ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, September 26, 2012

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ - 28 ਸਤੰਬਰ ਲਈ ਜਨਮ ਦਿਵਸ ’ਤੇ ਵਿਸ਼ੇਸ਼


‘‘ਮੇਰਾ ਰੰਗ ਦੇ ਬਸੰਤੀ ਚੋਲਾ
ਮਾਏ ਰੰਗ ਦੇ ਬਸੰਤੀ ਚੋਲਾ’’
ਇਹ ਗੀਤ ਸੁਣਦਿਆਂ ਹੀ ਪੰਜਾਬ ਦੇ ਮਹਾਨ ਸਪੂਤ ਤੇ ਕੌਮ ਦੇ ਹੀਰੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਤਸਵੀਰ ਅੱਖਾਂ ਸਾਹਮਣੇ ਆ ਜਾਂਦੀ ਹੈ। ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਵਿਚ ਸਰਦਾਰ ਭਗਤ ਸਿੰਘ ਦਾ ਨਾਂ ਪ੍ਰਮੁੱਖ ਹੈ। ਭਗਤ ਸਿੰਘ ਜਿਸ ਨੂੰ ‘ਸ਼ਹੀਦ ਭਗਤ ਸਿੰਘ’ ਦੇ ਨਾਂ ਨਾਲ ਜਾਣਿਆ ਜਾਦਾ ਹੈ, ਦਾ ਜਨਮ 28 ਸਤੰਬਰ 1907 ਨੂੰ  ਪਿਤਾ ਸ. ਕਿਸ਼ਨ ਸਿੰਘ ਅਤੇ ਮਾਤਾ ਸ੍ਰੀਮਤੀ ਵਿਦਿਆਵਤੀ ਦੇ ਘਰ ਪਿੰਡ ਖਟਕੜ ਕਲਾਂ ਨੇੜੇ ਬੰਗਾ ਵਿਚ ਹੋਇਆ। ਇਹ ਆਪਣੇ ਮਾਤਾ ਪਿਤਾ ਦੇ ਤੀਜੇ ਸਪੁੱਤਰ ਸਨ। ਭਗਤ ਸਿੰਘ ਦੇ ਦਾਦੀ ਜੀ ਇਸ ਨੂੰ ‘ਭਾਂਗਾਂਵਾਲਾਂ’ ਕਹਿ ਕੇ ਬੁਲਾਉਂਦੇ ਸਨ ਜਿਸ ਤੋਂ ਇਸ ਦਾ ਛੋਟਾ ਨਾਂ ‘ਭਗਤ’ ਪੈ ਗਿਆ।
ਭਗਤ ਸਿੰਘ ਨੇ ਇਕ ਅਜਿਹੇ ਦੇਸ਼ ਭਗਤ ਜੱਟ ਪਰਿਵਾਰ ਵਿਚ ਜਨਮ ਲਿਆ ਜਿਨ੍ਹਾਂ ਵਿਚੋਂ ਕੁਝ ਨੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ ਹਿੱਸਾ ਲਿਆ ਤੇ ਕੁਝ ਨੇ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿਚ ਸੇਵਾ ਨਿਭਾਈ। ਇਸ ਦੇ ਦਾਦਾ ਸ. ਅਰਜਨ ਸਿੰਘ ਜੋ ਕਿ ਸਵਾਮੀ ਦਿਆਨੰਦ ਸਰਸਵਤੀ ਹਿੰਦੂ ਸੁਧਾਰ ਲਹਿਰ ਆਰੀਆ ਸਮਾਜ ਦੇ ਪੈਰੋਕਾਰ ਸਨ, ਦਾ ਭਗਤ ਸਿੰਘ ਉਤੇ ਬਹੁਤ ਪ੍ਰਭਾਵ ਸੀ। ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਤੇ ਸਵਰਨ ਸਿੰਘ ਅਤੇ ਪਿਤਾ ਕਿਸ਼ਨ ਸਿੰਘ ਗਦਰ ਪਾਰਟੀ ਦੇ ਮੈਂਬਰ ਸਨ ਜਿਸ ਦੀ ਅਗਵਾਈ ਕਰਤਾਰ ਸਿੰਘ ਸਰਾਭਾ ਅਤੇ ਹਰਿ ਦਿਆਲ ਕਰ ਰਹੇ ਸਨ। ਅਜੀਤ ਸਿੰਘ ਆਪਣੇ ਵਿਰੁੱਧ ਚੱਲ ਰਹੇ ਮੁਕੱਦਮਿਆਂ ਤੋਂ ਬਚਦੇ ਈਰਾਨ ਦੌੜਨ ਲਈ ਮਜਬੂਰ ਹੋ ਗਏ ਤੇ ਸਵਰਨ ਸਿੰਘ ਨੂੰ ਕਾਕੋਰੀ ਕਾਂਡ ਵਿਚ ਸ਼ਮੂਲੀਅਤ ਹੋਣ ਕਰਕੇ 19 ਦਸੰਬਰ 1927 ਨੂੰ ਫਾਂਸੀ ਦੇ ਦਿੱਤੀ ਗਈ। ਇੰਜ ਘਰੇਲੂ ਦੇਸ਼ਭਗਤੀ ਭਰੇ ਮਾਹੌਲ ਨੇ ਭਗਤ ਸਿੰਘ ’ਤੇ ਬਹੁਤ ਪ੍ਰਭਾਵ ਪਾਇਆ ਤੇ ਦੇਸ਼ ਪਿਆਰ ਬਚਪਨ ਵਿਚ ਹੀ ਉਸ ਦੀਆਂ ਨਾੜਾਂ ਵਿਚ ਚੱਲਣ ਲੱਗਾ।
ਭਗਤ ਸਿੰਘ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਡੀ.ਏ.ਵੀ. ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਇਸੇ ਸਕੂਲ ਵਿਚ ਹੀ ਪੜ੍ਹਦਿਆਂ 1916 ਵਿਚ ਭਗਤ ਸਿੰਘ ਦਾ ਸੰਪਰਕ ਮਹਾਨ ਰਾਜਨੀਤਕ ਲੀਡਰ ਲਾਲਾ ਲਾਜਪਤ ਰਾਏ ਤੇ ਰਾਸ ਬਿਹਾਰੀ ਬੋਸ ਦੇ ਨਾਲ ਹੋਇਆ। ਅਪਰੈਲ 1919 ਨੂੰ ਜਦੋਂ ਜਲ੍ਹਿਆਂਵਾਲਾ ਬਾਗ ਦਾ ਸਾਕਾ ਵਾਪਰਿਆ ਤਾਂ ਭਗਤ ਸਿੰਘ ਦੀ ਉਮਰ ਕੇਵਲ 12 ਸਾਲ ਸੀ। ਇਸ ਘਟਨਾ ਨੇ ਉਸ ਦੇ ਬਾਲ ਮਨ ’ਤੇ ਗਹਿਰਾ ਪ੍ਰਭਾਵ ਪਾਇਆ ਜਿਸ ਤਹਿਤ ਅਗਲੇ ਦਿਨ ਉਹ ਜਲ੍ਹਿਆਂਵਾਲੇ ਬਾਗ ਵਿਚ ਉਸੇ ਥਾਂ ਗਿਆ ਤੇ ਮੁੱਠੀ ਭਰ ਮਿੱਟੀ ਆਪਣੇ ਕੋਲ ਸੰਭਾਲ ਕੇ ਇਸ ਘਟਨਾ ਦਾ ਬਦਲਾ ਲੈਣ ਦੀ ਸਹੁੰ ਖਾਧੀ। ਇਸ ਘਟਨਾ ਨੇ ਉਸ ਦੇ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਦੇ ਇਰਾਦੇ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ।
1921 ਵਿਚ ਮਹਾਤਮਾ ਗਾਂਧੀ ਨੇ ਅੰਗਰੇਜ਼ੀ ਰਾਜ ਵਿਰੁੱਧ ਅਸਹਿਯੋਗ ਅੰਦੋਲਨ ਸ਼ੁਰੂ ਕਰ ਦਿੱਤਾ ਤੇ ਭਗਤ ਸਿੰਘ ਜੋ ਕਿ ਸ਼ੁਰੂ ਵਿਚ ਗਾਂਧੀ ਜੀ ਦੀ ਸ਼ਖ਼ਸੀਅਤ ਅਤੇ ਵਿਚਾਰਧਾਰਾ ਤੋਂ ਬੇਹੱਦ ਪ੍ਰਭਾਵਿਤ ਸੀ, ਨੇ ਇਸ ਅੰਦੋਲਨ ਦਾ ਬਹੁਤ ਸਮਰਥਨ ਕੀਤਾ। ਇਸ ਨੇ ਗਾਂਧੀ ਜੀ ਦੀ ਇੱਛਾ ਅਨੁਸਾਰ ਸਾਰੀਆਂ ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕੀਤਾ, ਆਪਣੀਆਂ ਸਰਕਾਰੀ ਸਕੂਲ ਦੀਆਂ ਕਿਤਾਬਾਂ ਜਲਾ ਦਿੱਤੀਆਂ, ਵਿਦੇਸ਼ੀ ਕੱਪੜੇ ਪਹਿਨਣੇ ਛੱਡ ਦਿੱਤੇ। ਪੜ੍ਹਾਈ ਵਿਚ ਛੱਡ ਕੇ ਭਗਤ ਸਿੰਘ ਨੇ ਰਾਜਨੀਤਕ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।
ਪਰ 1922 ਵਿਚ ਜਦ ਮਹਾਤਮਾ ਗਾਂਧੀ ਨੇ ਗੋਰਖਪੁਰ (ਉਤਰ ਪ੍ਰਦੇਸ਼)ਵਿਚ ਚੌੜੀ-ਚੌੜਾ ਵਿਚ ਵਾਪਰੇ ਹਿੰਸਾਤਮਕ ਕਾਂਡ ਦੇ ਖ਼ਿਲਾਫ਼ ਅਸਹਿਯੋਗ ਅੰਦੋਲਨ ਵਾਪਸ ਲੈ ਲਿਆ ਤਾਂ ਭਗਤ ਸਿੰਘ ਬਹੁਤ ਨਿਰਾਸ਼ ਹੋਇਆ। ਇਨ੍ਹਾਂ ਨੇ ਅਹਿੰਸਾਵਾਦੀ ਨੀਤੀ ਨੂੰ ਤਿਆਗ ਦਿੱਤਾ ਕਿਉਂਕਿ ਇਨ੍ਹਾਂ ਅਨੁਸਾਰ ਦੇਸ਼ ਨੂੰ ਆਜ਼ਾਦੀ ਅਹਿੰਸਾਵਾਦੀ ਅੰਦੋਲਨ ਨਾਲ ਨਹੀਂ ਮਿਲ ਸਕਦੀ।
ਆਪਣੀ ਪੜ੍ਹਾਈ ਪੂਰੀ ਕਰਨ ਲਈ ਇਸ ਨੇ ਲਾਲਾ ਲਾਜਪਤ ਰਾਏ ਦੁਆਰਾ ਨਿਰਮਿਤ ਨੈਸ਼ਨਲ ਕਾਲਜ ਲਾਹੌਰ ਵਿਚ ਦਾਖਲਾ ਲੈ ਲਿਆ ਜੋ ਕਿ ਰਾਜਨੀਤਕ ਗਤੀਵਿਧੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ। ਇੱਥੇ ਹੀ ਭਗਤ ਸਿੰਘ ਦੀ ਮੁਲਾਕਾਤ ਭਗਵਤੀ ਚਰਨ ਤੇ ਸੁਖਦੇਵ ਨਾਲ ਹੋਈ।
ਜਲਦੀ ਵਿਆਹ ਤੋਂ ਬਚਦਾ ਭਗਤ ਸਿੰਘ ਘਰੋਂ ਦੌੜ ਕੇ ਕਾਨਪੁਰ ਪਹੁੰਚ ਗਿਆ ਜਿੱਥੇ ਉਸ ਦੀ ਮੁਲਾਕਾਤ ਗਿਆਨ ਸ਼ੰਕਰ ਵਿਦਿਆਰਥੀ ਨਾਲ ਹੋਈ। ਪਰ ਆਪਣੀ ਦਾਦੀ ਦੇ ਬਿਮਾਰ ਹੋਣ ਦੀ ਖ਼ਬਰ ਸੁਣ ਕੇ ਵਾਪਸ ਆਪਣੇ ਪਿੰਡ ਆ ਗਿਆ ਤੇ ਆਪਣੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਜਾਰੀ ਰੱਖੀਆਂ। ਲਾਹੌਰ ਵਿਚ 1926 ਵਿਚ ਇਸ ਨੇ ‘ਨੌਜਵਾਨ ਭਾਰਤ ਸਭਾ’ ਦਾ ਗਠਨ ਕੀਤਾ। ਇਨ੍ਹਾਂ ਦੇ ਜੋਸ਼ ਅਤੇ ਉਤਸ਼ਾਹ ਨੂੰ ਦੇਖ ਕੇ ਗਾਂਧੀ ਜੀ ਨੂੰ ਵੀ ਮੰਨਣਾ ਪਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।
9 ਸਤੰਬਰ1928 ਨੂੰ ਦਿੱਲੀ ਵਿਚ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਕ੍ਰਾਂਤੀਕਾਰੀ ਨੌਜਵਾਨਾਂ ਦੀ ਬੈਠਕ ਹੋਈ ਜਿੱਥੇ ਇਸ ਦੀ ਮੁਲਾਕਾਤ ਚੰਦਰ ਸ਼ੇਖਰ ਆਜ਼ਾਦ ਨਾਲ ਹੋਈ। ਇਸ ਬੈਠਕ ਵਿਚ ‘ਹਿੰਦੁਸਤਾਨ ਸਮਾਜਵਾਦੀ ਪ੍ਰਜਾਤੰਤਰ ਸੰਘ’ ਦਾ ਗਠਨ ਕੀਤਾ ਗਿਆ ਜਿਸ ਦਾ ਪ੍ਰਧਾਨ ਭਗਤ ਸਿੰਘ ਤੇ ਕਮਾਂਡਰ ਚੰਦਰ ਸ਼ੇਖਰ ਆਜ਼ਾਦ ਬਣੇ। ਇਸ ਸੰਘ ਦਾ ਉਦੇਸ਼ ਭਾਰਤ ਵਿਚ ਹਥਿਆਰਬੰਦ ਕ੍ਰਾਂਤੀ ਨਾਲ ਗਣਤੰਤਰ ਸਥਾਪਤ ਕਰਨਾ ਸੀ।
ਫਰਵਰੀ 1928 ਵਿਚ ਭਾਰਤ ਵਿਚ ਸਾਈਮਨ ਕਮਿਸ਼ਨ ਆਇਆ ਜਿਸ ਦਾ ਭਾਰਤੀਆਂ ਨੇ ਕਾਲੇ ਝੰਡੇ ਲੈ ਕੇ ਡੱਟ ਕੇ ਵਿਰੋਧ ਕੀਤਾ। ਵਿਰੋਧ ਕਰ ਰਹੇ ਭਾਰਤੀਆਂ ’ਤੇ ਬ੍ਰਿਟਿਸ਼ ਹਕੂਮਤ ਨੇ ਲਾਠੀਚਾਰਜ ਕੀਤਾ ਜਿਸ ਦੇ ਸਿੱਟੇ ਵਜੋਂ ਲਾਲਾ ਲਾਜਪਤ ਰਾਏ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਦੀ ਬਾਅਦ ਵਿਚ ਮੌਤ ਹੋ ਗਈ। ਭਗਤ ਸਿੰਘ ਨੇ ਬਦਲਾ ਲੈਣ ਦਾ ਨਿਸ਼ਚਾ ਕੀਤਾ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਬ੍ਰਿਟਿਸ਼ ਅਫਸਰ ਸਾਂਡਰਸ (ਗਲਤੀ ਨਾਲ ਜਨਰਲ ਸਕੋਟ ਦੀ ਥਾਂ) ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਆਪ ਲਾਹੌਰ ਵਲ ਦੌੜ ਗਏ।
ਬ੍ਰਿਟਿਸ਼ ਸਰਕਾਰ ਨੇ ਲੋਕਾਂ ਵਿਚ ਫੈਲ ਰਹੇ ਅਸੰਤੋਸ਼ ਦੀ ਜੜ੍ਹ ਲੱਭਣ ਦੀ ਕੋਸ਼ਿਸ਼ ਨਾ ਕਰ ਕੇ ਭਾਰਤੀਆਂ ’ਤੇ ਹੋਰ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਭਾਰਤ ਸੁਰੱਖਿਆ ਐਕਟ ਅਧੀਨ ਪੁਲੀਸ ਨੂੰ ਹੋਰ ਜ਼ਿਆਦਾ ਅਧਿਕਾਰ ਦੇ ਦਿੱਤੇ ਗਏ ਜਿਸ ਤਹਿਤ ਪੁਲੀਸ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦੀ ਸੀ, ਤੇ ਲੋਕਾਂ ਦੇ ਇਕੱਠੇ ਖਲੋਣ ’ਤੇ ਪਾਬੰਦੀ ਲਾ ਦਿੱਤੀ ਗਈ। ਅਜਿਹੇ ਦਮ ਘੁਟਵੇਂ ਮਾਹੌਲ ਵਿਚ ਭਗਤ ਸਿੰਘ ਨੇ ਆਪਣੇ ਬਦਲਾ ਲੈਣ ਦੇ ਦ੍ਰਿੜ੍ਹ ਇਰਾਦੇ ਨੂੰ ਅਮਲੀਜਾਮਾ ਪਹਿਨਾਉਣ ਦਾ ਫੈਸਲਾ ਕਰ  ਲਿਆ।
8 ਅਪਰੈਲ1929 ਨੂੰ ਭਗਤ ਸਿੰਘ ਨੇ ਆਪਣੇ ਸਾਥੀ ਭੱਟਕੇਸ਼ਵਰ ਦੱਤ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਬ੍ਰਿਟਿਸ਼ ਸਰਕਾਰ ਦੇ ਕੇਂਦਰੀ ਵਿਧਾਨ ਮੰਡਲ ਵਿਚ ਬੰਬ ਸੁੱਟਿਆ। ਭਾਵੇਂ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਨੇ ਅੰਗਰੇਜ਼ੀ ਸਾਮਰਾਜ ਦੀਆਂ ਨੀਹਾਂ ਹਿਲਾ ਦਿੱਤੀਆਂ। ਅੰਗਰੇਜ਼ੀ ਹਕੂਮਤ ਸਮਝ ਗਈ ਸੀ ਕਿ ਭਾਰਤੀਆਂ ਨੂੰ ਹੁਣ ਬਹੁਤੀ ਦੇਰ ਤਕ ਗੁਲਾਮ ਨਹੀਂ ਰੱਖਿਆ ਜਾ ਸਕਦਾ। ਬੰਬ ਸੁੱਟਣ ਤੋਂ ਬਾਅਦ ਉਨ੍ਹਾਂ ਦੌੜਨ ਦੀ ਕੋਸਿਸ਼ ਨਾ ਕਰ ਕੇ ਆਪਣੇ ਆਪ ਨੂੰ ਹਕੂਮਤ ਦੇ ਹਵਾਲੇ ਕਰ ਦਿੱਤਾ।
ਆਪਣੇ ਬਚਾਅ ਲਈ ਭਗਤ ਸਿੰਘ ਨੇ ਕੋਈ ਵੀ ਵਕੀਲ ਕਰਨ ਤੋਂ ਨਾਂਹ ਕਰ ਦਿੱਤੀ। ਜੇਲ੍ਹ ਵਿਚ ਵੀ ਉਸ ਨੇ ਕੈਦੀਆਂ ਨਾਲ ਹੋ ਰਹੇ ਅਮਾਨਵੀਂ ਵਿਵਹਾਰ ਦੇ ਵਿਰੋਧ ਵਿਚ ਭੁੱਖ ਹੜਤਾਲ ਕੀਤੀ। ਅੰਤ 7 ਅਕਤੂਬਰ 1930 ਨੂੰ ਭਗਤ ਸਿੰਘ ਨੂੰ ਉਸ ਦੇ ਸਾਥੀ ਰਾਜਗੁਰੂ ਤੇ ਸੁਖਦੇਵ ਨਾਲ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਪਰ ਲੋਕਾਂ ਦੇ ਭਾਰੀ ਦਬਾਅ ਹੇਠ ਅਤੇ ਮਹਾਨ ਲੀਡਰਾਂ ਦੀਆਂ ਅਪੀਲਾਂ ਤੋਂ ਡਰਦਿਆਂ ਭਗਤ ਸਿੰਘ ਨੂੰ 23 ਮਾਰਚ 1931ਨੂੰ ਤੜਕੇ ਸਵੇਰੇ ਫਾਂਸੀ ਦੇ ਦਿੱਤੀ ਗਈ।
ਇਸ ਤਰ੍ਹਾਂ ਕੌਮ ਦਾ ਮਹਾਨ ਹੀਰਾ ਆਪਣਾ ਇਤਿਹਾਸ ਸੁਨਹਿਰੀ ਅੱਖਰਾਂ ਨਾਲ ਲਿਖ ਗਿਆ ਤੇ ਸਾਨੂੰ ਭਾਰਤੀਆਂ ਨੂੰ ਆਜ਼ਾਦ ਫਿਜ਼ਾ ਵਿਚ ਸਾਹ ਲੈਣ ਦਾ ਅਧਿਕਾਰ ਦੇ ਗਿਆ।
ਸ਼ਹੀਦ ਭਗਤ ਸਿੰਘ ਆਪਣੇ ਸਮੇਂ ਦਾ ਸਿਰਕੱਢ ਕ੍ਰਾਂਤੀਕਾਰੀ ਸੀ। ਉਸ ਅਨੁਸਾਰ ਕ੍ਰਾਂਤੀ ਦਾ ਅਰਥ ਉਸ ਵਿਵਸਥਾ ਨੂੰ ਬਦਲਣਾ ਸੀ ਜੋ ਅਨਿਆਂ ’ਤੇ ਆਧਾਰਤ ਸੀ। ਭਗਤ ਸਿੰਘ ਨੇ ਯੂਰਪੀ ਕ੍ਰਾਂਤੀਕਾਰੀ ਅੰਦੋਲਨ ਅਤੇ ਮਾਰਕਸਵਾਦ ਨੂੰ ਪੜ੍ਹਿਆ ਸੀ ਤੇ ਉਸ ਤੋਂ ਖਾਸਾ ਪ੍ਰਭਾਵਿਤ ਵੀ ਸੀ। ਇਸ ਕਰਕੇ ਉਸ ਦਾ ਝੁਕਾਅ ਸਮਾਜਵਾਦ ਵੱਲ ਸੀ। ਉਸ ਅਨੁਸਾਰ ਭਾਰਤ ਵਿਚੋਂ ਅੰਗਰੇਜ਼ੀ ਰਾਜ ਨੂੰ ਖਤਮ ਕਰਨ ਦੇ ਨਾਲ-ਨਾਲ, ਭਾਰਤੀ ਸਮਾਜ ਦਾ ਨਿਰਮਾਣ ਸਮਾਜਵਾਦੀ ਵਿਚਾਰਧਾਰਾ ’ਤੇ ਆਧਾਰਤ ਹੋਣਾ ਚਾਹੀਦਾ ਹੈ ਤੇ ਜਿਸ ਵਿਚ ਰਾਜਨੀਤਕ ਸ਼ਕਤੀ ਮਜ਼ਦੂਰਾਂ ਦੇ ਹੱਥਾਂ ਵਿਚ ਹੋਵੇ।
ਭਗਤ ਸਿੰਘ ਜਿਸ ਨੂੰ ਅੰਗਰੇਜ਼ੀ ਸ਼ਾਸ਼ਕ ਆਤੰਕਵਾਦੀ ਕਹਿੰਦੇ ਸਨ, ਨੇ ਭਾਰਤ ਵਿਚ ਕ੍ਰਾਂਤੀਕਾਰੀ ਅੰਦੋਲਨ ਨੂੰ ਨਵੀਂ ਸੇਧ ਦਿੱਤੀ। ਉਹ ਆਪਣੇ ਪੂਰਵ ਕ੍ਰਾਂਤੀਕਾਰੀ ਨੇਤਾਵਾਂ ਤੋਂ ਦੋ ਤਰ੍ਹਾਂ ਭਿੰਨ ਸੀ-ਪਹਿਲਾ, ਉਹ ਨਾਸਤਿਕਤਾ ਦੇ ਸਿਧਾਂਤ ਨੂੰ ਮੰਨਦਾ ਸੀ ਤੇ ਸਰਵਜਨਕ ਤੌਰ ’ਤੇ ਇਸ ਦੀ ਘੋਸ਼ਣਾ ਵੀ ਕਰਦਾ ਸੀ। ਉਸ ਨੇ ਜੇਲ੍ਹ ਵਿਚ ਆਪਣੇ ਹੱਥੀਂ ਨੋਟ ਲਿਖਿਆ-ਮੈਂ ਨਾਸਤਿਕ ਕਿਉਂ ਹਾਂ?
ਦੂਜਾ, ਉਹਦੇ ਸਮੇਂ ਤਕ ਉਹਦੇ ਪੂਰਵ ਕ੍ਰਾਂਤੀਕਾਰੀਆਂ ਨੇ ਆਜ਼ਾਦੀ ਤੋਂ ਬਾਅਦ ਦੇ ਭਾਰਤੀ ਸਮਾਜ ਬਾਰੇ ਕੋਈ ਯੋਜਨਾ ਤਿਆਰ ਨਹੀਂ ਕੀਤੀ ਸੀ। ਉਨ੍ਹਾਂ ਦਾ ਤੱਤਕਾਲੀਨ ਉਦੇਸ਼ ਭਾਰਤ ਵਿਚੋਂ ਬ੍ਰਿਟਿਸ਼ ਰਾਜ ਦਾ ਖਾਤਮਾ ਸੀ ਜਦਕਿ ਉਸ ਦੀ ਜਗ੍ਹਾ ’ਤੇ ਕਿੱਦਾਂ ਦਾ ਸਮਾਜ ਸਿਰਜਿਆ ਜਾਏਗਾ, ਬਾਰੇ ਕੋਈ ਵਿਚਾਰ ਨਹੀਂ ਸੀ।
ਭਗਤ ਸਿੰਘ ਜਿਸ ਨੇ ਇਤਿਹਾਸ ਦਾ ਅਧਿਐਨ ਕੀਤਾ ਸੀ,ਨੇ ਇਸ ਕ੍ਰਾਂਤੀਕਾਰੀ ਅੰਦੋਲਨ ਨੂੰ ਨਵਾਂ ਉਦੇਸ਼ ਦਿੱਤਾ- ‘ਭਾਰਤ ਵਿਚੋਂ ਅੰਗਰੇਜ਼ੀ ਹਕੂਮਤ ਨੂੰ ਖਤਮ ਕਰਕੇ ਨਵੇਂ ਸਮਾਜਵਾਦੀ ਭਾਰਤੀ ਸਮਾਜ ਦੀ ਸਿਰਜਣਾ ਕਰਨਾ’।  ਇਸੇ ਪ੍ਰਤੱਖ ਉਦੇਸ਼ ਨੇ ਭਗਤ ਸਿੰਘ ਨੂੰ ਰਾਸ਼ਟਰੀ ਅੰਦੋਲਨ(ਨੈਸ਼ਨਲ ਮੂਵਮੈਂਟ) ਦੇ ਲੀਡਰਾਂ ਤੋਂ ਅਲੱਗ ਸੋਚ ਦਾ ਮਾਲਕ ਬਣਾ ਦਿੱਤਾ। ਉਸ ਨੂੰ ਰਾਸ਼ਟਰੀ ਕਾਂਗਰਸ ਵਿਚ ਮਹਾਤਮਾ ਗਾਂਧੀ ਦੇ ਬਦਲ ਦੇ ਰੂਪ ਵਿਚ ਦੇਖਿਆ ਜਾਣ ਲੱਗਾ, ਖਾਸ ਕਰਕੇ ਨੌਜਵਾਨਾਂ ਵਿਚ ਜੋ ਕਿ ਅੱਜ ਤੱਕ ਵੀ ਜਾਰੀ ਹੈ। ਸ਼ਹੀਦ ਭਗਤ ਸਿੰਘ ਦੁਆਰਾ ਦਿੱਤੀ ਦੇਣ ਅੱਜ ਦੇ ਨੌਜਵਾਨਾਂ ਲਈ ਪ੍ਰੇਰਨਾਸਰੋਤ ਹੈ। ਬਸ ਲੋੜ ਹੈ ਅੱਜ ਦੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਤੋਂ ਸੇਧ ਲੈਣ ਦੀ।
ਐਚ. ਪਰਮੀਤ ਕੌਰ ਘੁੰਮਣ




Post Comment


ਗੁਰਸ਼ਾਮ ਸਿੰਘ ਚੀਮਾਂ