ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, September 15, 2012

ਦਸਮ ਪਾਤਸ਼ਾਹ ਜੀ ਦੇ ਬੇਸ਼ਕੀਮਤੀ ਸ਼ਸਤਰ

The Khanda used at the first Amrit Sanchaar 1699

ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸ਼ਸਤਰ ਅਤੇ ਪਵਿੱਤਰ ਨਿਸ਼ਾਨੀਆਂ ਵੱਖ-ਵੱਖ ਥਾਂਵਾਂ ’ਤੇ ਸੁਰੱਖਿਅਤ ਹਨ ਜਿਨ੍ਹਾਂ ਦੇ ਦਰਸ਼ਨ ਦੀਦਾਰ ਕਰਦਿਆਂ ਗੁਰਸਿੱਖ ਨਤਮਸਤਕ ਹੋ ਕੇ ਦਿਲਾਂ ਨੂੰ ਆਬਸ਼ਾਰ ਕਰਦੇ ਰਹਿੰਦੇ ਹਨ। ਇਹ ਸਾਰੀਆਂ ਪਵਿੱਤਰ ਨਿਸ਼ਾਨੀਆਂ ਅਤੇ ਸ਼ਸਤਰ ਵੱਖ-ਵੱਖ  ਗੁਰਦੁਆਰਿਆਂ, ਗੁਰਸਿੱਖਾਂ ਕੋਲ ਮੌਜੂਦ ਹਨ।
ਸ੍ਰੀ ਸਾਹਿਬ: ਇਹ ਛੋਟੀ ਕ੍ਰਿਪਾਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇੱਕ ਸਿੱਖ ਨੇ ਭੇਟ ਕੀਤੀ ਸੀ। ਇਹ ਅੱਜ-ਕੱਲ੍ਹ ਤਖ਼ਤ ਸ੍ਰੀ ਪਟਨਾ ਸਾਹਿਬ, ਗੁਰਦੁਆਰਾ ਹਰਿਮੰਦਰ ਸਾਹਿਬ, ਬਿਹਾਰ ਵਿੱਚ ਸੁਸ਼ੋਭਿਤ ਹੈ।
ਸ੍ਰੀ ਸਾਹਿਬ: ਇਹ ਵੱਡੀ ਕ੍ਰਿਪਾਨ ਗੁਰੂ ਸਾਹਿਬ ਨੇ ਪਟਨਾ ਨਿਵਾਸੀ ਭਾਈ ਸ਼ਿਵ ਪ੍ਰਸ਼ਾਦਿ ਨੂੰ ਭੇਟਾ ਕੀਤੀ ਸੀ। ਇਹ ਸ੍ਰੀ ਸਾਹਿਬ ਵੀ ਤਖ਼ਤ ਸ੍ਰੀ ਪਟਨਾ ਸਾਹਿਬ, ਬਿਹਾਰ ਵਿੱਚ ਸੁਸ਼ੋਭਿਤ ਹੈ।
ਸ਼ਮਸ਼ੀਰ: ਇਸ ਸ਼ਮਸ਼ੀਰ ਦੀ ਮੁੱਠ ਪਤਲੀ, ਅੱਧੀ ਤੇ ਬਹੁਤੀ ਥੋੜ੍ਹੀ ਹੈ। ਇਹ ਸ਼ਮਸ਼ੀਰ ਇੰਗਲੈਂਡ ਤੋਂ ਲਾਰਡ ਡਲਹੌਜ਼ੀ ਦੇ ਖਾਨਦਾਨ ਦੀ ਲੇਡੀ ਐਡਿਲ ਬਰਾਊਨ ਲਿੰਡ ਦੇ ਪਾਸੋਂ ਪ੍ਰਾਪਤ ਕਰਕੇ 117 ਵਰ੍ਹੇ ਬਾਅਦ ਪੰਜਾਬ ਆਈ ਸੀ। ਇਹ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿੱਚ ਸੁਸ਼ੋਭਿਤ ਹੈ।
ਸ੍ਰੀ ਸਾਹਿਬ: ਇੰਗਲੈਂਡ ਲੈ ਗਏ ਸ਼ਸਤਰਾਂ ਨਾਲ ਇੱਕ ਸ੍ਰੀ ਸਾਹਿਬ ਵੀ ਸੀ। ਇਹ ਈਸਟ ਇੰਡੀਆ ਕੰਪਨੀ ਦੇ ਡਾਇਰੈਕਟਰ ਵੱਲੋਂ ਰਿਕਾਰਡ ਆਫ਼ਿਸ ਲੰਡਨ ਭੇਜ ਦਿੱਤੀ ਗਈ ਸੀ।
ਸ੍ਰੀ ਸਾਹਿਬ: ਇਹ ਸ੍ਰੀ ਸਾਹਿਬ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ ਸੁਭਾਇਮਾਨ ਹੈ।
ਸ੍ਰੀ ਸਾਹਿਬ: ਇਸ ਸ੍ਰੀ ਸਾਹਿਬ ’ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮੋਹਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਹਾਇ ਦੇਗ ਤੇਗ ਫ਼ਤਹਿ ਕੋਈ ਦਰਸ਼ਨ ਕਰੇਗਾ, ਨਿਹਾਲ ਉਕਰਿਆ ਹੋਇਆ ਹੈ। ਇਸ ਦਾ ਦਸਤਾ ਸੁਨਹਿਰੀ ਚਿੱਤਰਕਾਰੀ ਵਾਲਾ ਹੈ। ਇਹ ਸ੍ਰੀ ਸਾਹਿਬ, ਕਿਲ੍ਹਾ ਮੁਬਾਰਕ ਬੁਰਜ ਬਾਬਾ ਆਲਾ ਸਿੰਘ, ਪਟਿਆਲਾ ਵਿੱਚ ਮੌਜੂਦ ਹੈ।
ਤੇਗ: ਇਸ ਤੇਗ ਦੀ ਝਾਲ ਚਾਂਦੀ ਦੀ ਹੈ ਅਤੇ ਕਬਜ਼ਾ ਸਰਬਲੋਹ ਦਾ ਹੈ। ਇਹ ਤੇਗ ਵੀ ਕਿਲ੍ਹਾ ਮੁਬਾਰਕ ਪਟਿਆਲਾ ਵਿੱਚ ਹੈ।
ਸ੍ਰੀ ਸਾਹਿਬ: ਇਹ ਤਲਵਾਰ ਫੌਲਾਦੀ ਹੈ ਅਤੇ ਇਸ ’ਤੇ ਚੰਦਰਮਾ ਤੇ ਖੰਡੇ ਦੇ ਨਿਸ਼ਾਨ ਹਨ। ਇਹ ਕਿਲ੍ਹਾ ਮੁਬਾਰਕ ਪਟਿਆਲਾ ਵਿੱਚ ਹੈ।
ਸ੍ਰੀ ਸਾਹਿਬ: ਇਹ ਸ਼ਿਕਾਰਗਾਹ ਤਲਵਾਰ ਹੈ। ਇਸ ’ਤੇ ਇਹ ਸ਼ਬਦ ਉੱਕਰੇ ਹੋਏ ਹਨ। ‘‘ਭਗੌਤੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ੧੦’’।   ਇਸ ਦੇ ਦਸਤੇ ਉੱਤੇ ਸੁਨਹਿਰੀ ਝਾਲ ਹੈ। ਫਾਲ ਉੱਤੇ ਜੰਗਲੀ ਜਾਨਵਰਾਂ ਦੇ ਚਿੱਤਰ ਉੱਕਰੇ ਹੋਏ ਹਨ। ਇਹ ਸ੍ਰੀ ਸਾਹਿਬ (ਨੰਬਰ 8, 9, 10) ਗੁਰੂ ਸਾਹਿਬ ਨੇ ਭਾਈ ਤਿਲੋਕਾ ਅਤੇ ਭਾਈ ਰਾਮਾ ਨੂੰ ‘ਖੰਡੇ ਦੀ ਪਾਹੁਲ’ ਲੈਣ ਉਪਰੰਤ ਬਖਸ਼ਿਸ਼ ਕੀਤੀਆਂ ਸਨ। ਇਹ ਅੱਜ-ਕੱਲ੍ਹ ਮੋਤੀ ਮਹੱਲ ਪਟਿਆਲਾ ਵਿਖੇ ਮੌਜੂਦ ਹਨ।
ਸ੍ਰੀ ਸਾਹਿਬ: ਇਸ ਸ੍ਰੀ ਸਾਹਿਬ ਦੇ ਕਬਜ਼ ’ਤੇ ਸੁਨਹਿਰੀ ਨਿਸ਼ਾਨ ਹਨ। ਇਹ ਦਸਵੇਂ ਨਾਨਕ ਨੇ ਦਮਦਮਾ ਸਾਹਿਬ ਤੋਂ ਦੱਖਣ ਨੂੰ ਚਾਲੇ ਪਾਉਣ ਸਮੇਂ ਮਹਾਰਾਜਾ ਨੂੰ ਬਖਸ਼ੀ ਸੀ ਜੋ ਉਨ੍ਹਾਂ ਦੇ ਖ਼ਾਨਦਾਨ ਪਾਸ ਪੀੜ੍ਹੀ-ਦਰ ਪੀੜ੍ਹੀ ਚਲੀ ਆ ਰਹੀ ਹੈ। ਇਹ ਅੱਜ-ਕੱਲ੍ਹ ਕਿਲ੍ਹਾ ਮੁਬਾਰਕ ਵਿੱਚ ਮੌਜੂਦ ਹੈ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਆਫ਼ ਪਟਿਆਲਾ ਦੇ ਮਹੱਲ ਵਿੱਚ ਹੈ।
ਸ੍ਰੀ ਸਾਹਿਬ: ਇਸ ਸ੍ਰੀ ਸਾਹਿਬ ਦੀ ਸ਼ਕਲ ਖੋਖਰੀ ਵਾਂਗ ਹੈ ਅਤੇ 9 ਇੰਚ ਲੰਮੀ ਹੈ। ਇਹ ਵੀ ਕਿਲ੍ਹਾ ਮੁਬਾਰਕ ਵਿੱਚ ਮੌਜੂਦ ਹੈ।
ਸਿਰੋਹੀ: ਇਹ ਸ੍ਰੀ ਸਾਹਿਬ ਜਿਸ ਨੂੰ ਸਿਰੋਹੀ ਲਿਖਿਆ ਗਿਆ ਹੈ, ਪਟਨਾ ਸਾਹਿਬ ਤੋਂ ਆਈ ਦੱਸੀ ਜਾਂਦੀ ਹੈ। ਇਹ ਵੀ ਕਿਲ੍ਹਾ ਮੁਬਾਰਕ ਮਹਾਰਾਜਾ ਯਾਦਵਿੰਦਰ ਸਿੰਘ, ਪਟਿਆਲਾ ਦੇ ਮਹੱਲ ਵਿੱਚ ਮੌਜੂਦ ਹੈ।
ਸ੍ਰੀ ਸਾਹਿਬ: ਇਸ ਸ੍ਰੀ ਸਾਹਿਬ ਉੱਪਰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ ‘ੴ ਵਾਹਿਗੁਰੂ ਜੀ ਕੀ ਫ਼ਤਹਿ ਪਾਤਸ਼ਾਹੀ ੧੦…’’ ਇਹ ਵੀ ਕਿਲ੍ਹਾ ਮੁਬਾਰਕ ਪਟਿਆਲਾ ਦੀ ਜ਼ੀਨਤ ਬਣੀ ਹੈ।
ਤੇਗਾ: ਇਹ ਤੇਗਾ ਗੁਰੂ ਹਰਿਗੋਬਿੰਦ ਸਾਹਿਬ, ਛੇਵੇਂ ਨਾਨਕ ਦਾ ਹੈ ਅਤੇ ਇਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵੀ ਹਸਤਛੋਹ ਪ੍ਰਾਪਤ ਹੈ। ਇਸ ਦਾ ਵਜ਼ਨ 12 ਸੇਰ ਹੈ। ਇਹ ਕਿਲ੍ਹਾ ਮੁਬਾਰਕ ਵਿੱਚ ਸੁਭਾਇਮਾਨ ਹੈ।
ਕਰਦ: ਇਹ ਕਰਦ 3 ਇੰਚ ਲੰਮੀ ਹੈ। ਇਹ ਵੀ ਕਿਲ੍ਹਾ ਨਾਭਾ, ਪਟਿਆਲਾ ਵਿੱਚ ਮੌਜੂਦ ਹੈ।
ਸ੍ਰੀ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਸ੍ਰੀ ਸਾਹਿਬ ਬਾਬਾ ਤਰਲੋਕ ਸਿੰਘ ਨੂੰ ਬਖ਼ਸ਼ੀ ਸੀ। ਇਹ ਵੀ ਕਿਲ੍ਹਾ ਨਾਭਾ ਪਟਿਆਲਾ ਵਿੱਚ ਹੈ।
ਸ੍ਰੀ ਸਾਹਿਬ: ਇਹ ਸ੍ਰੀ ਸਾਹਿਬ ਵੀ ਕਿਲ੍ਹਾ ਨਾਭਾ, ਪਟਿਆਲਾ ਵਿੱਚ ਹੈ।
ਸ੍ਰੀ ਸਾਹਿਬ: ਇਸ ਦੀ ਲੰਬਾਈ ਦੋ ਫੁੱਟ ਸਾਢੇ ਅੱਠ ਇੰਚ ਹੈ। ਤੋਲ ਸਵਾ ਸੇਰ ਤੇ ਤਿੰਨ ਤੋਲੇ ਹੈ। ਇਹ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਜ਼ਿਲ੍ਹਾ ਬਠਿੰਡਾ ਵਿੱਚ ਮੌਜੂਦ ਹੈ।
ਇੱਕ ਖੜਗ: ਇਹ ਖੜਗ ਪਿੰਡ ਸਾਬੋ ਕੀ ਤਲਵੰਡੀ ਵਿੱਚ ਦਸਵੇਂ ਪਾਤਸ਼ਾਹ ਨੇ ਭਾਈ ਡਲ ਸਿੰਘ ਨੂੰ ਬਖ਼ਸ਼ੀ ਸੀ ਜੋ ਉਸ ਦੇ ਖਾਨਦਾਨ ਵਿੱਚੋਂ ਭਾਈ ਸ਼ਮਸ਼ੇਰ ਸਿੰਘ ਦੇ ਘਰ ਸੁਭਾਇਮਾਨ ਹੈ। ਇਸ ਦੇ ਦਰਸ਼ਨ ਜੋੜ ਮੇਲਿਆਂ ’ਤੇ ਜਾਂ ਉਚੇਚੇ ਬੇਨਤੀ ’ਤੇ ਸਵੇਰੇ 12 ਵਜੇ ਤੋਂ ਪਹਿਲਾਂ ਪਹਿਲਾਂ ਕਰਾਏ ਜਾਂਦੇ ਹਨ। ਅੱਜ-ਕੱਲ੍ਹ ਸੇਵਾ ਮਾਈ ਸੁਖਦੇਵ ਕੌਰ ਧਰਮਪਤਨੀ ਸਰਵਗਵਾਸੀ ਸ੍ਰੀ ਸ਼ਮਸ਼ੇਰ ਸਿੰਘ ਅਤੇ ਉਨ੍ਹਾਂ ਦੇ ਮੁਖਤਾਰ ਕਰਦੇ ਹਨ।
ਸ੍ਰੀ ਸਾਹਿਬ: ਇਹ ਸ੍ਰੀ ਸਾਹਿਬ ਦਸਵੇਂ ਪਾਤਸ਼ਾਹ ਨੇ ਭਾਈ ਸੁਖੀਏ ਦੇ ਪੁੱਤਰ ਨੂੰ ਬਖਸ਼ੀ ਸੀ। ਜੋ ਅੱਜ-ਕੱਲ੍ਹ ਭਾਈ ਸਾਹਿਬ ਭਾਈ ਅਰਦਿਮਨ ਸਿੰਘ ਬਾਗੜੀਆਂ ਜ਼ਿਲ੍ਹਾ ਸੰਗਰੂਰ ਪਾਸ ਮੌਜੂਦ ਹੈ।
ਸ੍ਰੀ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਸ੍ਰੀ ਸਾਹਿਬ ਨਾਂਦੇੜ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇਣ ਲੱਗਿਆਂ ਖ਼ਾਲਸਾ ਜੀ ਨੇ ਪ੍ਰਾਪਤ ਕੀਤੀ ਸੀ। ਇਸ ’ਤੇ ਸੋਨੇ ਦਾ ਕੰਮ ਹੋਇਆ ਹੈ। ਇਹ ਗੁਰਦੁਆਰਾ ਧਮਤਾਨ ਸਾਹਿਬ, ਜ਼ਿਲ੍ਹਾ ਸੰਗਰੂਰ ਵਿੱਚ ਮੌਜੂਦ ਹੈ।
ਸ੍ਰੀ ਸਾਹਿਬ: ਗੁਰੂ ਸਾਹਿਬ ਨੇ ਇਹ ਸ੍ਰੀ ਸਾਹਿਬ ਮਾਲੇਰਕੋਟਲਾ ਦੇ ਨਵਾਬ ਸਾਹਿਬ ਨੂੰ ਬਖ਼ਸ਼ੀ ਸੀ। ਇਹ ਸ੍ਰੀ ਸਾਹਿਬ ਅਜੇ ਤੱਕ ਉਨ੍ਹਾਂ ਦੇ ਖਾਨਦਾਨ ਕੋਲ ਮੌਜੂਦ ਹੈ। ਇਸ ਦੇ ਇੱਕ ਪਾਸੇ ਇਹ ਸ਼ਬਦ ਉਕਰੇ ਹੋਏ ਹਨ ‘‘ੴ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਨਵਾਬ ਸ਼ੇਰ ਖਾਂ ਮਾਲੋਰੀ ਨੂੰ ਪ੍ਰੇਮ ਦਾ ਸੰਦੇਸ਼ਾ ਰਾਏਕੋਟ’’ ਅਤੇ ਦੂਸਰੇ ਪਾਸੇ ਸੰਮਤ 1762 ਲਿਖਿਆ ਹੋਇਆ ਹੈ।
ਸ੍ਰੀ ਸਾਹਿਬ: ਇਸ ਸ੍ਰੀ ਸਾਹਿਬ ਉੱਪਰ  ਫਾਰਸੀ ਅੱਖਰਾਂ ਵਿੱਚ ਲਿਖਿਆ ਹੈ ‘‘ਈ’’ ਤਲਵਾਰ ਗੁਰੂ ਗੋਬਿੰਦ ਸਿੰਘ ਕੀ ਕਮਰ ਕੀ ਹੈ। ਇਲਾਕਾ ਸੂਰਤ ਬੰਦ ਮੇਂ ਸੇ ਹੈ; ਮੁਹੰਮਦ ਯਾਰ।’’ ਇਹ ਤਲਵਾਰ ਸਰਕਾਰੀ ਪੁਸਤਕਾਲਾ ਸੰਗਰੂਰ ਵਿੱਚ ਹੈ।
ਸ੍ਰੀ ਸਾਹਿਬ: ਇਸ ਸ੍ਰੀ ਸਾਹਿਬ ’ਤੇ ਇਹ ਸ਼ਬਦ ਉੱਕਰੇ ਹੋਏ ਹਨ ‘‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਸੰਮਤ ਸਤਾਰਾਂ ਸੌ।’’ ਇਹ ਸ੍ਰੀ ਸਾਹਿਬ ਨਾਹਨ (ਹਿਮਾਚਲ ਪ੍ਰਦੇਸ਼) ਵਿੱਚ ਮੌਜੂਦ ਹੈ।
ਕਰਦ: ਇਹ ਕਰਦ ਗੁਰੂ ਸਾਹਿਬ ਦੇ ਅੰਗੀਠੇ ਵਿੱਚੋਂ ਨਿਕਲੀ ਦੱਸੀ ਜਾਂਦੀ ਹੈ। ਇਹ ਸੁਨਹਿਰੀ ਹੈ। ਇਹ ਗੁਰਦੁਆਰਾ ਸਾਹਿਬ ਤਖ਼ਤ ਸ੍ਰੀ ਹਜ਼ੂਰ ਸਾਹਿਬ, ਅਬਚਲ ਨਗਰ ਵਿੱਚ ਸੁਸ਼ੋਭਿਤ ਹੈ।
ਜੜਾਉਵਲੀ ਸ੍ਰੀ ਸਾਹਿਬ: ਇਹ ਸ੍ਰੀ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿੱਚ ਸੁਸ਼ੋਭਿਤ ਹੈ।
ਚੌੜਾ ਤੇਗਾ: ਇਹ ਤੇਗਾ ਵੀ ਸ੍ਰੀ ਹਜ਼ੂਰ ਸਾਹਿਬ ਵਿੱਚ ਸੁਸ਼ੋਭਿਤ ਹੈ।
ਪੰਜ ਸੁਨਹਿਰੀ ਸ੍ਰੀ ਸਾਹਿਬ: ਇਹ ਪੰਜ ਸੁਨਹਿਰੀ ਸ੍ਰੀ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿੱਚ ਸੁਸ਼ੋਭਿਤ ਹਨ।
ਇਸ ਵਰਣਨ ਸ੍ਰੀ ਸਾਹਿਬ/ਤੇਗਾਂ/ਕਰਦਾਂ/ਖੜਗਾਂ ਬਾਰੇ ਕੋਈ ਜ਼ਿਕਰ ਕਰਨੋਂ ਰਹਿ ਵੀ ਗਿਆ ਹੋਵੇਗਾ ਅਤੇ ਕਈਆਂ ਬਾਰੇ ਕੋਈ ਵੱਧ-ਘੱਟ ਹਵਾਲਾ ਵੀ ਹੋ ਸਕਦਾ ਹੈ।

ਡਾ. ਜਸਬੀਰ ਸਿੰਘ ਸਰਨਾ


Post Comment


ਗੁਰਸ਼ਾਮ ਸਿੰਘ ਚੀਮਾਂ