ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, September 10, 2012

ਕਦੋਂ ਸੁਧਰੇਗੀ ਸਾਡੇ ਕਿਸਾਨਾਂ ਦੀ ਜੂਨ?

Add caption

ਜਦੋਂ ਭਾਰਤ ਦੀ ਵਧੇਰੇ ਆਬਾਦੀ ਭੁੱਖੀ ਸੌਂਦੀ ਸੀ, ਸਰਕਾਰ ਮਹਿੰਗੇ ਭਾਅ ਦਾ ਅਨਾਜ ਬਾਹਰੋਂ ਖਰੀਦ ਕੇ ਵੀ ਅੰਨ ਤੋਂ ਭੁੱਖਿਆਂ ਦਾ ਢਿੱਡ ਭਰਨ ਵਿਚ ਅਸਮਰਥ ਸੀ ਤਾਂ ਉਦੋਂ ਮੇਰੇ ਦੇਸ਼ ਭਾਰਤ ਦੇ ਕਿਸਾਨਾਂ ਨੂੰ ਹਰੀ ਕ੍ਰਾਂਤੀ ਦੇ ਨਾਅਰੇ ਹੇਠ ਅਜਿਹੀ ਮੁਸ਼ੱਕਤ ਘਾਲੀ ਕਿ ਬਾਹਰੋਂ ਅਨਾਜ ਮੰਗਾਉਣ ਦੀ ਥਾਂ ਅਸੀਂ ਅਨਾਜ ਬਾਹਰ ਭੇਜਣ ਲੱਗ ਪਏ। ਲੋਕ ਕਿਸਾਨਾਂ ਨੂੰ ਅੰਨਦਾਤਾ ਕਹਿਣ ਲੱਗ ਪਏ। ਕਿਸਾਨੀ ਅਨੇਕਾਂ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਬਣੀ ਅਤੇ ਬਹੁਤ ਸਾਰੀ ਸਨਅਤ ਨੂੰ ਜਨਮ ਦਿੱਤਾ ਤੇ ਹਾਕਮ ਲਾਬੀ ਨੇ ਆਧੁਨਿਕ ਖੇਤੀ ਦੇ ਨਾਂਅ 'ਤੇ ਕਿਸਾਨਾਂ 'ਤੇ ਰਸਾਇਣਾਂ ਅਤੇ ਖੇਤੀ ਮਸ਼ੀਨਰੀ ਦਾ ਜ਼ਰੂਰਤ ਤੋਂ ਵੱਧ ਬੋਝ ਪਾ ਦਿੱਤਾ ਤੇ ਫਸਲਾਂ ਦੇ ਰੇਟ ਮਹਿੰਗਾਈ ਅਨੁਸਾਰ ਵਧਾਉਣ ਤੋਂ ਅੱਜ ਤੱਕ ਸਰਕਾਰਾਂ ਨੇ ਟਾਲਾ ਹੀ ਵੱਟੀ ਰੱਖਿਆ ਹੈ।

1965 ਤੋਂ ਬਾਅਦ ਫਸਲਾਂ ਦੇ ਰੇਟ ਲਾਹੇਵੰਦ ਨਹੀਂ ਮਿਲੇ ਪਰ ਜਿਹੜੀ ਚੇਟਕ ਕਿਸਾਨਾਂ ਨੂੰ ਹਰੀ ਕ੍ਰਾਂਤੀ ਦੇ ਨਾਂਅ 'ਤੇ ਲੱਗੀ, ਉਹ ਛੋਟੇ ਕਿਸਾਨਾਂ ਨੂੰ ਤਾਂ ਲੈ ਹੀ ਡੁੱਬੀ ਹੈ ਤੇ ਰਹਿੰਦਿਆਂ ਵਿਚੋਂ ਵੀ ਬਹੁਤੇ ਡੁੱਬਣ ਵਾਲੇ ਹਨ, ਭਾਵ ਕਿ ਮਹਿੰਗੇ ਖੇਤੀ ਬੀਜ, ਖਾਦਾਂ, ਦਵਾਈਆਂ, ਖੇਤੀ ਮਸ਼ੀਨਰੀ, ਮਹਿੰਗਾ ਡੀਜ਼ਲ ਤੇ ਮਹਿੰਗੀ ਲੇਬਰ ਦਾ ਬੋਝ ਬਹੁਤੇ ਕਿਸਾਨ ਸਹਾਰ ਨਾ ਸਕੇ ਤੇ ਇਨ੍ਹਾਂ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਗਈ। ਜ਼ਮੀਨਾਂ ਦਿਨ-ਬ-ਦਿਨ ਵਧਣ ਲੱਗੀਆਂ, ਖੇਤੀ ਲਾਗਤਾਂ ਵਧਣ ਲੱਗੀਆਂ ਪਰ ਅੱਜ ਤੱਕ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੇ ਜੱਟ ਦੀ ਜੂਨ ਸੁਧਾਰਨ ਲਈ ਕੋਈ ਵੀ ਕਦਮ ਨਹੀਂ ਚੁੱਕਿਆ।

ਸਰਕਾਰ ਨੇ ਖੇਤੀ ਯੂਨੀਵਰਸਿਟੀ ਰਾਹੀਂ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਵੱਲ ਉਤਸ਼ਾਹਿਤ ਕੀਤਾ। ਪਰ ਖੇਤੀ ਵਿਭਿੰਨਤਾ ਨੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵੱਲ ਧੱਕਣ ਲਈ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ।

ਕਣਕ, ਝੋਨੇ ਦੇ ਬਦਲ ਵਜੋਂ ਉਗਾਈਆਂ ਜਾਣ ਵਾਲੀਆਂ ਫਸਲਾਂ ਦਾ ਮੰਡੀਕਰਨ ਅਤੇ ਰੇਟ ਵਾਜਿਬ ਨਾ ਹੋਣ ਕਾਰਨ ਕਿਸਾਨ ਚਿੰਤਤ ਹਨ। ਫਸਲ ਆਲੂ ਦੀ ਹੋਵੇ, ਮਟਰ, ਗੋਭੀ ਜਾਂ ਬੈਂਗਣ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਂਦਾ। ਗੰਨੇ ਨੂੰ ਵੇਚਣ ਸਮੇਂ ਪਰਚੀਆਂ ਦੀ ਘਾਟ, ਮਹਿੰਗੀ ਲੇਬਰ, ਗੰਨੇ ਤੇ ਮਿੱਲਾਂ ਵੱਲੋਂ ਲਾਇਆ ਜਾਂਦਾ ਬੇਲੋੜਾ ਕੱਟ, 6-7 ਦਿਨ ਮਿੱਲਾਂ ਵਿਚ ਬੈਠਣਾ ਤੇ ਫਿਰ ਮਹੀਨਿਆਂ ਬਾਅਦ ਗੰਨੇ ਦੇ ਵੱਟੇ ਪੈਸਿਆਂ ਦਾ ਮੂੰਹ ਵੇਖਣਾ ਕਿਸੇ ਜੰਗ ਜਿੱਤਣ ਨਾਲੋਂ ਘੱਟ ਨਹੀਂ ਹੁੰਦਾ, ਜਿਸ ਕਾਰਨ ਕਿਸਾਨ ਗੰਨੇ ਦੀ ਪੱਕੀ ਸਮਝੀ ਜਾਂਦੀ ਫਸਲ ਤੋਂ ਵੀ ਮੂੰਹ ਮੋੜਨ ਲੱਗੇ ਹਨ। ਛੇ ਮਹੀਨੇ ਮਿਹਨਤ ਕਰਕੇ ਕਿਸਾਨਾਂ ਨੂੰ ਫਸਲਾਂ ਵਿਚੋਂ ਕੁਝ ਨਹੀਂ ਬਚਦਾ ਤੇ ਵਪਾਰੀ ਇਕ ਦਿਨ ਵਿਚ ਹੀ ਮੋਟੀ ਕਮਾਈ ਕਰ ਜਾਂਦੇ ਹਨ ਤੇ ਕਿਸਾਨਾਂ ਨੂੰ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ, ਬੱਚਿਆਂ ਦੀ ਪੜ੍ਹਾਈ, ਵਿਆਹ-ਸ਼ਾਦੀ ਲਈ ਸ਼ਾਹੂਕਾਰਾਂ, ਬੈਂਕਾਂ ਜਾਂ ਆੜਤੀ ਪਾਸੋਂ ਕਰਜ਼ਾ ਲੈਣਾ ਪੈਂਦਾ ਹੈ, ਜੋ ਘਾਟੇਵੰਦੀ ਖੇਤੀ ਹੋਣ ਕਾਰਨ ਕਿਸਾਨ ਮੋੜਨ ਵਿਚ ਅਸਮਰੱਥ ਹੁੰਦੇ ਹਨ। ਫਿਰ ਸ਼ਾਹੂਕਾਰਾਂ ਅਤੇ ਬੈਂਕਾਂ ਦੇ ਦਬਾਅ ਕਾਰਨ ਪ੍ਰੇਸ਼ਾਨੀ ਵਿਚ ਰਹਿੰਦੇ ਹੋਏ ਖ਼ੁਦਕੁਸ਼ੀਆਂ ਕਰਨ ਲੱਗ ਪਏ ਹਨ। ਪੂਰੇ ਭਾਰਤ ਵਿਚ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਲੱਖਾਂ ਵਿਚ ਹੈ ਪਰ ਅੱਜ ਤੱਕ ਕੇਂਦਰ ਅਤੇ ਸੂਬਾਈ ਸਰਕਾਰਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ।

ਕੁਦਰਤੀ ਕਰੋਪੀ ਕਾਰਨ ਜਿਵੇਂ ਕਿ ਫਸਲ ਨੂੰ ਅੱਗ ਲੱਗਣਾ, ਸੋਕਾ ਹਰ ਸਾਲ, ਹਾੜੀ ਤੇ ਸਾਊਣੀ ਦੀ ਫਸਲ ਪੀਲੀ ਕੁੰਗੀ, ਤੇਲਾ, ਝੁਲਸ ਰੋਗ, ਰੱਤਾ ਰੋਗ, ਅਨੇਕਾਂ ਹੀ ਉਲੀ ਰੋਗ ਅਮਰੀਕਨ ਸੁੰਡੀ ਅਤੇ ਹੜ੍ਹਾਂ ਕਾਰਨ ਹਜ਼ਾਰਾਂ ਹੈਕਟੇਅਰ ਫਸਲ ਖਰਾਬ ਹੁੰਦੀ ਹੈ। ਪਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ੇ ਦੇ ਰੂਪ ਵਿਚ ਖੇਤੀ ਲਾਗਤ ਮੁੱਲ ਦਾ ਚੌਥਾ ਹਿੱਸਾ ਵੀ ਨਹੀਂ ਦਿੱਤਾ ਜਾਂਦਾ। ਅੰਨਦਾਤਾ ਕਹਾਉਣ ਵਾਲਾ ਕਿਸਾਨ ਲਾਚਾਰਾਂ ਵਾਲੀ ਜ਼ਿੰਦਗੀ ਜੀਅ ਰਿਹਾ ਹੈ। ਸੂਬਾ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਜੂਨ ਸੁਧਾਰਨ ਲਈ ਡਾ: ਸਵਾਮੀਨਾਥਨ ਦੀ ਰਿਪੋਰਟ ਅਤੇ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਅਨੁਸਾਰ ਸਾਰਥਿਕ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਕਿਸਾਨ ਵੀ ਖੁਸ਼ਹਾਲ ਜੀਵਨ ਬਿਤਾ ਸਕਣ।

ਸੁਖਦੇਵ ਸਿੰਘ ਭੋਜਰਾਜ
-ਪਿੰਡ ਤੇ ਡਾਕ: ਭੋਜਰਾਜ (ਧਾਰੀਵਾਲ) ਗੁਰਦਾਸਪੁਰ
ਮੋ: 8437909999


Post Comment


ਗੁਰਸ਼ਾਮ ਸਿੰਘ ਚੀਮਾਂ