ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, September 30, 2012

ਉਦਾਸੀ ਸ੍ਰੀ ਚੰਦ ਨੂੰ ਗੁਰਮਤਿ ਪ੍ਰਚਾਰਕ ਵਜੋਂ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ: ਇਕ ਪੜਚੋਲ

ਪਿੱਛਲੇ ਦਿਨਾਂ ਵਿਚ ਕੌਮੀ ਹਲਕਿਆਂ ਵਿਚ ਇਕ ਦਮ ਹੀ ਕੁਝ ਐਸੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਹੜੀਆਂ ਗੰਭੀਰ ਪੜਚੋਲ ਮੰਗਦੀਆਂ ਹਨ। ਇਨ੍ਹਾਂ ਘਟਨਾਵਾਂ ਦਾ ਸਾਂਝਾ ਧੂਰਾ ਕੌਮ ਦੀ ਮੁੱਖ ਧਾਰਾ ਤੋਂ ਵਿਛੜ ਕੇ ਗੁਰਮਤਿ ਵਿਰੋਧੀ ਫਿਰਕਿਆਂ ਦਾ ਰੂਪ ਧਾਰ ਚੁਕੀਆਂ ਕੁਝ ਸੰਪਰਦਾਵਾਂ ਦੇ ਵਾਪਸੀ ਦੇ ਸੰਕੇਤ ਹਨ। ਮਿਸਾਲ ਲਈ ਵਡਭਾਗ ਸਿੰਘ ਦੇ ਪੈਰੋਕਾਰਾਂ ਦੇ ਮੌਜੂਦਾ ਮੁੱਖੀ, ਨੀਲਧਾਰੀ ਸੰਪਰਦਾ ਦੇ ਮੁੱਖੀ ਵਲੋਂ ਪ੍ਰਚਲਿਤ ਅਕਾਲ ਤਖਤੀ ਵਿਵਸਥਾ ਰਾਹੀਂ ਨੇੜੇ ਆਉਣ ਦੇ ਯਤਨ। ਕੁਝ ਦਿਨ ਪਹਿਲਾਂ ਰਾਧਾਸੁਆਮੀ ਡੇਰੇ ਦੇ ਮੁੱਖੀ ਗੁਰਿੰਦਰ ਸਿੰਘ ਵਲੋਂ ‘ਦਰਬਾਰ ਸਾਹਿਬ’ ਮੱਥਾ ਟੇਕਣਾ ਅਤੇ ਉਸ ਉਪਰੰਤ ਅਕਾਲ ਤਖਤ ਦੇ ਨਾਮ ਹੇਠ ਗਿਆਨੀ ਗੁਰਬਚਨ ਸਿੰਘ ਦੇ ਆਏ ਬਿਆਨ। ਇਸੇ ਸੰਬੰਧ ਵਿਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਅਨੰਦਪੁਰ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ (ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਵੀ) ਦਾ ਉਦਾਸੀ ਸ੍ਰੀ ਚੰਦ (ਬਾਬਾ ਨਾਨਕ ਜੀ ਦੇ ਬਿੰਦੀ ਪੁਤਰ) ਬਾਰੇ ਆਇਆ ਬਿਆਨ ਵੀ ਧਿਆਨ ਮੰਗਦਾ ਹੈ। ਸਾਡੀ ਅੱਜ ਦੀ ਪੜਚੋਲ ਇਸੇ ਬਿਆਨ ਦੇ ਆਧਾਰ ਤੇ ਕਰਨ ਦਾ ਯਤਨ ਹੈ। ਪ੍ਰਿੰਸੀਪਲ ਸੁਰਿੰਦਰ ਸਿੰਘ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸੰਸਥਾਪਕਾਂ ਵਿਚੋਂ ਇਕ ਹਨ। ਉਹ ਇਸ ਸੰਸਥਾ ਦੇ ਅਨੰਦਪੁਰ ਵਿਚ ਚਲ ਰਹੇ ਰੈਗੁਲਰ ਕਾਲਿਜ ਦੇ ਪੁਰਾਣੇ ਸਮੇਂ ਤੋਂ ਹੀ ਪ੍ਰਿੰਸੀਪਲ ਹਨ ਅਤੇ ਸੁਚੇਤ ਪੰਥਕ ਹਲਕਿਆਂ ਵਿਚ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ। ਪਿਛਲੇ ਸਮੇਂ ਹੋਈਆਂ ਸ਼੍ਰੋਮਣੀ ਕਮੇਟੀ ਚੌਣਾਂ ਵਿਚ ਉਹ ‘ਅਕਾਲੀ ਦਲ ਬਾਦਲ’ ਵਲੋਂ ਚੌਣ ਲੜ ਕੇ ਆਨੰਦਪੁਰ ਤੋਂ ਕਮੇਟੀ ਮੈਂਬਰ ਬਣੇ ਹਨ। ਹਰ ਸੁਚੇਤ ਸਿੱਖ ਇਸ ਗੱਲ ਤੋਂ ਵਾਕਿਫ ਹੈ ਕਿ ਅਕਾਲੀ ਦਲ ਬਾਦਲ ਇਕ ਪੰਥ ਅਤੇ ਪੰਜਾਬ ਵਿਰੋਧੀ ਦਲ ਦਾ ਰੂਪ ਧਾਰਨ ਕਰ ਚੁਕਿਆ ਹੈ। ਇਹ ਵੀ ਸੁਚੇਤ ਪੰਥ ਦਾ ਮੰਨਣਾ ਹੈ ਕਿ ਇਸ ਦਲ ਦੇ ਤਾਰ ਪਿਛੋਂ ਪੰਥ ਵਿਰੋਧੀ ਤਾਕਤਾਂ ਨਾਲ ਜੁੜੇ ਹਨ। ਵਿਚਾਰਧਾਰਕ ਪੱਖੋ ਵੀ ਇਸ ਦੀ ਨੇੜਤਾ ਬ੍ਰਾਹਮਣੀ ਸੋਚ ਹੇਠ ਵਿਚਰਦੀਆਂ ਸੰਪਰਦਾਈ ਧਿਰਾਂ ਨਾਲ ਹੈ। ਇਨ੍ਹਾਂ ਧਿਰਾਂ ਨੂੰ ਖੁਸ਼ ਕਰਨ ਖਾਤਿਰ ਹੀ ਬਾਦਲ ਦਲ ਦੇ ਕਬਜ਼ੇ ਹੇਠਲੇ ਕੌਮੀ ਕੇਂਦਰੀ ਵਿਵਸਥਾ ਨੇ ‘ਨਾਨਕਸ਼ਾਹੀ ਕੈਲੰਡਰ’ ਦਾ ਕਤਲ ਕਰ ਦਿਤਾ ਅਤੇ ਇਸ ਨੂੰ ਮਿਲਗੋਭਾ ਕੈਲੰਡਰ ਬਣਾ ਦਿਤਾ। ਇਸੇ ਸਿਲਸਿਲੇ ਵਿਚ ‘ਧੁੰਮਾ ਛਾਪ ਕੈਲੰਡਰ’ ਤੋਂ ਬਾਅਦ ‘ਧੂੰਮਾ ਛਾਪ ਯਾਦਗਾਰ’ ਤੇ ਵੀ ਕੰਮ ਚਲ ਰਿਹਾ ਹੈ। ਇਹ ਸੰਪਰਦਾਈ ਧਿਰਾਂ ਸਿੰਘ ਸਭਾ ਲਹਿਰ ਦੇ ਸਮੇਂ ਤੋਂ ਹੀ ਜਾਗਰੂਕਤਾ ਵਿਰੋਧੀ ਰਹੀਆਂ ਹਨ। ਮਿਸ਼ਨਰੀ ਕਾਲਜ ਹਮੇਸ਼ਾਂ ਤੋਂ ਹੀ ਇਨ੍ਹਾਂ ਦੀ ਅੱਖ ਵਿਚ ਖਟਕਦੇ ਰਹੇ ਹਨ। ਜਿਸ ਸਮੇਂ ਇਕ ਮਿਸ਼ਨਰੀ (ਸੁਰਿੰਦਰ ਸਿੰਘ ਜੀ) ਨੂੰ ਬਾਦਲ ਦਲ ਵਲੋਂ ਟਿਕਟ ਮਿਲਿਆ ਤਾਂ ਇਹ ਖਟਕਾ ਲਗ ਗਿਆ ਸੀ ਕਿ ਇਹ ਸ਼ਾਇਦ ਕੋਈ ‘ਡੀਲ’ ਹੀ ਹੈ। ਬਾਦਲ ਦਲ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਬਿਨਾਂ ਕਿਸੇ ਸਵਾਰਥ ਦੇ ਮਿਸ਼ਨਰੀ ਸੱਜਣ ਨੂੰ ਟਿਕਟ ਦੇਵੇ। ਦੂਜੀ ਤਰਫ, ਕਿਸੇ ਸੁਚੇਤ, ਨਿਸੁਆਰਥ ਅਤੇ ਇਮਾਨਦਾਰ ਬੰਦੇ ਦਾ ਬਾਦਲ ਦਲ ਦਾ ਮੈਂਬਰ ਬੰਨਣਾ ਵੀ ਠੀਕ ਨਹੀਂ ਲਗਦਾ, ਕਿਉਂਕਿ ਉਸ ਮਾਹੌਲ ਵਿਚ ਤਾਂ ਉਸ ਦਾ ਦਮ ਘੁੱਟ ਜਾਵੇਗਾ। ਉਸ ਸਮੇਂ ਵੀ ਅਸੀਂ ਇਸ ਦੀ ਪੜਚੋਲ ਦਾ ਮਨ ਬਣਾਇਆ ਸੀ, ਪਰ ਬਹੁੱਤੀਆਂ ਸੁਚੇਤ ਧਿਰਾਂ ਵਲੋਂ ਕੀਤੇ ਜਾ ਰਹੇ ਸਮਰਥਨ ਕਾਰਨ ਅਸੀਂ ਸਮਝਿਆ ਕਿ ਸ਼ਾਇਦ ਇਹ ਪੜਚੋਲ ਜਲਦੀ ਵਾਲਾ ਕੰਮ ਹੋਵੇਗੀ। ਸੋ ਉਸ ਸਮੇਂ ਸਾਨੂੰ ਚੁੱਪ ਰਹਿਣਾ ਹੀ ਠੀਕ ਲੱਗਾ। ਇਸ ਸਮੇਂ ਦੌਰਾਣ ਅਕਾਲ ਤਖਤ ਤੇ ਕਾਬਿਜ਼ ਪੁਜਾਰੀ ਲਾਣੇ ਨੇ, ਹਾਕਮ ਦੀ ਚਾਪਲੂਸੀ ਦਾ ਆਪਣਾ ਪ੍ਰਚਲਿਤ ਰੂਪ ਵਿਖਾਉਂਦੇ ਹੋਏ, ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਹਰ ਸੁਚੇਤ ਸਿੱਖ ਅਤੇ ਧਿਰ ਨੇ ਇਸ ਕੁ-ਕਰਮ ਦੀ ਆਲੋਚਣਾ ਕੀਤੀ। ਪਰ ‘ਬੇਬਾਕ ਮਿਸ਼ਨਰੀ’ ਮੰਨੇ ਜਾਂਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਦਾ ਐਸਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਸ਼ਾਇਦ ਮਿਸ਼ਨਰੀ ਕਾਲਜ ਲੁਧਿਆਣਾ ਦੀ ਮਾਸਿਕ ਪੱਤ੍ਰਕਾ ‘ਸਿੱਖ ਫੁਲਵਾੜੀ’ ਵਿਚ ਇਸਦੀ ਕੋਈ ਆਲੋਚਣਾ ਛਪੀ। ਸ਼ਾਇਦ ਡੀਲ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿਤਾ। ‘ਧੁੰਮਾ ਛਾਪ ਸ਼ਹੀਦੀ ਯਾਦਗਾਰ’ ਦਾ ਵਿਰੋਧ ਵੀ ਇਨ੍ਹਾਂ ਵਲੋਂ ਨਹੀਂ ਕੀਤਾ ਗਿਆ, ਜਦਕਿ ਹਰੇਕ ਸੁਚੇਤ ਸਿੱਖ ਦਾ ਇਹ ਮੱਤ ਸੀ ਕਿ ਇਹ ਸੇਵਾ ਹਰਨਾਮ ਸਿੰਘ ਧੁੰਮਾ ਨੂੰ ਨਹੀਂ ਦੇਣੀ ਚਾਹੀਦੀ। ਕੁਝ ਦਿਨਾਂ ਪਹਿਲਾਂ ਸੁਰਿੰਦਰ ਸਿੰਘ ਜੀ ਦਾ ਇਕ ਬਿਆਨ ਅਖਬਾਰਾਂ ਵਿਚ ਆਇਆ ਜਿਸ ਵਿਚ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਕਿ ਉਦਾਸੀ ਸ੍ਰੀ ਚੰਦ ਦੀ ਇਕ ਸਿੱਖ ਵਾਲੀ ਤਸਵੀਰ ਬਣਾ ਕੇ ਪ੍ਰਚਾਰੀ ਜਾਵੇ। ਉਨ੍ਹਾਂ ਦਾ ਮੱਤ ਹੈ ਕਿ ਸ੍ਰੀ ਚੰਦ ਜੀ ਗੁਰਮਤਿ ਦੇ ਇਕ ਮਹਾਨ ਪ੍ਰਚਾਰਕ ਹੋਏ ਹਨ। ਆਉ ਇਸ ਦਾਅਵੇ ਦੀ ਤੱਥਾਂ ਦੇ ਆਧਾਰ ਤੇ ਪੜਚੋਲ ਕਰ ਲੈਂਦੇ ਹਾਂ। ਸ੍ਰੀ ਚੰਦ ਜੀ ਬਾਬਾ ਨਾਨਕ ਜੀ ਦੇ ਵੱਡੇ ਪੁੱਤਰ ਸਨ। ਸਿੱਖ ਇਤਿਹਾਸ ਵਿਚ ਇਹ ਦਰਜ ਹੈ ਕਿ ਉਨ੍ਹਾਂ ਨੇ ਨਾਨਕ ਪਾਤਸ਼ਾਹ ਵਲੋਂ ਪ੍ਰਕਟ ਕੀਤੇ ਨਾਨਕ ਫਲਸਫੇ ਨੂੰ ਅਪਨਾਉਣ ਦੀ ਥਾਂ ਇਸ ਦੀ ਮੂਲੋਂ ਵਿਰੋਧੀ ਬ੍ਰਾਹਮਣੀ ਵਿਚਾਰਧਾਰਾ ਅਪਣਾ ਲਈ ਅਤੇ ਉਦਾਸੀ ਮੱਤ ਦੇ ਧਾਰਨੀ ਬਣ ਗਏ। ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਸ਼ਾਇਦ ਗੁਰਬਾਣੀ ਵਿਚ ਵੀ ਇਸ ਤੱਥ ਦੇ ਗਵਾਹੀ ਭਰਦੇ ਹਵਾਲੇ ਮਿਲਦੇ ਹਨ। ਇਸ ਤੱਥ ਬਾਰੇ ਲਗਭਗ ਸਾਰੇ ਇਤਿਹਾਸਕ ਸ੍ਰੋਤ ਵੀ ਸਹਿਮਤ ਹਨ। ਸ੍ਰੀ ਚੰਦ ਦੇ ਮੰਨਣ ਵਾਲੇ ‘ਉਦਾਸੀ ਮੱਤ’ ਦੇ ਧਾਰਨੀ ਬਣਦੇ ਰਹੇ, ਜਿਨ੍ਹਾਂ ਦੀ ਮਨੋ-ਬਿਰਤੀ ਅਤੇ ਵਿਹਾਰ, ਗੁਰਮਤਿ ਤੋ ਉਲਟ, ਗ੍ਰਿਹਸਤ ਦੇ ਤਿਆਗੀਆਂ ਵਾਲਾ ਸੀ। ਇਸ ਹਕੀਕਤ ਤੋਂ ਹਰ ਸੁਚੇਤ ਸਿੱਖ ਵਾਕਿਫ ਹੈ ਕਿ ਬਹੁਤੇ ਮੰਨੇ ਜਾਂਦੇ ਸਿੱਖ ਸਾਹਿਤ ਦੀ ਰਚਨਾ ਬ੍ਰਾਹਮਣੀ ਸੋਚ ਦੇ ਪ੍ਰਭਾਵ ਵਾਲੇ ਮਿਲਗੋਭਾ ਲੇਖਕਾਂ ਵਲੋਂ ਕੀਤੀ ਗਈ। ਇਹ ਵੀ ਅਤਿ-ਕਥਨੀ ਨਹੀਂ ਕਿ ਐਸੀਆਂ ਬਹੁਤੀਆਂ ਲਿਖਤਾਂ, ਗੁਰਮਤਿ ਇਨਕਲਾਬ ਦਾ ਮੁੰਹ-ਮੁਹਾਂਦਰਾ ਵਿਗਾੜਣ ਦੇ ਮਕਸਦ ਨਾਲ, ਇਕ ਸਾਜਸ਼ ਹੇਠ ਲਿਖੀਆਂ ਗਈਆਂ। ਐਸੀਆਂ ਲਿਖਤਾਂ ਵਿਚ ਹੀ ਇਕ ਸਾਖੀ ਇਹ ਵੀ ਹੈ ਕਿ ਛੇਵੇਂ ਪਾਤਸ਼ਾਹ ਜੀ ਵੇਲੇ ਸ੍ਰੀ ਚੰਦ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਅਤੇ ਉਸਨੇ ਮਾਫੀ ਮੰਗ ਲਈ ਸੀ। ਇਸ ਉਪਰੰਤ ਉਹ ਸਿੱਖੀ ਦਾ ਮਹਾਨ ਪ੍ਰਚਾਰਕ ਬਣ ਗਿਆ ਅਤੇ ਉਸ ਨੇ ਬਹੁਤ ਪ੍ਰਚਾਰ ਕੀਤਾ। ਇਸੇ ਸਾਖੀ ਅਨੁਸਾਰ ਛੇਵੇਂ ਪਾਤਸ਼ਾਹ ਜੀ ਤੋਂ ਸ੍ਰੀ ਚੰਦ ਨੇ ਇਕ ਪੁੱਤਰ ਆਪਣੇ ਮੱਤ ਦੇ ਪ੍ਰਚਾਰ ਲਈ ਮੰਗਿਆ ਅਤੇ ਉਨ੍ਹਾਂ ਨੇ ਆਪਣਾ ਇਕ ਪੁਤਰ ‘ਗੁਰਦਿੱਤਾ’ (ਜੀ) ਉਨ੍ਹਾਂ ਨੂੰ ਚੇਲੇ ਵਜੋਂ ਸੌਂਪ ਦਿਤਾ, ਜੋ ਸ੍ਰੀ ਚੰਦ ਤੋਂ ਬਾਅਦ ਉਦਾਸੀ ਮੱਤ ਦਾ ਮੁੱਖੀ ਬਣਿਆ। ਇਸੇ ਸਾਖੀ ਨੂੰ ਆਧਾਰ ਬਣਾ ਕੇੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੇ ਇਹ ਬਿਆਨ ਦਿਤਾ ਲਗਦਾ ਹੈ। ਆਉ ਹੁਣ ਇਸ ਪ੍ਰਚਲਿਤ ਸਾਖੀ ਦੀ ਪ੍ਰਮਾਣਿਕਤਾ ਦੀ ਤੱਥ ਮਈ ਅਤੇ ਦਲੀਲ ਯੁਕਤ ਪੜਚੋਲ ਕਰ ਲੈਂਦੇ ਹਨ। ਪੜਚੋਲ ਸਮੇਂ ਇਹ ਹਕੀਕਤ ਚੇਤੇ ਵਿਚ ਰਹੇ ਕਿ ‘ਗੁਰਮਤਿ ਇਨਕਲਾਬ’ ਨੂੰ ਗੰਧਲਾ/ਮਿਲਗੋਭਾ ਕਰਕੇ ਸਹੀ ਰਾਹ ਤੋਂ ਭਟਕਾਉਣ ਲਈ ਰਚਿਆ ਸਾਹਿਤ ਕਾਫੀ ਮਾਤਰਾ ਵਿਚ ਸਿੱਖ ਸਮਾਜ ਵਿਚ ਪ੍ਰਚਲਿਤ ਕਰ ਦਿਤਾ ਗਿਆ। ਇਸ ਸਾਖੀ ਦੇ ਇਕ ਮੁੱਖ ਅੰਸ਼ ਅਨੁਸਾਰ ਸ੍ਰੀ ਚੰਦ ਜੀ ਦੇ ਮਾਫੀ ਮੰਗ ਲੈਣ ਉਪਰੰਤ ਛੇਵੇਂ ਪਾਤਸ਼ਾਹ ਨੇ ਆਪਣਾ ਇਕ ਬਿੰਦੀ ਪੁਤਰ ‘ਗਰਦਿੱਤਾ’ ਉਨ੍ਹਾਂ ਨੂੰ ਚੇਲੇ ਵਜੋਂ ਸੌਂਪ ਦਿਤਾ। ਪਰ ਇਹ ਗੱਲ ਉਸ ਸਮੇਂ ਗਲਤ ਸਾਬਿਤ ਹੋ ਜਾਂਦੀ ਹੈ, ਜਦੋਂ ਇਸ ਸੰਬੰਧੀ ਤਾਰੀਖਾਂ ਦੀ ਪੜਚੋਲ ਕਰਦੇ ਹਾਂ। ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਨੇ ਆਪਣੀ ਪੁਸਤਕ ਲੜੀ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਦੇ ਇਕ ਹਿੱਸੇ ਵਿਚ ਤਾਰੀਖਾਂ ਦਾ ਹਵਾਲਾ ਦੇ ਕੇ ਇਸ ਸਾਖੀ ਨੂੰ ਗਲਤ ਸਾਬਿਤ ਕਰ ਦਿਤਾ ਹੈ। ਉਨ੍ਹਾਂ ਦੀ ਪੜਚੋਲ ਅਨੁਸਾਰ ਗੁਰਦਿਤਾ ਜੀ ਦਾ ਜਨਮ ਸ੍ਰੀ ਚੰਦ ਦੀ ਮ੍ਰਿਤੂ ਤੋਂ ਲਗਭਗ 14 ਮਹੀਨਿਆਂ ਬਾਅਦ ਹੋਇਆ। ਜਦਕਿ ਪ੍ਰਚਲਿਤ ਕੀਤੇ ਅਨੁਸਾਰ ਇਸ ਘਟਨਾ ਤੋਂ ਬਾਅਦ ਵੀ (ਭਾਵ ਆਪਣੀ ਮ੍ਰਿਤੂ ਤੋਂ ਬਾਅਦ) ਵੀ ਸ੍ਰੀ ਚੰਦ ਜੀ ਨੇ ਸਿੱਖੀ ਦਾ ਦੁਰ-ਦੁਰਾਡੇ ਪ੍ਰਚਾਰ ਕੀਤਾ। ਸਪਸ਼ਟ ਹੈ ਸ੍ਰੀ ਚੰਦ ਦੇ ਹੁੰਦੇ ਗੁਰਦਿਤਾ ਜੀ ਇਸ ਸੰਸਾਰ ਵਿਚ ਆਏ ਹੀ ਨਹੀ ਸਨ ਅਤੇ ਇਹ ਸਾਖੀ ਰੂਪ ਘਟਨਾ ਇਕ ਕਲਪਨਾ ਹੈ, ਹਕੀਕਤ ਨਹੀਂ। ਇਸ ਸਾਖੀ ਨੂੰ ਬਣਾਉਣ ਦਾ ਮਕਸਦ ਉਪਰ ਸਪਸ਼ਟ ਕਰ ਚੁੱਕੇ ਹਾਂ। ਹੁਣ ਇਸ ਸਾਖੀ ਰਾਹੀਂ ਪੈਦਾ ਕੀਤੀ ਗਈ ਮਾਨਤਾ ਦੀ ਕੱਚਿਆਈ ਠੋਸ ਕੁਝ ਹੋਰ ਦਲੀਲਾਂ ਦੇ ਆਧਾਰ ਤੇ ਸਪਸ਼ਟ ਕਰਨ ਦਾ ਯਤਨ ਕਰਦੇ ਹਾਂ। 1. ਇਸ ਤੱਥ ਨਾਲ ਹਰ ਕੋਈ ਸਹਿਮਤ ਹੈ ਕਿ ਸ੍ਰੀ ਚੰਦ ਜੀ ਨੇ ਬਾਬਾ ਨਾਨਕ ਵਲੋਂ ਪੇਸ਼ ਕੀਤੇ ਗੁਰਮਤਿ ਫਲਸਫੇ ਨੂੰ ਸਹੀ ਨਾ ਜਾਣ ਕੇ ਉਦਾਸੀ ਮੱਤ ਅਪਣਾ ਲਿਆ/ਸ਼ੁਰੂ ਕੀਤਾ। ਇਸ ਉਦਾਸੀ ਮੱਤ ਦੇ ਅਸੂਲ ਗੁਰਮਤਿ ਦੇ ਮੂਲ ਸਿਧਾਂਤਾਂ ਤੋਂ ਉਲਟ ਕਰਮਕਾਂਡੀ ਸਨ। ਜੇ ਉਨ੍ਹਾਂ ਨੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਆਪਣੀ ਵਿਚਾਰਧਾਰਕ ਗਲਤੀ ਨੂੰ ਮੰਨ ਲਿਆ ਸੀ (ਸਾਖੀ ਅਨੁਸਾਰ)। ਤਾਂ ਕੀ ਉਹ ਉਸੇ ਵਕਤ ‘ਉਦਾਸੀ ਮੱਤ’ ਨੂੰ ਖਤਮ ਕਰਕੇ/ਛੱਡ ਕੇ ਗੁਰਮਤਿ ਦੀ ਮੁੱਖਧਾਰਾ ਵਿਚ ਸ਼ਾਮਿਲ ਹੋ ਗਏ ਸਨ? ਬਿਲਕੁਲ ਨਹੀਂ। ਬਲਕਿ ਉਲਟਾ ਉਨ੍ਹਾਂ ਨੇ ਤਾਂ ਛੇਵੇਂ ਪਾਤਸ਼ਾਹ ਤੋਂ ਇਕ ਪੁੱਤਰ ਦੀ ਮੰਗ ਆਪਣੇ ਉਦਾਸੀ ਮੱਤ ਦੇ ਪ੍ਰਚਾਰ ਲਈ ਕੀਤੀ (ਸਾਖੀ ਅਨੁਸਾਰ)। ਪ੍ਰਚਲਿਤ ਇਤਿਹਾਸ ਅਨੁਸਾਰ ਗੁਰਦਿਤਾ ਜੀ ਸ੍ਰੀ ਚੰਦ ਜੀ ਤੋਂ ਬਾਅਦ ਉਦਾਸੀ ਮੱਤ ਦੇ ਮੁੱਖੀ ਬਣੇ ਅਤੇ ਉਨ੍ਹਾਂ ਨੇ ਅੱਗੇ ਚਾਰ ਪ੍ਰਚਾਰ ਕੇਂਦਰ ਸਥਾਪਿਤ ਕੀਤੇ। ਇਹ ਸੰਭਵ ਹੈ ਕਿ ਸ੍ਰੀ ਚੰਦ, ਰਾਮਰਾਇ, ਪ੍ਰਿਥੀਚੰਦ ਆਦਿ ਵਾਂਗੂ ਗੁਰਦਿਤਾ ਜੀ ਵੀ ਗੁਰਮਤਿ ਇਨਕਲਾਬ ਤੋਂ ਅਸਹਿਮਤ ਹੋ ਕੇ ਉਦਾਸੀ ਮੱਤ ਦੇ ਧਾਰਨੀ ਹੋ ਗਏ ਹੋਣ, ਜਿਸ ਤੱਥ ਤੋਂ ਮਗਰਲੇ ਉਦਾਸੀ ਪ੍ਰਚਾਰਕਾਂ ਨੇ ਪੰਥ ਵਿਚ ਆਪਣੀ ਪਕੜ ਬਣਾਉਣ ਲਈ ਇਹ ਸਾਖੀ ਤਿਆਕ ਰਕ ਲਈ। 2. ਪ੍ਰਚਲਿਤ ਸਾਖੀ ਅਨੁਸਾਰ ਛੇਵੇਂ ਪਾਤਸ਼ਾਹ ਨੇ ਭਾਈ ਗੁਰਦਿਤਾ ਜੀ ਨੂੰ ਇਕ ਚੇਲੇ ਵਜੋਂ ਸ੍ਰੀ ਚੰਦ ਨੂੰ ਸੌਂਪ (ਸਮਰਪਿਤ ਕਰ) ਦਿਤਾ। ਭਾਵ ਉਨ੍ਹਾਂ ਨੂੰ ਉਦਾਸੀ ਮੱਤ ਦਾ ਪੈਰੋਕਾਰ ਬਣਾ ਦਿਤਾ। ਜੇ ਗਲਤੀ ਸ੍ਰੀ ਚੰਦ ਜੀ ਦੀ ਸੀ ਤਾਂ ਉਨ੍ਹਾਂ ਨੇ ਉਦਾਸੀ ਮੱਤ ਤਿਆਗ ਕੇ ਸਿੱਖੀ ਮੁੱਖਧਾਰਾ ਵਿਚ ਆਉਣਾ ਸੀ ਨਾ ਕਿ ਉਨ੍ਹਾਂ ਦੀ ਵਿਰੋਧੀ ਮੱਤ ਵਾਲੀ ‘ਉਦਾਸੀ ਪ੍ਰੰਪਰਾ’ ਦੇ ਪ੍ਰਚਾਰ ਲਈ ਇਕ ਚੇਲਾ ਮੰਗਣਾ ਸੀ। ਸਮਰਪਿਤ ਸ੍ਰੀ ਚੰਦ ਨੇ ਆਪਣੇ ਆਪ ਨੂੰ ਕਰਨਾ ਸੀ, ਨਾ ਕਿ ਉਨ੍ਹਾਂ ਨੂੰ ਖੁਸ਼ ਕਰਨ ਲਈ ਇਕ ਚੇਲਾ ਉਨ੍ਹਾਂ ਨੂੰ ਦਿਤਾ ਜਾਣਾ ਸੀ। 3. ਇਹ ਇਤਿਹਾਸਿਕ ਅਤੇ ਪ੍ਰਵਾਨਿਤ ਸੱਚਾਈ ਹੈ ਕਿ ਸ੍ਰੀ ਚੰਦ ਦੇ ਸਮੇਂ ਤੋਂ ਹੀ ਉਦਾਸੀ ਮੱਤ ਬ੍ਰਾਹਮਣੀ ਸੋਚ ਦੇ ਪ੍ਰਭਾਵ ਹੇਠ ਗੁਰਮਤਿ ਦਾ ਵਿਚਾਰਧਾਰਕ ਵਿਰੋਧੀ ਰਿਹਾ ਹੈ। ਇਹ ਵੀ ਹਕੀਕਤ ਹੈ ਕਿ ਉਸ ਤੋਂ ਬਾਅਦ ਹਮੇਸ਼ਾਂ ਹੀ ਉਦਾਸੀ ਮੱਤ ਬ੍ਰਾਹਮਣੀ ਵਿਚਾਰਧਾਰਾ ਦਾ ਪਿੱਛ-ਲੱਗੂ ਹੀ ਰਿਹਾ ਹੈ। ਇਹ ਤਲਖ ਸੱਚਾਈ ਅੱਜ ਵੀ ਉਦਾਸੀ ਮੱਤ ਦੇ ਸਥਾਨਾਂ ਤੇ ਕੀਤੇ ਜਾਂਦੇ ਕਰਮਕਾਂਡਾਂ ਵਿਚ ਸਪਸ਼ਟ ਵੇਖੀ ਜਾ ਸਕਦੀ ਹੈ। 4. ਸਾਰੇ ਸੁਚੇਤ ਸਿੱਖ ਇਸ ਹਕੀਕਤ ਤੋਂ ਵਾਕਿਫ ਹਨ ਕਿ 1708 ਤੋਂ ਬਾਅਦ ਸਿੱਖ ਸਮਾਜ ਵਿਚ ਲਗਾਤਾਰ ਵੱਧ ਰਹੇ ਬ੍ਰਾਹਮਣਵਾਦ ਦਾ ਮੁੱਖ ਕਾਰਨ ਗੁਰਦਵਾਰਿਆਂ ਉਪਰ ਉਦਾਸੀ ਅਤੇ ਨਿਰਮਲੇ ਪ੍ਰਚਾਰਕਾਂ ਦਾ ਸਥਾਪਿਤ ਹੋ ਜਾਣਾ ਸੀ। ਇਨ੍ਹਾਂ ਦੀ ਸਥਾਪਨਾ ਦਾ ਇਕ ਮੁੱਖ ਆਧਾਰ ਇਹ ਸਾਖੀ ਹੀ ਬਣਾਈ ਗਈ, ਜਿਸ ਅਨੁਸਾਰ ਸ੍ਰੀ ਚੰਦ ਗਲਤੀ ਮੰਨ ਕੇ ‘ਮੁੱਖ ਧਾਰਾ’ ਵਿਚ ਸ਼ਾਮਿਲ ਹੋ ਗਏ। ਪਰ ਜੇ ਇਮਾਨਦਾਰੀ ਨਾਲ ਐਸਾ ਹੋਇਆ ਹੁੰਦਾ ਤਾਂ ਉਦਾਸੀ ਪ੍ਰਚਾਰਕਾਂ ਵਿਚੋਂ ਗੁਰਮਤਿ ਦੀ ਖੁਸ਼ਬੂ ਆਉਣੀ ਸੀ। ਪਰ ਹੋਇਆ ਉਲਟ। ਸਿੱਖ ਸਮਾਜ ਵਿਚ ਪ੍ਰਚਾਰਕਾਂ ਵਜੋਂ ਕਾਇਮ ਹੋਣ ਤੋਂ ਬਾਅਦ ਇਨ੍ਹਾਂ ਨੇ ਹੋਲੀ ਹੋਲੀ ਕੌਮ ਵਿਚੋਂ ਹੀ ‘ਗੁਰਮਤਿ ਦੀ ਖੁਸ਼ਬੂ’ ਨੂੰ ਅਲੋਪ ਕਰਨਾ ਸ਼ੁਰੂ ਕਰ ਦਿਤਾ। ਆਪਣੇ ਵਲੋਂ ਰਚੇ ਸ਼ਾਤਿਰ ਸਾਹਿਤ ਦੀ ਸਹਾਇਤਾ ਨਾਲ ਉਹ ਇਸ ਮਕਸਦ ਵਿਚ ਕਾਫੀ ਕਾਮਯਾਬ ਵੀ ਹੋਏ। ਇਹ ਸਾਖੀ ਵੀ ਵੈਸੇ ਹੀ ਸਾਹਿਤ ਦਾ ਇਕ ਅੰਸ਼ ਹੈ। ਅੱਜ ਦੇ ਸਮੇਂ ਵਿਚ ਆਪਣੇ ਆਪ ਨੂੰ ਪੰਥ ਦਾ ਵੱਡਾ ਅਤੇ ਸੱਚਾ-ਸੁੱਚਾ ਹਿੱਸਾ ਮੰਨਣ ਵਾਲੀਆਂ ਜਿਤਨੀਆਂ ਵੀ ਸੰਪਰਦਾਈ ਧਿਰਾਂ ਹਨ, ਉਹ ਵਿਚਾਰਧਾਰਕ ਪੱਖੋਂ ਅਸਲ ਵਿਚ ਇਨ੍ਹਾਂ ਉਦਾਸੀ/ਨਿਰਮਲੇ ਪ੍ਰਚਾਰਕਾਂ ਦੀਆਂ ਵੰਸ਼ਜ ਹੀ ਹਨ। ਉਪਰੋਕਤ ਤੱਥ ਮਈ ਪੜਚੋਲ ਤੋਂ ਇਹ ਸਪਸ਼ਟ ਹੈ ਕਿ ਇਹ ਸਾਖੀ ਮੂਲੋਂ ਹੀ ਗਲਤ ਹੈ ਅਤੇ ਸ੍ਰੀ ਚੰਦ ਜਾਂ ਉਦਾਸੀ ਮੱਤ, ਮਨ ਕਰਕੇ ਕਦੇ ਵੀ ਗੁਰਮਤਿ ਦੀ ਮੁੱਖਧਾਰਾ ਦਾ ਹਿੱਸਾ ਨਹੀਂ ਬਣਿਆ। ਬਲਕਿ ਇਨ੍ਹਾਂ ਨੇ ਮੌਕਾ ਮਿਲਦੇ ਹੀ ਆਪਣੇ ਆਪ ਨੂੰ ਗੁਰਮਤਿ ਦੇ ਸਹੀ ਪ੍ਰਚਾਰਕਾਂ ਦੀ ਥਾਂ ਸਥਾਪਿਤ ਕਰ ਲਿਆ ਅਤੇ ਇਸ ਸਥਾਪਤੀ ਤੋਂ ਬਾਅਦ ‘ਗੁਰਮਤਿ ਇਨਕਲਾਬ’ ਦਾ ਮੁੰਹ-ਮੁਹਾਂਦਰਾ ਹੀ ਵਿਗਾੜ ਕੇ ਰੱਖ ਦਿਤਾ। ਇਨ੍ਹਾਂ ਵਲੋਂ ਸਿੱਖ ਸਮਾਜ ਦੀ ਮਾਨਸਿਕਤਾ ਵਿਚ ‘ਸਲੋ-ਪਾਇਜ਼ਨ’ ਵਾਂਗ ਬ੍ਰਾਹਮਣਵਾਦ ਐਸਾ ਭਰ ਦਿਤਾ ਗਿਆ ਜਿਸਨੂੰ ਪੂਰੀ ਤਰਾਂ ਖਤਮ ਕਰਨਾ ਲਗਭਗ ਨਾ-ਮੁਮਕਿਨ ਹੀ ਹੈ। ਕਿਉਂਕਿ ਪ੍ਰਚਲਿਤ ਸਿੱਖ ਸਮਾਜ ਦੀ ਮੁੱਖਧਾਰਾ ਇਸ ‘ਪਾਇਜ਼ਨ’ ਦੀ ਅਮਲੀ ਹੋ ਗਈ ਹੈ ਅਤੇ ਇਸ ਦੀ ਪਛਾਣ ਕਰਵਾੳੇੁਣ ਦਾ ਯਤਨ ਕਰਨ ਵਾਲਿਆਂ ਮਗਰ ਜਿਥੇ ਸੰਪਰਦਾਈ ਆਪਣੇ ਪੁਰਾਣੇ ਪੁਜਾਰੀਵਾਦੀ ਹਥਿਆਰ ਲੈ ਕੇ ਪੈ ਜਾਂਦੇ ਹਨ, ਉਥੇ ਸੁਚੇਤ ਮੰਨੇ ਜਾਂਦੇ ਕਈਂ ਸੱਜਣ ਵੀ ‘ਕਲਮੀ ਡਾਂਗ’ ਚੁੱਕ ਲੈਂਦੇ ਹਨ। ਵਾਪਿਸ ਅੱਜ ਦੇ ਸੰਦਰਭ ਵਿਚ ਪਰਤਦੇ ਹਾਂ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਵਲੋਂ ਜਾਣਦੇ ਬੁਝਦੇ ਧੱਕੇ ਨਾਲ ਸ੍ਰੀ ਚੰਦ ਨੂੰ ਸਿੱਖੀ ਦੇ ਮਹਾਨ ਪ੍ਰਚਾਰਕ ਵਜੋਂ ਸਥਾਪਿਤ ਕਰਨ ਦੇ ਯਤਨਾਂ ਪਿਛਲੀ ਮੰਸ਼ਾ ਹੁਣ ਸਪਸ਼ਟ ਹੋ ਜਾਣੀ ਚਾਹੀਦੀ ਹੈ। ਬਾਦਲ ਪ੍ਰਭਾਵ ਦੇ ਰਾਹੀਂ ਪੰਥ ਵਿਰੋਧੀ ਤਾਕਤਾਂ, ਕੇਂਦਰੀ ਤੌਰ ਤੇ ਸਿੱਖ ਸਮਾਜ ਵਿਚ ਉਨ੍ਹਾਂ ਧਿਰਾਂ ਨੂੰ ਮਾਨਤਾ ਦਿਵਾਉਣ ਦਾ ਯਤਨ ਕਰ ਰਹੀਆਂ ਹਨ, ਜਿਨ੍ਹਾਂ ਨੇ ਇਤਿਹਾਸ ਵਿਚ ‘ਗੁਰਮਤਿ ਇਨਕਲਾਬ’ ਦਾ ਵੱਡਾ ਨੁਕਸਾਨ ਕੀਤਾ ਹੈ। ਸੁਚੇਤ ਪੰਥ ਦੇ ਪਿਛਲੇ ਲੰਬੇ ਸਮੇਂ ਦੇ ਨਿਸ਼ਕਾਮ ਯਤਨਾਂ ਨੇ ਇਨ੍ਹਾਂ ਧਿਰਾਂ ਵਲੋਂ ਗੁਰਮਤਿ ਇਨਕਲਾਬ ਤੇ ਪੈਦਾ ਕੀਤੇ ਬਨਾਵਟੀ ਬ੍ਰਾਹਮਣਵਾਦੀ ਬੱਦਲਾਂ ਨੂੰ ਛਾਂਗਨ ਦਾ ਕਾਮਯਾਬੀ ਨਾਲ ਸੰਘਰਸ਼ ਕੀਤਾ ਹੈ ਅਤੇ ਕਰ ਰਹੀਆਂ ਹਨ। ਐਸੇ ਵਿਚ ਜ਼ਰੂਰੀ ਹੈ ਕਿ ਉਨ੍ਹਾਂ ਗਲਤ ਮਾਨਤਾਵਾਂ ਨੂੰ ਇਕ ਵਾਰ ਫੇਰ ਸਿੱਖ ਸਮਾਜ ਵਿਚ ਕੇਂਦਰੀ ਤੌਰ ਤੇ ਸਥਾਪਿਤ ਕੀਤਾ ਜਾਵੇ। ਇਸ ਨਾਪਾਕ ਯਤਨਾਂ ਵਿਚ ਜੇ ਸੁਚੇਤ ਮੰਨੇ ਜਾਂਦੀਆਂ ਕੁਝ ਧਿਰਾਂ ਜਾਂ ਸ਼ਖਸੀਅਤਾਂ ਨੂੰ ਸ਼ਾਮਿਲ ਕਰ ਲਿਆ ਜਾਵੇ ਤਾਂ ਇਹ ਉਨ੍ਹਾਂ ਲਈ ‘ਸੋਨੇ ਤੇ ਸੁਹਾਗੇ’ ਦਾ ਕੰਮ ਹੋਵੇਗਾ। ਪ੍ਰਿੰਸੀਪਲ ਸੁਰਿੰਦਰ ਸਿੰਘ ਦੇ ਬਿਆਨ ਰਾਹੀਂ ਸੁਚੇਤ ਪੰਥ ਦਾ ਅੰਗ ਮੰਨੇ ਜਾਂਦੇ ਮਿਸ਼ਨਰੀ ਕਾਲਜਾਂ ਨੂੰ ਇਨ੍ਹਾਂ ਕੂੜ ਯਤਨਾਂ ਵਿਚ ਵਰਤੇ ਜਾਣ ਦੇ ਸੰਕੇਤ ਨਜ਼ਰ ਆ ਰਹੇ ਹਨ। ਪਿੱਛਲੇ ਸਮੇਂ ਪ੍ਰੋ. ਧੂੰਦਾ ਵਲੋਂ ਪੁਜਾਰੀਆਂ ਅੱਗੇ ਗੋਡੇ ਟੇਕਣ ਅਤੇ ਉਸ ਤੋਂ ਬਾਅਦ ਇਨ੍ਹਾਂ ਪੁਜਾਰੀਆਂ (ਜਿਨ੍ਹਾਂ ਦੀ ਆਪਣੀ ਗੁਰਮਤਿ ਸਮਝ ਸ਼ੱਕੀ ਹੈ) ਵਲੋਂ ਮਿਸ਼ਨਰੀ ਕਾਲਜਾਂ ਦਾ ਸਲੇਬਸ ਜਾਂਚ ਕੇ ਪ੍ਰਮਾਣਿਕ ਕਰਨ ਦੀਆਂ ਖਬਰਾਂ ਇਨ੍ਹਾਂ ਸੰਕੇਤਾਂ ਦਾ ਹੀ ਹਿੱਸਾ ਹਨ। ਰਾਧਾਸੁਆਮੀ ਅਤੇ ਹੋਰ ਅਨਮਤੀ ਡੇਰੇਦਾਰਾਂ ਨੂੰ ਸਿੱਖੀ ਦੀ ਮੁੱਖ ਧਾਰਾ ਵਿਚ ਸ਼ਾਮਿਲ ਕਰਨ ਦੇ ਬਦ-ਨੀਅਤ ਯਤਨ ਵੀ ਸ੍ਰੀ ਚੰਦ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਯਤਨਾਂ ਦੀ ਤਰਜ਼ ਤੇ ਇਤਿਹਾਸ ਨੂੰ ਦੁਹਰਾਉਣ ਦਾ ਇਕ ਯਤਨ ਹਨ ਅਤੇ ਇਸ ਪਿੱਛੇ ਸਿਆਸੀ ਸਵਾਰਥ ਵੀ ਛੁਪੇ ਹਨ। ਸੁਚੇਤ ਪੰਥ ਦੇ ਸੁਹਿਰਦ ਸੱਜਣਾਂ ਨੂੰ ਇਸ ਘਟਨਾਕ੍ਰਮ ਤੋਂ ਸਿਖਿਆ ਲੈ ਕੇ ਹੋਰ ਸੁਚੇਤ ਅਤੇ ਇਕਮੁੱਠ ਹੋਣ ਦੇ ਯਤਨ ਕਰਨੇ ਚਾਹੀਦੇ ਹਨ। ਨਾਲ ਹੀ ਇਹ ਵੀ ਦ੍ਰਿੜ ਕਰਨਾ ਜਰੂਰੀ ਹੈ ਕਿ ਗੁਰਮਤਿ ਨੂੰ ਇਸ ਦੇ ਖਰੇ ਰੂਪ ਵਿਚ ਹੋਰ ਚੰਗੀ ਤਰਾਂ ਸਾਹਮਣੇ ਲਿਆਇਆ ਜਾਵੇ ਅਤੇ ਇਸ ਖਰੇ ਸੱਚ ਦੇ ਰਸਤੇ ਵਿਚ ਸਾਡੇ ਮਨ ਵਿਚ ਅਨਭੋਲ ਛੁੱਪੀ ਬੈਠੀ ਸੰਪਰਦਾਇਕਤਾ ਅਤੇ ‘ਸੰਗਤ ਹਾਲੀਂ ਤਿਆਰ ਨਹੀਂ’ ਆਦਿ ਬਹਾਨੇ ਰੁਕਾਵਟ ਨਾ ਬਣਨ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ 30/09/12

ਪੋਸਟ ਕਰਤਾ:- ਗੁਰਸ਼ਾਮ ਸਿੰਘ


Post Comment


ਗੁਰਸ਼ਾਮ ਸਿੰਘ ਚੀਮਾਂ