ਗਈ। ਪਟਨੇ ਸ਼ਹਿਰ ਦੇ ਇੱਕ ਬ੍ਰਾਹਮਣ ਸ਼ਿਵਦੱਤ ਨੇ ਆਪ ਦੇ ਬਾਲ-ਚੋਜ ਦੇਖ ਕੇ ਆਪ ਪ੍ਰਤੀ ਸਤਿਕਾਰ ਅਤੇ ਪਿਆਰ ਪ੍ਰਗਟ ਕੀਤਾ। ਮੁਸਲਮਾਨ ਸੱਯਦ ਪੀਰ ਭੀਖਣ ਸ਼ਾਹ ਨੇ ਵੀ ਆਪ ਦੇ ਪਹਿਲੀ ਨਜ਼ਰੇ ਦਰਸ਼ਨ ਕਰਦਿਆਂ ਸਿਜਦਾ ਕੀਤਾ ਸੀ। ਪਟਨੇ ਵਿਖੇ ਹੀ ਰਾਜਾ ਫ਼ਤਹਿ ਚੰਦ ਮੈਣੀ ਅਤੇ ਉਸ ਦੀ ਰਾਣੀ ਦਸਮੇਸ਼ ਪਿਤਾ ਦੇ ਸ਼ਰਧਾਲੂ ਬਣ ਗਏ ਅਤੇ ਗੁਰੂ ਸਾਹਿਬ ਦੀ ਚਰਨ-ਛੋਹ ਨਾਲ ਮਹੱਲ ਪਵਿੱਤਰ ਹੋ ਗਿਆ ਜੋ ਅੱਜ-ਕੱਲ੍ਹ ‘‘ਮੈਣੀ ਸੰਗਤ’’ ਗੁਰਦੁਆਰਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਪਟਨਾ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਪਰਿਵਾਰ ਸਮੇਤ ਸ੍ਰੀ ਆਨੰਦਪੁਰ ਸਾਹਿਬ ਆ ਗਏ। ਏਥੇ ਹੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਉਨ੍ਹਾਂ ਨੇ ਖ਼ੁਦ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਜ਼ਲੂਮਾਂ ਦੀ ਰੱਖਿਆ ਖ਼ਾਤਰ ਕੁਰਬਾਨੀ ਦੇਣ ਲਈ ਦਿੱਲੀ ਨੂੰ ਤੋਰਿਆ। ਇਤਿਹਾਸ ਵਿੱਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਜਦੋਂ ਕਿਸੇ ਮਹਾਂਪੁਰਸ਼ ਨੇ ਕਿਸੇ ਦੂਜੇ ਧਰਮ ਦੇ ਅਕੀਦਿਆਂ ਦੀ ਸਲਾਮਤੀ ਲਈ ਆਪ ਸੈਂਕੜੇ ਮੀਲ ਪੈਦਲ ਜਾ ਕੇ ਆਪਾ ਵਾਰਿਆ ਹੋਵੇ। ਕਿਸੇ ਨੇ ਠੀਕ ਲਿਖਿਆ ਹੈ:
‘‘ਜਿਸ ਧਜ ਸੇ ਕੋਈ ਮਕਤਲ ਪੇ ਗਇਆ
ਵੋਹ ਸ਼ਾਨ ਸਲਾਮਤ ਰਹਿਤੀ ਹੈ’’
ਨੌਵੀਂ ਨਾਨਕ ਜੋਤਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਲ (ਗੁਰੂ) ਗੋਬਿੰਦ ਰਾਏ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਕੇ ਤਿਲਕ-ਜੰਝੂ ਦੀ ਰੱਖਿਆ ਲਈ ਬਲੀਦਾਨ ਦਿੱਤਾ। ਨੌਵੇਂ ਗੁਰੂ ਦੀ ਸ਼ਹਾਦਤ ਉਪਰੰਤ ਦਸਮੇਸ਼ ਪਿਤਾ ਦੇ ਸੰਘਰਸ਼ਮਈ ਜੀਵਨ ਦਾ ਆਰੰਭ ਹੋਇਆ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਦਸਮੇਸ਼ ਪਿਤਾ ਨੇ ਪੰਜਾਬੀ ਤੇ ਹਿੰਦੀ ਤੋਂ ਇਲਾਵਾ ਸੰਸਕ੍ਰਿਤ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਦਾ ਗਿਆਨ ਵੀ ਹਾਸਲ ਕੀਤਾ ਅਤੇ ਬੀਰ-ਰਸ ਭਰਪੂਰ ਬਾਣੀ ਦੀ ਰਚਨਾ ਕੀਤੀ। ਸਮੇਂ ਦੀ ਜਾਬਰ ਹਕੂਮਤ ਦੇ ਇਸ ਐਲਾਨ ਕਿ ਕੋਈ ਗ਼ੈਰ-ਮੁਸਲਿਮ ਘੋੜ-ਸਵਾਰੀ ਨਹੀਂ ਕਰ ਸਕਦਾ, ਨਗਾਰਾ ਨਹੀਂ ਵਜਾ ਸਕਦਾ, ਸ਼ਸਤਰ ਧਾਰਨ ਨਹੀਂ ਕਰ ਸਕਦਾ, ਦੀ ਚੁਣੌਤੀ ਸਵੀਕਾਰ ਕਰਦਿਆਂ ਕਿਹਾ ਕਿ ਮੇਰੇ ਸਿੰਘ ਸ਼ਸਤਰਧਾਰੀ ਹੋਣਗੇ, ਘੋੜ-ਸਵਾਰੀ ਕਰਨਗੇ ਅਤੇ ਸ੍ਰੀ ਆਨੰਦਪੁਰ ਸਾਹਿਬ ਦੀ ਫਿਜ਼ਾ ’ਚ ਰਣਜੀਤ ਨਗਾਰੇ ਦੀ ਗੂੰਜ ਵੀ ਪਵੇਗੀ। ਇਸ ਫ਼ੈਸਲੇ ਨੇ ਮੁਗ਼ਲ ਹਕੂਮਤ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ। ਉਨ੍ਹਾਂ ਨੇ ਨਿੱਘਰ ਚੁੱਕੀ ਮਸੰਦ-ਪ੍ਰਥਾ ਨੂੰ ਖਤਮ ਕੀਤਾ ਅਤੇ ਸੰਨ 1699 ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸੇ ਦੀ ਸਾਜਨਾ ਕਰਕੇ ਕੌਮ ਅੰਦਰ ਨਵੀਂ ਰੂਹ ਫੂਕੀ। ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਭੰਗਾਣੀ, ਨਾਦੌਣ, ਹੁਸੈਨੀ ਆਦਿ ਦੇ ਯੁੱਧ ਵੀ ਲੜੇ, ਜਿਨ੍ਹਾਂ ਵਿੱਚ ਜਾਤ-ਅਭਿਮਾਨੀ ਪਹਾੜੀ ਰਾਜਿਆਂ ਨੂੰ ਕਰਾਰੀ ਮਾਤ ਦਿੱਤੀ:
ਜਹਾਂ ਤਹਾਂ ਤੁਮ ਧਰਮ ਬਿਥਾਰੋ
ਦੁਸਟ ਦੋਖੀਅਨਿ ਪਕਰਿ ਪਛਾਰੋ
ਸਦੀਆਂ ਤੋਂ ਮੁਗ਼ਲ ਬਾਦਸ਼ਾਹਾਂ ਦੀ ਗ਼ੁਲਾਮੀ ਦੇ ਮਾਹੌਲ ਵਿੱਚ ਹਿੰਦੁਸਤਾਨੀਆਂ ਦੀ ਸੋਚ ਸੰਸਾਰਕ ਸੁਖ-ਆਰਾਮ ਅਤੇ ਭੁੱਖ ਦੇ ਦੁਆਲੇ ਹੀ ਘੁੰਮਦੀ ਰਹੀ ਅਤੇ ਗ਼ੁਲਾਮੀ ਨੂੰ ਉਹ ਆਪਣੀ ਕਿਸਮਤ ਹੀ ਸਮਝਣ ਲੱਗ ਪਏ ਸਨ ਪਰ ਖੰਡੇ-ਬਾਟੇ ਦੇ ‘ਅੰਮ੍ਰਿਤ’ ਨੇ ਐਸੀ ਕਰਾਮਾਤ ਵਿਖਾਈ ਕਿ ਹਿੰਦੁਸਤਾਨ ਦਾ ਇਤਿਹਾਸ ਬਦਲ ਦਿੱਤਾ। ਅੰਮ੍ਰਿਤ ਨੇ ਸਿੰਘਾਂ ਨੂੰ ਐਸੀ ਸ਼ਕਤੀ ਬਖਸ਼ੀ ਕਿ ਇੱਕ-ਇੱਕ ਸਿੰਘ ਲੱਖਾਂ ’ਤੇ ਭਾਰੂ ਹੋ ਗਿਆ। ਆਪਣੇ ਨਿਆਰੇ ਖ਼ਾਲਸੇ ਪ੍ਰਤੀ ਪਾਤਸ਼ਾਹ ਦਾ ਫੁਰਮਾਨ ਸੀ:
ਚਿੜੀਓਂ ਸੇ ਮੈਂ ਬਾਜ਼ ਤੁੜਾਊਂ।
ਸਵਾ ਲਾਖ ਸੇ ਏਕ ਲੜਾਊਂ।
ਰਾਠਨ ਕੇ ਸੰਗ ਰੰਕ ਲੜਾਊਂ।
ਹੱਕ ਸੱਚ ਦੀ ਬਹਾਲੀ ਹਿੱਤ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ, ਜੋ ਸੰਸਾਰ ਦੇ ਇਤਿਹਾਸ ਦੀ ਵਿਲੱਖਣ ਗਾਥਾ ਹੈ ਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਹੱਕ, ਸੱਚ ’ਤੇ ਪਹਿਰਾ ਦੇਣ, ਮਜ਼ਲੂਮਾਂ ਦੀ ਰੱਖਿਆ ਅਤੇ ਧਰਮ ਵਿੱਚ ਪ੍ਰਪੱਕ ਰਹਿਣ ਲਈ ਪ੍ਰੇਰਨਾ ਸ੍ਰੋਤ ਹੈ। ਮੌਜੂਦਾ ਸਮੇਂ ਵਿੱਚ ਅਸੀਂ ਆਪਣਾ ਵਿਲੱਖਣ ਕੌਮੀ ਵਿਰਸਾ ਅਤੇ ਸ਼ਾਨਾਮੱਤੇ ਇਤਿਹਾਸ ਨੂੰ ਭੁੱਲ ਕੇ ਗੁਰੂ ਸਾਹਿਬ ਵੱਲੋਂ ਦਰਸਾਏ ਹੱਕ ਸੱਚ ਦੇ ਮਾਰਗ ਤੋਂ ਦੂਰ ਹੁੰਦੇ ਜਾ ਰਹੇ ਹਾਂ। ਆਓ! ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਤੋਂ ਸੇਧ ਲੈ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰੀਏ। ਧਰਮ ਦੇ ਬੋਲ-ਬਾਲੇ ਅਤੇ ਦਸਮ ਪਿਤਾ ਵੱਲੋਂ ਦਰਸਾਏ ਮਾਰਗ ਦੇ ਪਾਂਧੀ ਬਣਨ ਲਈ ਪ੍ਰਣ ਕਰੀਏ।
ਜਥੇਦਾਰ ਅਵਤਾਰ ਸਿੰਘ