ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, September 17, 2012

ਬਰਤਾਨੀਆ ਵਿਚ ਗੁਰਦੁਆਰਾ ਲਹਿਰ ਦਾ ਉਭਾਰ ਤੇ ਵਿਕਾਸ


ਯੂ. ਕੇ. ਵਿਚ ਤਕਰੀਬਨ 300 ਗੁਰਦੁਆਰੇ ਸਥਾਪਤ ਹੋ ਚੁੱਕੇ ਹਨ। ਬਹੁਤੇ ਗੁਰੂ-ਘਰ ਇੰਗਲੈਂਡ ਵਿਚ ਹੀ ਹਨ। ਕੁਝ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿਚ ਹਨ। ਪਹਿਲਾਂ-ਪਹਿਲ ਇਕੋ-ਇਕ ਗੁਰਦੁਆਰਾ ਸ਼ੈਫਰਡਬੁਸ਼ ਲੰਦਨ ਵਿਚ ਹੀ ਸੀ। ਦੇਸ਼ ਦੀ ਆਜ਼ਾਦੀ ਮਗਰੋਂ ਬਹੁਤੇ ਸਿੱਖ ਕੰਮਾਂ-ਕਾਰਾਂ ਲਈ 1950ਵਿਆਂ ਤੋਂ ਆਉਣੇ ਸ਼ੁਰੂ ਹੋਏ। ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਪ੍ਰਕਾਸ਼ ਕਰਕੇ ਐਤਵਾਰ ਵਾਲੇ ਦਿਨ ਗੁਰਦੁਆਰਾ ਸਾਹਿਬ ਸਜਾਏ ਜਾਂਦੇ ਸਨ। ਫਿਰ ਸਕੂਲਾਂ, ਹਾਲਾਂ ਅਤੇ ਬੰਦ ਚਰਚਾਂ ਵਿਚ ਗੁਰੂ-ਘਰਾਂ ਵਾਂਗ ਦੀਵਾਨ ਅਤੇ ਪਰਿਵਾਰਕ ਸਮਾਗਮ ਹੋਣੇ ਅਰੰਭ ਹੋ ਗਏ। 1960ਵਿਆਂ ਵਿਚ ਕਿਰਤ ਕਮਾਈਆਂ ਵਿਚੋਂ ਸੇਵਾਵਾਂ ਪਾ ਕੇ, ਬਹੁਤੇ ਗੁਰੂ-ਘਰਾਂ ਦੀਆਂ ਇਮਾਰਤਾਂ ਖਰੀਦਣ ਦਾ ਕੰਮ ਵਧਿਆ। 1970ਵਿਆਂ ਵਿਚ ਪਰਿਵਾਰ ਆਉਣੇ ਹੋਰ ਤੇਜ਼ ਹੋ ਗਏ ਅਤੇ ਗੁਰੂ-ਘਰਾਂ ਦੀਆਂ ਇਮਾਰਤਾਂ ਵਿਚ ਵੀ ਮੁਰੰਮਤਾਂ, ਉਸਾਰੀ ਅਤੇ ਵਧੀਆ ਦਿੱਖ ਬਣਾਉਣ ਵੱਲ ਨੂੰ ਉੱਦਮ ਉਪਰਾਲੇ ਤੇਜ਼ ਹੁੰਦੇ ਗਏ।
ਖਾਸ ਕਰਕੇ ਵੱਡੇ ਸ਼ਹਿਰਾਂ ਵਿਚ ਸਥਿਤ ਗੁਰਦੁਆਰਿਆਂ ਵਿਚ ਸੰਗਤ ਵੱਡੀ ਗਿਣਤੀ ਵਿਚ ਜੁੜਨ ਲੱਗ ਪਈ। ਧਰਮ ਪ੍ਰਚਾਰ, ਕਥਾ-ਕੀਰਤਨ, ਪਰਿਵਾਰਾਂ ਅਤੇ ਗੁਰਪੁਰਬਾਂ ਦੇ ਸਮਾਗਮਾਂ ਸਮੇਂ ਰੌਣਕਾਂ, ਖਿੱਚ, ਚੜ੍ਹਾਵੇ, ਆਵਾਜਾਈ ਤੇਜ਼ ਹੁੰਦੇ ਗਏ। ਸਥਾਨਕ ਅਤੇ ਭਾਰਤ ਤੋਂ ਲੀਡਰ ਲੋਕਾਂ ਦੀ, ਸੰਤਾਂ-ਸਾਧੂਆਂ, ਪ੍ਰਚਾਰਕਾਂ, ਕਲਾਕਾਰਾਂ ਆਦਿ ਦੀ ਭਰਮਾਰ ਹੁੰਦੀ ਗਈ। 1950ਵੇਂ, 60ਵੇਂ ਅਤੇ 1970ਵੇਂ ਦੌਰਾਨ ਗੁਰਦੁਆਰਿਆਂ ਦਾ ਨਸਲਵਾਦੀ ਇਮੀਗ੍ਰੇਸ਼ਨ ਤੇ ਹੋਰਨਾਂ ਵਿਤਕਰਿਆਂ ਪ੍ਰਤੀ ਰੋਲ ਬੜਾ ਨਰੋਆ ਰਿਹਾ। ਸਨਅਤੀ ਮਸਲਿਆਂ ਵਿਚ ਵੀ ਗੁਰੂ-ਘਰਾਂ ਤੋਂ ਵਰਕਰਾਂ ਅਤੇ ਟਰੇਡ ਯੂਨੀਅਨਾਂ ਲਈ ਸਹਾਇਤਾ ਅਤੇ ਲੰਗਰ ਆਦਿ ਲਿਜਾਏ ਜਾਂਦੇ। ਸਮੂਹ ਘੱਟ-ਗਿਣਤੀਆਂ ਲਈ ਬਰਾਬਰ ਵਾਸਤੇ ਮੁਜ਼ਾਹਰਿਆਂ ਲਈ ਕੋਚਾਂ ਦੇ ਪ੍ਰਬੰਧ ਕਰਕੇ ਦਿੱਤੇ ਜਾਂਦੇ। ਦੇਸ਼-ਵਿਦੇਸ਼ ਵਿਚ ਆਫਤਾਂ, ਜੰਗਾਂ ਆਦਿ ਲੋੜਾਂ ਵੇਲੇ ਮਾਇਆ ਇਕੱਠੀ ਕਰਕੇ ਭੇਜੀ ਜਾਂਦੀ। ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਗੁਰਦੁਆਰਿਆਂ, ਦਵਾਖਾਨਿਆਂ, ਸਕੂਲਾਂ, ਲਾਇਬ੍ਰੇਰੀਆਂ ਅਤੇ ਕਾਲਜਾਂ ਆਦਿ ਵਾਸਤੇ ਸੇਵਾਵਾਂ ਭੇਜੀਆਂ ਜਾਂਦੀਆਂ। ਇਥੇ ਹਸਪਤਾਲਾਂ, ਜੇਲ੍ਹਾਂ ਅਤੇ ਕੌਂਸਲਾਂ ਦੇ ਕੰਮਾਂ ਵਿਚ ਵੀ ਗੁਰਦੁਆਰੇ ਸਹਾਇਤਾ ਦਿੰਦੇ। ਬੱਚਿਆਂ ਵਾਸਤੇ ਹੌਲੀ-ਹੌਲੀ ਪੰਜਵੀਂ ਦੀਆਂ ਕਲਾਸਾਂ ਅਤੇ ਕੀਰਤਨ ਆਦਿ ਦੀ ਸਿਖਲਾਈ ਅਰੰਭ ਹੋ ਗਈ। 1980ਵਿਆਂ ਦੇ ਅਰੰਭ ਤੱਕ ਗੁਰਦੁਆਰੇ ਯੂ. ਕੇ. ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਸਨ। ਗੁਰੂ ਨਾਨਕ ਗੁਰਦੁਆਰਾ ਸਮੈਥਿਕ ਤੋਂ ਲੈ ਕੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਤੱਕ, ਵੱਡੇ ਗੁਰਦੁਆਰਿਆਂ ਦਾ ਅਸਰ-ਰਸੂਖ ਅਤੇ ਪ੍ਰਭਾਵ, ਲੰਦਨ ਤੋਂ ਦਿੱਲੀ ਅਤੇ ਚੰਡੀਗੜ੍ਹ ਤੱਕ ਮਹਿਸੂਸ ਹੋਣ ਲੱਗ ਪਿਆ। ਕਿਉਂਕਿ ਦੇਸ਼ ਵਿਚ 1960-70ਵਿਆਂ ਦੇ ਪੰਜਾਬੀ ਸੂਬੇ ਦੇ ਮੋਰਚਿਆਂ ਤੋਂ ਅਰੰਭ ਹੋ ਕੇ ਐਮਰਜੈਂਸੀ ਲੱਗਣ ਤੱਕ ਲੰਦਨ ਵਿਖੇ ਹੁੰਦੇ ਮੁਜ਼ਾਹਰਿਆਂ ਤੋਂ ਪੰਜਾਬ, ਭਾਰਤ ਅਤੇ ਬਰਤਾਨਵੀ ਸਰਕਾਰਾਂ ਅਤੇ ਵਿਰੋਧੀ ਲੀਡਰ ਖਾਸਾ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਸਨ। ਬਰਮਿੰਘਮ ਦੇ ਟਾਊਨ ਹਾਲ, ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਅਤੇ ਲੰਦਨ ਦੇ ਰਾਇਲ ਅਲਬਰਟ ਹਾਲਾਂ ਵਿਚ ਗੁਰਦੁਆਰਿਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਿੱਖਾਂ ਦੇ ਸਮਾਗਮ ਹੋਣੇ ਅਰੰਭ ਹੋ ਗਏ। 1969 ਵਿਚ ਗੁਰੂ ਨਾਨਕ ਸਾਹਿਬ ਦੇ 500 ਸਾਲਾ ਅਵਤਾਰ ਜਸ਼ਨਾਂ ਤੋਂ ਅਰੰਭ ਹੋ ਕੇ 1999 ਵਿਚ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਦੇ ਸਮਾਗਮਾਂ ਤੱਕ, ਯੂ. ਕੇ. ਦੇ ਰਾਜਸੀ ਲੀਡਰ, ਚਰਚਾਂ ਅਤੇ ਹੋਰਨਾਂ ਧਰਮਾਂ ਦੇ ਮੁਖੀਆਂ, ਕੌਂਸਲਰਾਂ, ਐਮ. ਪੀਜ਼ ਤੱਕ ਸਭ, ਗੁਰਦੁਆਰਿਆਂ ਅਤੇ ਸੰਗਤਾਂ ਨੂੰ ਇਥੋਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਮੰਨਣ ਲੱਗ ਪਏ ਸਨ। ਗੁਰਦੁਆਰਿਆਂ ਦੇ ਸੰਵਿਧਾਨ, ਕਮੇਟੀਆਂ ਅਤੇ ਪ੍ਰਬੰਧਾਂ ਦੀ ਤਵਾਰੀਖ ਵੀ ਨਾਲ ਦੀ ਨਾਲ ਵਿਕਾਸ ਕਰਦੀ ਗਈ। ਕਮੇਟੀਆਂ ਵਿਚ ਪਿੰਡਾਂ, ਇਲਾਕਿਆਂ, ਗਰੁੱਪਾਂ, ਪਰਿਵਾਰਾਂ, ਰਿਸ਼ਤੇਦਾਰੀਆਂ, ਖਿਡਾਰੀਆਂ ਆਦਿ ਤੋਂ ਅਗਾਂਹ ਸਿਆਸੀ ਧੜੇਬੰਦੀਆਂ ਅਤੇ ਪਾਰਟੀਆਂ ਦੇ ਅਸਰ-ਰਸੂਖ ਅਤੇ ਪ੍ਰਭਾਵ ਵਧਦੇ ਗਏ। ਸੰਤਾਂ-ਸਾਧਾਂ ਅਤੇ ਸੰਪਰਦਾਵਾਂ ਤੋਂ ਬਿਨਾਂ, ਜਾਤਾਂ-ਪਾਤਾਂ, ਵਿਅਕਤੀਗਤ ਅਤੇ ਬਰਾਦਰੀਆਂ ਦੇ ਰਸੂਖ, ਅਧਾਰ 'ਤੇ ਵੀ ਗੁਰਦੁਆਰੇ ਬਣਦੇ ਅਤੇ ਵਧਦੇ ਗਏ। ਵਿਅਕਤੀਗਤ ਅਤੇ ਗਰੁੱਪ ਸਵੈ-ਪਹਿਚਾਣ ਬਣਾਉਣ ਲਈ ਗੁਰਦੁਆਰਿਆਂ ਨੂੰ ਕੇਂਦਰ ਬਣਾਇਆ ਜਾਣ ਲੱਗ ਪਿਆ।

ਗੁਰਦੁਆਰਿਆਂ ਦੀ ਸਿਆਸੀ ਵਰਤੋਂ

1980ਵਿਆਂ ਦੇ ਅਰੰਭ ਤੱਕ ਮੁੱਖ ਧਾਰਾ ਕਹਿ ਲਓ ਜਾਂ ਪੰਥਕ ਗੁਰਦੁਆਰਿਆਂ ਦੇ ਸੰਵਿਧਾਨ, ਪ੍ਰਬੰਧ ਅਤੇ ਅਗਵਾਈ ਸਬੰਧੀ ਬਹੁਤੇ ਤਕਰਾਰ ਅਕਾਲੀ, ਕਾਂਗਰਸੀ ਅਤੇ ਕਮਿਊਨਿਸਟ ਸਿੱਖਾਂ ਵਿਚਾਲੇ ਹੁੰਦੇ ਸਨ। ਪੇਂਡੂ, ਭਾਈਚਾਰਕ ਅਤੇ ਇਲਾਕਾਈ ਵਫਾਦਾਰੀਆਂ ਸਿਆਸੀ ਰੰਗਤ ਅਖ਼ਤਿਆਰ ਕਰਦੀਆਂ ਗਈਆਂ। ਕੁਝ ਰਵਾਇਤੀ, ਸੰਪਰਦਾਇਕ ਜਿਵੇਂ ਕਿ ਅਖੰਡ ਕੀਰਤਨੀ ਜਥੇ, ਨਿਸ਼ਕਾਮ ਸੇਵਕ ਜਥੇ, ਨਾਨਕਸਰ ਵਾਲੇ, ਬਾਬੇ ਕੇ ਆਦਿ ਲੀਹਾਂ 'ਤੇ ਵੀ ਚਾਲੇ ਪੈ ਗਏ। ਨਾਲ ਦੀ ਨਾਲ ਰਾਮਗੜ੍ਹੀਆ ਅਤੇ ਭਗਤ-ਗੁਰੂ ਰਵਿਦਾਸ ਅਤੇ ਹੋਰ ਰਵਾਇਤਾਂ ਵੀ ਵਿਕਾਸ ਕਰਦੀਆਂ ਗਈਆਂ। ਸਿਆਸੀ ਦਖਲਅੰਦਾਜ਼ੀ ਤੋਂ ਅਤੇ ਪ੍ਰਬੰਧਕੀ ਝਗੜਿਆਂ ਤੋਂ ਮੁਕਤ ਰਹਿਣ ਲਈ ਕਈ ਸੰਪਰਦਾਇਕ ਗੁਰਦੁਆਰਿਆਂ ਨੇ ਇਕ-ਪੁਰਖੀ ਅਗਵਾਈ ਹੇਠਾਂ ਚੈਰਿਟੀ ਟਰੱਸਟਾਂ ਅਧੀਨ ਨਿਵੇਕਲੇ ਗੁਰਦੁਆਰਾ ਪ੍ਰਬੰਧ ਸਥਾਪਤ ਕਰ ਲਏ। ਸੰਗਤਾਂ ਵਿਚ ਵੀ ਮੁੱਖ ਧਾਰਾ ਜਾਂ ਪੰਥਕ, ਸੰਪਰਦਾਇਕ ਅਤੇ ਜਾਤਾਂ-ਪਾਤਾਂ ਦੇ ਆਧਾਰ 'ਤੇ ਵੰਡਵੀਂ ਰਵਾਨਗੀ ਬਣਾਈ ਗਈ। ਪਰ 1980ਵਿਆਂ ਵਿਚ ਮੁੱਖ ਧਾਰਾ ਜਾਂ ਪੰਥਕ ਪ੍ਰਬੰਧ ਵਾਲੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਖਾਸੀ ਤਬਦੀਲੀ ਆਉਣੀ ਸ਼ੁਰੂ ਹੋ ਗਈ। ਜਿਉਂ-ਜਿਉਂ ਧਰਮ ਯੁੱਧ ਮੋਰਚਾ 1982 ਤੋਂ ਅਰੰਭ ਹੋ ਕੇ ਸ਼੍ਰੋਮਣੀ ਅਕਾਲੀ ਦਲ ਤੋਂ, ਸਿੱਖ ਸਟੂਡੈਂਟਸ ਫੈਡਰੇਸ਼ਨ, ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਦੇ ਪ੍ਰਭਾਵ ਹੇਠਾਂ ਆਉਂਦਾ ਗਿਆ, ਤਿਉਂ-ਤਿਉਂ ਯੂ. ਕੇ. ਦੇ ਵੱਡੇ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਵੀ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ। 1984 ਦੇ ਜੂਨ ਅਤੇ ਅਕਤੂਬਰ-ਨਵੰਬਰ ਦੇ ਘੱਲੂਘਾਰਿਆਂ ਮਗਰੋਂ ਬਹੁਤੇ ਵੱਡੇ ਪੰਥਕ ਜਾਂ ਮੁੱਖ ਧਾਰਾ ਵਾਲੇ ਗੁਰਦੁਆਰਿਆਂ ਦਾ ਪ੍ਰਬੰਧ ਨਵੀਂ ਬਣੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਅਖੰਡ ਕੀਰਤਨੀ ਜਥੇ ਅਤੇ ਵੱਖ-ਵੱਖ ਸਿਆਸੀ ਪਨਾਹਾਂ ਲੈ ਕੇ ਖਾਲਿਸਤਾਨ ਦੇ ਜਜ਼ਬਾਤੀ ਨਾਅਰਿਆਂ, ਤਸ਼ੱਦਦਾਂ ਅਤੇ ਪੰਜਾਬ ਨਾਲ ਸਬੰਧਤ ਘਟਨਾਕ੍ਰਮਾਂ ਤਹਿਤ ਜਥੇਬੰਦ ਹੋਏ ਨੌਜਵਾਨ ਤਬਕੇ ਹੇਠਾਂ ਆਉਂਦਾ ਗਿਆ। ਇਨ੍ਹਾਂ ਗਰਮ ਪੰਥਕ ਸਿਆਸਤ ਦੇ ਝੰਡੇ ਹੇਠ ਲਾਮਬੰਦ ਹੋਈਆਂ ਜਥੇਬੰਦੀਆਂ ਨੇ ਆਪੋ-ਆਪਣੇ ਸਿਆਸੀ ਮਨੋਰਥਾਂ ਲਈ ਗੁਰਦੁਆਰਿਆਂ ਦੀ ਵਰਤੋਂ ਕੀਤੀ। ਸੰਗਤਾਂ ਦੀ ਗਿਣਤੀ, ਚੜ੍ਹਾਵੇ, ਜੋਸ਼ ਅਤੇ ਰੋਹ, ਪੰਜਾਬ ਅਤੇ ਦਿੱਲੀ ਵਿਚ ਹੋਏ ਸਿੱਖਾਂ ਉੱਤੇ ਅੱਤਿਆਚਾਰਾਂ ਕਾਰਨ ਵਧਦੇ ਗਏ। ਯੂ. ਕੇ., ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਯੂਰਪ ਦੇ ਦੇਸ਼ਾਂ ਵਿਚ ਰੋਸ-ਮੁਜ਼ਾਹਰਿਆਂ, ਸ਼ਹੀਦੀ ਸਮਾਗਮਾਂ, ਵੱਖ-ਵੱਖ ਸਰਗਰਮੀਆਂ ਦੇ ਕੇਂਦਰ ਅਤੇ ਆਧਾਰ ਗੁਰਦੁਆਰਿਆਂ ਨੂੰ ਬਣਾਇਆ ਗਿਆ ਅਤੇ ਲੀਡਰਾਂ ਨੇ ਵਿਸ਼ਵ ਵਿਆਪੀ ਸੰਗਤਾਂ ਤੋਂ ਪਿੱਛੋਂ ਸ਼ਹੀਦਾਂ, ਸੰਤਾਪ ਝੱਲ ਰਹੇ ਪਰਿਵਾਰਾਂ, ਕੈਦੀਆਂ, ਧਰਮੀ ਫੌਜੀਆਂ ਆਦਿ ਦੀ ਸਹਾਇਤਾ ਲਈ ਲੱਖਾਂ ਪੌਂਡ ਤੇ ਡਾਲਰ ਇਕੱਤਰ ਕੀਤੇ। ਸੰਗਤਾਂ ਨੇ ਸਹਾਇਤਾ ਦਿਲ ਖੋਲ੍ਹ ਕੇ ਦਿੱਤੀ। ਪਰ ਇਸ ਵਰ੍ਹੇ ਪੰਜਾਬ ਅਤੇ ਦਿੱਲੀ ਤੋਂ ਆਈਆਂ ਵੱਖ-ਵੱਖ ਦਸਤਾਵੇਜ਼ੀ ਮੀਡੀਆ ਰਿਪੋਰਟਾਂ, ਇੰਟਰਵਿਊ ਲੜੀਆਂ ਅਤੇ ਦੰਦ-ਕਥਾਵਾਂ ਇਹ ਦੱਸਦੀਆਂ ਹਨ ਕਿ ਬਹੁਤੇ ਪੀੜਤ ਪਰਿਵਾਰਾਂ ਅਤੇ ਲੋੜਵੰਦਾਂ ਨੂੰ ਕੋਈ ਸਹਾਇਤਾ ਨਹੀਂ ਪੁੱਜੀ। ਯੂ. ਕੇ. ਅਤੇ ਵਿਦੇਸ਼ਾਂ ਵਿਚ ਵਸਦੇ ਆਗੂਆਂ ਅਤੇ ਜਥੇਬੰਦੀਆਂ ਨੂੰ ਇਸ ਪਾਸੇ ਧਿਆਨ ਦੇ ਕੇ ਗੁਰਦੁਆਰਿਆਂ ਅਤੇ ਸੰਗਤਾਂ ਵੱਲੋਂ ਆਈ ਅਥਾਹ ਸੇਵਾ ਨੂੰ ਕਿਥੇ, ਕਦੋਂ ਅਤੇ ਕਿਵੇਂ ਵਰਤਿਆ, ਇਹ ਹਿਸਾਬ-ਕਿਤਾਬ ਜ਼ਰੂਰ ਦੇਣਾ ਚਾਹੀਦਾ ਹੈ, ਕਿਉਂਕਿ ਗੁਰਦੁਆਰੇ ਚੈਰਿਟੀ ਅਦਾਰੇ ਹਨ, ਇਨ੍ਹਾਂ ਦਾ ਪੈਸਾ-ਪੈਸਾ, ਹਿਸਾਬ-ਕਿਤਾਬ, ਅਕਾਊਂਟਾਂ-ਆਡਿਟਾਂ ਰਾਹੀਂ ਸੰਗਤਾਂ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ। ਅੱਜਕਲ੍ਹ ਤਾਂ ਕਾਨੂੰਨ ਦੇ ਦਾਇਰੇ ਅਤੇ ਜਮਹੂਰੀ ਪ੍ਰਬੰਧ ਹੇਠ ਚਲਦੀਆਂ ਬੈਂਕਾਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਬਹੁਤੇ ਵੱਡੇ-ਛੋਟੇ ਗੁਰਦੁਆਰਿਆਂ ਦੇ ਹਿਸਾਬ-ਕਿਤਾਬ ਸਾਫ-ਸੁਥਰੇ ਤਰੀਕੇ, ਕਿੰਤੂਆਂ-ਪ੍ਰੰਤੂਆਂ ਤੋਂ ਉੱਪਰ ਉੱਠਣ ਲਈ ਸਪੱਸ਼ਟ ਹੋਣੇ ਜ਼ਰੂਰੀ ਹਨ। ਜੋ ਵੀ ਵਿਅਕਤੀ ਜਾਂ ਅਦਾਰਾ ਸੰਗਤਾਂ ਤੋਂ ਭਲਾਈ ਲਈ ਮਾਇਆ ਇਕੱਤਰ ਕਰਦਾ ਹੈ, ਉਨ੍ਹਾਂ ਤੋਂ ਹਿਸਾਬ ਲੈਣਾ ਵੀ ਸੰਗਤਾਂ ਦਾ ਹੱਕ ਹੈ। (ਬਾਕੀ ਅਗਲੇ ਅੰਕ 'ਚ)

ਪ੍ਰਿੰ: ਡਾ:  ਸੁਜਿੰਦਰ ਸਿੰਘ ਸੰਘਾ ਓ. ਬੀ. ਈ


Post Comment


ਗੁਰਸ਼ਾਮ ਸਿੰਘ ਚੀਮਾਂ