ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, September 15, 2012

ਗੁਰਦੁਆਰਾ


ਸਿੱਖੀ ਜਾਹੋ-ਜਲਾਲ ਦੇ ਪ੍ਰਤੀਕ ਵਜੋਂ ਸਾਡੀ ਮਾਨਸਿਕਤਾ ਵਿਚ ਇਹ ਗੱਲ ਗੂੜ-ਰੂੁਪ ਵਿਚ ਸਮਾਈ ਹੋਈ ਹੈ ਕਿ ਹਰ ਉਸ ਅਸਥਾਨ ਦੀ ਚਰਨ ਧੂੜ ਆਪਣੇ ਮਸਤਕ ‘ਤੇ ਲਾਵੇ ਜਿੱਥੇ ਸਤਿਗੁਰਾਂ ਨੇ ਆਪਣੇ ਮੁਬਾਰਖ਼ ਕਦਮਾਂ ਨਾਲ ਇਸ ਧਰਤੀ ਨੂੰ ਫੈਜ਼ਯਾਬ ਕੀਤਾ ਹੈ। ਇਸੇ ਲਈ ਸਿੱਖ ਆਪਣੇ ਗੁਰੂ ਅੱਗੇ ਦੋ ਵਾਰ ਅਰਦਾਸ ਵਿਚ ਸਰਬੱਤ ਗੁਰਦੁਆਰਿਆਂ ਦੇ ਧਿਆਨ ਕੇਂਦਰਿਤ ਕਰਦਾ ਹੈ।
‘ਗੁਰਦੁਆਰਾ’ ਸ਼ਬਦ ਦੇ ਲਫਜ਼ੀ ਮਾਅਨੇ ਬੜੇ ਵਿਸ਼ਾਲ ਹਨ। ਇਹ ਵਿਸ਼ਾਲ ਸੋਮੇ ਪਰਮਸਤਿ ਅਕਾਲ ਪੁਰਖ ਦੇ ਸਿਮਰਨ ਦੇ ਮੂਲ ਸਰੋਤ ਹੀ ਨਹੀਂ ਸਗੋਂ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਸਭਿਆਚਾਰਕ ਕਲਸ਼ ਮੰਨੇ ਜਾਂਦੇ ਹਨ। ਗੁਰਦੁਆਰੇ ਨੂੰ ਗੁਰੂ ਦਾ ਘਰ, ਗੁਰੂ ਦੀ ਮਾਰਫਤ, ਗੁਰੂ ਦੇ ਜ਼ਰੀਏ, ਸਿੱਖਾਂ ਦਾ ਧਰਮ ਮੰਦਰ ਆਦਿ ਆਖਿਆ ਜਾਂਦਾ ਹੈ। ਇਹ ਉਹ ਪਵਿੱਤਰ ਅਸਥਾਨ ਹੈ ਜਿਸ ਨੂੰ ਦਸ ਗੁਰੂ ਸਾਹਿਬਾਨਾਂ ਨੇ ਧਰਮ ਪ੍ਰਚਾਰ ਦੇ ਪ੍ਰਸਾਰ ਲਈ ਬਣਾਇਆ। ਗੁਰਦੁਆਰੇ ਵਿਚ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਅਰਜਨ ਸਾਹਿਬ ਦੇ ਸਮੇਂ ਤੱਕ ਸਿੱਖਾਂ ਦੇ ਧਰਮ ਅਸਥਾਨ ਨੂੰ ‘ਧਰਮਸ਼ਾਲਾ’ ਆਖਿਆ ਜਾਂਦਾ ਸੀ।
ਮੈਂ ਬਧੀ ਸਚੁ ਧਰਮਸ਼ਾਲ ਹੈ।
ਗੁਰਸਿੱਖਾਂ ਲਹਦਾ ਭਾਲਿਕੈ।।
ਪੈਰ ਧੋਵਾ ਪਖਾ ਫੇਰਦਾ ਤਿਸੁ
ਨਿਵਿ ਲਗਾ ਪਾਇ ਜੀਉ।।
(ਸ੍ਰੀ ਗੁ. ਗ੍ਰ. ਸਾਹਿਬ)
ਪੂਰਬ ਧਰਮਸ਼ਾਲ ਬਨਵਾਵਹੁ।।
ਬਹੁਰ ਆਇ ਹਮ ਕੋ ਲੈਜਾਵਹੁ।।

ਗੁਰੂ ਅਰਜਨ ਸਾਹਿਬ ਨੇ ਸਭ ਤੋਂ ਪਹਿਲਾਂ ਅੰਮ੍ਰਿਤ ਸਰੋਵਰ ਦੇ ਦਰਬਾਰ ਸਾਹਿਬ ਦੀ ‘ਹਰਿ ਮੰਦਰ’ ਸੰਗਯਾ ਥਾਪੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਮੀਰੀ ਪੀਰੀ ਦੇ ਪਾਤਸ਼ਾਹ ਦੇ ਸਮੇਂ ਇਸ ਧਰਮਸ਼ਾਲਾ ਦੀ ਸੰਗਯਾ  ‘ਗੁਰਦੁਆਰਾ’ ਹੋਈ। ‘ਗੁਰਸ਼ਬਦ ਰਤਨਾਕਰ ਮਹਾਨਕੋਸ਼’ ਦੇ ਲੇਖਕ ਅਨੁਸਾਰ ਸਿੱਖਾਂ ਦੇ ਗੁਰਦੁਆਰੇ ‘ਪੜਿਆਰਿਆਂ ਲਈ ਸਕੂਲ, ਰੋਗੀਆਂ ਲਈ ਸਫਾਖਾਨਾ, ਆਤਮ ਜਿਗਯਾਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰਯ, ਭੁੱਖਿਆਂ ਲਈ ਅੰਨਪੂਰਣਾ, ਇਸਤਰੀ ਜਾਤਿ ਦੀ ਪੱਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ।
ਗੁਰੂ ਨਾਨਕ ਪਾਤਸ਼ਾਹ ਜਿੱਥੇ ਵੀ ਗਏ, ਉਨ੍ਹਾਂ ਨੇ ਲੋਕਾਂ ਨੂੰ ‘ਧਰਮਸ਼ਾਲਾ’ ਸਥਾਪਤ ਕਰਨ ਦੀ ਤਾਕੀਦ ਕੀਤੀ ਤਾਂ ਜੋ ਸੰਗਤਾਂ ਬੈਠ ਕੇ ‘ਅਕਾਲਪੁਰਖ” ਦਾ ਜਾਪ ਕਰ ਸਕਣ। ਗੁਰੂ ਸਾਹਿਬ ਨੇ ਆਪ ਵੀ ਦਰਿਆ ਰਾਵੀ ਦੇ ਕੰਢੇ ‘ਕਰਤਾਰਪੁਰ ਸਾਹਿਬ’ ਵਿਚ ‘ਧਰਮਸ਼ਾਲਾ’ ਸਥਾਪਤ ਕੀਤੀ ਜਿੱਥੇ ਗੁਰੂ ਸਾਹਿਬ ਕਾਫੀ ਸਮਾਂ ਰਹੇ। ਗੁਰੂ ਅਰਜਨ ਸਾਹਿਬ ਨੇ 1604 ਵਿਚ ਪੋਥੀ ਜਾਂ ਗ੍ਰੰਥ (ਬਾਅਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ) ਸੰਪਾਦਨ ਕੀਤਾ ਜਿਸ ਵਿਚ ਪਵਿੱਤਰ ਸ਼ਬਦਾਂ ਨੂੰ ਇਕੱਠਾ ਕੀਤਾ ਗਿਆ। ਆਪਣੀ ਬਾਣੀ ਤੋਂ ਇਲਾਵਾ, ਗੁਰੂ ਸਾਹਿਬ ਨੇ ਹੋਰ ਭਗਤਾਂ, ਪੀਰਾਂ-ਫਕੀਰਾਂ ਆਦਿ ਦੀ ਬਾਣੀ ਵੀ ਇਸ ‘ਗ੍ਰੰਥ’ ਵਿਚ ਸ਼ਾਮਲ ਕੀਤੀ। ਗੁਰੂ ਅਰਜਨ ਸਾਹਿਬ ਨੇ ਆਪਣੀ ਬਾਣੀ ਤੋਂ ਇਲਾਵਾ ਆਪਣੇ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਵੀ ਇਸ ‘ਗ੍ਰੰਥ’ ਵਿਚ ਅੰਕਿਤ ਕੀਤੀ ਅਤੇ ਹਿੰਦੁਸਤਾਨੀ ਸੂਫੀ ਅਤੇ ਸੰਤਾਂ ਦਾ ਕਲਾਮ ਦਰਜ ਕੀਤਾ। ਇਸ ‘ਗ੍ਰੰਥ’ ਨੂੰ ‘ਪੋਥੀ ਪ੍ਰਮੇਸ਼ਰ ਕਾ ਥਾਨ” ਦਾ ਰੁਤਬਾ ਦਿੱਤਾ।
1708 ਵਿਚ ਦਸਵੇਂ ਗੁਰੂ  ਗੁਰੂ ਗੋਬਿੰਦ ਸਿੰਘ ਸਾਹਿਬ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਨੂੰ ਗੁਰਗੱਦੀ ਬਖਸ਼ੀ। ਹਰ ਗੁਰਦੁਆਰੇ ਵਿਚ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਪ੍ਰਕਾਸ਼ ਹੋਣਾ ਬਹੁਤ ਜ਼ਰੂਰੀ ਹੈ। ਗੁਰਦੁਆਰੇ ਦੇ ਬਾਹਰ ‘ਨਿਸ਼ਾਨ ਸਾਹਿਬ’ ਦੂਰੋਂ  ਵਿਖਾਈ ਦੇਂਦਾ ਹੈ ਜਿਸ ਦਾ ਰੰਗ ਪੀਲਾ, ਕੇਸਰੀ ਜਾਂ ਸੁਰਮਈ ਹੁੰਦਾ ਹੈ। ਗੁਰੂ ਸਾਹਿਬਾਨ ਦੇ ਸਮੇਂ ਅਤੇ ਬੁੱਢਾ ਦਲ ਦੇ ਬੋਲਬਾਲੇ ਸਮੇਂ ਗੁਰਦੁਆਰਿਆਂ ਦਾ ਖਾਸ ਖਿਆਲ ਰੱਖਿਆ ਜਾਂਦਾ ਸੀ। ਗੁਰਦੁਆਰਿਆਂ ਦਾ ਪ੍ਰਬੰਧਕ ਅਤੇ ਸੇਵਾਦਾਰ ਉਹ ਹੀ ਹੋਇਆ ਕਰਦਾ ਸੀ ਜੋ ਵਿਦਵਾਨ, ਗੁਰਮਤਿ ਵਿਚ ਪ੍ਰਪੱਕ ਅਤੇ ਉੱਚੇ ਆਚਾਰ ਵਾਲਾ ਹੁੰਦਾ ਸੀ। ਸਮੇਂ ਦੀ ਗਰਦਸ਼ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ ਦੀ ਪ੍ਰਧਾਨਗੀ ਵਿਚ ਮੁੱਖ ਗੁਰਦੁਆਰਿਆਂ ਦਾ ਪ੍ਰਬੰਧ ਸਾਰਾ ਉਲਟ-ਪੁਲਟ ਕਰ ਦਿੱਤਾ ਜਿਸ ਦਾ ਅਸਰ ਦੇਸ਼ ਦੇ ਸਾਰੇ ਗੁਰਦੁਆਰਿਆਂ ‘ਤੇ ਵੀ ਹੌਲੀ-ਹੌਲੀ ਹੋਇਆ। ਸਿੱਖ ਕੌਮ ਵਿਚ ਜਿਵੇਂ-ਜਿਵੇਂ ਗੁਰਮਤਿ ਦਾ ਪ੍ਰਚਾਰ ਅਲੋਪ ਹੁੰਦਾ ਗਿਆ, ਤਿਉਂ-ਤਿਉਂ ਗੁਰਦੁਆਰਿਆਂ ਦੀ ਮਰਯਾਦਾ ਵੀ ਵਿਗੜਦੀ  ਗਈ ਅਤੇ ਇਥੋਂ ਤੱਕ ਦੁਰਦਸ਼ਾ ਹੋਈ ਕਿ ਸਿੱਖ ਗੁਰਦੁਆਰੇ ਸਿਰਫ ਕਹਿਣ ਲਈ ਗੁਰਧਾਮ ਰਹਿ ਗਏ। ਗੁਰਦੁਆਰਿਆਂ ਦੇ ਸੇਵਕਾਂ ਨੇ ਗੁਰਦੁਆਰਿਆਂ ਦੀਆਂ ਪਵਿੱਤਰ ਜਾਇਦਾਦਾਂ, ਜਾਗੀਰਾਂ ਨੂੰ ਆਪਣੇ ਨਾਮ ਕਰ ਲਿਆ ਅਤੇ ਪਵਿੱਤਰ ਅਸਥਾਨਾਂ ਵਿਚ ਉਹ ਅਪਵਿੱਤਰ ਕੰਮ ਹੋਣ ਲੱਗੇ ਜਿਨ੍ਹਾਂ ਦਾ ਜ਼ਿਕਰ ਕਰਨਾ ਇਥੇ ਸ਼ੋਭਦਾ ਨਹੀਂ। ਅੰਗਰੇਜ਼ਾਂ ਦੀ ਹਕੂਮਤ ਸਮੇਂ ਬਹੁਤ ਸਾਰੇ ਮਹੰਤਾਂ ਤੇ ਪੁਜਾਰੀਆਂ ਨੂੰ ਅੰਗਰੇਜ਼ਾਂ ਦੀ ਸ਼ਹਿ ਪ੍ਰਾਪਤ ਹੋਈ ਜਿਸ ਕਾਰਨ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਖਾਲਸਾ ਜੀ ਨੂੰ ਭਾਰੀ ਜਦੋਜਹਿਦ ਕਰਨੀ ਪਈ ਅਤੇ ਅਖੀਰ ਸਫਲਤਾਵਾਂ ਨੇ ਉਨ੍ਹਾਂ ਦੇ ਪੈਰਾਂ ‘ਤੇ ਦਸਤਕ ਦਿੱਤੀ।
ਸਮੇਂ ਦੀ ਰਫਤਾਰ ਨਾਲ ਹਿੰਦੁਸਤਾਨ ਦੇ ਹੋਰ ਧਰਮੀ ਲੋਕਾਂ ਨੇ ਆਪਣੇ ਧਰਮ ਤੇ ਸਮਾਜ ਲਈ ਜਥੇ ਬਣਾਏ ਤਾਂ ਸਿੱਖਾਂ ਦੀ ਵੀ ਜਾਗ  ਖੁੱਲ੍ਹੀ ਅਤੇ ਉਨ੍ਹਾਂ ਨੇ ਵੀ ਸਿੰਘ ਸਭਾਵਾਂ, ਖਾਲਸਾ ਦੀਵਾਨ ਆਦਿ ਬਣਾ ਕੇ  ਧਰਮ ਅਤੇ ਸਮਾਜ ਦਾ ਸੁਧਾਰ ਕਰਨਾ ਆਰੰਭਿਆ। ਖਾਲਸਾ ਅਖਬਾਰ, ਖਾਲਸਾ ਸਮਾਚਾਰ ਆਦਿ ਅਖਬਾਰ ਅਤੇ ਖਾਲਸਾ ਟ੍ਰੈਕਟ ਸੁਸਾਇਟੀਆਂ ਨੇ ਅਹਿਮ ਰੋਲ ਅਦਾ ਕੀਤਾ ਜਿਸ ਕਾਰਨ ਕੌਮ ਵਿਚ ਜਾਗ੍ਰਤੀ ਆਉਣੀ ਕੁਦਰਤੀ ਪਹਿਲੂ ਸੀ।
‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਪਹਿਲੀ ਬੀੜ ਦਾ ਪ੍ਰਕਾਸ਼ ਸਿੱਖਾਂ ਦੇ ਕੇਂਦਰੀ ਅਸਥਾਨ ‘ਹਰਿਮੰਦਰ ਸਾਹਿਬ’ ਅੰਮ੍ਰਿਤਸਰ ਵਿਚ ਹੋਇਆ। ਇਸ ਬੀੜ ਦੀਆਂ ਹੋਰ ਨਕਲਾਂ/ਉਤਾਰੇ ਕਰਕੇ ਸ਼ਰਧਾਲੂ ਸਿਰਾਂ ‘ਤੇ ਅਦਬ ਨਾਲ ਚੁੱਕ ਕੇ ਧਰਮਸ਼ਾਲਾ (ਗੁਰਦੁਆਰਿਆਂ) ਵਿਚ ਲੈ ਜਾ ਕੇ ਪ੍ਰਕਾਸ਼ ਕਰਦੇ।  ਸਤਿਕਾਰ ਨਾਲ ਇਸ ਨੂੰ  ‘ਗ੍ਰੰਥ ਸਾਹਿਬ’ ਆਖਿਆ ਜਾਂਦਾ। ਧਰਮਸ਼ਾਲ ਜਿਸ ਵਿਚ ‘ਗ੍ਰੰਥ ਸਾਹਿਬ’ ਦਾ ਪ੍ਰਕਾਸ਼ ਕੀਤਾ ਜਾਂਦਾ, ਉਸ ਨੂੰ ‘ਗੁਰਦੁਆਰਾ’ ਆਖਿਆ ਗਿਆ ਪਰ ਕੇਂਦਰੀ ਸਿੱਖ ਅਸਥਾਨ ਅੰਮ੍ਰਿਤਸਰ ‘ਦਰਬਾਰ ਸਾਹਿਬ’ ਜਾਂ ‘ਹਰਿਮੰਦਰ ਸਾਹਿਬ’ ਕਰਕੇ ਪ੍ਰਸਿੱਧ ਹੋਇਆ। ਕਈ ਵੇਰਾਂ ਬਹੁਤ ਸਾਰੇ ਭੁਲੜ  ਵੀਰ ਗੁਰਦੁਆਰੇ ਨੂੰ ‘ਸਿੱਖ ਟੈਂਪਲ’ ‘ਸਿੱਖ ਚਰਚ’ ‘ਸਿੱਖ ਮਸੀਤ’ ਆਦਿ ਆਖ ਛੱਡਦੇ ਹਨ ਜੋ ਬਿਲਕੁਲ ਗਲਤ ਹੈ।
ਅਠਾਰਵੀਂ ਸਦੀ ਦੇ ਦੂਜੇ ਅੱਧ ਵਿਚ ਅਤੇ ਬਾਅਦ  ਵਿਚ   ਸਿੱਖਾਂ ਨੇ ਕਾਫੀ ਮੱਲਾਂ ਮਾਰੀਆਂ ਅਤੇ ਫਤਹਿਯਾਬੀਆਂ ਹਾਸਲ ਕੀਤੀਆਂ। ਬਹੁਤ ਸਾਰੇ ਸਿੱਖ ਵਸੋਂ ਵਾਲੇ ਇਲਾਕਿਆਂ ਵਿਚ ਗੁਰਦੁਆਰੇ ਉਸਾਰੇ ਗਏ, ਖਾਸਕਰ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ  ਨਾਲ ਸਬੰਧਤ ਦਾ ਨਿਰਮਾਣ ਕੀਤਾ ਗਿਆ। ਬਹੁਤ ਸਾਰੇ ਤਵਾਰੀਖੀ ਗੁਰਦੁਆਰੇ ਰਾਜੇ-ਮਹਾਰਾਜਿਆਂ ਨੇ ਜ਼ਮੀਨਾਂ ਦੇ ਕੇ ਉਸਾਰੇ। ਇਸ ਲੋਕ ਭਲਾਈ ਕਾਰਨ ਕਈ ਵੇਰ ਪੁਰਖੀ ਮਹੰਤਾਂ ਦੇ ਕਬਜ਼ੇ ਵਿਚ ਗੁਰਦੁਆਰੇ ਆ ਗਏ ਜਿਨ੍ਹਾਂ ਨੂੰ ਆਜ਼ਾਦ ਕਰਨ ਲਈ ਸਿੱਖ ਪੰਥ ਨੂੰ ਲਗਾਤਾਰ ਸੰਘਰਸ਼ ਕਰਨੇ ਪਏ ਅਤੇ 1925 ਵਿਚ ‘ਸਿੱਖ ਗੁਰਦੁਆਰਾ ਐਕਟ’ ਵਜੂਦ ਵਿਚ ਆਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਸਾਰੇ ਗੁਰਦੁਆਰੇ ਕੀਤੇ ਗਏ ਜੋ ਸਰਕਾਰ ਦੀ ਨਿਗਰਾਨੀ ਹੇਠ ਚੁਣੀ ਜਾਂਦੀ ਪ੍ਰਮੁੱਖ ਸੰਸਥਾ ਹੈ। ਬਹੁਤ ਸਾਰੇ ਗੁਰਦੁਆਰੇ ਇਸ ਤਹਿਤ ਨਹੀਂ ਆਉਂਦੇ, ਜਿਨ੍ਹਾਂ ਦਾ ਪ੍ਰਬੰਧ ਮੁਕਾਮੀ ਸੰਗਤਾਂ ਕਰਦੀਆਂ ਹਨ। ਗੁਰਦੁਆਰੇ ਵਿਚ ‘ਸੇਵਾ’ ਨੂੰ ਉੱਤਮ ਮੰਨਿਆ ਗਿਆ ਹੈ।
ਗੁਰਦੁਆਰੇ ਵਿਚ ਸਿੱਖਾਂ ਤੋਂ ਇਲਾਵਾ ਹਰ ਧਰਮ, ਜਾਤਪਾਤ ਦਾ ਬੰਦਾ ਆ ਸਕਦਾ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਕੁਝ ਵਿਸ਼ੇਸ਼ ਅਸੂਲ ਵੀ ਮੁਕੱਰਰ ਕੀਤੇ ਗਏ ਹਨ ਜਿਵੇਂ ਗੁਰਦੁਆਰੇ ਅਹਾਤੇ ਵਿਚ ਕੋਈ ਸਿਰੋਂ ਨੰਗਾ, ਜੁੱਤੀ ਪਹਿਨ ਕੇ, ਨਸ਼ਾ ਆਦਿ ਕਰ ਕੇ ਨਹੀਂ ਜਾ ਸਕਦਾ। ਸੰਗਤਾਂ ਵਿਚ ਧਰਮ ਜਾਂ ਜਾਤਪਾਤ ਲਿੰਗ ਆਦਿ ਦਾ ਕੋਈ ਭਿੰਨ-ਭੇਤ ਨਹੀਂ ਰੱਖਿਆ ਜਾਂਦਾ। ਗੁਰਦੁਆਰਿਆਂ ਦੀ ਨਿਰਮਾਣਕਾਰੀ ਵੀ ਇਕੋ ਜਿਹੀ ਕਿਤੇ ਵੀ  ਮਕਸੂਸ ਨਹੀਂ। ਸਭ ਤੋਂ ਖਾਸ ਬਾਤ ਹੈ ਕਿ ਹਰ ਗੁਰਦੁਆਰੇ ਵਿਚ ਪ੍ਰਕਾਸ਼ ਅਸਥਾਨ ਬਣਾਉਣਾ ਜ਼ਰੂਰੀ ਹੈ। ਇਹ ਆਮ ਸੰਗਤਾਂ ਦੇ ਬੈਠਣ ਦੀ ਥਾਂ ਤੋਂ ਉੱਚਾ ਹੋਣਾ ਬਹੁਤ ਜ਼ਰੂਰੀ ਹੈ। ਅਜੋਕੇ ਸਮੇਂ ਬਹੁਤ ਸਾਰੇ ਗੁਰਦੁਆਰਿਆਂ ਦੀ ਉਸਾਰੀ ‘ਦਰਬਾਰ ਸਾਹਿਬ’ ਦੀ ਨਿਰਮਾਣਕਾਰੀ ਵਰਗੀ ਕੀਤੀ ਗਈ ਹੈ। ਸੰਗਤਾਂ ਦੇ ਵਿਸ਼ਾਲ ਇਕੱਠਾਂ ਨੂੰ ਸਨਮੁੱਖ ਰੱਖ ਕੇ, ਗੁਰਦੁਆਰਿਆਂ ਵਿਚ ਇਕ ਨੁੱਕਰ ‘ਤੇ ‘ਪ੍ਰਕਾਸ਼ ਅਸਥਾਨ’ ਅਤੇ ਸਾਹਮਣੇ ਵੱਡੇ ਹਾਲ ਉਸਾਰੇ ਗਏ ਹਨ। ਗੁਰਦੁਆਰਿਆਂ ਨਾਲ ‘ਗੁਰੂ ਕਾ ਲੰਗਰ’ ਅਤੇ ‘ਯਾਤਰੂਆਂ ਲਈ ਰਿਹਾਇਸ਼” ਦਾ ਇੰਤਜ਼ਾਮ ਵੀ ਰੱਖਿਆ ਜਾਂਦਾ ਹੈ। ਬਹੁਤ ਸਾਰੇ ਗੁਰਦੁਆਰਿਆਂ ਵਿਚ ਪ੍ਰਮੁੱਖ ਚਾਰ ਭਾਗ ਹੁੰਦੇ ਹਨ ਜਿਵੇਂ ਪ੍ਰਕਾਸ਼ ਅਸਥਾਨ ਤੇ ਸੰਗਤਾਂ ਲਈ ਹਾਲ, ਲੰਗਰ ਹਾਲ, ਰਿਹਾਇਸ਼ ਅਤੇ ਯਾਤਰੂਆਂ ਲਈ ਸਰਾਂ ਅਤੇ ਦਫਤਰ ਤੇ ਲਾਇਬਰੇਰੀ।

ਡਾ. ਜਸਬੀਰ ਸਿੰਘ ਸਰਨਾ


Post Comment


ਗੁਰਸ਼ਾਮ ਸਿੰਘ ਚੀਮਾਂ