ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, September 7, 2012

ਸਿੱਖ ਕੌਮ ਦਾ ਗੌਰਵਮਈ ਵਿਦਵਾਨ ਪੰਥ ਰਤਨ ਗਿਆਨੀ ਦਿੱਤ ਸਿੰਘ


6 ਸਤੰਬਰ 1901 ਨੂੰ ਸਿੰਘ ਸਭਾ ਲਾਹੌਰ ਦੇ ਮੋਢੀ, ਵਿਸ਼ਵ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ, ਖਾਲਸਾ ਕਾਲਜ ਅੰਮ੍ਰਿਤਸਰ ਦੇ ਮੋਢੀ ਸੰਸਥਾਪਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, 71 ਪੁਸਤਕਾਂ ਦੇ ਲਿਖਾਰੀ, ਆਰੀਆ ਸਮਾਜ ਦੇ ਮੋਢੀ ਸਵਾਮੀ ਦਯਾਨੰਦ ਨੂੰ ਲਗਾਤਾਰ 3 ਧਰਮ ਬਹਿਸਾਂ ਵਿੱਚ ਮਾਤ ਦੇਣ ਵਾਲੇ ਵਡੇਰੇ ਕੱਦ ਦੇ ਸਮਾਜ ਸੁਧਾਰਕ ਤੇ ਸਿੱਖ ਕੌਮ ਦੇ ਅਤੀ ਮਾਣਮੱਤੇ ਵਿਦਵਾਨ ਪੰਥ ਰਤਨ ਭਾਈ ਦਿੱਤ ਸਿੰਘ ਗਿਆਨੀ ਦੀ ਮੌਤ ਉਪਰੰਤ ਉਸ ਸਮੇਂ ਦੇ ਵਿਦਵਾਨਾਂ, ਲੇਖਕਾਂ ਤੇ ਪੱਤਰਕਾਰਾਂ ਨੇ ਆਪਣੀ-ਆਪਣੀ ਕਲਮ ਰਾਹੀਂ ਜੋ ਗਹਿਰੇ ਦੁੱਖ ਦੇ ਪ੍ਰਗਟਾਵੇ ਵਾਲੇ ਕੀਰਨੇ ਪਾਏ ਸਨ ਤਾਂ ਉਸ ਸਮੇਂ ਦੀਆਂ ਸਿੱਖ ਸੰਗਤਾਂ ਨੂੰ ਜ਼ਰੂਰ ਇਹ ਲੱਗਿਆ ਹੋਵੇਗਾ ਕਿ ਗਿਆਨੀ ਦਿੱਤ ਸਿੰਘ ਦੀ ਯਾਦ ਨੂੰ ਹਮੇਸ਼ਾ-ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੀ ਅੱਖਰਾਂ ਵਿੱਚ ਚਮਕਦਾ ਰੱਖਿਆ ਜਾਵੇਗਾ।
ਪਰ ਜਲਦੀ ਹੀ ਸਮੇਂ ਦੀ ਰਫਤਾਰ ਦੇ ਨਾਲ-ਨਾਲ ਇਸ ਗੌਰਵਮਈ ਵਿਦਵਾਨ ਨੂੰ ਭੁਲਾਇਆ ਜਾਣ ਲੱਗਿਆ। ਇਸ ਤਰ੍ਹਾਂ ਉਸ ਦੀ ਮੌਤ ’ਤੇ ਪਾਏ ਕੀਰਨੇ ਸਿਰਫ ਤੇ ਸਿਰਫ ਕਾਗਜ਼ਾਂ ਦੇ ਪੰਨਿਆਂ ਤੱਕ ਹੀ ਸੀਮਤ ਰਹਿ ਗਏ। ਇੰਨੇ ਵੱਡੇ ਵਿਦਵਾਨ, ਸਾਹਿਤਕਾਰ, ਸਮਾਜ ਸੁਧਾਰਕ ਤੇ ਕੌਮ ਦੇ ਮਸੀਹੇ ਦੀ ਕੋਈ ਵੱਡੀ ਤਾਂ ਕੀ ਛੋਟੀ ਯਾਦਗਾਰ ਵੀ ਨਹੀਂ ਬਣਾਈ ਗਈ, ਸਿੱਖੀ ਦੇ ਪੁਨਰ ਵਿਕਾਸ ਲਈ ਪਾਏ ਅਤਿਅੰਤ ਯੋਗਦਾਨ ਨੂੰ ਮੂਲੋਂ ਹੀ ਵਿਸਾਰ ਦਿੱਤਾ। ਸਿੱਖ ਕੌਮ ਦੀ ਇਹ ਬਹੁਤ ਵੱਡੀ ਤ੍ਰਾਸਦੀ ਹੈ ਕਿ ਇਹ ਆਪਣੇ ਹੀਰਿਆਂ ਨੂੰ ਜਲਦੀ ਹੀ ਭੁੱਲ ਜਾਂਦੀ ਹੈ।
ਇਤਿਹਾਸ ਦੇ ਪੰਨੇ ਫਰੋਲਦਿਆਂ ਇਹ ਸਹਿਜੇ ਹੀ ਪਤਾ ਚੱਲ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ (1839) ਵੇਲੇ ਸਿੱਖਾਂ ਦੀ ਕੁੱਲ ਗਿਣਤੀ ਇੱਕ ਕਰੋੜ ਤੋਂ ਵੱਧ ਸੀ ਜੋ ਕਿ 1861 ਦੀ ਮਰਦਮਸ਼ੁਮਾਰੀ ਸਮੇਂ 18 ਲੱਖ 70 ਹਜ਼ਾਰ ਰਹਿ ਗਈ ਸੀ। ਸਿੱਖ ਵਿਦਵਾਨਾਂ ਲਈ ਇਹ ਇੱਕ ਚੁਣੌਤੀ ਸੀ ਕਿ ਦਿਨ ਪ੍ਰਤੀ ਦਿਨ ਸਿੱਖ, ਇਸਾਈ ਧਰਮ ਅਪਣਾਉਣ ਲੱਗ ਪਏ ਸਨ। ਇਸਾਈਆਂ ਦੇ ਧੜਾਧੜ ਪ੍ਰਚਾਰ ਦੀ ਬਦੌਲਤ ਸਿੱਖ ਆਪਣਾ ਧਰਮ ਬਦਲ ਕੇ ਇਸਾਈ ਬਣਦੇ ਜਾ ਰਹੇ ਸਨ। ਇਤਿਹਾਸ ਦੇ ਪੰਨੇ ਫਰੋਲਦਿਆਂ ਇੱਕ ਯੁੱਗ ਪਲਟਾਊ ਘਟਨਾ ਦਾ ਜ਼ਿਕਰ ਆਉਂਦਾ ਹੈ ਕਿ ਅੰਮ੍ਰਿਤਸਰ ਵਿਖੇ ਮਿਸ਼ਨ ਸਕੂਲ ਦੇ ਚਾਰ ਅਮੀਰ ਸਿੱਖ ਘਰਾਣਿਆਂ ਦੇ ਲੜਕਿਆਂ ਨੇ ਇਸਾਈ ਬਣਨ ਦੀ ਇੱਛਾ ਪ੍ਰਗਟ ਕਰ ਦਿੱਤੀ ਸੀ। ਇਸ ਘਟਨਾ ਨੇ ਸਿੱਖੀ ਦੇ ਅਲੰਬਰਦਾਰਾਂ ਦੇ ਹਿਰਦਿਆਂ ਨੂੰ ਹਲੂਣ ਕੇ ਰੱਖ ਦਿੱਤਾ ਸੀ।
ਇਸ ਦੇ ਨਤੀਜੇ ਵਜੋਂ ਸਿੰਘ ਸਭਾ ਅੰਮ੍ਰਿਤਸਰ ਹੋਂਦ ਵਿੱਚ ਆਈ। ਗਿਆਨੀ ਦਿੱਤ ਸਿੰਘ ਤੇ ਪ੍ਰੋ. ਗੁਰਮੁਖ ਸਿੰਘ ਇਸ ਦੇ ਕ੍ਰਮਵਾਰ ਦਫਤਰ ਇੰਚਾਰਜ ਤੇ ਸਕੱਤਰ ਸਨ। ਜਲਦੀ ਹੀ ਸਿੰਘ ਸਭਾ ਅੰਮ੍ਰਿਤਸਰ ਆਪਣੇ ਉਦੇਸ਼ਾਂ ਤੋਂ ਭਟਕ ਗਈ। ਪ੍ਰੋ. ਗੁਰਮੁੱਖ ਸਿੰਘ ਤੇ ਗਿਆਨੀ ਦਿੱਤ ਸਿੰਘ ਨੇ ਸਿੱਖ ਕੌਮ ਦੀ ਲੀਹੋਂ ਉੱਤਰੀ ਗੱਡੀ ਨੂੰ ਮੁੜ ਲੀਹ ’ਤੇ ਲਿਆਉਣ ਦੀ ਕਸਮ ਖਾਧੀ ਹੋਈ ਸੀ। ਇਸ ਲਈ 1879 ਵਿੱਚ ਸਿੰਘ ਸਭਾ ਲਾਹੌਰ ਬਣਾਈ। ਇਸ ਸਿੰਘ ਸਭਾ ਦਾ ਪੂਰੀ ਦੁਨੀਆਂ ਵਿੱਚ ਬੋਲ-ਬਾਲਾ ਹੋ ਗਿਆ ਤੇ ਪੂਰੇ ਭਾਰਤ ਵਿੱਚ ਲਗਪਗ 3000 (ਤਿੰਨ ਹਜ਼ਾਰ) ਸਿੰਘ ਸਭਾਵਾਂ ਬਣ ਗਈਆਂ ਸਨ।
ਸਿੰਘ ਸਭਾ ਲਾਹੌਰ ਦੇ ਮੁੱਖ ਉਦੇਸ਼ ਜਿਵੇਂ (ਸਿੱਖੀ ਦੀ ਮੁੜ ਸੁਰਜੀਤੀ, ਸਿਰਫ ਤੇ ਸਿਰਫ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ, ਵਹਿਮਾਂ-ਭਰਮਾਂ, ਮੜ੍ਹੀ-ਮਸਾਣਾਂ, ਗੁਰੂ ਡੰਮ, ਫੋਕੇ ਕਰਮ-ਕਾਂਡਾਂ ਆਦਿ) ਸਮਾਜਿਕ ਬੁਰਾਈਆ ਦੇ ਖ਼ਿਲਾਫ਼ ਜੰਗ ਸ਼ੁਰੂ ਕਰਨਾ, ਸਿੱਖਿਆ ਦਾ ਪ੍ਰਸਾਰ ਕਰਨਾ ਆਦਿ ਮੁੱਖ ਸਨ। ਗਿਆਨੀ ਦਿੱਤ ਸਿੰਘ ਹੁਰਾਂ ਨੇ ਵੱਖ-ਵੱਖ ਵਿਸ਼ਿਆਂ ’ਤੇ ਲਗਪਗ 71 ਪੁਸਤਕਾਂ ਲਿਖ ਕੇ, ਖਾਲਸਾ ਅਖਬਾਰ ਲਾਹੌਰ ਦੇ ਜ਼ਰੀਏ ਅਤੇ ਸਟੇਜਾਂ ’ਤੇ ਧੁੂੰਆਂ-ਧਾਰ ਪ੍ਰਚਾਰ ਕਰਦੇ ਹੋਏ ਉਪਰੋਕਤ ਉਦੇਸ਼ਾਂ ਦੀ ਪੂਰਤੀ ਲਈ ਸਿਰ-ਤੋੜ ਯਤਨ ਆਰੰਭ ਕਰ ਦਿੱਤੇ ਤੇ ਆਖਰੀ ਸਾਹ ਤੱਕ ਸੰਘਰਸ਼ ਕਰਦੇ ਰਹੇ। ਆਪਣੇ ਇਸ ਕਾਰਜ ਵਿੱਚ ਕਾਫੀ ਹੱਦ ਤੱਕ ਸਫਲਤਾ ਵੀ ਪ੍ਰਾਪਤ ਕੀਤੀ ਸੀ।
ਪਰ ਉਨ੍ਹਾਂ ਦੀ ਮੌਤ ਉਪਰੰਤ ਹਾਲਾਤ ਹੌਲੀ-ਹੌਲੀ ਉਸੀ ਤਰ੍ਹਾਂ ਦੇ ਹੋ ਗਏ ਹਨ ਜਿਹੋ ਜਿਹੇ ਉਸ ਸਮੇਂ ਸਨ। ਗਿਆਨੀ ਦਿੱਤ ਸਿੰਘ ਦੇ ਜੀਵਨ ਦੀਆਂ ਕੁਝ ਅਹਿਮ ਘਟਨਾਵਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਤਾਂ ਕਿ ਪਤਾ ਲੱਗ ਸਕੇ ਉਨ੍ਹਾਂ ਨੇ ਸਿੱਖੀ ਲਈ ਤੇ ਸਮਾਜ ਲਈ ਕੀ-ਕੀ ਕੀਤਾ।
ਜਦੋਂ ਜੋੜਿਆਂ ’ਚ ਬੈਠ ਕੇ ਪ੍ਰਸ਼ਾਦ ਲੈਣਾ ਪੈਂਦਾ ਸੀ:-
ਫਿਰੋਜ਼ਪੁਰ ਵਿਖੇ ਗੁਰੂਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਗਿਆਨੀ ਜੀ ਹਰ ਮਹੀਨੇ ਭਾਸ਼ਣ ਦੇਣ ਆਇਆ ਕਰਦੇ ਸਨ। ਗੁਰੂਦੁਆਰੇ ਅੰਦਰ ਇੱਕ ਥੜੇ ’ਤੇ ਖੜ੍ਹ ਕੇ ਉਹ ਲੈਕਚਰ ਦਿਆ ਕਰਦੇ ਸਨ, ਪਰ ਜਦੋਂ ਦੇਗ ਵਰਤਾਈ ਜਾਂਦੀ ਸੀ ਤਾਂ ਉਨ੍ਹਾਂ ਨੂੰ ਥੜੇ ਦੇ ਹੇਠਾਂ ਜੋੜਿਆਂ ਵਿੱਚ ਬਹਿ ਕੇ ਦੇਗ ਲੈਣੀ ਪੈਂਦੀ ਸੀ। ਧੰਨ ਸਨ ਗਿਆਨੀ ਦਿੱਤ ਸਿੰਘ, ਇਨ੍ਹਾਂ ਹਾਲਾਤਾਂ ਵਿੱਚ ਵੀ ਅਗਲੇ ਮਹੀਨੇ ਫੇਰ ਲੈਕਚਰ ਦੇਣ ਆਉਂਦੇ ਸਨ। ਉਪਰੋਕਤ ਘਟਨਾ ਉਪਰੰਤ ਪ੍ਰੋ. ਗੁਰਮੁਖ ਸਿੰਘ ਨੂੰ 18 ਮਾਰਚ 1888 ਵਿੱਚ ਪੰਥ ਤੋਂ ਛੇਕ ਦਿੱਤਾ ਸੀ। ਮੁੜ 1895 ਵਿੱਚ ਮਰਨ ਉਪਰੰਤ ਇੱਕ ਹੁਕਮਨਾਮੇ ਰਾਹੀਂ ਵਾਪਸ ਪੰਥ ਵਿੱਚ ਲਿਆ ਗਿਆ ਸੀ। ਉਸ ਸਮੇਂ ਗਿਆਨੀ ਦਿੱਤ ਸਿੰਘ ਨੇ ‘ਸਵਪਨ’ ਨਾਂ ਦਾ ਨਾਟਕ ਲਿਖਿਆ, ਜੋ ਬਾਬੇ ਬੇਦੀ ਵਰਗਿਆਂ ’ਤੇ ਇੱਕ ਵਿਅੰਗ ਸੀ। ਗਿਆਨੀ ਜੀ ’ਤੇ ਮੁਕੱਦਮਾ ਚਲਾਇਆ ਗਿਆ ਤੇ ਹੇਠਲੀ ਅਦਾਲਤ ਨੇ ਉਨ੍ਹਾਂ ਨੂੰ 51 ਰੁਪਏ ਜੁਰਮਾਨਾ ਕਰ ਦਿੱਤਾ ਸੀ ਪਰ ਉਪਰਲੀ ਅਦਾਲਤ ਨੇ ਅਪੀਲ ਉਪਰੰਤ ਇਹ ਜੁਰਮਾਨਾ ਮੁਆਫ ਕਰਕੇ ਗਿਆਨੀ ਜੀ ਨੂੰ ਬਰੀ ਕਰ ਦਿੱਤਾ ਸੀ।
ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਸਿੰਘ ਸਭਾ ਲਾਹੌਰ ਦੀ ਘਾਲਣਾ ਦਾ ਹੀ ਨਤੀਜਾ ਹੈ। ਗਿਆਨੀ ਦਿੱਤ ਸਿੰਘ ਆਖਰੀ ਸਮੇਂ ਤੱਕ ਇਸ ਦੀ ਵਰਕਿੰਗ ਕਮੇਟੀ ਦੇ ਮੈਂਬਰ ਰਹੇ। ਕਾਲਜ ਲਈ ਪੰਜਾਬੀ ਦੀਆਂ ਪਾਠ ਪੁਸਤਕਾਂ ਗਿਆਨੀ ਦਿੱਤ ਸਿੰਘ ਦੁਆਰਾ ਲਿਖੀਆਂ ਗਈਆਂ ਸਨ। 1905 ਤੋਂ ਅੱਜ ਤੱਕ ਇਸ ਕਾਲਜ ਵੱਲੋਂ ਹਰ ਸਾਲ ਪਹਿਲੇ ਨੰਬਰ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਗਿਆਨੀ ਦਿੱਤ ਸਿੰਘ ਗੋਲਡ ਮੈਡਲ ਦਿੱਤਾ ਜਾਂਦਾ ਹੈ।
ਇਸ ਦੀ ਉਸਾਰੀ ਮੌਕੇ ਮਾਇਆ ਇਕੱਠੀ ਕਰਨ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਦਿਆਲ ਸਿੰਘ ਮਜੀਠੀਏ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਬਿਲਡਿੰਗ ’ਤੇ ਸਾਰਾ ਖਰਚਾ ਮੈਂ ਕਰਾਂਗਾ ਪਰ ਸ਼ਰਤ ਹੈ ਕਿ ਕਾਲਜ ਦਾ ਨਾਂ ਮੇਰੇ ਨਾਂ ’ਤੇ ਰੱਖਿਆ ਜਾਵੇ। ਗਿਆਨੀ ਦਿੱਤ ਸਿੰਘ ਤੇ ਪ੍ਰੋ. ਗੁਰਮੁਖ ਸਿੰਘ ਨੇ ਇਸ ਸ਼ਰਤ ਦਾ ਡੱਟ ਕੇ ਵਿਰੋਧ ਕੀਤਾ ਤੇ ਇਸ ਕਾਲਜ ਦਾ ਨਾਂ ਖਾਲਸਾ ਕਾਲਜ ਹੀ ਰੱਖਣ ਲਈ ਸਫਲ ਹੋਏ ਤੇ ਮਾਇਆ ਇਲਾਕੇ ਵਿਚੋਂ ਘਰ-ਘਰ ਜਾ ਕੇ ਇਕੱਤਰ ਕੀਤੀ ਤੇ 1893 ਵਿੱਚ ਇਹ ਕਾਲਜ ਮਿਡਲ ਸਕੂਲ ਦੇ ਰੂਪ ਵਿੱਚ ਸ਼ੁਰੂ ਹੋ ਗਿਆ ਸੀ। ਆਰੀਆ ਸਮਾਜ ਦੀ ਨੀਂਹ ਸਵਾਮੀ ਦਇਆ ਨੰਦ ਵੱਲੋਂ 10 ਅਪਰੈਲ 1875 ਨੂੰ ਬੰਬਈ ਵਿਖੇ ਰੱਖੀ ਗਈ ਤੇ ਉਹ 1877 ਵਿੱਚ ਇਸ ਦੇ ਪ੍ਰਚਾਰ ਲਈ ਪੰਜਾਬ ਆਏ। ਇਸ ਫੇਰੀ ਦੌਰਾਨ ਗਿਆਨੀ ਜੀ ਨੇ ਤਿੰਨ ਵਾਰੀ ਤਿੰਨ ਵੱਖ-ਵੱਖ ਵਿਸ਼ਿਆਂ ’ਤੇ ਸਵਾਮੀ ਦਇਆ ਨੰਦ ਨਾਲ ਬਹਿਸਾਂ ਕੀਤੀਆਂ ਤੇ ਤਿੰਨਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ।
ਪਹਿਲੀ ਬਹਿਸ ਜਗਤ ਦਾ ਕਰਤਾ ਕੌਣ ਹੈ?
19 ਅਪਰੈਲ 1877 ਨੂੰ। ਦੂਜੀ 24 ਤੋਂ 27 ਅਪਰੈਲ 1877 ਨੂੰ। ਵੇਦਾਂ ਦਾ ਕਰਤਾ ਈਸ਼ਵਰ ਨਹੀਂ ਦੇ ਵਿਸ਼ੇ ’ਤੇ ਅਤੇ ਤੀਜੀ ਬਹਿਸ 24  ਤੋਂ 27 ਜੂਨ 1877 ਤੱਕ ਮੁਕਤੀ ਦਾ ਸਰੂਪ ਕਿਆ ਹੈ ਵਿਸ਼ੇ ’ਤੇ ਹੋਈ। ਇਨ੍ਹਾਂ ਜਿੱਤਾਂ ਨਾਲ ਗਿਆਨੀ ਜੀ ਦੀ ਵਿਦਵਤਾ ਦੀ ਚਾਰੇ ਪਾਸੇ ਧੂੰਮ ਮੱਚ ਗਈ ਸੀ।
ਬਾਅਦ ਵਿੱਚ ਗਿਆਨੀ ਜੀ ਨੇ ਇਨ੍ਹਾਂ ਬਹਿਸਾਂ ਨੂੰ ਕਿਤਾਬੀ ਰੂਪ ਦਿੱਤਾ, ਜਿਸ ਦਾ ਨਾਮ ਸੀ ਉਮੇਰਾ ਤੇ ਸਾਧੂ ਦਯਾਨੰਦ ਦਾ ਸੰਬਾਦ। ਇਸ ਨਾਲ ਸਿੱਖ ਹਲਕਿਆਂ ਵਿੱਚ ਗਿਆਨੀ ਜੀ ਦੀ ਧਾਕ ਜਮ ਗਈ ਸੀ। ਅੱਜ ਵੀ ਇਸ ਪੁਸਤਕ ਨੂੰ ਹਰ ਸਿੱਖ ਪੜ੍ਹਨ ਦੀ ਤੀਬਰ ਇੱਛਾ ਰੱਖਦਾ ਹੈ।
ਸਮਾਜ ਵਿੱਚ ਫੈਲੀਆਂ ਅਨੇਕਾਂ ਤਰ੍ਹਾਂ ਦੀਆਂ ਕੁਰੀਤੀਆਂ ਨੂੰ ਠੱਲ੍ਹ ਪਾਉਣ ਲਈ ਗੁੱਗਾ ਗਪੌੜਾ, ਸੁਲਤਾਨ ਪੁਆੜਾ, ਨਕਲੀ ਸਿੱਖ ਪ੍ਰਬੋਧ, ਮੀਰਾਂ ਮਨੌਤ, ਆਰਤੀ ਪ੍ਰਬੋਧ, ਪੰਮਾ ਪ੍ਰਬੋਧ, ਡਰਪੋਕ ਸਿੰਘ ਦਲੇਰ ਸਿੰਘ, ਦੰਭ ਬਿਦਾਰਨ, ਗੁਰਮਤਿ ਆਰਤੀ ਪ੍ਰਬੋਧ, ਧਰਮ ਦਰਪਣ ਆਦਿ ਲਿਖੀਆਂ। ‘ਦੁਰਗਾ ਪ੍ਰਬੋਧ’ ਨਾਮੀ ਆਪਣੀ ਸ਼ਾਹਕਾਰ ਰਚਨਾ ਰਾਹੀਂ ਇਸ ਪ੍ਰਚਲਾ ਕਹਾਣੀ ਨੂੰ ਝੁਠਲਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੇ ਪੁਜਾਰੀ ਸਨ।
ਇਸ ਤਰ੍ਹਾਂ ਭਲੀ-ਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਸਿੱਖ ਕੌਮ ਦੇ ਬਹੁਤ ਹੀ ਮਾਣ ਮੱਤੇ ਵਿਦਵਾਨ ਸਨ ਪਰ ਕੌਮ ਨੇ ਉਨ੍ਹਾਂ ਨੂੰ ਬਿਲਕੁਲ ਹੀ ਭੁਲਾ ਦਿੱਤਾ ਹੈ। 2001 ਵਿੱਚ ਉਨ੍ਹਾਂ ਦੀ 100 ਸਾਲਾ ਯਾਦ ਸਮੇਂ ਨਸੀਬ ਸਿੰਘ ਸੇਵਕ ਦੀ ਪ੍ਰਧਾਨਗੀ ਹੇਠ ਗਿਆਨੀ ਦਿੱਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ (ਰਜਿ.) ਬਣਾਈ ਗਈ ਜਿਸ ਨੇ ਗਿਆਨੀ ਜੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਯਤਨ ਆਰੰਭੇ ਹੋਏ ਹਨ ਤੇ ਉਨ੍ਹਾਂ ਦੀ ਸੋਚ ਨੂੰ ਘਰ-ਘਰ ਪੁੱਜਦਾ ਕਰਨ ਲਈ ਸਿਰ ਤੋੜ ਕੋਸ਼ਿਸ਼ਾਂ ਕਰ ਰਹੀ ਹੈ।
ਇਸੇ ਲੜੀ ਤਹਿਤ ਪਿਛਲੇ 3 ਸਾਲਾਂ ਤੋਂ ਉਨ੍ਹਾਂ ਦੇ ਨਾਂ ’ਤੇ ਮਹੀਨਾਵਾਰ ਪੰਜਾਬੀ ਮੈਗਜ਼ੀਨ ਉਭਾਈ ਦਿੱਤ ਸਿੰਘ ਪੱਤ੍ਰਿਕਾ ਲਗਾਤਾਰ ਛੱਪ ਰਹੀ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਪ੍ਰਕਾਸ਼ਿਤ ਖਾਲਸਾ ਅਖ਼ਬਾਰ ਲਾਹੌਰ ਤੇ ਖਾਸ-ਖਾਸ ਰਚਨਾਵਾਂ ਦੀਆਂ ਵੰਨਗੀਆਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ। ਜਿਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਖਾਸ ਹੁੰਗਾਰਾ ਮਿਲ ਰਿਹਾ ਹੈ।
ਇਸ ਨਿਮਾਣੇ ਜਿਹੇ ਹੰਭਲੇ ਨਾਲ ਇਕ ਸਦੀ ਪਿੱਛੋਂ ਭਾਵੇਂ ਦੇਰ ਆਏ ਦਰੁਸਤ ਆਏ ਮੁਤਾਬਕ ਵਿਸ਼ਵ ਭਰ ਦੀਆਂ ਸਮੂਹ ਸੰਗਤਾਂ ਵਿੱਚ ਕਾਫੀ ਜਾਗ੍ਰਿਤੀ ਆਈ ਹੈ। ਬਹੁਤ ਸਾਰੇ ਗਿਆਨੀ ਜੀ ਦੀ ਸੋਚ ਨਾਲ ਜੁੜੇ ਹਨ, ਉਨ੍ਹਾਂ ਦੇ ਸਾਹਿਤ ਤੋਂ ਜਾਣੂ ਹੋਏ ਹਨ, ਕੌਮ ਲਈ, ਸਮਾਜ ਲਈ, ਕੀਤੇ ਵਡੇਰੇ ਕਾਰਜਾਂ ਪ੍ਰਤੀ ਜਾਣਕਾਰੀ ਪ੍ਰਾਪਤ ਹੋਈ ਹੈ।
ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਸੰਦੀਪ ਕੌਰ ਤੇ ਡਾ. ਸੁਰਿੰਦਰ ਕੌਰ ਭਾਟੀਆ ਨੇ ਗਿਆਨੀ ਜੀ ਦੇ ਨਾਂ ’ਤੇ ਪੀਐਚ.ਡੀ ਕਰ ਲਈ ਹੈ। ਕਈ ਯੂਨੀਵਰਸਿਟੀਆਂ ਖਾਸ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ  ਅੰਮ੍ਰਿਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਤੇ ਹੋਰ ਕਈ ਯੂਨੀਵਰਸਿਟੀਆਂ ਵਿੱਚ ਅੱਜ-ਕੱਲ੍ਹ ਬਹੁਤ ਸਾਰੇ ਵਿਦਿਆਰਥੀ ਐਮ.ਫਿਲ. ਕਰ ਰਹੇ ਹਨ। ਇਸ ਤੋਂ ਬਿਨਾਂ ਗਿਆਨੀ ਦਿੱਤ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਨਾਂ ’ਤੇ ਬਹੁਤ ਸਾਰੀਆਂ ਲਾਇਬਰੇਰੀਆਂ, ਗੁਰਦੁਆਰੇ, ਸਕੂਲ, ਸੰਸਥਾਵਾਂ, ਸਾਹਿਤ ਸਭਾਵਾਂ, ਨੌਜੁਆਨ ਸਭਾਵਾਂ ਅਤੇ ਆਡੀਟੋਰੀਅਮ ਆਦਿ ਬਣੇ ਹਨ, ਪਰ ਇਹ ਕਾਫੀ ਨਹੀਂ। ਫਿਰ ਵੀ ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਪੂਰੀ ਸਦੀ ਅਣਗੌਲੇ ਕੀਤੇ ਗਏ ਇਸ ਮਹਾਨ ਸਿੱਖ ਵਿਦਵਾਨ ਦੀ ਅਤੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿਉਂਕਿ ਅੱਜ ਵੀ ਹਾਲਾਤ ਠੀਕ ਉਸੇ ਤਰ੍ਹਾਂ ਦੇ ਹਨ ਜੋ ਗਿਆਨੀ ਦਿੱਤ ਸਿੰਘ ਦੇ ਸਮੇਂ ਵਿੱਚ ਸਨ। ਸਮੇਂ ਦੀ ਮੰਗ ਹੈ ਕਿ ਧਾਰਮਿਕ ਸਿੱਖ ਸੰਸਥਾਵਾਂ ਤੇ ਸ਼੍ਰੋਮਣੀ ਕਮੇਟੀ, ਗਿਆਨੀ ਦਿੱਤ ਸਿੰਘ ਦੀਆਂ ਯਾਦਗਾਰਾਂ ਸਥਾਪਿਤ ਕਰਨ, ਉਨ੍ਹਾਂ ਦਾ ਸਾਹਿਤ ਮੁੜ ਪ੍ਰਕਾਸ਼ਤ ਕਰਕੇ ਲੋਕਾਂ ਵਿੱਚ ਪੁੱਜਦਾ ਕਰਨ। ਕੌਮ ਦੇ ਇਸ ਲਾਸਾਨੀ ਵਿਦਵਾਨ ਦੇ ਪਿਛੋਕੜ ਤੋਂ ਪਤਾ ਚਲਦਾ ਹੈ ਇਨ੍ਹਾਂ ਦਾ ਜਨਮ 21 ਅਪਰੈਲ 1850 ਪਿੰਡ ਕਲੌੜ (ਨੰਦਪੁਰ) ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਮਾਤਾ ਰਾਮ ਕੌਰ ਤੇ ਪਿਤਾ ਦੀਵਾਨ ਸਿੰਘ ਦੇ ਗ੍ਰਹਿ ਵਿਖੇ ਹੋਇਆ ਸੀ। ਪਿਤਾ ਸਾਧੂ ਸੁਭਾਅ ਦੇ ਸਨ ਤੇ ਕੱਪੜਾ ਬੁਣ ਕੇ ਘਰ ਦਾ ਗੁਜ਼ਾਰਾ ਕਰਦੇ ਸਨ।
8 ਸਾਲ ਦੀ ਉਮਰ ਵਿੱਚ ਗਿਆਨ ਦੀ ਪ੍ਰਾਪਤੀ ਲਈ ਪਿੰਡ ਤਿਊੜ ਨੇੜੇ ਖਰੜ ਮੁਹਾਲੀ ਵਿਖੇ ਗੁਲਾਬਦਾਸੀਆਂ ਦੇ ਡੇਰੇ ਪੁੱਜ ਗਏ ਸਨ ਜਿੱਥੇ ਕਿ ਉਨ੍ਹਾਂ ਨੇ ਸ੍ਰੀ ਗੁਰੂ ਸ੍ਰੰਥ ਸਾਹਿਬ ਜੀ ਵਿਚਲੀ ਬਾਣੀ ਦੀ ਸਮੀਖਿਆ ਲਈ ਪੰਜਾਬੀ, ਹਿੰਦੀ, ਉਰਦੂ, ਫਾਰਸੀ, ਅਰਬੀ, ਅੰਗਰੇਜ਼ੀ ਆਦਿ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ ਤੇ 18 ਸਾਲ ਦੀ ਉਮਰ ਵਿੱਚ ਲਾਹੌਰ ਚਲੇ ਗਏ ਸਨ ਜਿੱਥੇ ਉਨ੍ਹਾਂ ਅੰਮ੍ਰਿਤ ਛੱਕ ਕੇ ਸਿੱਖੀ ਦੇ ਪ੍ਰਚਾਰ ਲਈ ਆਖਰੀ ਸਾਹ ਤੱਕ ਕਾਰਜ ਕੀਤੇ। ਕੌਮ ਉਨ੍ਹਾਂ ਦੀ ਦੇਣ ਕਦੀ ਨਹੀਂ ਦੇ ਸਕਦੀ।
ਸੰਪਰਕ: 9465216530
ਨਸੀਬ ਸਿੰਘ ਸੇਵਕ




Post Comment


ਗੁਰਸ਼ਾਮ ਸਿੰਘ ਚੀਮਾਂ