ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, September 29, 2012

ਘਰਾਂ ਦੀ ਰੌਣਕ ਹੁੰਦੇ ਨੇ ਸਾਡੇ ਬਜ਼ੁਰਗ


ਪੱਛਮੀ ਦੇਸ਼ਾਂ ਦੇ ਪ੍ਰਭਾਵ ਹੇਠ ਜਾਂ ਇਹ ਕਹਿ ਲਈਏ ਕਿ ਪੱਛਮੀ ਦੇਸ਼ਾਂ ਦੀ ਤਰਜ਼ 'ਤੇ ਤੁਰਦੇ ਹੋਏ ਅੱਜ ਭਾਰਤ 'ਚ ਵੀ ਹਰ ਦਿਨ ਕਿਸੇ ਨਾ ਕਿਸੇ ਨੂੰ ਸਮਰਪਿਤ ਕੀਤਾ ਜਾਣ ਲੱਗ ਪਿਆ ਹੈ। ਅੱਜ ਅਸੀਂ ਮਦਰਜ਼-ਡੇ, ਫਾਦਰਜ਼-ਡੇ, ਗਰੈਂਡ ਪੇਰੈਂਟਸ-ਡੇ, ਪੇਰੈਂਟਸ-ਡੇ ਵਰਗੇ ਨਾ ਜਾਣੇ ਕਿੰਨੇ ਹੀ ਦਿਨ ਮਨਾਉਂਦੇ ਹਾਂ। ਇਸੇ ਤਰ੍ਹਾਂ ਹੀ ਅਸੀਂ ਹਰ ਸਾਲ 1 ਅਕਤੂਬਰ ਨੂੰ ਬਜ਼ੁਰਗ ਦਿਵਸ ਦੇ ਰੂਪ ਵਿਚ ਮਨਾਉਂਦੇ ਹਾਂ। ਇਹ ਦਿਨ ਮਨਾਉਣ ਦੀ ਸ਼ੁਰੂਆਤ 1990 'ਚ ਹੋਈ ਮੰਨੀ ਜਾਂਦੀ ਹੈ ਪਰ ਸਭ ਤੋਂ ਪਹਿਲਾਂ 1991 ਵਿਚ ਇਸ ਦਿਨ ਛੁੱਟੀ ਕਰਕੇ ਇਹ ਦਿਨ ਮਨਾਇਆ ਗਿਆ ਸੀ। ਸੰਯੁਕਤ ਰਾਸ਼ਟਰ ਦੀ ਜਨਰਲ ਅਸੰਬਲੀ ਵੱਲੋਂ ਇਹ ਦਿਨ ਬਜ਼ੁਰਗਾਂ ਦਾ ਸਮਾਜ 'ਚ ਅਹਿਮ ਯੋਗਦਾਨ ਪਾਉਣ ਲਈ ਉਨ੍ਹਾਂ ਦੇ ਸਤਿਕਾਰ ਵਜੋਂ ਮਨਾਇਆ ਗਿਆ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਦਿਨ ਸਿਰਫ਼ ਨਾਂਅ ਦਾ ਮਨਾਉਣ ਲਈ ਹੀ ਰਹਿ ਗਿਆ ਕਿਉਂਕਿ ਸਤਿਕਾਰ ਤਾਂ ਕਿਤੇ ਵਿੱਸਰ ਚੁੱਕਿਆ ਹੈ।

ਅਸੀਂ ਸਭ ਇਹ ਤਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਘਰ 'ਚ ਬਜ਼ੁਰਗ ਦਾ ਹੋਣਾ ਕੀ ਅਹਿਮੀਅਤ ਰੱਖਦਾ ਹੈ। ਸਾਡੇ ਦਾਦਾ-ਦਾਦੀ, ਨਾਨਾ-ਨਾਨੀ ਹੀ ਸਾਡੇ ਘਰਾਂ ਦੀ ਸ਼ਾਨ ਹੁੰਦੇ ਹਨ। ਉਨ੍ਹਾਂ ਦੇ ਨਾਲ ਹੀ ਸਾਰਾ ਘਰ ਭਰਿਆ ਰਹਿੰਦਾ ਹੈ। ਅਸੀਂ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਦੇ ਹਾਂ ਕਿਉਂਕਿ ਉਨ੍ਹਾਂ ਕੋਲ ਜ਼ਿੰਦਗੀ ਦਾ ਤਜਰਬਾ ਏਨਾ ਜ਼ਿਆਦਾ ਹੁੰਦਾ ਹੈ ਕਿ ਜੋ ਅਸੀਂ ਚਾਹੇ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਈਏ, ਹਾਸਲ ਨਹੀਂ ਕਰ ਸਕਦੇ। ਸਾਡੇ ਘਰਾਂ 'ਚ ਬੈਠੇ ਬਜ਼ੁਰਗ ਹਮੇਸ਼ਾ ਸਾਡੇ ਲਈ ਇਕ ਵਧੀਆ ਚਾਨਣ-ਮੁਨਾਰਾ ਹੁੰਦੇ ਹਨ। ਉਨ੍ਹਾਂ ਆਪਣੇ ਵਾਲ ਧੁੱਪ 'ਚ ਚਿੱਟੇ ਨਹੀਂ ਕੀਤੇ ਹੁੰਦੇ, ਸਗੋਂ ਉਨ੍ਹਾਂ ਨੇ ਜ਼ਿੰਦਗੀ ਤੋਂ ਏਨਾ ਕੁਝ ਸਿੱਖਿਆ ਹੁੰਦਾ ਹੈ ਕਿ ਅਸੀਂ ਉਨ੍ਹਾਂ ਦੀ ਇਕ ਸਹੀ ਸਲਾਹ ਨਾਲ ਫਰਸ਼ੋਂ ਅਰਸ਼ 'ਤੇ ਪੁੱਜ ਸਕਦੇ ਹਾਂ ਪਰ ਅੱਜ ਦੇ ਬਦਲਦੇ ਭੌਤਿਕਵਾਦੀ ਤੇ ਪਦਾਰਥਵਾਦੀ ਯੁੱਗ 'ਚ ਇਹ ਗੱਲਾਂ ਸਿਰਫ਼ ਲਿਖਣ 'ਚ ਹੀ ਰਹਿ ਗਈਆਂ ਜਾਪਦੀਆਂ ਹਨ। ਅੱਜ ਘਰਾਂ 'ਚ ਬੱਚਿਆਂ ਕੋਲ ਥਾਂ ਏਨੀ ਘਟ ਗਈ ਹੈ ਕਿ ਜਿਥੇ ਮਾਂ-ਬਾਪ ਚਾਰ-ਚਾਰ ਬੱਚਿਆਂ ਨੂੰ ਇਕੱਠੇ ਪਾਲਦੇ ਸਨ, ਉੱਥੇ ਬੱਚਿਆਂ ਕੋਲੋਂ ਦੋ ਜੀਅ (ਮਾਂ-ਬਾਪ) ਨਹੀਂ ਰੱਖੇ ਜਾਂਦੇ। ਜਿਵੇਂ-ਜਿਵੇਂ ਅੱਜ ਮਨੁੱਖ ਤਰੱਕੀ ਕਰ ਰਿਹਾ ਹੈ, ਉਵੇਂ-ਉਵੇਂ ਹੀ ਉਹ ਆਪਣੀਆਂ ਰਹੁ-ਰੀਤਾਂ ਨੂੰ ਤਾਂ ਪਿੱਛੇ ਛੱਡ ਹੀ ਗਿਆ ਹੈ ਪਰ ਹੁਣ ਆਪਣੇ ਜੰਮਣ ਵਾਲਿਆਂ ਤੋਂ ਵੀ ਖਹਿੜਾ ਛੁਡਾਉਣ ਨੂੰ ਫਿਰਦਾ ਹੈ। ਕੀ ਇਹ ਸਾਡਾ ਉਹੀ ਆਪਣੇ-ਆਪ ਨੂੰ ਸੱਭਿਅਕ ਕਹਾਉਣ ਵਾਲਾ ਸਮਾਜ ਹੈ? ਅੱਜ ਘਰਾਂ 'ਚ ਜੇਕਰ ਕਿਤੇ ਬਜ਼ੁਰਗ ਦੇਖਣ ਨੂੰ ਮਿਲ ਹੀ ਜਾਣ ਤਾਂ ਉਹ ਵੀ ਇਸ ਲਈ ਕਿ ਪਤੀ-ਪਤਨੀ ਦੋਵੇਂ ਨੌਕਰੀਪੇਸ਼ਾ ਹੁੰਦੇ ਹਨ ਤੇ ਉਨ੍ਹਾਂ ਦੇ ਪਿੱਛਿਓਂ ਬੱਚਿਆਂ ਨੂੰ ਕੌਣ ਸੰਭਾਲੇ। ਇਸ ਲਈ ਉਹ ਸੋਚਦੇ ਹਨ ਕਿ ਪੈਸੇ ਦੇ ਕੇ ਵੀ ਤਾਂ ਨੌਕਰ ਨੂੰ ਰੱਖਣਾ ਹੀ ਹੈ ਕਿਉਂ ਨਾ ਮੁਫ਼ਤ ਦੀ ਸੇਵਾ ਹੀ ਲੈ ਲਈ ਜਾਵੇ। ਇਸ ਨਾਲ ਪੈਸੇ ਵੀ ਬਚਣਗੇ ਤੇ ਬੱਚਿਆਂ ਦਾ ਵੀ ਕੋਈ ਫਿਕਰ-ਫਾਕਾ ਨਹੀਂ ਰਹੇਗਾ। ਫਿਰ ਆਪਣੇ ਮਤਲਬ ਲਈ ਰੱਖੇ ਆਪਣੇ ਬਜ਼ੁਰਗਾਂ ਨੂੰ ਅਸੀਂ ਇਹ ਵਾਰ-ਵਾਰ ਮਿਹਣਾ ਮਾਰਦੇ ਹਾਂ ਕਿ ਅਸੀਂ ਹੀ ਤੁਹਾਨੂੰ ਰੋਟੀ ਦੇ ਰਹੇ ਹਾਂ। ਅਸੀਂ ਇਹ ਗੱਲ ਕਿਉਂ ਨਹੀਂ ਸੋਚਦੇ ਕਿ ਇਹ ਬੁਢਾਪਾ ਸਾਡੇ ਸਭਨਾਂ 'ਤੇ ਆਉਣਾ ਹੈ। ਅਸੀਂ ਸਾਰਿਆਂ ਨੇ ਜ਼ਿੰਦਗੀ ਦੇ ਇਸ ਰਾਹ ਤੋਂ ਨਿਕਲਣਾ ਹੈ ਪਰ ਅਸੀਂ ਇਸ ਵੱਲ ਧਿਆਨ ਦੇਣਾ ਜ਼ਰੂਰੀ ਸਮਝਦੇ ਹੀ ਨਹੀਂ। ਸਾਡੇ ਕੀਤੇ ਜਾਂਦੇ ਸਾਰੇ ਧਰਮ-ਕਰਮ ਦੇ ਕੰਮ ਉਸ ਦਿਨ ਖੂਹ 'ਚ ਜਾ ਪੈਂਦੇ ਹਨ, ਜਿਸ ਦਿਨ ਅਸੀਂ ਆਪਣੇ ਘਰਾਂ ਦੇ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਦੇ ਰਾਹ ਪਾ ਆਉਂਦੇ ਹਾਂ। ਹੁਣ ਸਾਂਝੇ ਪਰਿਵਾਰ ਖਤਮ ਹੋ ਰਹੇ ਹਨ ਤੇ ਅਸੀਂ ਇਕੱਲੇ ਰਹਿਣ ਲਈ ਹਰ ਜੱਦੋ-ਜਹਿਦ ਕਰ ਰਹੇ ਹਾਂ। ਆਪਣੀ ਸੰਸਕ੍ਰਿਤੀ, ਆਪਣੇ ਧਰਮ, ਆਪਣੇ ਰੀਤੀ-ਰਿਵਾਜ ਤੇ ਹੁਣ ਆਪਣੇ ਬਜ਼ੁਰਗ ਵੀ ਅਸੀਂ ਇਸ ਤਰ੍ਹਾਂ ਛੱਡ ਰਹੇ ਹਾਂ, ਜਿਵੇਂ ਕੋਈ ਛੂਤ ਦੀ ਬਿਮਾਰੀ ਹੋਵੇ। ਅਸੀਂ ਇਹ ਭੁੱਲ ਰਹੇ ਹਾਂ ਕਿ ਅੱਜ ਅਸੀਂ ਜਿਨ੍ਹਾਂ ਉਚਾਈਆਂ 'ਤੇ ਬੈਠੇ ਹਾਂ, ਉਥੇ ਤੱਕ ਪਹੁੰਚਾਉਣ 'ਚ ਸਭ ਤੋਂ ਜ਼ਿਆਦਾ ਅਹਿਮ ਭੂਮਿਕਾ ਕਿਸ ਦੀ ਸੀ? ਸਾਨੂੰ ਪਾਲਣ-ਪੋਸਣ 'ਚ ਕਿਸ ਨੇ ਏਨੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਸੀ ਅਸੀਂ ਅੱਜ ਏਨੇ ਸਵਾਰਥੀ ਬਣ ਕੇ ਰਹਿ ਗਏ ਹਾਂ ਕਿ ਸਾਨੂੰ ਆਪਣੇ ਤੋਂ ਇਲਾਵਾ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਜਦ ਕਿਸੇ ਘਰ 'ਚ ਨਵੀਂ ਵਿਆਹੀ ਨੂੰਹ ਆਉਂਦੀ ਹੈ ਤਾਂ ਆਉਂਦੇ ਸਾਰ ਬਹੁਤੀਆਂ ਦੀ ਇਹ ਸੋਚ ਹੁੰਦੀ ਹੈ ਕਿ ਉਹ ਘਰਦਿਆਂ ਤੋਂ ਵੱਖਰੀ ਇਕੱਲੀ ਰਹੇਗੀ ਤੇ ਜਿਨ੍ਹਾਂ ਮਾਂ-ਬਾਪ ਨੇ ਆਪਣੇ ਮੁੰਡੇ ਨੂੰ ਲਾਡ-ਪਿਆਰ ਨਾਲ ਪਾਲਿਆ ਹੁੰਦਾ ਹੈ, ਜਿਸ ਨੂੰ ਉਹ ਬੁਢਾਪੇ ਦਾ ਸਹਾਰਾ ਮੰਨਦੇ ਹਨ, ਰਾਤਾਂ ਜਾਗ ਕੇ ਆਪਣੇ ਬੱਚਿਆਂ ਲਈ ਦੁਆਵਾਂ ਮੰਗਦੇ ਹਨ, ਉਹੀ ਉਨ੍ਹਾਂ ਨੂੰ ਵੱਖਰਾ ਕਰਨ 'ਚ ਮਿੰਟ ਵੀ ਨਹੀਂ ਲਗਾਉਂਦੇ। ਕੀ ਸਾਡੀ ਪੜ੍ਹਾਈ-ਲਿਖਾਈ ਸਾਨੂੰ ਇਹ ਸਿਖਾਉਂਦੀ ਹੈ ਕਿ ਘਰ ਬੈਠੇ ਬਜ਼ੁਰਗਾਂ ਨੂੰ ਸੜਕ 'ਤੇ ਵਗ੍ਹਾ ਦਿਓ।

ਮੈਂ ਕਈ ਥਾਵਾਂ 'ਤੇ ਅਜਿਹੇ ਲੋਕ ਵੀ ਦੇਖੇ ਹਨ ਜੋ ਆਪਣੇ ਬੁੱਢੇ ਮਾਂ-ਬਾਪ ਨੂੰ ਸਿਰਫ਼ ਇਸ ਲਈ ਦੋ ਵਕਤ ਦੀ ਰੋਟੀ ਦਿੰਦੇ ਹਨ ਕਿਉਂਕਿ ਉਨ੍ਹਾਂ ਕੋਲ ਜ਼ਮੀਨ ਤੇ ਥੋੜ੍ਹਾ-ਬਹੁਤਾ ਪੈਸਾ ਹੁੰਦਾ ਹੈ। ਉਸੇ ਦੇ ਲਾਲਚ ਹੇਠ ਲੋਕ ਸੇਵਾ ਕਰਨ ਲਈ ਮਜਬੂਰ ਹੁੰਦੇ ਹਨ ਤੇ ਜਿਸ ਦਿਨ ਉਹ ਸਭ ਕੁਝ ਉਨ੍ਹਾਂ ਦੇ ਨਾਂਅ 'ਤੇ ਹੋ ਜਾਂਦਾ ਹੈ, ਉਸ ਦਿਨ ਤੋਂ ਗੱਲ ਤੂੰ 'ਤੇ ਆ ਜਾਂਦੀ ਹੈ। ਧਨ-ਦੌਲਤ, ਜ਼ਮੀਨਾਂ ਸਭ ਕੁਝ ਨੇ ਇਸੇ ਧਰਤੀ 'ਤੇ ਹੀ ਰਹਿ ਜਾਣਾ ਹੁੰਦਾ ਹੈ। ਕਿਸੇ ਨਾਲ ਕੁਝ ਨਹੀਂ ਜਾਂਦਾ, ਜੇ ਜਾਂਦੇ ਹਨ ਤਾਂ ਸਾਡੇ ਚੰਗੇ ਕਰਮ ਤੇ ਬਾਕੀਆਂ ਕੋਲੋਂ ਲਈਆਂ ਅਸੀਸਾਂ ਜੋ ਅੱਗੇ ਲਈ ਸਾਡਾ ਰਾਹ ਪੱਧਰਾ ਕਰਦੀਆਂ ਹਨ। ਅਸੀਂ ਕਈ ਵਾਰ ਇਹ ਸੁਣਦੇ ਹਾਂ ਜਾਂ ਬੋਲਦੇ ਵੀ ਹਾਂ ਕਿ ਬੁੱਢਾ ਸਠਿਆ ਗਿਆ ਹੈ, ਐਵੇਂ ਅਵਾ-ਤਵਾ ਬੋਲੀ ਜਾਂਦਾ ਹੈ ਪਰ ਇਹ ਉਨ੍ਹਾਂ ਦਾ ਤਜਰਬਾ ਬੋਲਦਾ ਹੈ, ਜੋ ਉਨ੍ਹਾਂ ਆਪਣੀ ਜ਼ਿੰਦਗੀ ਤੋਂ ਸਿੱਖਿਆ ਹੁੰਦਾ ਹੈ। ਇਹ ਹੋ ਸਕਦਾ ਹੈ ਕਿ ਹਰ ਗੱਲ 'ਤੇ ਸਾਡੇ ਬਜ਼ੁਰਗ ਸਹੀ ਨਾ ਹੋਣ ਪਰ ਬਹੁਤੀਆਂ ਗੱਲਾਂ 'ਤੇ ਉਹ ਸਹੀ ਵੀ ਹੁੰਦੇ ਹਨ। ਦੋਵਾਂ ਧਿਰਾਂ ਨੂੰ ਹੀ ਆਪਣੀ ਸੋਚ ਬਦਲਣ ਦੀ ਲੋੜ ਹੈ। ਸਾਨੂੰ ਹਮੇਸ਼ਾ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਬਜ਼ੁਰਗ ਸਾਡੇ ਆਦਰਸ਼ ਹਨ, ਸਾਡੀ ਮਨੁੱਖੀ ਸੰਸਕ੍ਰਿਤੀ ਨੂੰ ਅੱਗੇ ਤੋਰਨ ਵਾਲੇ ਹਨ। ਉਨ੍ਹਾਂ ਕੋਲ ਹੀ ਉਹ ਪਿਆਰ ਦੀ ਛਾਂ ਹੈ, ਜਿਸ ਦੀ ਛਾਵੇਂ ਰਹਿ ਕੇ ਅਸੀਂ ਲਗਾਤਾਰ ਤਰੱਕੀ ਕਰ ਸਕਦੇ ਹਾਂ। ਅੱਜ ਸਾਡੇ ਸਮਾਜ 'ਚ ਸਭ ਤੋਂ ਜ਼ਿਆਦਾ ਲੋੜ ਆਪਣੇ ਵੱਡੇ ਬਜ਼ੁਰਗਾਂ ਦਾ ਆਦਰ ਸਤਿਕਾਰ ਕਰਨ ਦੀ ਹੈ ਤਾਂ ਕਿ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਸਾਥੋਂ ਕੁਝ ਤਾਂ ਚੰਗਾ ਸਿਖ ਸਕਣ।

ਅੰਤਰਰਾਸ਼ਟਰੀ ਬਜ਼ੁਰਗ ਦਿਵਸ 'ਤੇ ਕਈਆਂ ਥਾਵਾਂ 'ਤੇ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ, ਸੈਮੀਨਾਰ ਕਰਵਾਏ ਜਾਂਦੇ ਹਨ, ਭਾਸ਼ਣ ਦਿੱਤੇ ਜਾਂਦੇ ਹਨ ਤੇ ਲੋਕਾਂ ਦੇ ਟੀ. ਵੀ. ਤੇ ਅਖ਼ਬਾਰਾਂ ਰਾਹੀਂ ਚੰਗੇ ਵਿਚਾਰ ਛਾਪੇ ਜਾਂਦੇ ਹਨ ਪਰ ਇਹ ਸਭ ਇਕੋ ਦਿਨ ਹੀ ਹੁੰਦਾ ਹੈ ਤੇ ਭਾਸ਼ਣ ਦੇਣ ਵਾਲਿਆਂ ਵਿਚੋਂ ਬਹੁਤੇ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿਚ ਛੱਡ ਚੁੱਕੇ ਹੁੰਦੇ ਹਨ। ਬਜ਼ੁਰਗਾਂ ਦੀ ਲੋੜ ਬਿਰਧ ਆਸ਼ਰਮਾਂ ਨੂੰ ਨਹੀਂ ਸਗੋਂ ਸਾਨੂੰ ਹੈ। ਇਨ੍ਹਾਂ ਨਾਲ ਘਰਾਂ ਦੀਆਂ ਸ਼ਾਨਾਂ ਘਟਦੀਆਂ ਨਹੀਂ ਸਗੋਂ ਵਧ ਕੇ ਦੁੱਗਣੀਆਂ ਹੁੰਦੀਆਂ ਹਨ।

ਹਰਜੀਤ ਕੌਰ

ਪੋਸਟ ਕਰਤਾ:- ਗੁਰਸ਼ਾਮ ਸਿੰਘ ਚੀਮਾਂ 


Post Comment


ਗੁਰਸ਼ਾਮ ਸਿੰਘ ਚੀਮਾਂ