ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, September 26, 2012

ਗੁਰਦੁਆਰਾ ਬਾਬਾ ਸ੍ਰੀ ਚੰਦ ਟਾਹਲੀ ਸਾਹਿਬ


ਮਹਾਨ ਤਪੱਸਵੀ ਬਾਬਾ ਸ੍ਰੀ ਚੰਦ ਜੀ ਦਾ ਜਨਮ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਮਾਤਾ ਸੁਲੱਖਣੀ ਦੀ ਕੁੱਖੋਂ ਸੁਲਤਾਨਪੁਰ ਲੋਧੀ ਵਿਖੇ 9 ਭਾਦੋਂ ਸੁੱਧੀ ਅਤੇ ਸੰਮਤ 1951 ਨੂੰ ਹੋਇਆ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ। ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਸ੍ਰੀਚੰਦ ਦਾ ਜਨਮ ਹੋਇਆ ਤਾਂ ਉਨ੍ਹਾਂ ਦੇ ਕੰਨਾਂ ਵਿੱਚ ਮੁੱਦਰਾਂ ਸਨ। ਇਨ੍ਹਾਂ ਨੇ ਹੀ ਅੱਗੇ ਜਾ ਕੇ ਉਦਾਸੀ ਮੱਤ ਚਲਾਇਆ। ਦੇਹ ਵਿੱਚ ਰਹਿੰਦਿਆਂ ਉਨ੍ਹਾਂ ਅਨੇਕਾਂ ਹੀ ਕਰਾਮਾਤਾਂ ਦਿਖਾਈਆਂ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੋਲਾ ਛੱਡ ਗਏ ਤਾਂ ਉਨ੍ਹਾਂ ਦੇ ਸਪੁੱਤਰ ਲਖਮੀ ਚੰਦ ਨੂੰ ਪਤਾ ਲੱਗਣ ’ਤੇ ਉਹ ਵੀ ਆਪਣੇ ਪਰਿਵਾਰ ਸਮੇਤ ਘੋੜੇ ਉੱਤੇ ਸਵਾਰ ਹੋ ਕੇ ਪਰਲੋਕ ਨੂੰ ਉੱਡ ਪਏ। ਜਦੋਂ ਇਸ ਬਾਬਤ ਬਾਬਾ ਸ੍ਰੀ ਚੰਦ ਨੂੰ ਪਤਾ ਲੱਗਾ ਤਾਂ ਉਨ੍ਹਾਂ 14 ਜੋਜਣ ਆਪਣੀ ਬਾਂਹ ਨੂੰ ਲੰਮਿਆਂ ਕਰਕੇ ਭਾਈ ਲਖਮੀ ਚੰਦ ਤੋਂ ਉਸ ਦਾ ਸਪੁੱਤਰ ਲਿਆ ਸੀ। ਬਾਬਾ ਸ੍ਰੀਚੰਦ ਦੀ ਯਾਦ ’ਚ ਅਨੇਕਾਂ ਹੀ ਧਾਰਮਿਕ ਸਥਾਨ ਸਥਾਪਤ ਹਨ ਜੋਂ ਸੰਗਤਾਂ ਦੀ ਡੂੰਘੀ ਆਸਥਾ ਦਾ ਕੇਂਦਰ ਬਣੇ ਹੋਏ ਹਨ।
ਬਾਬਾ ਸ੍ਰੀਚੰਦ ਜੀ ਦੀ ਯਾਦ ’ਚ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗਾਹਲੜੀ ਵਿਖੇ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਬਣਿਆ ਹੋਇਆ ਹੈ। ਇਹ ਪਿੰਡ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਕੁਝ ਹੀ ਦੂਰੀ ਉੱਤੇ ਸਥਿਤ ਹੈ। ਜਦੋਂਕਿ ਗੁਰਦਾਸਪੁਰ ਸ਼ਹਿਰ ਤੋਂ ਇਹ ਦੂਰੀ 10 ਕੁ ਕਿਲੋਮੀਟਰ ਬਣਦੀ ਹੈ। ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਬਣੀ ਹੋਈ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੰਮ ਅਜੇ ਵੀ ਨਿਰੰਤਰ ਜਾਰੀ ਹੈ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਣ ਲਈ ਬਕਾਇਦਾ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪ੍ਰਬੰਧਕੀ ਕਮੇਟੀ ਵੱਲੋਂ ਇਲਾਕੇ ਦੀਆਂ ਲੋੜਾਂ ਨੂੰ ਵੇਖਦਿਆਂ ਸਕੂਲ ਅਤੇ ਕਾਲਜ ਵੀ ਚਲਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਅਤੇ ਬਾਬਾ ਸ੍ਰੀ ਚੰਦ ਜੀ ਦੀਆਂ ਖੁਸ਼ੀਆਂ ਲੈਣ ਲਈ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ’ਚ ਸੰਗਤਾਂ ਪੁੱਜਦੀਆਂ ਹਨ। ਇਥੇ ਹਰ ਮੱਸਿਆ ਦਾ ਦਿਨ ਬੜੀ ਹੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਗੁਰਦੁਆਰਾ ਸਾਹਿਬ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ। ਗੁਰਦੁਆਰਾ ਸਾਹਿਬ ਦੇ ਬਾਹਰ ਦੁਕਾਨਾਂ ਸਜਾਈਆਂ ਜਾਂਦੀਆਂ ਹਨ।
ਲੋਕਾਂ ਦੀ ਆਸਥਾ ਦਾ ਕੇਂਦਰ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਸੰਗਤਾਂ ਦੀ ਅਗਵਾਈ ਕਰਦਾ ਆ ਰਿਹਾ ਹੈ। ਬਾਬਾ ਸ੍ਰੀਚੰਦ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿਖੇ ਖੇਤੀਬਾੜੀ ਕਰਿਆ ਕਰਦੇ ਸਨ। ਡੇਰਾ ਬਾਬਾ ਨਾਨਕ ਤੋਂ ਹੀ ਬਾਬਾ ਸ੍ਰੀਚੰਦ ਜੀ ਬਾਅਦ ਵਿੱਚ ਪਿੰਡ ਬਾਰਠ (ਪਠਾਨਕੋਟ) ਗਏ, ਜਿਥੇ ਹੁਣ ਗੁਰਦੁਆਰਾ ਸ੍ਰੀ  ਬਾਰਠ ਸਾਹਿਬ ਹੈ। ਬਾਰਠ ਸਾਹਿਬ ਵਿਖੇ ਬਾਬਾ ਸ੍ਰੀਚੰਦ ਜੀ ਨੇ ਲੰਮਾਂ ਸਮਾਂ ਤਪੱਸਿਆ ਕੀਤੀ। ਗੁਰਦੁਆਰਾ ਬਾਰਠ ਸਾਹਿਬ ਉਹ ਪਵਿੱਤਰ ਅਸਥਾਨ ਹੈ, ਜਿਥੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਸ੍ਰੀਚੰਦ ਜੀ ਨੂੰ ਮਿਲਣ ਲਈ ਆਏ ਸਨ। ਗੁਰੂ ਹਰਗੋਬਿੰਦ ਸਾਹਿਬ ਵੀ ਉਨ੍ਹਾਂ ਨੂੰ ਮਿਲਣ ਲਈ ਇਥੇ ਆਏ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਦਾਸੀ ਮੱਤ ਨੂੰ ਅੱਗੇ ਚਲਾਉਣ ਲਈ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਨੂੰ ਬਾਬਾ ਸ੍ਰੀਚੰਦ ਜੀ ਨੂੰ ਸੌਂਪ ਦਿੱਤਾ ਸੀ।
ਕਸਬਾ ਡੇਰਾ ਬਾਬਾ ਨਾਨਕ ਤੋਂ ਬਾਰਠ ਸਾਹਿਬ ਤੱਕ ਇੱਕ ਕੱਚੀ ਪਗਡੰਡੀ ਦਾ ਰਸਤਾ ਸੀ।  ਇਸ ਰਸਤੇ ਹੀ ਬਾਬਾ ਸ੍ਰੀਚੰਦ ਜੀ ਦਾ ਆਉਣਾ-ਜਾਣਾ ਹੁੰਦਾ ਸੀ। ਉਨੀਂ ਦਿਨੀਂ ਦਰਿਆ ਰਾਵੀ ਪਿੰਡ ਗਾਹਲੜੀ ਅੰਦਰ ਤੋਂ ਹੀ ਲੰਘਦਾ ਸੀ। ਦਰਿਆ ਅੰਦਰ ਅਕਸਰ ਹੜ੍ਹ ਆ ਜਾਣ ਦੀ ਸੂਰਤ ’ਚ ਇਲਾਕੇ ਅੰਦਰ ਭਾਰੀ ਤਬਾਹੀ ਹੁੰਦੀ ਸੀ। ਹੜ੍ਹ ਆਉਣ ਕਾਰਨ ਇਲਾਕੇ ਦੇ ਕਿਸਾਨਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਜਾਂਦੀਆਂ ਸਨ, ਜਿਸ ਕਾਰਨ ਇਲਾਕੇ ਦੇ ਕਿਸਾਨ ਬਹੁਤ ਦੁਖੀ ਤੇ ਪ੍ਰੇਸ਼ਾਨ ਸਨ। ਕਮਾਈ ਦਾ ਹੋਰ ਕੋਈ ਸਾਧਨ ਨਾ ਹੋਣ ਕਾਰਨ ਲੋਕਾਂ ਦਾ ਗੁਜ਼ਾਰਾਂ ਫ਼ਸਲਾਂ ਸਹਾਰੇ ਹੀ ਚੱਲਦਾ ਸੀ। ਇਲਾਕੇ ਦੇ ਲੋਕ ਗਰੀਬ ਹੋਣ ਕਾਰਨ ਤੰਗੀਆਂ-ਤੁਰਸ਼ੀਆਂ ਦਾ ਸ਼ਿਕਾਰ ਸਨ। ਇੱਕ ਦਿਨ ਜਦੋਂ ਬਾਬਾ ਸ੍ਰੀਚੰਦ ਜੀ ਰਾਤ ਗੁਜ਼ਾਰਨ ਲਈ ਗਾਹਲੜੀ ਵਿਖੇ ਰਾਵੀ ਦਰਿਆ ਦੇ ਕੰਢੇ ਰੁੱਕੇ ਹੋਏ ਸਨ ਤਾਂ ਲੋਕਾਂ ਨੂੰ ਪਤਾ ਲਗਾ ਕਿ ਕੋਈ ਸਾਧੂ ਰਾਵੀ ਕੰਢੇ ਡੇਰਾ ਜਮਾਈ ਬੈਠਾ ਹੈ। ਸਾਧੂ ਬੜੀ ਹੀ ਕਰਨੀ ਵਾਲਾ ਹੈ।
ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਸਵੇਰੇ ਬਾਬਾ ਸ੍ਰੀ ਚੰਦ ਜੀ ਕੋਲ ਪੁੱਜ ਗਏ। ਉਸ ਵੇਲੇ ਬਾਬਾ ਸ੍ਰੀਚੰਦ ਜੀ ਟਾਹਲੀ ਦੀ ਦਾਤਣ ਕਰ ਰਹੇ ਸਨ। ਇਲਾਕੇ ਦੇ ਲੋਕਾਂ ਨੇ ਆ ਕੇ ਫਰਿਆਦ ਕੀਤੀ ਕਿ ਬਾਬਾ ਅਸੀਂ ਸਾਰੇ ਗਰੀਬ ਕਿਸਾਨ ਹਾਂ। ਸਾਰਿਆਂ ਦਾ ਗੁਜ਼ਾਰਾ ਫਸਲਾਂ ਸਹਾਰੇ ਹੀ ਚੱਲਦਾ ਹੈ। ਲੇਕਿਨ ਰਾਵੀ ਦਰਿਆ ਵਿੱਚ ਅਕਸਰ ਹੜ੍ਹ ਆ ਜਾਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਹੜ੍ਹ ਦੀ ਭੇਟ ਚੜ੍ਹ ਜਾਂਦੀਆਂ ਹਨ। ਉਨ੍ਹਾਂ ਦੇ ਖਾਣ ਲਈ ਵੀ ਫ਼ਸਲ ਨਹੀਂ ਬਚਦੀ ਹੈ। ਇਲਾਕੇ ਦੇ ਲੋਕਾਂ ’ਤੇ ਕੋਈ ਕ੍ਰਿਪਾ ਕਰੋ ਤਾਂ ਜੋ ਉਨ੍ਹਾਂ ਨੂੰ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ। ਬਾਬਾ ਸ੍ਰੀਚੰਦ ਜੀ ਨੇ ਦੁਖੀ ਕਿਸਾਨਾਂ ਦੀ ਗੱਲ ਨੂੰ ਗਹੁ ਨਾਲ ਸੁਣਿਆ ਅਤੇ ਰਾਵੀ ਦਰਿਆ ਵੱਲ ਨੂੰ ਚਲ ਪਏ। ਜਿਥੇ ਦਰਿਆ ਦਾ ਪਾਣੀ ਵਹਿ ਰਿਹਾ ਸੀ, ਉੱਥੇ ਜਾ ਕੇ ਦਾਤਣ ਆਪਣੇ ਮੂੰਹ ’ਚੋਂ ਕੱਢੀ ਅਤੇ ਪਾਣੀ ਦੇ ਕੰਢੇ ਗੱਡ ਕੇ ਦਰਿਆ ਨੂੰ ਮੁਖਾਤਿਬ ਹੋ ਕੇ ਬੋਲੇ ਕਿ ਇਨ੍ਹਾਂ ਕਿਸਾਨਾਂ ਨੇ ਤੇਰਾ ਕੀ ਵਿਗਾੜਿਆ ਹੈ, ਕਿਉਂ ਲੋਕਾਂ ਨੂੰ ਤੰਗ ਕਰਦਾ ਏ। ਜਦੋਂ ਬਾਬਾ ਸ੍ਰੀਚੰਦ ਨੇ ਦਰਿਆ ਨੂੰ ਜਾਹ ਭਈ ਜਾਹ ਆਖ ਕੇ ਆਪਣਾ ਰਸਤਾ ਬਦਲ ਲੈ ਕਿਹਾ ਤਾਂ ਉਸ ਦਿਨ ਤੋਂ ਰਾਵੀ  ਦਰਿਆ ਨੇ ਆਪਣਾ ਰਸਤਾ ਬਦਲ ਲਿਆ।
ਰਾਵੀ ਦਰਿਆ ਹੁਣ ਇਸ ਸਥਾਨ ਤੋਂ ਪੰਜ ਕਿਲੋਮੀਟਰ ਦੇ ਕਰੀਬ ਦੂਰ ਵਹਿ ਰਿਹਾ ਹੈ ਜਿਸ ਜਗ੍ਹਾ ਉੱਤੇ ਬਾਬਾ ਸ੍ਰੀਚੰਦ ਨੇ ਦਾਤਣ ਗੱਡੀ ਸੀ ਉੱਥੇ ਹੁਣ ਬਾਬਾ ਸ੍ਰੀਚੰਦ ਦੀ ਯਾਦ  ’ਚ ਗੁਰਦੁਆਰਾ ਟਾਹਲੀ ਸਾਹਿਬ ਦੇ ਰੂਪ ਵਿੱਚ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਹਜ਼ਾਰਾਂ ਸੰਗਤਾਂ ਆਉਂਦੀਆਂ ਹਨ ਲੇਕਿਨ ਸੜਕ ਖਸਤਾ ਹਾਲਤ ਹੈ ਜਿਸ ਨੂੰ ਪਹਿਲ ਦੇ ਆਧਾਰ ’ਤੇ ਪੱਕਿਆਂ ਕਰਨ ਦੀ ਲੋੜ ਹੈ।
ਜਤਿੰਦਰ ਸਿੰਘ ਬੈਂਸ




Post Comment


ਗੁਰਸ਼ਾਮ ਸਿੰਘ ਚੀਮਾਂ