ਸ਼ਹਿਰਾਂ, ਕਸਬਿਆਂ ਵਿਚਲੀਆਂ ਕਈ ਗਲੀਆਂ 'ਚ ਮੋਟੇ ਅੱਖਰਾਂ 'ਚ ਲਿਖਿਆ ਮਿਲਦੈ, 'ਭੰਡਾਂ ਦੀ ਵਧਾਈ 251 ਰੁਪਏ...ਜੇ ਕੋਈ ਇਸ ਤੋਂ ਵੱਧ ਮੰਗੇ ਤਾਂ ਮੁਹੱਲੇ ਦੇ ਕੌਂਸਲਰ ਨਾਲ ਸੰਪਰਕ ਕਰੋ...।'
ਇਹ ਸਭ ਕਿਉਂ ਲਿਖਿਆ ਹੋਇਆ, ਇਨ੍ਹਾਂ ਹਦਾਇਤਾਂ ਪਿੱਛੇ ਕੀ ਤਰਕ ਹੋਇਆ? ਪੜ੍ਹਨ ਸਾਰ ਇਹ ਸਵਾਲ ਜ਼ਿਹਨ 'ਚ ਆਉਣ ਲੱਗਦੇ ਨੇ। ਜਿਹੜੇ ਭੰਡਾਂ ਦੀਆਂ ਚਟਪਟੀਆਂ ਗੱਲਾਂ ਅਤੇ ਛਾਤੀ 'ਤੇ ਵੱਜਦੀ ਥਾਪੀ ਦਾ ਖੜਕਾ ਹਾਸਾ ਉਪਜਾਉਂਦਾ ਹੁੰਦਾ ਸੀ, ਉਨ੍ਹਾਂ ਲਈ ਇਹ ਸਭ ਕਿਉਂ ਲਿਖਿਆ ਜਾਣ ਲੱਗਾ?
ਫਿਰ ਆਲੇ-ਦੁਆਲਿਓਂ ਪੁੱਛਿਆਂ ਪਤਾ ਲੱਗਦੈ ਕਿ ਕਈ ਵਾਰ ਭੰਡ ਉਨ੍ਹਾਂ ਲੋਕਾਂ ਕੋਲੋਂ ਵੀ ਵੱਧ ਵਧਾਈ ਲੈਣ ਦੀ ਜ਼ਿਦ ਕਰਨ ਲੱਗਦੇ ਨੇ, ਜਿਹੜੇ ਆਰਥਿਕ ਪੱਖੋਂ ਬਹੁਤੇ ਤਕੜੇ ਨਹੀਂ ਹੁੰਦੇ। ਏਸੇ ਕਰਕੇ ਮੁਹੱਲੇ ਵਾਲਿਆਂ ਕੰਧਾਂ 'ਤੇ ਉਨ੍ਹਾਂ ਦੀ ਪੱਕੀ ਫੀਸ ਲਿਖ ਦਿੱਤੀ।
ਸੱਚ ਹੈ ਕਿ ਹੁਣ ਭੰਡਾਂ ਦੇ ਦਰਸ਼ਨ ਪਹਿਲਾਂ ਵਾਂਗ ਨਹੀਂ ਹੁੰਦੇ। ਪਹਿਲਾਂ ਹਰ ਖੁਸ਼ੀ ਦੇ ਮੌਕੇ ਭੰਡਾਂ ਦਾ ਜਲਵਾ ਦੇਖਣ ਨੂੰ ਮਿਲਦਾ ਸੀ, ਪਰ ਹੁਣ ਗੱਲ ਪਹਿਲਾਂ ਵਰਗੀ ਨਹੀਂ ਰਹੀ। ਜਿਹੜੇ ਭੰਡ ਅੱਜ ਦਿਸਦੇ ਨੇ, ਉਹ ਸਿਆਣੀ ਉਮਰ ਦੇ ਨੇ, ਜਿਨ੍ਹਾਂ ਤੋਂ ਪਤਾ ਲੱਗਦੈ ਕਿ ਉਨ੍ਹਾਂ ਦੀ ਨਵੀਂ ਪੀੜ੍ਹੀ ਇਸ ਕਿੱਤੇ ਨੂੰ ਬਹੁਤਾ ਵਧੀਆ ਨਹੀਂ ਸਮਝਦੀ ਕਿਉਂਕਿ ਇੱਕ ਤਾਂ ਮਨੋਰੰਜਨ ਦੇ ਹੋਰ ਸਾਧਨਾਂ ਨੇ ਭੰਡ ਕਲਾ ਦੀ ਬਹੁਤੀ ਵੁੱਕਤ ਨਹੀਂ ਰਹਿਣ ਦਿੱਤੀ, ਦੂਜਾ ਇਸ ਕਿੱਤੇ ਵਿਚੋਂ ਸਨਮਾਨ ਨਹੀਂ ਮਿਲਦਾ।
ਭੰਡਾਂ ਦੀਆਂ ਗੱਲਾਂ ਵਿਚੋਂ ਜਿੱਥੇ ਹਾਸਾ ਪੈਂਦਾ ਹੁੰਦਾ ਸੀ, ਉਥੇ ਉਹ ਆਪਣੀ ਕਲਾ ਜ਼ਰੀਏ ਕਈ ਚੁਭਵੀਆਂ ਗੱਲਾਂ ਨੂੰ ਵੀ ਹਾਸੇ-ਠੱਠੇ ਵਿੱਚ ਕਰ ਜਾਂਦੇ ਸਨ। ਸੁਣਨ ਵਾਲੇ ਬੁਰਾ ਮਨਾਉਣ ਦੀ ਥਾਂ ਸਭ ਅਣਗੌਲਿਆ ਕਰ ਛੱਡਦੇ। ਕੰਜੂਸ ਤੋਂ ਕੰਜੂਸ ਬੰਦੇ ਦੀ ਜੇਬ 'ਚੋਂ ਨੀਲੇ ਰੰਗ ਦਾ ਨੋਟ ਕਢਾ ਲੈਣਾ ਭੰਡ ਕਲਾ ਦਾ ਵੱਡਾ ਨਮੂਨਾ ਸੀ। ਗੱਲ ਨੂੰ ਇਸ ਸਿਖਰ ਤੱਕ ਪੁਚਾ ਦੇਣਾ ਕਿ ਸੰਬੰਧਿਤ ਰਿਸ਼ਤੇਦਾਰਾਂ ਵੱਲੋਂ ਉਸ ਨੂੰ ਆਪਣੀ ਹੋਂਦ ਦਾ ਸਬੂਤ ਮੰਨਣ ਲੱਗਣਾ ਭੰਡਾਂ ਦਾ ਅਜਿਹਾ ਤੀਰ ਹੁੰਦਾ, ਜਿਹੜਾ ਹਮੇਸ਼ਾ ਟਿਕਾਣੇ ਲੱਗਦਾ।
ਜਦੋਂ ਅਸੀਂ ਨਿਆਣੇ ਸਾਂ, ਉਦੋਂ ਭੰਡਾਂ ਨੂੰ ਖੇਸ, ਲੱਡੂ-ਜਲੇਬੀਆਂ ਤੇ ਇੱਕੀ ਜਾਂ ਇਕੱਤੀ ਰੁਪਏ ਦਿੱਤੇ ਜਾਂਦੇ ਸਨ। ਮਹਿੰਗਾਈ ਨਾਲ ਭੰਡਾਂ ਦੀ ਮੰਗ ਵੀ ਵਧਣ ਲੱਗੀ ਤੇ ਉਹ ਵੱਧ ਲੈਣ ਲਈ ਜ਼ਿਦ ਕਰਨ ਲੱਗੇ। ਕਈ ਵਾਰ ਉਨ੍ਹਾਂ ਨੂੰ ਪੰਜ ਸੌ ਵੀ ਮਿਲ ਜਾਂਦਾ, ਪਰ ਜਦੋਂ ਇਹ ਜ਼ਿਦ ਹੋਰ ਵਧਣ ਲੱਗੀ ਤਾਂ ਕੰਧਾਂ 'ਤੇ ਉਨ੍ਹਾਂ ਦੀ ਪੱਕੀ ਫੀਸ ਲਿਖ ਦਿੱਤੀ ਗਈ। ਮੀਰ ਆਲਮ ਘਰਾਣੇ ਨਾਲ ਸੰਬੰਧਿਤ ਭੰਡ ਕਲਾ ਦੀ ਖਾਸੀਅਤ ਹਾਜ਼ਰ ਜਵਾਬੀ ਹੈ। ਜਿੱਥੇ ਖੁਦ 'ਤੇ ਕੀਤੀਆਂ ਟਕੋਰਾਂ ਜ਼ਰੀਏ ਉਨ੍ਹਾਂ ਵੱਲੋਂ ਹਾਸਾ ਪੈਦਾ ਕੀਤਾ ਜਾਂਦਾ ਹੈ, ਉਥੇ ਸੁਣਨ ਵਾਲਿਆਂ 'ਤੇ ਵੀ ਕਈ ਇਹੋ ਜਿਹੀਆਂ ਟਕੋਰਾਂ ਲਾਈਆਂ ਜਾਂਦੀਆਂ, ਜਿਹੜੀਆਂ ਲੰਮਾ ਸਮਾਂ ਸਭ ਨੂੰ ਚੇਤੇ ਰਹਿੰਦੀਆਂ।
ਵਿੰਗ-ਤੜਿੰਗੇ ਪਰਨੇ ਅਤੇ ਸਾਦੇ ਕੁੜਤੇ-ਚਾਦਰੇ ਵਾਲੇ ਭੰਡ ਭਾਵੇਂ ਅੱਜ ਘੱਟ ਦਿਸਦੇ ਹੋਣ, ਪਰ ਇਨ੍ਹਾਂ ਦੀਆਂ ਗੱਲਾਂ ਚੇਤੇ ਕਰਕੇ ਅੱਜ ਵੀ ਗੁਦਗੁਦੀ ਹੋਣ ਲੱਗ ਜਾਂਦੀ ਹੈ। ਇਹ ਨਹੀਂ ਕਿ ਇਹ ਕਲਾ ਹੁਣ ਬਿਲਕੁਲ ਅਲੋਪ ਹੋ ਗਈ ਹੈ, ਗਾਹੇ-ਬਗਾਹੇ ਇਨ੍ਹਾਂ ਦੀ ਕਲਾ ਦੇ ਨਮੂਨੇ ਦੇਖਣ ਨੂੰ ਮਿਲਦੇ ਹਨ, ਪਰ ਦੇਖਣ ਵਾਲਿਆਂ ਵਿੱਚ ਇਨ੍ਹਾਂ ਪ੍ਰਤੀ ਪਹਿਲਾਂ ਜਿੰਨਾ ਉਤਸ਼ਾਹ ਹੁਣ ਨਹੀਂ ਲੱਭਦਾ।