ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, September 14, 2012

ਕਾਂਗੜੇ ਦਾ ਕਿਲ੍ਹਾ


ਭਾਰਤੀ ਇਤਿਹਾਸ ਵਿਚ ਕਾਂਗੜੇ ਕਿਲ੍ਹੇ ਦਾ ਜ਼ਿਕਰ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਵੈਸੇ ਹਿਮਾਚਲ ਪ੍ਰਦੇਸ਼ ਵਿਚ ਅਨੇਕਾਂ ਹੀ ਕਿਲ੍ਹੇ ਹਨ ਪਰ ਕਾਂਗੜੇ ਦਾ ਕਿਲ੍ਹਾ ਸ਼ਿਲਪ-ਸ਼ੈਲੀ ਵਿਚ ਵਿਲੱਖਣ ਸਥਾਨ ਰੱਖਦਾ ਹੈ। ਕਾਂਗੜਾ ਬੱਸ ਸਟੈਂਡ ਤੋਂ ਲਗਪਗ ਅੱਧੇ ਘੰਟੇ ਦਾ ਰਸਤਾ ਹੈ, ਟੈਂਪੂ ਜਾਂ ਟੈਕਸੀ ਆਦਿ ਦਾ। ਇਕ ਉੱਚੀ ਪਹਾੜੀ ’ਤੇ ਬਣਿਆ ਇਹ ਕਿਲ੍ਹਾ ਅੱਜ ਵੀ ਅਦਭੁਤਤਾ ਪੈਦਾ ਕਰਦਾ ਹੈ। ਕਿਲ੍ਹੇ ਦੇ ਬਾਹਰਵਾਰ ਇਕ ਛੋਟਾ ਅਤੇ ਇਕ ਵੱਡਾ ਗੇਟ ਲਗਾਇਆ ਗਿਆ ਹੈ। ਮੁੱਖ ਗੇਟ ਨਾਲ ਹੀ ਭਾਰਤੀ ਪੁਰਾਤੱਤਵ ਸਰਵੇਖਣ ਦਾ ਦਫਤਰ ਹੈ ਜਿਥੋਂ ਕਿਲ੍ਹੇ ਦੇ ਅੰਦਰ ਜਾਣ ਲਈ ਪੰਜ ਰੁਪਏ ਦੀ ਟਿਕਟ ਲੈਣੀ ਪੈਂਦੀ ਹੈ। ਅੰਦਰ ਜਾਣ ਤੋਂ ਪਹਿਲਾਂ ਨਕਸ਼ੇ ਵੀ ਮਿਲ ਜਾਂਦੇ ਹਨ, ਜਿਸ ਦੀ ਸਹਾਇਤਾ ਨਾਲ ਤੁਸੀਂ ਆਸਾਨੀ ਨਾਲ ਕਿਲ੍ਹੇ ਦੀ ਅੰਦਰੂਨੀ ਜਾਣਕਾਰੀ ਲੈ ਸਕਦੇ ਹੋ।
ਕਿਲ੍ਹੇ ਦੇ ਇਰਦ-ਗਿਰਦ ਸੁੰਦਰ ਹਰਿਆਵਲਦਾਰ ਪਾਰਕ ਹਨ। ਕਿਲ੍ਹੇ ਅੰਦਰ ਪ੍ਰਵੇਸ਼ ਕਰਨ ਲਈ ਵੱਡੀਆਂ ਮਜ਼ਬੂਤ ਦੀਵਾਰਾਂ ਦੇ ਵਿਚ ਛੋਟਾ ਜਿਹਾ ਗੋਲਾਕਾਰ ਦਰਵਾਜ਼ਾ ਹੈ। ਸਾਰੇ ਕਿਲ੍ਹੇ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਅਨੇਕਾਂ ਹੀ ਗੇਟਾਂ ਵਾਲਾ ਛੋਟਾ ਰਸਤਾ ਅਤੇ ਕਿਲ੍ਹੇ ਅੰਦਰ ਸਭ ਸਹੂਲਤਾਂ ਵਾਲੇ ਕਮਰੇ ਆਦਿ ਬਹੁਤ ਹੀ ਵਧੀਆ ਅਤੇ ਉੱਚ ਦਰਜੇ ਦੀ ਤਕਨੀਕ ਨਾਲ ਬਣੇ ਹੋਏ ਹਨ। ਵੇਖਿਆ ਜਾਏ ਤਾਂ ਇਹ ਕਿਲ੍ਹਾ ਹੈਰਾਨ ਕਰਨ ਵਾਲਾ ਕਮਾਲ ਦਾ ਕਿਲ੍ਹਾ ਹੈ।
ਕਾਂਗੜਾ ਜ਼ਿਲ੍ਹਾ (ਹਿਮਾਚਲ ਪ੍ਰਦੇਸ਼) ਚੰਡੀਗੜ੍ਹ-ਧਰਮਸ਼ਾਲਾ ਹਾਈਵੇ ’ਤੇ ਸਥਿਤ ਹੈ। ਚੰਡੀਗੜ੍ਹ ਤੋਂ ਲਗਪਗ 225 ਕਿਲੋਮੀਟਰ ਅਤੇ ਪਠਾਨਕੋਟ ਤੋਂ ਕਰੀਬ 85 ਕਿਲੋ ਮੀਟਰ ਦੂਰੀ ’ਤੇ ਸਥਿਤ ਹੈ। ਕਾਂਗੜੇ ਦਾ ਕਿਲ੍ਹਾ ਮਾਂਜੀ ਅਤੇ ਬਲਗੰਗਾ ਨਦੀਆਂ ਦੇ ਨਾਲ-ਨਾਲ ਇਕ ਤੰਗ ਅਤੇ ਲੰਬੇ ਰਸਤੇ ’ਤੇ ਬਣਿਆ ਹੈ। ਆਖਿਆ ਜਾਂਦਾ ਹੈ ਕਿ ਕਾਂਗੜੇ ਦਾ ਕਿਲ੍ਹਾ ਮਹਾਂਭਾਰਤ ਦੀ ਮਹਾਨ ਲੜਾਈ ਤੋਂ ਛੇਤੀ ਹੀ ਬਾਅਦ ਸੁਸਰਸ ਚੰਦਰ ਨੇ ਬਣਵਾਇਆ ਸੀ। ਕਾਂਗੜੇ ਕਿਲ੍ਹੇ ਦੀ ਬੁਲੰਦ ਇਮਾਰਤ ਨੂੰ ਦੇਖਦਿਆਂ ਇਹ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਇਹ ਇਮਾਰਤ ਕਿੰਨੀ ਪੁਰਾਣੀ ਹੋਵੇਗੀ ਕਿਉਂਕਿ ਨੌਵੀਂ, ਦਸਵੀਂ ਸਦੀ ਦੇ ਦੌਰਾਨ ਬਣਿਆ ਇਹ ਕਿਲ੍ਹਾ ਉਸ ਸਮੇਂ ’ਚ ਬਣੇ ਜੈਨ ਅਤੇ ਬੁੱਧ ਮੰਦਰਾਂ ਨਾਲ ਵੀ ਸਬੰਧਤ ਹੈ।
ਕਿਲ੍ਹੇ ਦਾ ਸਭ ਤੋਂ ਪਹਿਲਾਂ ਇਤਿਹਾਸਕ ਜ਼ਿਕਰ ਉਦੋਂ ਆਉਂਦਾ ਹੈ, ਜਦੋਂ ਮਹਿਮੂਦ ਗਜ਼ਨੀ ਨੇ 1009 ਏ.ਡੀ. ਵਿਚ ਇਸ ਉਪਰ ਜਿੱਤ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ 1043 ਏ.ਡੀ. ਵਿਚ ਦਿੱਲੀ ਦੇ ਰਾਜੇ ਨੇ ਇਸ ਕਿਲ੍ਹੇ ’ਤੇ ਕਬਜ਼ਾ ਕੀਤਾ ਅਤੇ 1337 ਏ.ਡੀ. ਲਗਪਗ ਤਿੰਨ ਸਦੀਆਂ ਤਕ ਇਹ ਕਿਲ੍ਹਾ ਹਿੰਦੂਆਂ ਦੇ ਹੱਥਾਂ ਵਿਚ ਰਿਹਾ। ਇਸ ਤੋਂ ਬਾਅਦ ਇਸ ਕਿਲ੍ਹੇ ਉਪਰ ਮੁਹੰਮਦ ਤੁਗਲਕ ਅਤੇ 1365 ਏ.ਡੀ. ਵਿਚ ਉਸ ਦੇ ਪੁੱਤਰ ਫਿਰੋਜ਼ ਸ਼ਾਹ ਤੁਗਲਕ ਨੇ ਇਸ ਉਪਰ ਕਬਜ਼ਾ ਕੀਤਾ। 1556 ਏ.ਡੀ. ਵਿਚ ਅਕਬਰ ਨੇ ਇਸ ਉਪਰ ਕਬਜ਼ਾ ਕੀਤਾ।
ਔਰੰਗਜ਼ੇਬ ਦੇ ਸ਼ਾਸਨ ਕਾਲ ਦੌਰਾਨ ਕਾਂਗੜਾ ਸਈਅਦ ਹੁਸਨ ਖ਼ਾਨ, ਹਸਨ ਅਬਦੁੱਲਾ ਖ਼ਾਨ ਅਤੇ ਨਵਾਬ ਸਈਅਦ ਖਲੀ ਉੱਲ੍ਹਾ ਖ਼ਾਨ ਦੀ ਦੇਖ-ਰੇਖ ਹੇਠ ਰਿਹਾ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਕਾਂਗੜਾ ਕਿਲ੍ਹਾ ਕਈਆਂ ਲੋਕਾਂ ਦੇ ਹੱਥਾਂ ਵਿਚ ਰਿਹਾ।
1783 ਏ.ਡੀ. ਵਿਚ ਕਾਂਗੜਾ ਕਿਲ੍ਹਾ ਅਤੇ ਇਕ ਸਿੱਖ ਲੀਡਰ ਜੈ ਸਿੰਘ ਗਨੀ ਦਾ ਰਾਜ ਰਿਹਾ। ਉਸ ਤੋਂ ਬਾਅਦ ਅਮਰ ਸਿੰਘ ਥਾਪਾ ਨੇ ਚਾਰ ਸਾਲ ਤਕ ਇਸ ਉਪਰ ਕਬਜ਼ਾ ਰੱਖਿਆ। ਆਖੀਰ ਵਿਚ 1809 ਵਿਚ ਕਾਂਗੜਾ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਦੀ ਕਮਾਨ ਹੇਠਾਂ ਆ ਗਿਆ। ਇਸ ਤੋਂ ਬਾਅਦ 37 ਸਾਲ ਤਕ ਇਸ ਕਿਲ੍ਹੇ ਉਪਰ ਸਿੱਖਾਂ ਦਾ ਰਾਜ ਰਿਹਾ। ਉਸ ਤੋਂ ਬਾਅਦ ਬਰਤਾਨੀਆ ਸਰਕਾਰ ਨੇ 1905 ਵਿਚ ਭੂਚਾਲ ਆਉਣ ਤੋਂ ਪਹਿਲਾਂ ਇਹ ਕਿਲ੍ਹਾ ਖਾਲੀ ਕਰਵਾਇਆ ਅਤੇ 1909 ਵਿਚ ਇਸ ਨੂੰ ਰਾਸ਼ਟਰੀ ਯਾਦਗਾਰ ਦਾ ਦਰਜਾ ਦੇ ਦਿੱਤਾ ਗਿਆ।
ਕਿਲ੍ਹੇ ਦਾ ਪ੍ਰਵੇਸ਼-ਦੁਆਰ ਦੋ ਗੇਟਾਂ ਨਾਲ ਖੁੱਲ੍ਹਦਾ ਹੈ ਜਿਸ ਨੂੰ ‘ਫਾਟਕ’ ਕਿਹਾ ਜਾਂਦਾ ਹੈ। ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ। ਪ੍ਰਵੇਸ਼ ਦੁਆਰ ਤੋਂ ਇਕ ਤੰਗ ਲੰਬਾ ਰਸਤਾ ਅੰਦਰ ਨੂੰ ਉਪਰ ਵੱਲ ਜਾਂਦਾ ਹੈ, ਜਿੱਥੇ ਅੱਗੇ ਜਾ ਕੇ ਫਿਰ ਇਕ ਦਰਵਾਜ਼ਾ ਆਉਂਦਾ ਹੈ, ਜਿਸ ਨੂੰ ‘ਆਇਰਨ ਗੇਟ’ ਅਤੇ ਅਮੀਰੀ ਦਰਵਾਜ਼ਾ ਜਾਂ ਨੋਬਲਜ਼ ਗੇਟ ਕਿਹਾ ਜਾਂਦਾ ਹੈ। ਇਹ ਦੋਵੇਂ ਦਰਵਾਜ਼ੇ ਜਹਾਂਗੀਰ ਦੇ ਸਮੇਂ ਕਾਂਗੜੇ ਦੇ ਤੁਗਲ ਗਵਰਨਰ ਰਹੇ ਨਵਾਬ ਆਲਿਫ਼ ਖ਼ਾਨ ਨੂੰ ਸਮਰਪਿਤ ਹਨ। ਇਸ ਤੋਂ ਅੱਗੇ ਜਾ ਕੇ ਇਕ ਟੇਢਾ ਮੋੜ ਮੁੜਦਾ ਹੈ ਜੋ ਕਿ ਜਹਾਂਗੀਰੀ ਦਰਵਾਜ਼ੇ ’ਚੋਂ ਲੰਘਦਾ ਹੈ, ਜਿਸ ਨੂੰ ਜਹਾਂਗੀਰ ਨੇ ਇਸ ਕਿਲ੍ਹੇ ਦੀ ਜਿੱਤ ਤੋਂ ਬਾਅਦ ਬਣਵਾਇਆ ਸੀ। ਆਖੀਰ ਵਿਚ ਕਿਲ੍ਹੇ ਦਾ ਆਖਰੀ ਗੇਟ ਆਉਂਦਾ ਹੈ ਜਿਸ ਨੂੰ ਅੰਧੇਰੀ ਜਾਂ ਹੰਡੇਲੀ ਦਰਵਾਜ਼ਾ ਕਿਹਾ ਜਾਂਦਾ ਹੈ। ਇਸ ਦਰਵਾਜ਼ੇ ਤੋਂ ਉਪਰ ਟੈਂਪਲ ਗੇਟ ਆਉਂਦਾ ਹੈ ਜਿਸ ਨੂੰ ਦਰਸ਼ਨੀ ਦਰਵਾਜ਼ਾ ਕਿਹਾ ਜਾਂਦਾ ਹੈ।
ਇਸ ਤੋਂ ਇਲਾਵਾ ਕਿਲ੍ਹੇ ਅੰਦਰ ਆਸ-ਪਾਸ ਅਤੇ ਨਾਲ-ਨਾਲ ਕਈ ਤਰ੍ਹਾਂ ਦੇ ਛੋਟੇ-ਵੱਡੇ ਮੰਦਰ ਅਤੇ ਹੋਰ ਇਤਿਹਾਸਕ ਸਥਾਨ ਵੀ ਬਣਾਏ ਹੋਏ ਹਨ। ਜਿਨ੍ਹਾਂ ਵਿਚ ਬਾਰੂਦਖਾਨਾ, ਸ਼ਿਵ ਮੰਦਰ, ਨਵਗਜ਼ਪੀਰ, ਕਬੂਰ ਸਾਗਰ ਖੂਹ, ਲਕਸ਼ਮੀ ਨਾਰਾਇਣ ਮੰਦਰ, ਸ਼ੀਤਲਾ ਮਾਤਾ ਮੰਦਰ, ਸੁੱਖਾ ਤਲਾਬ ਆਦਿ ਮਸ਼ਹੂਰ ਹਨ। ਕਿਲ੍ਹੇ ਦੇ ਅੰਦਰ ਇਕ ਅਜਾਇਬਘਰ ਵੀ ਹੈ, ਜੋ ਕਿ ਵੇਖਣ ਹੀ ਯੋਗ ਹੈ, ਜਿਸ ਵਿਚ ਪੁਰਾਣੇ ਘਰਾਂ ਦੇ ਪੱਥਰ, ਬੁੱਤ-ਤਰਾਸ਼ੀ, ਸਿੱਕੇ ਆਦਿ ਚੀਜ਼ਾਂ ਵੇਖਣ ਵਾਲੀਆਂ ਹਨ।
ਅੰਧੇਰੀ ਦਰਵਾਜ਼ੇ ਦੇ ਬਿਲਕੁਲ ਨੇੜੇ ਇਕ ਰਸਤਾ ਉਪਰ ਵੱਲ ਨੂੰ ਬਾਰੂਦਖਾਨੇ ਤਕ ਜਾਂਦਾ ਹੈ ਪਰ ਬਾਰੂਦਖਾਨੇ ਦੀ ਖਸਤਾ ਹਾਲਤ ਹੋਣ ਕਾਰਨ ਇਸ ਦਾ ਕੁਝ ਹਿੱਸਾ ਹੀ ਦਿਖਾਈ ਦਿੰਦਾ ਹੈ। ਅੰਧੇਰੀ ਦਰਵਾਜ਼ੇ ਦੇ ਨੇੜੇ ਹੀ ਰਸਤਾ ਦੋ ਦਿਸ਼ਾਵਾਂ ਵਿਚ ਵੰਡਿਆ ਜਾਂਦਾ ਹੈ, ਇਨ੍ਹਾਂ ਵਿਚੋਂ ਇਕ ਦਿਸ਼ਾ ਕਿਲ੍ਹੇ ਦੇ ਪਿਛਵਾੜੇ ਵਲ ਹੋ ਜਾਂਦੀ ਹੈ। ਪਿਛਲੇ ਪਾਸੇ ਹੀ ਇਕ ਮਸਜਿਦ ਹੈ, ਜਿਸ ਨੂੰ ਕਿ ਅਕਬਰ ਦੇ ਗਵਰਨਰ ਨੇ 1573 ਈ. ਵਿਚ ਬਣਵਾਇਆ ਸੀ।
ਸੁੱਖਾ ਤਾਲਾਬ ਇਕ ਚਤੁਰਭੁਜ ਆਕਾਰ ਦੀ ਜਗ੍ਹਾ ਹੈ ਜੋ ਕਿ ਪੂਰਬ-ਪੱਛਮ ਦਿਸ਼ਾ ਹੇਠਾਂ ਵੱਲ ਗਹਿਰੀ ਹੁੰਦੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਏਸੇ ਜਗ੍ਹਾ ’ਤੇ ਇਕ ਵਾਰ ਮਹਿਮੂਦ ਗਜ਼ਨੀ ਨੇ ਮਹੱਲ ਲੁੱਟਿਆ ਸੀ। ਇਸ ਤੋਂ ਇਲਾਵਾ ਇੱਥੇ ਮੁਗ਼ਲ ਰਾਜ ਦੇ ਦੌਰਾਨ ਬਣਾਈ ਗਈ ਬਾਰਾਂਦਰੀ ਵੀ ਹੈ, ਜਿੱਥੇ ਕਿ ਮੁਸਾਫ਼ਿਰ ਆਰਾਮ ਕਰਨ ਲਈ ਰੁਕਦੇ ਸਨ।
ਕਿਲ੍ਹੇ ਦਾ ਪਿਛਲਾ ਦਰਵਾਜ਼ਾ ਪਾਰ ਕਰਕੇ ਅੱਗੇ ਹੀ ਸ਼ਿਵ ਮੰਦਰ ਹੈ, ਮੰਦਰ ਦੇ ਵਿਚਕਾਰ ਇਕ ਸ਼ਿਵਲਿੰਗ ਹੈ, ਜਦੋਂ ਕਿ ਗੌਰੀ ਸ਼ੰਕਰ ਨੂੰ ਨੰਦੀ ’ਤੇ ਸਵਾਰ ਇਕ ਮੂਰਤੀ ਰਾਹੀਂ ਦਰਸਾਇਆ ਗਿਆ ਹੈ। ਇਹ ਦੋਵੇਂ ਮੂਰਤੀਆਂ 19ਵੀਂ ਸਦੀ ਨਾਲ ਸਬੰਧਤ ਹਨ। ਸ਼ਿਵ ਮੰਦਰ ਤੋਂ ਸਿਰਫ਼ 500 ਮੀਟਰ ਨੌਂਗਜ਼ ਪੀਰ ਦੀ ਜਗ੍ਹਾ ਹੈ ਜਿਸ ਨੂੰ ਕਿ 9 ਫੁੱਟ ਸੰਤ ਦੀ ਸਮਾਧੀ ਕਿਹਾ ਜਾਂਦਾ ਹੈ। ਰਸੋਈ ਦਾ ਏਰੀਆ ਅਤੇ ਵਾਚ-ਟਾਵਰ ਵੀ ਹੈ ਅਤੇ ਪ੍ਰਾਚੀਨ ਸਮੇਂ ਦਾ ਵੱਡੇ ਆਕਾਰ ਦਾ ਪਿੱਪਲ ਰੁੱਖ ਵੀ ਆਪਣੀ ਦਾਸਤਾਂ ਕਹਿੰਦਾ ਹੈ।
ਇਸ ਕਿਲ੍ਹੇ ਦੇ ਧੁਰ ਉਪਰ ਜਾ ਕੇ ਖੂਬਸੂਰਤ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਸੱਜੇ ਪਾਸੇ ਵਹਿੰਦਾ ਲੰਬਾ ਚੌੜਾ ਡੂੰਘਾ ਦਰਿਆ ਕਮਾਲ ਦਾ ਦ੍ਰਿਸ਼ ਪੈਦਾ ਕਰਦਾ ਹੈ। ਇਸ ਕਿਲ੍ਹੇ ਦੀ ਮੁਰੰਮਤ ਕੀਤੀ ਜਾ ਰਹੀ ਹੈ। ਬੇਕਾਰ ਰਸਤਿਆਂ ਨੂੰ ਲੱਕੜ ਦੇ ਰਸਤੇ ਨਾਲ ਸਜਾਇਆ ਜਾ ਰਿਹਾ ਹੈ। ਕਾਰੀਗਰਾਂ ਦੀ ਕਮਾਲ ਦੀ ਸ਼ਿਲਪ ਨਿਰਮਾਣ ਕਲਾ ਹੈ, ਜੋ ਵੇਖਣ ਹੀ ਯੋਗ ਹੈ।

ਬਲਵਿੰਦਰ ਬਾਲਮ


Post Comment


ਗੁਰਸ਼ਾਮ ਸਿੰਘ ਚੀਮਾਂ