ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, September 9, 2012

ਸ਼ਹੀਦ ਊਧਮ ਸਿੰਘ ਮੁੜ ਸਰਦਾਰ ਕਿਵੇਂ ਬਣੇ?

ਸ਼ਹੀਦ ਊਧਮ ਸਿੰਘ

ਹਰ ਸਾਲ ਪੰਜਾਬ ਸਰਕਾਰ ਤੇ ਸਾਰੇ ਲੋਕ ਸ਼ਹੀਦ ਊਧਮ ਸਿੰਘ ਦੀ ਸਾਲਾਨਾ ਯਾਦ ਮਨਾ ਕੇ ਉਸ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਸੁਨਾਮ ਊਧਮ ਸਿੰਘ ਦਾ ਜਨਮ ਅਸਥਾਨ ਹੈ। ਉਥੇ ਸਰਕਾਰੀ ਪੱਧਰ 'ਤੇ ਸਮਾਗਮ ਹੁੰਦਾ ਹੈ। ਕੋਈ ਵੀ ਭਾਰਤ-ਵਾਸੀ ਭੁੱਲ ਨਹੀਂ ਸਕਦਾ ਕਿ ਕਿਵੇਂ ਇਸ ਪੰਜਾਬੀ ਨੇ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਲਈ ਸ਼ਹਾਦਤ ਪਾਈ। 31 ਜੁਲਾਈ 1940 ਨੂੰ ਇੰਗਲੈਂਡ ਦੀ ਪੈਂਟਨਵਿਲੇ ਜੇਲ੍ਹ ਵਿਚ ਇਸ ਨੂੰ ਫਾਂਸੀ ਹੋਈ ਸੀ। ਇਸ ਸ਼ਹੀਦ ਦੀ ਗਾਥਾ ਤਾਂ ਉਸ ਵਕਤ ਤੋਂ ਹੀ ਅਸੀਂ ਸੁਣਦੇ ਰਹੇ, ਜਦੋਂ ਉਹ 1899 ਵਿਚ ਸੁਨਾਮ ਵਿਚ ਪੈਦਾ ਹੋਇਆ, ਕਿਵੇਂ ਉਸ ਦੇ ਪਿਤਾ ਸ: ਟਹਿਲ ਸਿੰਘ ਨੇ ਉਸ ਦਾ ਨਾਂਅ ਸ਼ੇਰ ਸਿੰਘ ਰੱਖਿਆ। 1918 ਵਿਚ ਉਸ ਨੇ ਦਸਵੀਂ ਪਾਸ ਕੀਤੀ ਪਰ ਪਿਤਾ ਦਾ ਸਾਇਆ ਜਲਦ ਹੀ ਉਠ ਗਿਆ। ਉਹ 1919 ਵਿਚ ਚੀਫ ਖਾਲਸਾ ਦੀਵਾਨ ਦੇ ਯਤੀਮਖਾਨਾ ਅੰਮ੍ਰਿਤਸਰ ਵਿਚ ਦਾਖਲ ਹੋ ਗਿਆ। ਉਸ ਦਾ ਨਾਂਅ ਊਧਮ ਸਿੰਘ ਰੱਖਿਆ ਗਿਆ। ਜਦ ਜਲਿਆਂਵਾਲਾ ਬਾਗ ਵਿਚ 13 ਅਪ੍ਰੈਲ 1919 ਨੂੰ ਅੰਗਰੇਜ਼ ਫੌਜੀ ਜਰਨੈਲ ਐਡਵਰਡ ਹੈਰੀ ਡਾਇਰ ਨੇ ਗੋਲੀ ਚਲਾ ਕੇ 1500 ਦੇ ਕਰੀਬ ਨਿਹੱਥੇ ਪੰਜਾਬੀ ਮਾਰ ਦਿੱਤੇ, ਉਸ ਵਕਤ ਊਧਮ ਸਿੰਘ ਵੀ ਉਸ ਇਕੱਠ ਵਿਚ ਸ਼ਾਮਿਲ ਸੀ। ਉਸ ਨੇ ਉਥੇ ਹੀ ਬਦਲਾ ਲੈਣ ਦੀ ਭਾਵਨਾ ਬਣਾ ਲਈ। ਉਹ ਅਮਰੀਕਾ ਚਲਾ ਗਿਆ, ਫਿਰ ਵਾਪਸ ਆ ਕੇ ਸਰਕਾਰ ਵਿਰੁੱਧ ਕੰਮ ਕਰਨ ਲੱਗ ਪਿਆ। ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ 4 ਸਾਲ ਜੇਲ੍ਹ ਵਿਚ ਰਿਹਾ। ਫਿਰ ਉਹ ਇੰਗਲੈਂਡ ਚਲਾ ਗਿਆ।

ਜਦ ਉਹ ਲੰਦਨ ਰਹਿੰਦਾ ਸੀ ਤਾਂ ਉਸ ਨੇ ਆਪਣੇ ਕੇਸ ਕਟਾ ਲਏ ਸਨ। ਉਹ ਬਿਨਾਂ ਦਾੜ੍ਹੀ, ਮੁੱਛਾਂ ਤੇ ਕੇਸਾਂ ਤੋਂ ਰਹਿਣ ਲੱਗ ਪਿਆ। ਕਈ ਸਾਲ ਉਹ ਉਥੇ ਰਿਹਾ, ਕਈ ਸੰਸਥਾਵਾਂ ਨਾਲ ਵੀ ਜੁੜਿਆ। ਉਸ ਨੂੰ ਅਖੀਰ ਉਹ ਅਵਸਰ ਮਿਲ ਗਿਆ ਜਦ ਕੈਕਸਟਨ ਹਾਲ ਲੰਦਨ ਵਿਚ ਇਕ ਭਾਰਤੀਆਂ ਦਾ ਇਕੱਠ 13 ਮਾਰਚ 1940 ਨੂੰ ਹੋਇਆ। ਉਸ ਦੀ ਪ੍ਰਧਾਨਗੀ ਪੰਜਾਬ ਦੇ ਸਾਬਕਾ ਗਵਰਨਰ, ਜੋ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਸਮੇਂ ਲਾਹੌਰ ਲੱਗੇ ਹੋਏ ਸਨ, ਮਾਈਕਲ ਓਡਵਾਇਰ ਨੇ ਕੀਤੀ। ਊਧਮ ਸਿੰਘ ਨੇ ਉਸੇ ਜਲਸੇ ਵਿਚ ਆਪਣੇ ਰਿਵਾਲਵਰ ਨਾਲ ਪੰਜ ਗੋਲੀਆਂ ਚਲਾ ਕੇ ਉਸ ਅੰਗਰੇਜ਼ ਗਵਰਨਰ ਨੂੰ ਉਥੇ ਹੀ ਮਾਰ ਦਿੱਤਾ ਤੇ ਹੱਥ ਖੜ੍ਹੇ ਕਰਕੇ ਗ੍ਰਿਫਤਾਰ ਹੋ ਗਿਆ। ਉਸ 'ਤੇ ਮੁਕੱਦਮਾ ਚੱਲਿਆ, ਅਖੀਰ ਫਾਂਸੀ ਦੀ ਸਜ਼ਾ ਹੋਈ ਤੇ ਉਹ ਹੱਸਦਾ-ਹੱਸਦਾ 31 ਜੁਲਾਈ 1940 ਨੂੰ ਸ਼ਹਾਦਤ ਪਾ ਗਿਆ। ਉਸ ਦੀ ਲਾਸ਼ ਉਸੇ ਜੇਲ੍ਹ ਦੀ ਕਬਰ ਵਿਚ ਦਫਨਾ ਦਿੱਤੀ ਗਈ।

1972 ਵਿਚ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ। ਉਨ੍ਹਾਂ ਵਿਚ ਇਕ ਅਜੀਬ ਭਾਵਨਾ ਸੀ ਕਿ ਉਹ ਸਾਰੇ ਸ਼ਹੀਦਾਂ ਦਾ ਸਤਿਕਾਰ ਕਰਦੇ ਸਨ। ਸ਼ਹੀਦ ਭਗਤ ਸਿੰਘ ਦੀ ਮਾਂ ਨੂੰ ਪੰਜਾਬ ਮਾਤਾ ਦਾ ਸਨਮਾਨ ਦਿੱਤਾ। ਪੰਜਾ ਸਾਹਿਬ ਦੇ ਸ਼ਹੀਦ ਜੋ ਰੇਲਵੇ ਟਰੇਨ ਨੂੰ ਰੋਕਣ ਲਈ ਜਾਨ ਦੇ ਗਏ ਸਨ, ਉਨ੍ਹਾਂ ਦੀਆਂ ਪਤਨੀਆਂ ਨੂੰ ਪੈਨਸ਼ਨ ਤੇ ਸਨਮਾਨ ਦਿੱਤਾ। 1849 ਵਿਚ ਸਿੱਖ ਫੌਜ ਵੱਲੋਂ ਅੰਗਰੇਜ਼ਾਂ ਵਿਰੁੱਧ ਲੜੀ ਜੰਗ ਦੇ ਅਸਥਾਨ ਫੇਰੂ ਸ਼ਹਿਰ ਵਿਚ ਯਾਦਗਾਰ ਬਣਾਈ।

ਗਿਆਨੀ ਜੀ ਨੇ ਫੈਸਲਾ ਲਿਆ ਕਿ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਪੰਜਾਬ ਲਿਆ ਕੇ ਉਨ੍ਹਾਂ ਦਾ ਸਰਕਾਰੀ ਸਨਮਾਨ ਕਰਕੇ ਸਸਕਾਰ ਕੀਤਾ ਜਾਵੇ। ਇਸ ਲਈ ਭਾਰਤ ਸਰਕਾਰ ਰਾਹੀਂ ਅੰਗਰੇਜ਼ ਸਰਕਾਰ ਤੋਂ ਪ੍ਰਵਾਨਗੀ ਬੜੀ ਕਠਿਨਾਈ ਪਿੱਛੋਂ ਪ੍ਰਾਪਤ ਕੀਤੀ ਗਈ। ਇਹ ਫੈਸਲਾ ਹੋਇਆ ਕਿ ਇੰਗਲੈਂਡ ਦੀ ਹੱਦ ਵਿਚ ਕੋਈ ਸਮਾਗਮ ਨਹੀਂ ਹੋਵੇਗਾ। ਇਸ ਵਕਤ ਸ਼ਹੀਦ ਦੀ ਫੋਟੋ ਦੀ ਬੜੀ ਲੋੜ ਸੀ। ਯਤੀਮਖਾਨੇ ਤੋਂ ਪਤਾ ਕੀਤਾ, ਨਾ ਮਿਲੀ, ਸੁਨਾਮ ਵਿਚ ਵੀ ਕੋਈ ਪਤਾ ਨਹੀਂ ਸੀ। ਇਕ ਦਿਨ ਦਿੱਲੀ ਵਿਚ ਸ: ਮੇਹਰਬਾਨ ਸਿੰਘ ਧੂਪੀਆ ਜੋ ਚੈਮਸਫੋਰਡ ਕਲੱਬ ਦੇ ਪ੍ਰਧਾਨ ਸਨ, ਨੇ ਇਕ ਗਰੁੱਪ ਫੋਟੋ, ਜੋ 1939 ਵਿਚ ਲੰਦਨ ਵਿਚ ਖਿੱਚੀ ਗਈ ਸੀ, ਗਿਆਨੀ ਜੀ ਨੂੰ ਵਿਖਾਈ। ਉਸ ਦੀ ਅਖੀਰਲੀ ਲਾਈਨ ਵਿਚ ਊਧਮ ਸਿੰਘ ਖੜ੍ਹਾ ਸੀ। ਉਸ ਦੇ ਸਿਰ 'ਤੇ ਪਗੜੀ ਸੀ। ਸ: ਧੂਪੀਆ ਆਪ ਉਸ ਫੋਟੋ ਵਿਚ ਬੈਠੇ ਸਨ। ਤੁਰੰਤ ਇਹ ਫੋਟੋ ਵੱਡੀ ਕਰਵਾਈ ਗਈ। ਗਿਆਨੀ ਜੀ ਨਹੀਂ ਸਨ ਚਾਹੁੰਦੇ ਕਿ ਊਧਮ ਸਿੰਘ ਇਕ ਮੋਨੇ ਸਿੱਖ ਵਜੋਂ ਨਜ਼ਰ ਆਵੇ।

ਸਾਰਾ ਸਿਧਾਂਤ ਜਿਸ ਦੀ ਉਸ ਨੇ ਯਤੀਮਖਾਨੇ ਤੋਂ ਸਿੱਖਿਆ ਪ੍ਰਾਪਤ ਕੀਤੀ, ਉਹ ਸਿੱਖੀ ਜੀਵਨ ਦਾ ਸੀ। ਗਿਆਨੀ ਜੀ ਦੀ ਇੱਛਾ ਅਨੁਸਾਰ ਪੰਜਾਬ ਪਬਲਿਕ ਰਿਲੇਸ਼ਨ ਮਹਿਕਮੇ ਦੇ ਆਰਟਿਸਟਾਂ ਨੇ ਊਧਮ ਸਿੰਘ ਦੀ ਫੋਟੋ ਦਾੜ੍ਹੀ-ਮੁੱਛਾਂ ਵਾਲੀ ਬਣਾ ਕੇ ਪੇਸ਼ ਕੀਤੀ। ਉਸ ਵਕਤ ਕਈ ਮੰਤਰੀ, ਐਮ. ਐਲ. ਏ., ਕਈ ਸਿੱਖ ਵਿਦਵਾਨ ਬੁਲਾਏ ਗਏ। ਸਭ ਦੀ ਰਾਏ ਲੈ ਕੇ ਇਕ ਫੋਟੋ ਚੁਣੀ ਗਈ। ਸ: ਸਾਧੂ ਸਿੰਘ, ਐਮ. ਐਲ. ਏ., ਕਪੂਰਥਲਾ ਵਾਲੇ, ਕਿਉਂ ਜੋ ਕੰਬੋਜ ਬਹਾਦਰੀ ਤੋਂ ਸਨ, ਉਨ੍ਹਾਂ ਨੇ ਇਸ ਵਿਚ ਵੱਡਾ ਹਿੱਸਾ ਪਾਇਆ। ਉਹ ਪੰਜਾਬ ਚੀਫ ਸੈਕਟਰੀ ਸ: ਰਾਜਿੰਦਰ ਸਿੰਘ ਤਲਵਾੜ ਦੇ ਨਾਲ ਇੰਗਲੈਂਡ ਵੀ ਗਏ ਤੇ ਅਸਥੀਆਂ ਲੈ ਕੇ ਆਏ। ਪੰਜਾਬ ਸਰਕਾਰ ਨੇ ਸ: ਊਧਮ ਸਿੰਘ ਦੀ ਫੋਟੋ ਸਾਰੇ ਅਖਬਾਰਾਂ ਵਿਚ ਪ੍ਰਕਾਸ਼ਿਤ ਕੀਤੀ। ਇਹ ਵੱਡੀ ਫੋਟੋ ਅਸਥੀਆਂ ਵਾਲੇ ਟਰੱਕ 'ਤੇ ਵੀ ਰੱਖੀ ਗਈ ਸੀ ਅਤੇ ਇੰਦਰਾ ਗਾਂਧੀ, ਪ੍ਰਧਾਨ ਮੰਤਰੀ ਨੇ ਅਸਥੀਆਂ ਦਾ ਦਿੱਲੀ ਵਿਚ ਸਵਾਗਤ ਵੀ ਕੀਤਾ ਸੀ ਅਤੇ ਪੰਜਾਬ ਵਿਚ ਸ਼ਾਨਦਾਰ ਜਲੂਸ ਦੇ ਰੂਪ ਵਿਚ ਇਨ੍ਹਾਂ ਅਸਥੀਆਂ ਦਾ ਸੁਆਗਤ ਕੀਤਾ ਗਿਆ। ਅਸਥੀਆਂ ਦਾ ਸਸਕਾਰ ਸੁਨਾਮ ਵਿਚ ਹੋਇਆ, ਜਿਥੇ ਅੱਜ ਉਨ੍ਹਾਂ ਦੀ ਸਮਾਧ ਹੈ। ਇਸ ਤਰ੍ਹਾਂ 1975 ਵਿਚ ਸ਼ਹੀਦ ਊਧਮ ਸਿੰਘ ਮੁੜ ਸਰਦਾਰ ਬਣ ਕੇ ਵਾਪਸ ਭਾਰਤ, ਆਪਣੇ ਸ਼ਹਿਰ ਸੁਨਾਮ ਪੁੱਜੇ।

ਤਰਲੋਚਨ ਸਿੰਘ
-ਸਾਬਕਾ ਐਮ. ਪੀ. , ਸਾਬਕਾ ਚੇਅਰਮੈਨ, ਕੌਮੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ, ਨਵੀਂ ਦਿੱਲੀ।



Post Comment


ਗੁਰਸ਼ਾਮ ਸਿੰਘ ਚੀਮਾਂ