ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, September 2, 2012

ਸ੍ਰੀ ਹਰਿਮੰਦਰ ਸਾਹਿਬ ਦੀ ਸ਼ਬਦ ਕੀਰਤਨ ਪਰੰਪਰਾ -1


ਸਿੱਖ ਗੁਰੂ ਸਾਹਿਬਾਨ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖ ਧਰਮ-ਕਰਮ ਦੀ ਮਰਿਆਦਾ ਤੇ ਪਰੰਪਰਾ ਨੂੰ ਸਜੀਵ ਰੂਪ ਵਿੱਚ ਸਾਕਾਰ ਕੀਤਾ ਗਿਆ। ਸਦੀਆਂ ਤੋਂ ਅੱਠੇ ਪਹਿਰ ਕੀਰਤਨ ਦੀ ਅਖੰਡ ਧੁਨੀ ‘ਖ਼ਸਮ ਕੀ ਬਾਣੀ’, ‘ਇਲਾਹੀ ਬਾਣੀ’, ‘ਧੁਰ ਕੀ ਬਾਣੀ’ ਦਾ ਚਲਨ ਹਰੀ ਦੇ ਮੰਦਰ ਤੋਂ ਨਿਰੰਤਰ ਅਖੰਡ ਜੋਤ ਵਾਂਗ ਕਿਰਿਆਸ਼ੀਲ ਹੈ। ਬਾਣੀ ਦਾ ਇਹ ਪ੍ਰਵਾਹ ਭੌਤਿਕ ਜਗਤ ਦੀ ਧਾਰਮਿਕ ਕਿਰਿਆ, ਪ੍ਰਕਿਰਿਆ ਨੂੰ ਅਖੰਡ ਅਨਾਦਿ ਧੁਨੀ ਦੁਆਰਾ ਪਰਾ-ਭੌਤਿਕ ਜਗਤ ਦੇ ਪਰਮਪਿਤਾ ਦੇ ਸਥਾਨ ਹਰਿਮੰਦਰ ਵਿੱਚ ਪ੍ਰਵੇਸ਼ ਕਰਵਾਉਣ ਦਾ ਮਾਧਿਅਮ ਰੂਪ ਹੈ। ਸਿੱਖ ਧਰਮ ਦੇ ਦਰਯਨ ਸਿਧਾਂਤ ਦਾ ਵਿਵਹਾਰਕ ਪ੍ਰਤੱਖ ਰੂਪ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਹੈ। ਇਸੇ ਕਰਕੇ ਇਸ ਅਸਥਾਨ ਨੂੰ ਸਿੱਖ ਧਰਮ ਦੀ ਪਛਾਣ ਤੇ ਪ੍ਰਤੀਕ ਵਜੋਂ ਗ੍ਰਹਿਣ ਕੀਤਾ ਜਾਂਦਾ ਹੈ। ਸਿੱਖ, ਧਰਮ-ਕਰਮ ਤੇ ਮਰਿਆਦਾ ਵਿਵਹਾਰਕ ਰੂਪ ਵਿੱਚ ਪੂਰਵਲੇ ਗੁਰੂ ਸਾਹਿਬਾਨ ਦੁਆਰਾ ਸਥਾਪਤ ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਤੋਂ ਚਲਦੀ ਹੋਈ ਗੁਰੂ ਰਾਮਦਾਸ ਜੀ ਦੁਆਰਾ ਵਰੋਸਾਈ ਨਗਰੀ ਅੰਮ੍ਰਿਤਸਰ ਵਿੱਚ ਪਹੁੰਚੀ।
ਵਿਸ਼ਵ ਵਿੱਚ ਇਸ ਅਸਥਾਨ ਨੂੰ ਓਹੀ ਮਾਨਤਾ ਪ੍ਰਾਪਤ ਹੈ ਜੋ ਹਿੰਦੂਆਂ ਲਈ ਬਨਾਰਸ, ਮੁਸਲਮਾਨਾਂ ਲਈ ਮੱਕਾ ਅਤੇ ਇਸਾਈਆਂ ਲਈ ਵੈਟੀਕਨ ਸਿਟੀ ਦੀ ਹੈ। ਵੱਖ-ਵੱਖ ਗੁਰੂ ਸਾਹਿਬਾਨਾਂ ਦਾ ਇਸ ਅਸਥਾਨ ਨਾਲ ਕਿਸੇ ਨਾ ਕਿਸੇ ਤਰ੍ਹਾਂ ਇਤਿਹਾਸਕ ਤੌਰ ‘ਤੇ ਜੁੜੇ ਹੋਣਾ ਇਸ ਦੀ ਪਵਿੱਤਰਤਾ ਦਰਸਾਉਂਦਾ ਹੈ। ਅੰਮ੍ਰਿਤ ਸਰੋਵਰ ਦੇ ਮੱਧ ਵਿੱਚ ਹਰਿਮੰਦਰ ਸਾਹਿਬ ਦੀ ਸਥਾਪਨਾ ਇਸ ਭੌਤਿਕ ਜਗਤ ਤੋਂ ਉਸ ਪਰਮ ਪਿਤਾ ਪਰਮਾਤਮਾ ਹਰੀ ਦੇ ਨਿਵਾਸ ਸਥਾਨ ਭਾਵ ਹਰਿਮੰਦਰ ਦਾ ਸਾਮੂਰਤੀਕਰਨ ਹੈ। ਚੌਹਾਂ ਵਰਣਾਂ, ਜਾਤ-ਪਾਤ, ਊਚ-ਨੀਚ ਅਤੇ ਇਨਸਾਨੀ ਪ੍ਰਚੱਲਿਤ ਵਿਤਕਰਿਆਂ ਅਤੇ ਵਖਰੇਵਿਆਂ ਤੋਂ ਉਪਰ ਇਹ ਅਸਥਾਨ ਕੇਵਲ ਚੌਹਾਂ ਦਰਵਾਜ਼ਿਆਂ ਵਾਲੀ ਇਮਾਰਤ ਮਾਤਰ ਨਹੀਂ ਸਗੋਂ ਇਸ ਵਿੱਚ ‘ਖ਼ਸਮ ਕੀ ਬਾਣੀ’ ਦੇ ਸ਼ਬਦ  ਰੂਪ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਗੁਰੂ ਅਰਜਨ ਸਾਹਿਬ ਦੁਆਰਾ ਆਪ ਕਰਵਾਇਆ ਗਿਆ ਹੈ। ਸਿੱਖ ਧਰਮ ਦੀ ਸਮੁੱਚੀ ਧਾਰਮਿਕ ਮਰਿਆਦਾ ਇਸੇ ਪਾਵਨ ਗ੍ਰੰਥ ਦੀ ਪਾਵਨ ਬਾਣੀ ਉਤੇ ਆਧਾਰਤ ਤੇ ਕਿਰਿਆਸ਼ੀਲ ਕੀਤੀ ਗਈ। ਇਸ ਪਿੱਛੋਂ ਇਸ ਬਾਣੀ ਨੂੰ ਸੰਚਰਿਤ ਕਰਨ ਦੀ ਸੰਗੀਤ ਪਰੰਪਰਾ ‘ਸ਼ਬਦ ਕੀਰਤਨ’ ਮੂਲ ਤੇ ਵਿਸ਼ੇਸ਼ ਰੂਪ ਵਿੱਚ ਪ੍ਰਗਟ ਹੋਈ।
ਸਮੇਂ ਸਮੇਂ ਸਿੱਖ ਇਸ ਅਸਥਾਨ ਦੀ ਸੁਰੱਖਿਆ-ਸੰਭਾਲ ਲਈ ਯਤਨਸ਼ੀਲ ਰਹੇ ਹਨ ਅਤੇ ਸਿੱਖ ਧਰਮ ਨਾਲ ਸਬੰਧਤ ਅੰਤਰੀਵੀ ਅਤੇ ਬਾਹਰੀ ਆਤਮਿਕ ਅਤੇ ਸੰਸਾਰੀ ਮਸਲਿਆਂ ਦਾ ਹੱਲ ਕੇਵਲ ਹਰਿਮੰਦਰ ਸਾਹਿਬ ਤੋਂ ਹੀ ਬਖਸ਼ਿਸ਼ ਰੂਪ ਵਿੱਚ ਗ੍ਰਹਿਣ ਕਰਦੇ ਤੇ ਤਲਾਸ਼ਦੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਸਦੀਵੀ ਮਹੱਤਵ ਨੂੰ ਪਛਾਣਦਿਆਂ ਅਸੀਂ ਇਸ ਅਸਥਾਨ ਨੂੰ ਸੰਗੀਤਕ ਪਰਿਪੇਖ ਭਾਵ ਇਸ ਦੀ ਕੀਰਤਨ ਪਰੰਪਰਾ ਨੂੰ ਵਿਚਾਰਣ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਸ੍ਰੀ ਹਰਿਮੰਦਰ ਸਾਹਿਬ ਹਰਿ ਦੇ ਵਾਸ ਦਾ ਸਥਾਨ ਹੈ। ਸਥੂਲ ਰੂਪ ਵਿਚ ਵੀ ਇਸ ਨੂੰ ਰੱਬੀ ਸਥਾਨ ਵਜੋਂ ਜਾਣਿਆਂ ਜਾਂਦਾ ਹੈ। ਵਿਸ਼ਵ ਭਰ ਵਿੱਚ ਗੋਲਡਨ ਟੈਂਪਲ ਦੇ ਨਾਂ ਨਾਲ ਸਿੱਖਾਂ ਦੇ ਕੇਂਦਰੀ ਸਥਾਨ ਵਜੋਂ ਜਾਣਿਆ ਜਾਂਦਾ ਹਰਿਮੰਦਰ ਸਾਹਿਬ ਨੂੰ ਦਿੱਖ ਜਾਂ ਭੌਤਿਕ ਰੂਪ ਵਿੱਚ ਗੁਰਮਤਿ ਦੇ ਹਰਿਮੰਦਰ ਦੇ ਚਿਤਵਨ ਤੇ ਸੰਕਲਪ ਅਨੁਸਾਰ ਗੁਰੂ ਅਰਜਨ ਦੇਵ ਜੀ ਦੁਆਰਾ ਸਾਕਾਰ ਕੀਤਾ ਗਿਆ ਇਹ ਅਸਥਾਨ ਸਮੁੱਚੀ ਕਾਇਨਾਤ, ਸਮੂਹ ਵਰਣਾਂ ਤੇ ਜਾਤਾਂ ਦੀ ਸਾਂਝ ਦੇ ਪ੍ਰਤੀਕ ਵਜੋਂ ਉਸਾਰਿਆ ਗਿਆ ਹੈ।
ਸਿੱਖ ਧਰਮ ਵਿੱਚ ਸ੍ਰੀ ਹਰਿਮੰਦਰ ਸਾਹਿਬ ਦਾ ਵਿਸ਼ੇਸ਼ ਮਹੱਤਵ ਹੈ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤ ਸਰੋਵਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਧਾਰਮਿਕ, ਇਤਿਹਾਸਕ ਅਤੇ ਸਿੱਖ ਦਰਸ਼ਨ ਦੇ ਦ੍ਰਿਸ਼ਟੀਕਣ ਤੋਂ ਵਿਸ਼ੇਸ਼ ਮਹੱਤਵ ਰੱਖਦੇ ਹਨ। ਸਿੱਖ ਧਰਮ ਦੀ ਅਰਦਾਸ ਰਾਹੀਂ ਹਰ ਰੋਜ਼ ਇਸ ਸਥਾਨ ਦੇ ਦਰਸ਼ਨ-ਦੀਦਾਰਾਂ ਅਤੇ ਚੌਕੀਆਂ, ਝੰਡੇ, ਬੁੰਗੇ ਆਦਿ ਦੇ ਅਟੱਲ ਰੂਪ ਦੀ ਕਾਮਨਾ ਕੀਤੀ ਜਾਂਦੀ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਪਰੰਪਰਾ, ਇਥੇ ਲੱਗਣ ਵਾਲੀਆਂ ਚੌਕੀਆਂ, ਸਿੱਖ ਮਿਸਲਾਂ ਦੀਆਂ ਹਸਤੀਆਂ ਨੂੰ ਪ੍ਰਗਟਾਉਣ ਵਾਲੇ ਬੁੰਗੇ ਅਤੇ ਨਿਸ਼ਾਨ, ਇਸ ਸਥਾਨ ਦੇ ਧਾਰਮਿਕ ਤੇ ਇਤਿਹਾਸਕ ਸਾਰਥਿਕਤਾ ਦਾ ਪ੍ਰਤੱਖ ਪ੍ਰਮਾਣ ਹਨ। ਕੇਵਲ ਇਮਾਰਤੀ ਦ੍ਰਿਸ਼ਟੀ ਤੋਂ ਹੀ ਨਹੀਂ ਸਗੋਂ ‘ਪਰਮਾਤਮਾ ਦੇ ਮੰਦਰ’ ਵਜੋਂ ਇਸ ਸਥਾਨ ਨੂੰ ਸਮੁੱਚੀ ਮਾਨਵਤਾ ਦੇ ਸਾਂਝੇ ਕੇਂਦਰ ਵਜੋਂ ਜਾਣਿਆਂ ਜਾਂਦਾ ਹੈ। ਪਹਿਲੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਚਲ ਕੇ ਵਿਆਸ ਦਰਿਆ ਪਾਰ ਕਰਕੇ ਇਸ ਸਥਾਨ ‘ਤੇ ਰੁਕੇ। ਸ੍ਰੀ ਗੁਰੂ ਅੰਗਦ ਦੇਵ ਜੀ ਪਹਿਲੀ ਵਾਰ ਖਡੂਰ ਸਾਹਿਬ ਤੋਂ ਚਲ ਕੇ ਇਸ ਰਸਤੇ ਤੋਂ ਹੁੰਦੇ ਹੋਏ ਕਰਤਾਰਪੁਰ ਪਹੁੰਚੇ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਦੇ ਇਲਾਜ ਲਈ ਜੜ੍ਹੀ-ਬੂਟੀ ਲੱਭਦੇ ਹੋਏ ਗੁਰੂ ਅਮਰਦਾਸ ਜੀ ਨੇ ਇਸੇ ਹੀ ਅਸਥਾਨ ਤੋਂ ਅੰਮ੍ਰਿਤੀ ਨਾਮਕ ਬੂਟੀ ਪ੍ਰਾਪਤ ਕੀਤੀ।
ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਦਾ ਇਕੋ ਇੱਕ ਅਜਿਹਾ ਸਥਾਨ ਹੈ, ਜਿਥੇ ਪੰਜ ਸਦੀਆਂ ਤੋਂ ਸਿੱਖ ਸੰਗੀਤ ਦੀਆਂ ਵਿਭਿੰਨ ਧਾਰਾਵਾਂ ਦਾ ਪ੍ਰਵਹਿਤ ਹੁੰਦੀਆਂ ਆ ਰਹੀਆਂ ਹਨ। ਗੁਰੂ ਅਰਜਨ ਦੇਵ ਜੀ ਨੇ ਆਪਣੇ ਪੂਰਵਲੇ ਗੁਰੂ ਸਾਹਿਬਾਨਾਂ ਦੀ ਬਾਣੀ ਇਕੱਤਰ ਕਰ ਕੇ ਭਾਦੋਂ ਸੁਦੀ ਏਕਮ 1661 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ‘ਆਦਿ ਗ੍ਰੰਥ’ ਦਾ ਪ੍ਰਕਾਸ਼ ਕਰਵਾ ਕੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪ ਕੇ ਇਸ ਸਥਾਨ ਤੋਂ ਸ਼ਬਦ ਕੀਰਤਨ ਦੀ ਨਿੱਤ ਦੀ ਮਰਿਆਦਾ ਚਲਾਈ ਜੋ ਪੰਜ ਸਦੀਆਂ ਬੀਤ ਜਾਣ ਬਾਅਦ ਅੱਜ ਵੀ ਨਿਰੰਤਰ ਚਲੀ ਆ ਰਹੀ ਹੈ।
ਇਸ ਸਮੇਂ ਤੱਕ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਗਈ ਸ਼ਬਦ ਕੀਰਤਨ ਮਰਿਆਦਾ ਵਿੱਚ ਆਸਾ ਦੀ ਵਾਰ, ਸੋਦਰੁ ਅਤੇ ਆਰਤੀ ਦੀਆਂ ਕੀਰਤਨ ਚੌਕੀਆਂ ਸ਼ਾਮਲ ਹੋ ਚੁਕੀਆਂ ਸਨ ਅਤੇ ਰਬਾਬ, ਸਿਰੰਦਾ, ਪਖਾਵਜ, ਜੋੜੀ ਵਰਗੇ ਸਾਜ਼ ਗੁਰੂ ਘਰ ਦੀ ਕੀਰਤਨ ਪਰੰਪਰਾ ਦਾ ਅੰਗ ਬਣ ਚੁੱਕੇ ਸਨ। ਭਾਈ ਮਰਦਾਨਾ ਜੀ ਦੇ ਵੰਸ਼ਜ ਰਬਾਬੀ ਕੀਰਤਨਕਾਰ ਪੀੜ੍ਹੀ-ਦਰ-ਪੀੜ੍ਹੀ ਗੁਰੂ ਘਰ ਦੀ ਸੇਵਾ ਕਰਦੇ ਆ ਰਹੇ ਸਨ।
ਮੁਗਲ ਸਾਮਰਾਜ ਦੇ ਜ਼ੁਲਮ ਖਿਲਾਫ ਸਿੱਖਾਂ ਨੂੰ ਲਾਮਬੰਧ ਕਰਨ ਲਈ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਉਨ੍ਹਾਂ ਅਧਿਆਤਮ ਜਗਤ ਦੇ ਸਰਵਉਚ ਮੰਦਰ ਵਜੋਂ ਪ੍ਰਸਤੁਤ ਕਰਦਿਆਂ, ਇਸ ਦੇ ਸਨਮੁੱਖ ਸ੍ਰੀ ਅਕਾਲ ਤਖ਼ਤ ਸਾਹਿਬ (ਅਕਾਲ ਬੁੰਗਾ) ਦੀ ਸਥਾਪਨਾ ਕੀਤੀ। ਅਕਾਲ ਤਖ਼ਤ ਸਾਹਿਬ ਦੇ ਇਸ ਸਥਾਨ ਉਤੇ ਗੁਰੂ ਹਰਿਗੋਬਿੰਦ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਰਾਗਾਤਮਕ ਕੀਰਤਨ ਪਰੰਪਰਾ ਦੀ ਤੁਲਨਾ ਵਿੱਚ ਲੌਕਿਕ ਰੂਪ ਵਿੱਚ ਸਿਰਜੇ ਅਕਾਲ ਤਖ਼ਤ ਉਤੇ ਲੋਕ-ਸੰਗੀਤ ਦੀ ਵਿਧਾ ਨੂੰ ਢਾਡੀ ਰਾਗ ਦੇ ਕੀਰਤਨ ਵਜੋਂ ਪ੍ਰਚਾਰਿਆ। ਢਾਡੀਆਂ ਦੁਆਰਾ ਅਧਿਆਤਮ ਤੇ ਵੀਰ-ਰਸੀ ਵਾਰਾਂ ਦੇ ਗਾਇਨ ਤੋਂ ਸਿੱਖਾਂ  ਵਿੱਚ ਨਵੀਂ ਚੇਤਨਾ ਤੇ ਰੂਹ ਜਗਾਈ।
ਗੁਰੂ ਹਰਿਗੋਬਿੰਦ ਜੀ ਨੂੰ ਜਦੋਂ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਤਾਂ ਉਸ ਸਮੇਂ ਵੀ ਸ੍ਰੀ ਹਰਿਮੰਦਰ ਸਾਹਿਬ ਦੀ ਪਰੰਪਰਾ ਨੂੰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਅਗਵਾਈ ਵਿੱਚ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਕਰਦਿਆਂ ਲੋਕ-ਸੰਗੀਤ ਅੰਗ ਦੀ ਧਾਰਣੀ ‘ਚੌਕੀ ਸਾਹਿਬ ਦੀ ਕੀਰਤਨ ਪਰੰਪਰਾ’ ਪ੍ਰਾਰੰਭ ਹੋਈ। ਜੋ ਬਾਅਦ ਵਿੱਚ ਵਾਰੀ-ਵਾਰੀ ਗਾਉਣ ਕਰਕੇ ‘ਵਾਰੀਆਂ ਦੇ ਕੀਰਤਨ’ ਦੇ ਨਾਂ ਨਾਲ ਪ੍ਰਚੱਲਿਤ ਹੋਈ।
ਅੰਮ੍ਰਿਤਸਰ ਦੀ ਜੰਗ ਤੋਂ ਬਾਅਦ ਸ੍ਰੀ ਹਰਿਗੋਬਿੰਦ ਸਾਹਿਬ ਕੀਰਤਪੁਰ ਜਾ ਬਿਰਾਜੇ। ਇਸ ਮਗਰੋਂ ਪ੍ਰਿਥੀ ਚੰਦ ਦੇ ਪਰਿਵਾਰ ਵਿੱਚੋਂ ਮਿਹਰਵਾਨ ਅਤੇ ਉਸ ਦੇ ਪੁੱਤਰ ਹਰਿ ਜੀ ਨੇ ਹਰਿਮੰਦਰ ਸਾਹਿਬ ਦਾ ਪ੍ਰਬੰਧ ਆਪਣੇ ਹੱਥੀਂ ਲੈ ਲਿਆ। ਹਰਿ ਜੀ ਦੇ ਅਕਾਲ ਚਲਾਣੇ ਉਪਰੰਤ 1756 ਬਿਕ੍ਰਮੀ ਤਕ ਇਸ ਦੇ ਪੁੱਤਰ ਨਰਾਇਣ ਦਾ ਕਬਜ਼ਾ ਰਿਹਾ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਬਹੁਤ ਘੱਟ ਗਈ। ਜ਼ਿਆਦਾ ਸੰਗਤਾਂ ਕੀਰਤਪੁਰ ਸਾਹਿਬ ਵਿਖੇ ਆਉਣ ਲੱਗ ਪਈਆਂ। ਇਸ ਸਮੇਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਿਹਰਵਾਨ ਅਤੇ ਹਰਿ ਜੀ ਦੁਆਰਾ ਹੀ ਕੀਰਤਨ ਕਰਨ ਦੇ ਹਵਾਲੇ ਪ੍ਰਾਪਤ ਹੁੰਦੇ ਹਨ।
ਇਤਿਹਸਕ ਤੌਰ ‘ਤੇ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਅਤੇ ਕੀਰਤਨ ਮਰਿਆਦਾ ਨੂੰ ਸੁਚਾਰੂ ਰੂਪ ਨਾਲ ਚਲਾਉਣ ਹਿਤ ਮਾਤਾ ਸੁੰਦਰੀ ਜੀ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਸੰਨ 1721 ਵਿੱਚ ਭਾਈ ਮਨੀ ਸਿੰਘ ਨੂੰ ਦਸਮ ਪਿਤਾ ਦੇ ਮਾਮਾ ਕਿਰਪਾਲ ਸਿੰਘ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਲਈ ਭੇਜਿਆ। ਭਾਈ ਮਨੀ ਸਿੰਘ ਦੇ ਅੰਮ੍ਰਿਤਸਰ ਆਉਣ ਨਾਲ ਭਾਰੀ ਗਿਣਤੀ ਵਿੱਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰਿਆਂ ਲਈ ਆਉਣ ਲੱਗੀਆਂ ਅਤੇ ਸਥਾਨਕ ਸੰਗਤਾਂ ਦੀ ਸਹਾਇਤਾ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਮਰਿਆਦਾ ਮੁੜ ਤੋਂ ਬਹਾਲ ਕੀਤੀ।
1748 ਈ. ਵਿੱਚ ਸਲਾਬਤ ਖ਼ਾਨ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਮਨਾਹੀ ਉਪਰੰਤ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਵੱਡਾ ਇਕੱਠ ਕੀਤਾ ਅਤੇ ਸਲਾਬਤ ਖ਼ਾਨ ਦਾ ਸਫਾਇਆ ਕਰਕੇ 12 ਮਿਸਲਾਂ ਦੀ ਸਥਾਪਨਾ ਕੀਤੀ। ਇਨ੍ਹਾਂ ਮਿਸਲਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਦੇ ਆਲੇ-ਦੁਆਲੇ ਬੁੰਗੇ ਸਥਾਪਤ ਕੀਤੇ। ਬੁੰਗਿਆਂ ਵਿੱਚ ਸ਼ਬਦ ਕੀਰਤਨ ਦੀ ਸਿਖਲਾਈ ਅਤੇ ਗੁਰਮਤਿ ਦੇ ਸਿਧਾਂਤਾ ਦੇ ਪਰਚਾਰ ਦੇ ਵਿਸੇਸ਼ ਉਪਰਾਲੇ ਵੀ ਕੀਤੇ ਗਏ। ਬੁੰਗਿਆਂ ਦੇ ਨਾਮ, ਸਿੱਖ ਮਿਸਲਾਂ, ਸਿੱਖ-ਸਰਦਾਰਾਂ, ਰਾਜੇ-ਮਹਾਂਰਾਜਿਆਂ, ਇਲਾਕਿਆਂ ਅਤੇ ਨਗਰਾਂ ਦੇ ਨਾਵਾਂ ਨਾਲ ਪ੍ਰਸਿੱਧ ਹੋਏ।
ਚੜ੍ਹਦੇ ਪਾਸੇ ਦੇ ਬੁੰਗੇ:
੧) ਬੁੰਗਾ ਅਖਾੜਾ ਬ੍ਰਹਮ ਬੂਟਾ, ਮਹੰਤ ਸੰਤੋਖ ਦਾਸ (1812 ਬਿ.)
ਬੁੰਗਾ ਰਾਮ ਸਿੰਘ ਗਿਆਨੀ, ਗਿਆਨੀ ਕੌਮ ਭੱਟ (1835 ਬਿ.)
ਬੁੰਗਾ ਰਾਮਗੜ੍ਹੀਆਂ, ਜੱਸਾ ਸਿੰਘ, (1812 ਬਿ.)
ਬੁੰਗਾ ਬੂੜੀਏ ਵਾਲੇ ਸਰਦਾਰਾਂ ਦਾ (1828 ਬਿ.)
ਬੁੰਗਾ ਜੇਠੂਵਾਲੀਆਂ (1835 ਬਿ.)
ਬੁੰਗਾ ਮਜ਼੍ਹਬੀ ਸਿੰਘਾਂ (1834 ਬਿ.)
ਬੁੰਗਾ ਭਾਈ ਵਸਤੀ ਰਾਮ (1870 ਬਿ.)
ਬੁੰਗਾ ਜਵਾਲਾ ਸਿੰਘ ਭੜਾਣੀਆਂ (1865 ਬਿ.)
ਬੁੰਗਾ ਸੰਤ ਜੋਗਾ ਸਿੰਘ ਨਿਰਮਲਾ, ਮਹੰਤ ਸਾਹਿਬ ਸਿੰਘ (1807 ਬਿ.)
੨) ਬੁੰਗਾ ਟੇਕ ਸਿੰਘ ਵਾਲਾ (1860 ਬਿ.)
ਦੱਖਣੀ ਪਾਸੇ ਦੇ ਬੁੰਗੇ:
੧) ਬੁੰਗਾ ਸਰਦਾਰਾਨ ਸੋਹਲਾਂ ਵਾਲੀਏ (1942 ਬਿ.)
ਬੁੰਗਾ ਬੁੱਧ ਸਿੰਘ ਵਾਲਾ (1860 ਬਿ.)
ਬੁੰਗਾ ਸੋਹੀਆਂ ਵਾਲਾ (ਸੂਈਆਂ). (1863 ਬਿ.)
ਸ਼ਹੀਦ ਬੁੰਗਾ (1821 ਬਿ.)
ਬੁੰਗਾ ਕੇਸਗੜ੍ਹੀਆਂ (1822 ਬਿ.)
ਬੁੰਗਾ ਅਨੰਦਪੁਰੀਆਂ (1824 ਬਿ.), (1850 ਬਿ.)
ਬੁੰਗਾ ਦਸੌਂਧਾ ਸਿੰਘ ਸਿੱਧਵਾਂ (1824 ਬਿ.)
ਬੁੰਗਾ ਝਬਾਲੀਆਂ, ਸੁਜਲਹਿ (1845 ਬਿ.)
ਬੁੰਗਾ ਕਾਲਿਆ ਵਾਲੇ ਸਰਦਾਰਾਂ ਦਾ (1852 ਬਿ.)
ਬੁੰਗਾ ਤਾਰਾ ਸਿੰਘ (1822 ਬਿ.)
ਬੁੰਗਾ ਤਾਰਾ ਸਿੰਘ, ਕਾਹਨ ਸਿੰਘ ਮਾਨ (1822 ਬਿ.)
ਬੁੰਗਾ ਭੰਗਾ ਸਿੰਘ ਥਾਨੇਸ੍ਰੀ (1819 ਬਿ.)
ਬੁੰਗਾ ਮੱਝਾ ਸਿੰਘ, ਤੇਜਾ ਸਿੰਘ (1813 ਬਿ.)
ਬੁੰਗਾ ਬਘੇਲ ਸਿੰਘ, ਪ੍ਰਸਿੱਧ ਮਾਨਾਂਵਾਲੀਆਂ ਛਲੌਦੀ ਵਾਲਾ (1821 ਬਿ.)
ਬੁੰਗਾ ਮੀਰਾਂ ਕੋਟੀਆਂ (1848 ਬਿ.)
ਬੁੰਗਾ ਸ਼ਾਮ ਸਿੰਘ ਅਟਾਰੀ ਵਾਲਾ (1855 ਬਿ.)
ਬੁੰਗਾ ਜੱਸਾ ਸਿੰਘ ਨਿਰਮਲਾ (1821 ਬਿ.)
ਬੁੰਗਾ ਲੱਖਾ ਸਿੰਘ ਨਿਰਮਲਾ (1851 ਬਿ.)
ਬੁੰਗਾ ਚੜ੍ਹਤ ਸਿੰਘ ਰਾਗੀ (1850 ਬਿ.)
ਬੁੰਗਾ ਜੋਧ ਸਿੰਘ ਸਉੜੀਆਂ ਵਾਲਾ, ਸੇੜੀਆਂ ਵਾਲਾ (1821 ਬਿ.)
ਬੁੰਗਾ ਜਵਾਲਾ ਸਿੰਘ ਪੜ੍ਹਾਣੀਆਂ (1867 ਬਿ.)
ਬੁੰਗਾ ਕਬੂਲੇ ਵਾਲੀਆਂ, ਖੋਲਾਵਾਲ (1831 ਬਿ.)
ਪੱਛਮੀ ਪਾਸੇ ਵਾਲੇ ਬੁੰਗੇ:
੧) ਬੁੰਗਾ ਜਲਿ੍ਹਆਂ ਵਾਲਾ, ਚੈਹਲੀਆਂ (1830 ਬਿ.)
ਬੁੰਗਾ ਸ਼ਾਹਵਾਦੀਆਂ (1830 ਬਿ.)
ਬੁੰਗਾ ਮਜੀਠੀਆਂ (1870 ਬਿ.)
ਬੁੰਗਾ ਸਿੰਘ ਪੁਰੀਆਂ (1860 ਬਿ.)
ਬੁੰਗਾ ਸਿੰਘ ਪੁਰੀਆਂ ਦੂਜਾ (1865 ਬਿ.)
ਬੁੰਗਾ ਗੱਦੋਂ ਵਾਲੀਆਂ, ਗਿੰਦੂ ਵਾਲੀਆਂ (1850 ਬਿ.)
ਬੁੰਗਾ ਜਮੇਂਦਾਰਾਂ (1871 ਬਿ.)
ਬੁੰਗਾ ਘਨੱਯਾ ਸਰਦਾਰਾਂ (1809 ਬਿ., 1912 ਬਿ.)
ਬੁੰਗਾ ਰਾਮਾ ਧਿਆਨ ਸਿੰਘ (1881 ਬਿ.)
ਬੁੰਗਾ ਬਾਰਾਂ ਦਰੀ ਵਾਲਾ (1827 ਬਿ.)
ਬੁੰਗਾ ਅਕਾਲ ਬੁੰਗਾ (1665 ਬਿ.)
ਬੁੰਗਾ ਜੋਧ ਸਿੰਘ ਛਾਪਾ ਵਾਲਾ (1850 ਬਿ.)
ਬੁੰਗਾ ਭਾਗ ਸਿੰਘ ਸ਼ਹੀਦ ਵਾਲਾ (1828 ਬਿ.)
ਬੁੰਗਾ ਦੇਵਾ ਸਿੰਘ ਸ਼ਹੀਦ (1822 ਬਿ.)
ਬੁੰਗਾ ਰਾਗੀ ਧਨਪਤਿ ਸਿੰਘ  (1830 ਬਿ.)
ਬੁੰਗਾ ਜਰਨੈਲ ਸਿੰਘ ਮੀਹਾਂ ਸਿੰਘ (1871 ਬਿ.)
ਬੁੰਗਾ ਭਾਈ ਗੁਰਦਾਸ ਸਿੰਘ ਗਿਆਨੀ (1861 ਬਿ.)
ਬੁੰਗਾ ਅਭੈ ਸਿੰਘ ਹੁਕਮਨਾਮੀਆਂ (1858 ਬਿ.)
ਬੁੰਗਾ ਨਕੱਈ ਸਰਦਾਰਾਂ ਵਾਲਾ (1847 ਬਿ.)
ਬੁੰਗਾ ਬਰਕੀ ਵਾਲੇ (1836 ਬਿ.)
ਬੁੰਗਾ ਘੜਿਆਲੀਆਂ ਵਾਲਾ (1848 ਬਿ.)
ਝੰਗਾ ਬੁੰਗਾ (1840 ਬਿ.)
ਬੁੰਗਾ ਚਮਾਰੀ ਵਾਲੇ ਸਰਦਾਰਾਂ ਦਾ (1841 ਬਿ.)
ਬੁੰਗਾ ਖਡੂਰੀਆਂ ਗੜ੍ਹਵਈਆਂ (1837 ਬਿ., 1840 ਬਿ.)
ਬੁੰਗਾ ਸਿਆਲਕੋਟੀਆਂ (1850 ਬਿ.)
ਬੁੰਗਾ ਗੋਇੰਦਵਾਲੀਆਂ (1850 ਬਿ.)
ਬੁੰਗਾ ਚੀਚੇ ਵਾਲੇ ਸਰਦਾਰਾਂ ਦਾ (1856 ਬਿ.)
ਬੁੰਗਾ ਸ਼ੁਕਰਚਕੀਏ ਸਰਦਾਰਾਂ ਦਾ (1838 ਬਿ.)
ਉੱਤਰੀ ਪਾਸੇ ਦੇ ਬੁੰਗੇ:
੧) ਬੁੰਗਾ ਘੰਟਾ ਘਰ ਪੁਲੀਸ ਚੌਕੀ ‘ਤੇ ਚਬੂਤਰਾ ਘੰਟਾ ਘਰ, ਬੁੰਗਾ ਲਾਡਵੇ ਵਾਲਾ, ਕੰਵਰ ਨੌਨਿਹਾਲ ਸਿੰਘ, ਰਾਣੀ ਸਦਾ ਕੌਰ, ਮੈਹ ਹਵੇਲੀ, ਸਰਦਾਰਾਨ ਦਾਦੂਪੁਰੀਆਂ, ਸੰਤ ਨਿਰਮਲਾ, ਮਹਾਰਾਜਾ ਸ਼ੇਰ ਸਿੰਘ (1924 ਬਿ.)
ਬੁੰਗਾ ਸੋਢੀਆਂ ਆਨੰਦਪੁਰੀਆਂ (1850 ਬਿ.)
ਬੁੰਗਾ ਕਾਹਨ ਸਿੰਘ ਨਿਰਮਲਾ (1882 ਬਿ.)
ਬੁੰਗਾ ਰਾਗੀ ਕਾਹਨ ਸਿੰਘ (1864 ਬਿ.)
ਬੁੰਗਾ ਨੂਰ ਮਹੱਲੀਆਂ (1870 ਬਿ.)
ਬੁੰਗਾ ਆਹਲੂਵਾਲੀਆ (1861 ਬਿ.)
ਬੁੰਗਾ ਮਲਵੱਈਆਂ (1835 ਬਿ.)
ਬੁੰਗਾ ਭਾਈ ਸਾਹਿਬਾਨ (1863 ਬਿ.)
ਬੁੰਗਾ ਸਰਦਾਰਾਨ ਜੱਲੇ ਵਾਲੀਆਂ (1868 ਬਿ.)
ਮਹਾਰਾਜਾ ਰਣਜੀਤ ਸਿੰਘ ਨੇ 1802 ਈ. (ਸੰਮਤ 1859) ਵਿੱਚ ਅੰਮ੍ਰਿਤਸਰ ਸ਼ਹਿਰ ‘ਤੇ ਕਬਜ਼ਾ ਕੀਤਾ ਅਤੇ ਸੰਗਮਰਮਰ ਤੇ ਸੋਨੇ ਨਾਲ ਹਰਿਮੰਦਰ ਨੂੰ ਭੂਸ਼ਿਤ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਹਰਿਮੰਦਰ ਸਾਹਿਬ ਦੀ ਕੀਰਤਨ ਮਰਿਆਦਾ ਵਿੱਚ ਭਾਈ ਮਨਸਾ ਸਿੰਘ ਵਰਗੇ ਉੱਚ ਕੋਟੀ ਦੇ ਕੀਰਤਨੀਏ ਸੇਵਾ ਕਰਦੇ ਰਹੇ। ਇਸ ਦੇ ਨਾਲ ਹੀ ਪ੍ਰਕਰਮਾ ਵਿੱਚ ਬਣੇ ਬੁੰਗਿਆਂ ਵਿੱਚ ਵੀ ਕੀਰਤਨ ਦਾ ਪ੍ਰਵਾਹ ਜਾਰੀ ਰਿਹਾ। ਇਨ੍ਹਾਂ ਬੁੰਗਿਆਂ ਵਿੱਚ ਭਾਈ ਚੜ੍ਹਤ ਸਿੰਘ ਰਾਗੀ, ਭਾਈ ਧਨਪਤਿ ਸਿੰਘ ਰਾਗੀ, ਭਾਈ ਕਾਹਨ ਸਿੰਘ ਰਾਗੀ ਕੀਰਤਨ ਦੀ ਸਿਖਲਾਈ ਵੀ ਦਿੰਦੇ ਰਹੇ। ਬੁੰਗਾ ਆਹਲੂਵਾਲੀਆਂ ਵਿੱਚ ਵੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੇਵਾ ਕਰਨ ਲਈ ਜੱਥੇ ਤਿਆਰ ਕੀਤੇ ਜਾਂਦੇ  ਸਨ।
1947 ਦੀ ਭਾਰਤ-ਪਾਕ ਵੰਡ ਨਾਲ ਸਿੱਖ ਹਿੰਦੁਸਤਾਨ ਦਾ ਹਿੱਸਾ ਬਣ ਗਏ। ਕੁਝ ਇਤਿਹਾਸਕ ਗੁਰਦੁਆਰੇ ਪਾਕਿਸਤਾਨ ਵਿੱਚ ਚਲੇ ਗਏ। ਪਰ ਸ੍ਰੀ ਹਰਿਮੰਦਰ ਸਾਹਿਬ ਨੇ ਸਮੁੱਚੇ ਸਿੱਖ ਪੰਥ ਨੂੰ ਕੇਂਦਰੀ ਸ਼ਕਤੀ ਪ੍ਰਦਾਨ ਕੀਤੀ। ਮੁਸਲਮਾਨਾਂ ਦੇ ਪਾਕਿਸਤਾਨ ਜਾਣ ਨਾਲ ਰਬਾਬੀ ਦੇ ਨਾਲ ਹੀ ਰਬਾਬੀ ਕੀਰਤਨ ਦੀ ਇਕ ਵੱਡੀ ਪਰੰਪਰਾ ਸ੍ਰੀ ਹਰਿਮੰਦਰ ਸਾਹਿਬ ਦੀਆਂ ਕੀਰਤਨ ਪ੍ਰਸਤੁਤੀਆਂ ‘ਚੋਂ ਲੋਪ ਹੋਣ ਦੇ ਰਸਤੇ ‘ਤੇ ਚਲ ਪਈ।
1984 ਦੇ ਬਲਿਊ ਸਟਾਰ ਉਪਰੇਸ਼ਨ ਦੀ ਘਟਨਾ ਦਾ  ਇਤਹਾਸਿਕ ਮਹੱਤਵ ਹੈ ਜਿਸ ਨੇ ਸਮੁੱਚੇ ਪੰਥ ਨੂੰ ਮਾਨਸਿਕ ਪੱਧਰ ‘ਤੇ ਬੁਰੀ ਤਰ੍ਹਾਂ ਝੰਜੋੜਿਆ ‘ਤੇ ਧਾਰਮਿਕ ਤੌਰ ‘ਤੇ ਸਿੱਖ ਕੌਮ ਦੀ ਪਛਾਣ ਨੂੰ ਵਿਸ਼ਵ ਭਰ ਵਿੱਚ ਸਥਾਪਤ ਕਰਦਿਆਂ ਸਿੱਖਾਂ ਦੇ ਸਰਵਉੱਚ ਸਥਾਨ ਵਜੋਂ ਸ੍ਰੀ ਹਰਿਮੰਦਰ ਸਾਹਿਬ ਦੇ ਮਹੱਤਵ ਨੂੰ ਸਦਾ ਸਦਾ ਲਈ ਸਥਾਪਤ ਕੀਤਾ।

ਡਾ. ਕੰਵਲਜੀਤ ਸਿੰਘ
ਸੰਪਰਕ: 98153-72017




Post Comment


ਗੁਰਸ਼ਾਮ ਸਿੰਘ ਚੀਮਾਂ