ਪੰਜਾਬ ’ਚ ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਸੰਕਟ ਗਹਿਰਾਉਂਦਾ ਜਾ ਰਿਹਾ ਹੈ। ਸੂਬੇ ਦੇ ਵੱਡੀ ਗਿਣਤੀ ਪਿੰਡਾਂ ’ਚ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਅਤੇ ਬਾਕੀ ਬਚਦੇ ਪਿੰਡ ਵੀ ਲਪੇਟ ਵਿਚ ਆ ਰਹੇ ਹਨ। ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਤੇ ਵਾਅਦਿਆਂ ਦੇ ਉਲਟ ਪੀਣ ਵਾਲਾ ਸਾਫ ਸੁਥਰਾ ਪਾਣੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਸੂਬੇ ’ਚ ਪਾਣੀ ਸਬੰਧੀ ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਮਨੁੱਖੀ ਜ਼ਿੰਦਗੀ ਲਈ ਜ਼ਰੂਰੀ ਇਹ ਨਿਆਮਤ ਹੁਣ ਮੁੱਲ ਵਿਕਣ ਲੱਗੀ ਹੈ।
ਪਾਣੀ ਦੀ ਬਰਬਾਦੀ ਕਾਰਨ ਪੰਜ ਦਰਿਆਵਾਂ ਦੀ ਧਰਤੀ ਪਾਣੀ ਦੇ ਗੰਭੀਰ ਸੰਕਟ ਨਾਲ ਜੂਝਦੀ ਨਜ਼ਰ ਆ ਰਹੀ ਹੈ ਅਤੇ ਜੇਕਰ ਇਹ ਬਰਬਾਦੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇੱਥੋਂ ਦੀ ਉਪਜਾਊ ਜ਼ਮੀਨ ਰੇਤੀਲੇ ਟਿੱਬਿਆਂ ਵਿੱਚ ਬਦਲ ਜਾਵੇਗੀ। ਪਾਣੀ ਦੇ ਪਿਛੋਕੜ ’ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ 1985 ਵਿੱਚ ਸੂਬੇ ਦੇ ਕੁੱਲ 130 ਬਲਾਕਾਂ ਵਿੱਚੋਂ 53 ਬਲਾਕ ਪਾਣੀ ਦੇ ਨੀਵੇਂ ਪੱਧਰ ਸਬੰਧੀ ਡਾਰਕ ਜ਼ੋਨ ਕਰਾਰ ਦਿੱਤੇ ਸਨ ਜਦਕਿ 10 ਸਾਲ ਬਾਅਦ ਇਨ੍ਹਾਂ ਦੀ ਗਿਣਤੀ 84 ਅਤੇ 2005 ਵਿੱਚ 100 ਦੇ ਕਰੀਬ ਚਲੀ ਗਈ। ਮੌਜੂਦਾ ਸਮੇਂ ਵਿੱਚ ਸੂਬੇ ਦੇ ਕੁੱਲ 141 ਬਲਾਕਾਂ ਵਿੱਚੋਂ 115 ਦੇ ਕਰੀਬ ਬਲਾਕ ਡਾਰਕ ਜ਼ੋਨ ਐਲਾਨ ਦਿੱਤੇ ਗਏ ਹਨ। ਇਨ੍ਹਾਂ ਬਲਾਕਾਂ ਵਿੱਚ ਧਰਤੀ ਹੇਠੋਂ ਪਾਣੀ ਕੱਢਣ ਦੀ ਰਫਤਾਰ ਪਾਣੀ ਦੇ ਮੁੜ ਧਰਤੀ ਹੇਠ ਜਾਣ ਨਾਲੋਂ 145 ਫੀਸਦੀ ਜ਼ਿਆਦਾ ਹੈ।
ਪਾਣੀ ਦੀ ਸਮੱਸਿਆ ਪੈਦਾ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਝੋਨੇ ਦੀ ਖੇਤੀ ਦਾ ਹੈ। ਸੂਬੇ ਅੰਦਰ ਪਾਣੀ ਦੀ ਕੁੱਲ ਖਪਤ ਦਾ 35 ਫੀਸਦੀ ਹਿੱਸਾ ਸਿਰਫ ਝੋਨੇ ਦੀ ਸਿੰਜਾਈ ਲਈ ਵਰਤਿਆ ਜਾਂਦਾ ਹੈ। ਕਣਕ ਲਈ 30 ਫੀਸਦੀ, ਬਾਕੀ ਹੋਰ ਫਸਲਾਂ ਲਈ 14 ਫੀਸਦੀ ਪਾਣੀ ਵਰਤਿਆ ਜਾਂਦਾ ਹੈ। ਇਸ ਤੋਂ ਛੁਟ ਘਰੇਲੂ ਅਤੇ ਵਪਾਰਕ ਅਦਾਰਿਆਂ ਵਿੱਚ ਪਾਣੀ ਦੀ ਖਪਤ ਕੁੱਲ ਖਪਤ ਦਾ ਕੇਵਲ 5 ਫੀਸਦੀ ਹੈ। ਪਾਣੀ ਦੇ ਡਿੱਗ ਰਹੇ ਪੱਧਰ ਸਬੰਧੀ ਸਭ ਤੋਂ ਮੰਦੜਾ ਹਾਲ ਕੇਂਦਰੀ ਪੰਜਾਬ ਦਾ ਹੈ ਜਿੱਥੇ ਹਰ ਸਾਲ ਪਾਣੀ ਦਾ ਪੱਧਰ 50 ਤੋਂ 70 ਸੈਂਟੀਮੀਟਰ ਥੱਲੇ ਜਾ ਰਿਹਾ ਹੈ। 1980 ਵਿੱਚ ਸੂਬੇ ਦੇ ਲਗਪਗ 13 ਹਜ਼ਾਰ ਪਿੰਡਾਂ ਵਿੱਚੋਂ 3700 ਦੇ ਕਰੀਬ ਪਿੰਡ ਅਜਿਹੇ ਸਨ ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਜੋ ਕਿ 2006 ਤੱਕ 8000 ਦੇ ਅੰਕੜੇ ’ਤੇ ਪਹੁੰਚ ਗਈ ਜਦਕਿ ਮੌਜੂਦਾ ਸਮੇਂ ਵਿੱਚ ਇਹ ਅੰਕੜਾ 10 ਹਜ਼ਾਰ ਤੋਂ ਉਪਰ ਟੱਪ ਚੁੱਕਿਆ ਹੈ। ਇਸ ਹਿਸਾਬ ਨਾਲ ਰਾਜ ਵਿੱਚ ਗਿਣਤੀ ਦੇ ਪਿੰਡ ਹੀ ਅਜਿਹੇ ਹਨ ਜਿਨ੍ਹਾਂ ਨੂੰ ਪੀਣ ਯੋਗ ਸਾਫ ਪਾਣੀ ਮਿਲਦਾ ਹੈ ਕਿਉਂਕਿ ਕਿਸਾਨਾਂ ਵੱਲੋਂ ਅੰਨ੍ਹੇਵਾਹ ਕੀਟਨਾਸ਼ਕਾਂ ਦੀ ਵਰਤੋਂ ਕਰਨ ਕਾਰਨ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ।
ਅੱਜ ਹਰ ਪਾਸੇ ਪਾਣੀ ਦੀ ਬਰਬਾਦੀ ਹੋ ਰਹੀ ਹੈ। ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਜਨਤਕ ਥਾਵਾਂ ਜਾਂ ਸਾਡੇ ਘਰਾਂ ’ਚ ਪਾਣੀ ਬਰਬਾਦ ਕੀਤਾ ਜਾਂਦਾ ਹੈ। ਬੇਲੋੜੇ ਡੁੱਲ੍ਹ ਰਹੇ ਪਾਣੀ ਨੂੰ ਬੰਦ ਕਰਨ ਦੀ ਬਜਾਏ ਲੋਕ ਮੂੰਹ ਦੂਜੇ ਪਾਸੇ ਘੁਮਾ ਲੈਂਦੇ ਹਨ। ਜੇਕਰ ਇਹ ਪਾਣੀ ਬੇਅਰਥ ਡੁੱਲ੍ਹਣ ਤੋਂ ਰੋਕਿਆ ਜਾਵੇ ਤਾਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਪਾਣੀ ਦੀ ਵੱਡੇ ਪੱਧਰ ’ਤੇ ਹੋ ਰਹੀ ਬਰਬਾਦੀ ਲਈ ਅਸੀਂ ਖੁਦ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹਾਂ। ਰੋਜ਼ਾਨਾ ਸ਼ੇਵ ਜਾਂ ਬੁਰਸ਼ ਕਰਨ ਸਮੇਂ ਟੂਟੀ ਖੁੱਲ੍ਹੀ ਰੱਖਣੀ, ਪਾਈਪ ਨਾਲ ਗੱਡੀ ਜਾਂ ਫਰਸ਼ਾਂ ਆਦਿ ਧੋਣ ਨਾਲ ਅਸੀਂ ਹਜ਼ਾਰਾਂ ਲੀਟਰ ਪਾਣੀ ਰੋਜ਼ਾਨਾ ਅਜਾਈਂ ਗਵਾ ਰਹੇ ਹਾਂ। ਸ਼ੇਵ ਜਾਂ ਬੁਰਸ਼ ਕਰਨ ਸਮੇਂ ਟੂਟੀ ਖੁੱਲ੍ਹੀ ਛੱਡਣ ਦੀ ਬਜਾਏ ਕੱਪ ਨਾਲ ਵੀ ਕੰਮ ਚਲਾਇਆ ਜਾ ਸਕਦਾ ਹੈ ਅਤੇ ਗੱਡੀ ਜਾਂ ਫਰਸ਼ਾਂ ਧੋਣ ਲਈ ਬਾਲਟੀ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ।
ਦਿਨੋ-ਦਿਨ ਡਿੱਗ ਰਿਹਾ ਪਾਣੀ ਦਾ ਪੱਧਰ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਸਾਡੇ ਆਉਣ ਵਾਲੇ ਬੁਰੇ ਵਕਤ ਦੀ ਚਿਤਾਵਨੀ ਹੈ। ਜਿਸ ਢੰਗ ਨਾਲ ਅੱਜ ਪਾਣੀ ਦੀ ਬਰਬਾਦੀ ਹੋ ਰਹੀ ਹੈ ਉਸ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਾਣੀ ਸਾਡੀ ਪਹੁੰਚ ਤੋਂ ਬਾਹਰ ਹੋ ਜਾਵੇਗਾ। ਸਾਡਾ ਸਭ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਪਾਣੀ ਦੀ ਸਾਂਭ-ਸੰਭਾਲ ਲਈ ਲੋੜੀਂਦੇ ਯਤਨ ਕਰੀਏ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪਾਣੀ ਦੀ ਬੇਲੋੜੀ ਵਰਤੋਂ ਤੋਂ ਗੁਰੇਜ਼ ਕਰਨ ਤਾਂ ਜੋ ਬੰਜਰ ਹੋ ਰਹੀ ਪੰਜਾਬ ਦੀ ਧਰਤੀ ਨੂੰ ਬਚਾਇਆ ਜਾ ਸਕੇ।
-ਮੋਹਿਤ ਵਰਮਾ