ਜਦ ਮੱਝੀਆਂ ਚਾਰਨ ਲਈ, ਖੇਤੀਂ ਲੈ ਜਾਂਦੇ ਸਾਂ,
ਰੋਟੀ ਇਕ ਦੂਜੇ ਦੀ , ਜਦ ਖੋਹ ਕੇ ਖਾਂਦੇ ਸਾਂ।
ਆਥਣ ਨੂੰ ਬੇਰੀਆਂ ਤੋਂ, ਜਾ ਲਾਹੁਣੇ ਬੇਰ ਜਦੋਂ।
ਚਾਵਾ ਨਾਲ ਮਾਂਵਾਂ ਵੀ, ਕਹਿੰਦੀਆਂ ਸੀ ਪੁੱਤ ਸ਼ੇਰ ਜਦੋਂ।
ਉਹ ਦਿਨ ਵੀ ਕੀ ਦਿਨ ਸੀ ਖੁਸੀਆਂ ਵਿੱਚ ਰੰਗੇ ਸੀ
ਕੀ ਦੱਸਾਂ ਮਿੱਤਰਾ ਓੁਏ , ਉਹ ਵੇਲੇ ਚੰਗੇ ਸੀ।
ਰਖਣੀ ਗੁਲੇਲ ਕੋਲ, ਰਾਖੀ ਲਈ ਛੱਲੀਆਂ ਦੀ।
ਸਬਜੀ ਕੀ ਬਣਦੀ ਸੀ ਗੁਆਰੇ ਦੀਆਂ ਫਲੀਆਂ ਦੀ।
ਖਰਾਸ ਦੇ ਆਟੇ ਲਈ ਬਲਦਾਂ ਦੀ ਜੋੜੀ ਸੀ।
ਨਾ ਜੀਪ ਸਕੂਟਰ ਸੀ, ਵਿਰਲੀ ਪਿੰਡ ਘੋੜੀ ਸੀ।
ਬਾਪੂ ਵੀ ਆਹਰਨ ਤੇ ਚੰਡਦਾ ਸੀ ਕਸੀਏ ਜਦ।
ਕੋਲ ਆ ਬਹਿੰਦੇ ਸਨ, ਗੱਲਾਂ ਦੇ ਰਸੀਏ ਜਦ ।
ਗੱਲਾਂ ਖੁਰਾਕ ਦੀਆਂ, ਗੱਲਾਂ ਸੀ ਜੋਰ ਦੀਆਂ ।
ਗੱਲਾਂ ਸੀ ਅਣਖ ਦੀਆਂ ਗੱਲਾਂ ਸੀ ਖੌਰ ਦੀਆਂ।
ਵੱਲ ਛਲ ਨਾ ਕੋਈ ਸੀ ਸਿੱਧੇ ਸਾਧੇ ਬੰਦੇ ਸੀ।
ਕੀ ਦੱਸਾਂ ਮਿਤਰਾ ਉਏ……………
ਘਰ ਮੁੜਨਾ ਲਾਉਢੇ ਵੇਲੇ ਲਗਦੀ ਸੀ ਭੁੱਖ ਜਦੋਂ।
ਕਾਹੜਨੀ ਦੇ ਦੁਧ ਨਾਲ ਸਭ ਟੁਟਦੇ ਸੀ ਦੁੱਖ ਜਦੋਂ।
ਨਾਹੁਣਾਂ ਵਿਚ ਨਹਿਰਾਂ ਦੇ ਰੁੱਖਾਂ ਤੇ ਚੜ੍ਹਦੇ ਸਾਂ।
ਕਿੱਸਾ ਜਦ ਪੂਰਨ ਦਾ ਹੇਕਾਂ ਲਾ ਪੜ੍ਹਦੇ ਸਾਂ ।
ਬਾਪੂ ਸੀ ਹਲ ਜੋੜਦਾ ਪਹਿਰ ਦੇ ਤੜ੍ਹਕੇ ਜਦ।
ਚਰਖਾ ਮਾਂ ਡਾਹ ਲੈਂਦੀ, ਪੂਣੀਆਂ ਕਰਕੇ ਜਦ ।
ਮਿੱਠਾ ਸੀ ਲਗਦਾ ਕਿੰਨਾ ਸੰਗੀਤ ਮਧਾਣੀ ਦਾ ।
ਮਨ ਨੂੰ ਸਕੂਨ ਸੀ ਮਿਲਦਾ ਨਾਨਕ ਦੀ ਬਾਣੀ ਦਾ।
ਹੋੜ ਨਾ ਪੈਸੇ ਦੀ, ਲੋਕ ਸੂਲੀ ਨਾ ਟੰਗੇ ਸੀ।
ਕੀ ਦੱਸਾਂ ਮਿਤਰਾ ਓਏ ……………
ਤੋਰੀਏ ਨੂੰ ਗਾਹੁਣ ਲਈ ਪਾਉਦੇ ਸੀ ਗਾਹ ਜਦੋਂ।
ਦਾਣਿਆਂ ਨੂੰ ਕੱਢਣ ਦਾ ਹੁੰਦਾ ਸੀ ਚਾਅ ਜਦੋਂ
ਸ਼ੱਕਰ ਵਿਚ ਘਿਓ ਪਾ ਕੇ,ਮਾਂ ਕਦੋਂ ਲਿਆਵੇਗੀ।
ਵੇਖਣਾਂ ਰਾਹਾਂ ਵਲ , ਰੋਟੀ ਕਦੋਂ ਆਵੇਗੀ।
ਬੋਹੜਾਂ ਦੇ ਹੇਠਾਂ ਆਂ , ਬਹਿੰਦੇ ਸਭ ਲੋਕ ਸੀ ।
ਪੀਣ ਲਈ ਗੁੜ੍ਹ ਦਾ ਸੰਰਬਤ ਪੈਪਸੀ ਨਾ ਕੋਕ ਸੀ।
ਨਸ਼ਿਆਂ ਤੋ ਦੂਰ ਬੜੀ ਰਹਿੰਦੀ ਜਵਾਨੀ ਸੀ।
ਗੱਬਰੂ ਸੀ ਚੁਕਦੇ ਬੋਰੀਆਂ ਕਬੱਡੀ ਭਲਵਾਨੀ ਸੀ।
ਫੋਕੀਆਂ ਟੌਹਰਾਂ ਨੇ ,ਦੁਨੀਆਂ ਬਦਲਾ ਦਿੱਤੀ ।
ਜਵਾਨੀ ਮੇਰੇ ਦੇਸ਼ ਦੀ , ਪੁੱਠੇਰਾਹ ਪਾ ਦਿੱਤੀ।
ਕੁਝ ਟੀ ਵੀ ਚੈਨਲਾਂ ਨੇ,ਕੁਝ ਅਸ਼ਲੀਲ ਅਖਬਾਰਾਂ ਨੇ।
ਕੁਝ ਡਾਨਸ ਕਲੱਬਾਂ ਨੇ , ਕੁਝ ਬੀਅਰ ਬਾਰਾਂ ਨੇ।
ਕੁਝ ਵਾਧੂ ਫੈਸ਼ਨ ਨੇ, ਸਾਡੀ ਸੁਰਤ ਭੁਲਾ ਦਿੱਤੀ,
ਜਵਾਨੀ ਮੇਰੇ ਦੇਸ਼ ਦੀ, ਪੁੱਠੇ ਰਾਹ ਪਾ ਦਿੱਤੀ।
ਪਰਤ ਕੇ ਆਉਣੇ ਨਹੀਂ ਦਿਨ ਖੁਸੀਆਂ ਰੰਗੇ ਸੀ
ਵੇਲੇ ਜੋ ਲੰਘ ਗਏ ਉਹ ਵੇਲੇ ਚੰਗੇ ਸੀ।
ਗੁਰਚਰਨ ਨੂਰਪੁਰ
Mo: 9855051099