ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, September 21, 2012

ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ 'ਤੇ ਫੌਜੀ ਕਹਿਰ ਦੀ ਦਾਸਤਾਨ : ਜੂਨ 1984


ਮੈਂ ਸ. ਹਰਜਿੰਦਰ ਸਿੰਘ ਨੂੰ ਮਿਲਿਆ ਜੋ ਉਸ ਸਮੇਂ ਉਥੇ (ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ) ਅਕਾਊਂਟੈਂਟ ਸਨ। ਉਨ੍ਹਾਂ ਦੱਸਿਆ ਕਿ ਜਦੋਂ 5 ਤਾਰੀਖ਼ ਨੂੰ ਫੌਜ ਨੇ ਅਨਾਊਂਸਮੈਂਟ ਕੀਤੀ ਤਾਂ ਉਸ ਸਮੇਂ ਜੋ ਅੰਦਰ ਮੌਜੂਦ ਸਨ, ਹੱਥ ਖੜ੍ਹੇ ਕਰ ਕੇ ਬਾਹਰ ਆ ਗਏ। ਦਸ-ਦਸ ਬੰਦਿਆਂ ਦੇ ਇੱਕੋ ਰੱਸੇ ਨਾਲ ਹੱਥ ਪਿੱਛੇ ਕਰ ਕੇ ਬੰਨ੍ਹ ਦਿੱਤੇ ਤੇ ਪਰਕਰਮਾ ਵਿਚ ਲਿਜਾ ਕੇ ਸਾਰਿਆਂ ਨੂੰ ਮੂਧੇ ਲੰਮੇ ਪਾ ਦਿੱਤਾ। ਜੇਠ-ਹਾੜ ਦਾ ਮਹੀਨਾ ਫਰਸ਼ ਤੰਦੂਰ ਵਾਂਗੂ ਤਪ ਰਿਹਾ ਸੀ। ਪਾਣੀ ਮੰਗਣ 'ਤੇ ਜਾਂ ਤਾਂ ਰਫਲ ਦਾ ਬੱਟ ਤੇ ਜਾਂ ਬੂਟਾਂ ਦੇ ਠੁੱਡ ਮਿਲਦੇ। 5 ਤਾਰੀਖ਼ ਨੂੰ ਸਾਰਾ ਦਿਨ ਤੇ ਰਾਤ ਉਥੇ ਲੰਮੇ ਪਾਈ ਰੱਖਿਆ। 6 ਤਾਰੀਖ਼ ਨੂੰ ਕੈਂਪ ਵਿਚ ਲੈ ਕੇ ਗਏ। ਉਥੇ 7 ਦਿਨ ਤਕ ਪੁੱਛਗਿੱਛ ਕਰਦੇ ਰਹੇ। ਕੱਪੜੇ ਤੇ ਪਰਨੇ ਤਾਂ ਸਾਡੇ ਪਹਿਲਾਂ ਹੀ ਲਾਹ ਲਏ ਸਨ।
6 ਜੂਨ ਨੂੰ ਦਸ਼ਮੇਸ਼ ਸਕੂਲ ਵਿਚ ਲੈ ਕੇ ਗਏ। ਜਿੱਥੇ ਹਨ੍ਹੇਰਾ ਸੀ ਤੇ ਲਾਈਟ ਬਿਲਕੁਲ ਬੰਦ ਸੀ। ਉਥੇ ਸ. ਬਲਦੇਵ ਸਿੰਘ ਸਟੋਰ ਕੀਪਰ ਪਾਣੀ ਮੰਗਦਾ ਰਿਹਾ ਤੇ ਤੜਫਦਾ ਰਿਹਾ, ਪਰ ਫੌਜ ਨੇ ਉਸ ਦੇ ਚੀਕ-ਚਿਹਾੜੇ ਦੀ ਕੋਈ ਪਰਵਾਹ ਨਾ ਕੀਤੀ। ਉਹ ਵਿਚਾਰਾ ਤੜਫਦਾ ਹੀ ਰੱਬ ਨੂੰ ਪਿਆਰਾ ਹੋ ਗਿਆ। ਫੌਜੀ ਡਾਕਟਰ ਨੂੰ ਬੁਲਾਇਆ ਗਿਆ। ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਾਡੇ ਨਾਲੋਂ ਖੋਲ੍ਹ ਕੇ ਉਸ ਦੀ ਲਾਸ਼ ਨੂੰ ਪੈਰਾਂ ਤੋਂ ਧੂਹ ਕੇ ਗੇਟ ਤੋਂ ਬਾਹਰ ਲੈ ਗਏ। ਪਤਾ ਨਹੀਂ ਫਿਰ ਉਨ੍ਹਾਂ ਨੇ ਕੀ ਕੀਤਾ। ਪਿੰਡੋਂ ਜਾਂਚ-ਪੜਤਾਲ ਦੀ ਰਿਪੋਰਟ ਆਉਣ 'ਤੇ 8 ਦਿਨ ਬਾਅਦ ਸਾਨੂੰ ਰਿਹਾਅ ਕੀਤਾ। ਪਿੰਡੋਂ ਜਿਸ ਦੀ ਵੀ ਸਾਰੀ ਰਿਪੋਰਟ ਆਉਂਦੀ ਰਹੀ, ਉਸ ਨੂੰ ਛੱਡਦੇ ਰਹੇ।
ਮੈਂ ਤਾਂ ਚਾਹੁੰਦਾ ਸੀ ਕਿ ਸਾਰੇ ਬਿਆਨਾਂ ਨੂੰ ਤਸਦੀਕ ਕਰਨ ਲਈ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਜਾਵਾਂ ਪਰ ਅਚਾਨਕ ਹੀ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ
ਸੇਵਾਦਾਰ ਸ. ਬਹਾਦਰ ਸਿੰਘ 6-10-2010 ਨੂੰ ਦੁਪਹਿਰੇ 1 ਵੱਜ ਕੇ 40 ਮਿੰਟ 'ਤੇ ਸ੍ਰੀ ਅੰਮ੍ਰਿਤਸਰ ਸਬਜ਼ੀ ਮੰਡੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਲਾਗੇ ਮਿਲ ਪਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਭਾਈ ਸਾਹਿਬ, ਮੈਂ ਤਾਂ ਤੁਹਾਨੂੰ ਮੁਕਤਸਰ ਸਾਹਿਬ ਮਿਲਣ ਜਾਣਾ ਸੀ, ਚੰਗਾ ਹੋਇਆ ਤੁਸੀਂ ਮਿਲ ਪਏ, ਘਰੇ ਦਰਸ਼ਨ ਦਿਉ। ਉਹ ਕਹਿੰਦਾ, “ਨਾ ਬਾਈ ਜੀ, ਮੇਰੇ ਕੋਲ ਤਾਂ ਉਂਕਾ ਈ ਟਾਈਮ ਨਹੀਂ, ਮੈਂ ਤਾਂ ਬੱਸ ਫੜਨੀ ਐ। ਬਸ ਆਪਾਂ ਇੱਥੇ ਹੀ ਗੱਲਬਾਤ ਕਰ ਲੈਨੇ ਆਂ।” ਉਂਥੇ ਹੀ ਥੜ੍ਹੇ 'ਤੇ ਬੈਠ ਗਏ। ਮੈਂ ਉਨਾਂ ਨੂੰ ਪੁੱਛਿਆ ਕਿ ਸ੍ਰੀ ਦਰਬਾਰ ਸਾਹਿਬ ਫੌਜ ਕਿੰਨੀ ਤਾਰੀਖ਼ ਨੂੰ ਆਈ। ਉਨਾਂ ਦੱਸਿਆ ਕਿ 3 ਤਾਰੀਖ਼ ਨੂੰ ਫੌਜ ਆਈ। 3 ਤਾਰੀਖ਼ ਨੂੰ 2 ਵੱਜ ਕੇ 40 ਮਿੰਟ 'ਤੇ ਫੌਜ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਕੇ ਪ੍ਰਾਈਵੇਟ ਬਿਲਡਿੰਗਾਂ ਦੇ ਉਂਪਰ ਚੜ੍ਹ ਗਈ। ਟਾਂਵੀਂ-ਟਾਂਵੀਂ ਫਾਈਰਿੰਗ ਹੁੰਦੀ ਰਹੀ। ਸ਼ਰਧਾਲੂਆਂ ਨੂੰ ਆਉਣ-ਜਾਣ ਦੀ ਮਾੜੀਮੋਟੀ ਢਿੱਲ ਮਿਲੀ ਸੀ। 4 ਜੂਨ ਨੂੰ ਲੱਗਭਗ 4 ਵੱਜ ਕੇ 40 ਮਿੰਟ 'ਤੇ ਇੰਨੀ ਜਬਰਦਸਤ ਫਾਇਰਿੰਗ ਸ਼ੁਰੂ ਹੋਈ, ਮੇਰੇ ਦੇਖਦਿਆਂ-ਦੇਖਦਿਆਂ ਹੀ ਬਾਰਾਂਦਰੀ 'ਚੋਂ ਲਾਟਾਂ ਨਿਕਲਣ ਲੱਗ ਪਈਆਂ। ਉਸ ਅੱਗ ਦੀ ਲਪੇਟ ਵਿਚ ਅਣਗਿਣਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋ ਗਏ। ਨਿਸ਼ਾਨ ਸਾਹਿਬ ਵੀ ਵਿੰਗਾ ਹੋ ਗਿਆ। ਫਿਰ ਸਾਨੂੰ ਗ੍ਰਿਫਤਾਰ ਕਰ ਕੇ ਲੈ ਗਏ। ਮੈਂ ਉਸ ਸਮੇਂ ਡਿਊਟੀ 'ਤੇ ਮੌਜੂਦ ਸੀ। ਮੈਂ ਭਾਈ ਬਹਾਦਰ ਸਿੰਘ ਨੂੰ ਤੁਰਨ ਲੱਗਿਆਂ ਪੁੱਛਿਆ, ਬਾਈ ਜੀ ਉਂਥੇ ਕਿੰਨੇ ਕੁ ਵਿਅਕਤੀ ਮਰੇ ਹੋਣਗੇ? ਉਹ ਕਹਿੰਦੇ, ਗਿਆਰਾਂ ਯਾਤਰੂ, ਇੱਕ ਬੀਬੀ, ਇੱਕ ਦਰਬਾਰ ਸਾਹਿਬ ਦਾ ਸਟੋਰਕੀਪਰ ਸ. ਬਲਦੇਵ ਸਿੰਘ। ਕੁੱਲ 13 ਵਿਅਕਤੀ ਗੋਲਾਬਾਰੀ ਵਿਚ ਮਾਰੇ ਗਏ। ਲਾਸ਼ਾਂ ਦਾ ਪਤਾ ਨਹੀਂ ਕੀ ਬਣਿਆ। ਇਹ ਤਾਂ ਫੌਜ ਹੀ ਜਾਣਦੀ ਸੀ ਜਾਂ ਪਰਮਾਤਮਾ ਜਾਣਦਾ ਹੋਵੇਗਾ। ਸਾਰੇ ਸ਼ਹਿਰ ਵਿਚ ਇੰਨਾਂ ਸਖਤ ਕਰਫਿਊ ਲੱਗਾ ਸੀ ਕਿ ਚਿੜੀ ਵੀ ਨਹੀਂ ਸੀ ਫੜਕ ਸਕਦੀ। 10 ਦਿਨ ਤਕ ਸ੍ਰੀ ਦਰਬਾਰ ਸਾਹਿਬ ਦੀ ਮਰਯਾਦਾ ਬਹਾਲ ਨਹੀਂ ਹੋਈ।
ਤੜਕੇ ਲਾਊਡ ਸਪੀਕਰ ਤੇ ਵਾਰਨਿੰਗ ਅਨਾਊਂਸ ਹੋਈ ਕਿ 'ਜੋ ਵੀ ਵਿਅਕਤੀ ਗੁਰਦੁਆਰਾ ਕੰਪਲੈਕਸ ਦੇ ਅੰਦਰ ਹੈ, ਬਾਹਰ ਆ ਕੇ ਆਤਮ ਸਮਰਪਣ ਕਰ ਦੇਣ, ਨਹੀਂ ਤਾਂ ਫਾਇਰ ਸ਼ੁਰੂ ਹੋ ਰਿਹਾ ਹੈ।' ਠੀਕ ਸਵੇਰੇ 3 ਵੱਜ ਕੇ 40 ਮਿੰਟ 'ਤੇ 3-4 ਨੰਬਰ ਗੇਟ, ਜੋ ਗੁਰਦੁਆਰਾ ਤੰਬੂ ਸਾਹਿਬ ਵੱਲ ਸਰੋਵਰ ਦੇ ਦੂਸਰੇ ਪਾਸੇ ਗੁਰਦੁਆਰਾ ਸਾਹਿਬ ਦੀ ਸੇਧ ਵਿਚ ਹੈ, ਤੋਂ ਤੋਪ ਦੇ ਗੋਲੇ ਚੱਲਣ ਲੱਗ ਪਏ। ਪਹਿਲਾ ਗੋਲਾ ਅਟਾਰੀ ਵਿਚ ਲੱਗਿਆ ਤੇ ਫਿਰ ਏਨੀ ਜ਼ਿਆਦਾ ਅੱਗ ਵਰ੍ਹੀ ਕਿ ਰਹੇ ਰੱਬ ਦਾ ਨਾਂ।
ਪਹਿਲਾਂ ਤਾਂ ਅਟਾਰੀ ਡਿੱਗੀ, ਫਿਰ ਬਾਰਾਂਦਰੀ ਤੇ ਕਾਊਂਟਰ ਤੇ ਫਿਰ ਗੁਰਦੁਆਰਾ ਸਾਹਿਬ ਵਿਚ ਗੋਲੇ ਵੱਜਣ ਲੱਗੇ। ਗੋਲੇ ਇਹੋ ਜਿਹੇ ਸਨ ਜਿਨ੍ਹਾਂ ਨਾਲ ਬਾਰਾਂਦਰੀ ਤੇ ਗਾਡਰ ਵੀ ਪਿਘਲ ਗਏ। ਗੁਰਦੁਆਰਾ ਸਾਹਿਬ ਦਾ ਮੂੰਹ ਸਰੋਵਰ ਵੱਲ ਹੈ, ਪਹਿਲਾਂ ਦੂਜੇ ਪਾਸੇ ਸੀ। ਤਾਹੀਓਂ ਦੋ ਨਿਸ਼ਾਨ ਸਾਹਿਬ ਹਨ, ਇਕ ਤਾਂ ਪੁਰਾਣਾ ਜਿਸ ਨੂੰ ਹੁਣ ਅਟਾਰੀ ਦੀ ਥਾਂ ਗੁਰਦੁਆਰੇ ਦੀ ਦੀਵਾਰ ਨਾਲ ਲੋਹੇ ਦੀਆਂ ਸਲਾਖਾਂ ਲਗਾ ਕੇ ਆਸਰਾ ਦਿੱਤਾ ਹੈ। ਦੂਸਰਾ ਨਵਾਂ ਨਿਸ਼ਾਨ ਸਾਹਿਬ ਸਰੋਵਰ ਵੱਲ ਹੈ। ਫੈਡਰੇਸ਼ਨ ਵਾਲੇ ਤਾਂ ਪਹਿਲੇ ਗੋਲੇ ਤੋਂ ਪਹਿਲਾਂ ਹੀ ਸ਼ਹੀਦਾਂ ਵੱਲ ਦੇ ਗੁਰਦੁਆਰੇ ਵੱਲ ਦੀ ਬਾਹਰ ਨਿਕਲ ਗਏ ਪਰ ਕਈ ਭੋਲੇਭਾਲੇ ਯਾਤਰੂ ਜੋ ਬਾਰਾਂਦਰੀ ਸਰਾਂ ਵਿਚ ਫਸ ਗਏ ਸਨ, ਨਿਕਲ ਨਾ ਸਕੇ।
ਅਨਾਊਂਸਮੈਂਟ ਹੋਈ ਤਾਂ ਮੈਂ ਬਰਛੇ ਦੇ ਪਹਿਰੇ ਉਂਤੇ ਸੀ। ਮੈਂ ਸਾਰੇ ਪਰਵਾਰਾਂ ਨੂੰ ਪੌੜੀ ਲਗਾ ਕੇ ਕੰਧ ਟਪਾਉਣ ਵਿਚ ਲੱਗ ਗਿਆ। ਗਿਆਨੀ ਗੁਰਬਚਨ ਸਿੰਘ ਗੁਰਦੁਆਰਾ ਸਾਹਿਬ ਦੇ ਹੈਂਡ ਗ੍ਰੰਥੀ ਸਨ। ਮੈਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਵਾਰ ਨੂੰ ਵੀ ਕੁਆਟਰਾਂ ਵਿੱਚੋਂ ਕੰਧ ਟਪਾ ਕੇ ਪਾਰ ਕਰ ਦਿੱਤਾ। ਪਰ ਜਦ ਮੈਂ ਟੱਪਣ ਲੱਗਿਆ ਤਾਂ ਮੈਨੂੰ ਫੌਜੀਆਂ ਨੇ ਆਣ ਦਬੋਚਿਆ ਤੇ ਪਿੱਛੋਂ ਗਿਆਨੀ ਗੁਰਬਚਨ ਸਿੰਘ ਵੱਲ ਇਕ ਬਰਸਟ ਮਾਰਿਆ, ਜਿਸ ਨਾਲ ਪਿਛਲੇ ਘਰ ਵਾਲੇ ਸ. ਧਰਮ ਸਿੰਘ ਪਟਵਾਰੀ ਦੀ ਮੱਝ ਮਾਰੀ ਗਈ। ਉਦੋਂ ਹੀ ਦਰਜੀ ਗੁੱਲੂ ਜੋ ਘਰੋਂ ਚਾਹ ਲਿਆ ਕੇ ਸੰਗਤਾਂ ਦੀ ਸੇਵਾ ਕਰਦਾ ਹੁੰਦਾ ਸੀ, ਚਾਹ ਲਈ ਆਉਂਦਾ ਫੌਜੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ, ਜਿਸ ਦਾ ਸਸਕਾਰ ਦਿਨ ਚੜ੍ਹੇ ਤੰਬੂ ਸਾਹਿਬ ਗੁਰਦੁਆਰੇ ਪਿੱਛੇ ਨਿਹੰਗਾਂ ਦੇ ਡੇਰੇ ਵਿਚ ਕੀਤਾ ਗਿਆ। ਗੁਰਦੁਆਰਾ ਸਾਹਿਬ ਦੁਆਲੇ ਜਦ ਫੌਜੀਆਂ ਨੇ ਹਮਲਾ ਕੀਤਾ ਤਾਂ ਇਕ ਖਾੜਕੂ ਨੇ ਦੇਸੀ ਗ੍ਰਨੇਡ ਫੌਜੀਆਂ ਵੱਲ ਮਾਰਿਆ ਜਿਸ ਨਾਲ ਇਕ ਫੌਜੀ ਮਾਰਿਆ ਗਿਆ ਤੇ ਇਕ ਜ਼ਖ਼ਮੀ ਹੋ ਗਿਆ।
3 ਜੂਨ, 1984 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ, ਇਸ ਦਿਨ ਸੰਗਤਾਂ ਨੂੰ ਗੁਰਦੁਆਰਾ ਸਾਹਿਬਾਨ ਵਿਚ ਜਾਣ ਲਈ ਕਰਫਿਊ ਤੋਂ ਖਾਸ ਛੋਟ ਦੇ ਦਿੱਤੀ ਗਈ ਸੀ। ਗੁਰਦੁਆਰਾ ਸਾਹਿਬ ਵਿਚ ਡਿਊਟੀ 'ਤੇ ਹਾਜ਼ਰ ਕਰਮਚਾਰੀਆਂ ਤੋਂ ਬਿਨਾਂ ਹਦੂਦ ਅੰਦਰ ਹੈਂਡ ਗ੍ਰੰਥੀ ਗਿਆਨੀ ਗੁਰਬਚਨ ਸਿੰਘ ਤੇ ਹੋਰ ਕਰਮਚਾਰੀਆਂ ਦੇ ਪਰਵਾਰਾਂ ਦੀ ਰਿਹਾਇਸ਼ ਵੀ ਸੀ। ਗੁਰਦੁਆਰਾ ਸਾਹਿਬ ਦਾ ਇਸ ਘਟਨਾ ਨਾਲ ਬਹੁਤ ਨੁਕਸਾਨ ਹੋਇਆ। ਸਾਰੇ ਗੁਰਦੁਆਰਾ ਕੰਪਲੈਕਸ ਦੇ ਦੁਆਲੇ ਦੀਵਾਰ ਸੀ, ਜਿਸ ਲਈ ਅੱਠ ਦਰਵਾਜੇ ਅੰਦਰ ਆਉਣ ਲਈ ਹਨ। ਪਹਿਲੇ ਦਰਵਾਜ਼ੇ ਦੇ ਠੀਕ ਸਾਹਮਣੇ ਬੋਹੜ ਤੇ ਬੋਹੜ ਵਾਲਾ ਖੂਹ ਹੈ।
ਸਰੋਵਰ ਗੁਰਦੁਆਰਾ ਸਾਹਿਬ ਦੇ ਪਿੱਛੇ ਸੀ। ਗੁਰਦੁਆਰਾ ਸਾਹਿਬ ਤੇ ਸਰੋਵਰ ਵਿਚਕਾਰ ਪੌੜੀਆਂ ਸਨ, ਜਿਨ੍ਹਾਂ ਨਾਲ ਗੁਰਦੁਆਰਾ ਸਾਹਿਬ ਵੱਲ ਇਕ ਬਾਰਾਂਦਰੀ ਸੀ ਤੇ ਦੂਜੇ ਪਾਸੇ ਕੜਾਹ ਪ੍ਰਸ਼ਾਦ ਦਾ ਕਾਊਂਟਰ ਸੀ। ਇਹ ਕਾਊਂਟਰ ਉਸ ਬੋਹੜ ਅਤੇ ਖੂਹ ਦੇ ਨੇੜੇ ਸੀ। ਕਰਫਿਊ ਕਰਕੇ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਬੀ. ਐਸ. ਐਫ
ਤਾਇਨਾਤ ਸੀ ਜੋ ਹਰ ਸਮੇਂ ਹਥਿਆਰ ਤਾਣੀ ਰੱਖਦੀ ਸੀ। ਗੁਰਦੁਆਰਿਆਂ ਦੇ ਦੁਆਲੇ ਦੀ ਚਾਰਦੀਵਾਰੀ ਉਂਪਰ ਆਸੇ-ਪਾਸੇ ਦੇ ਮਕਾਨਾਂ ਤੇ ਬਣਾਏ ਮੋਰਚਿਆਂ ਵਿਚ ਬੈਠੇ
ਫੌਜੀ ਲਗਾਤਾਰ ਨਜ਼ਰ ਰੱਖ ਰਹੇ ਸਨ। ਕੁਝ ਖਾੜਕੂ ਅਟਾਰੀ ਅਤੇ ਬਾਰਾਂਦਰੀ 'ਤੇ ਸਨ, ਜਿਨ੍ਹਾਂ ਕੋਲ ਹਥਿਆਰਾਂ ਨਾਲ ਲੈਸ ਪਿੰਡਾਂ ਦੇ ਮੁੰਡੇ ਸਨ। ਕਾਫੀ ਦੇਰ ਤੋਂ ਉਥੇ ਜਬਰਦਸਤੀ ਰਹਿ ਰਹੇ ਸਨ। ਮੁੰਡਿਆਂ ਨੇ ਇਹ ਵੀ ਕਿਹਾ ਸੀ ਸਾਡੀ ਆਗਿਆ ਤੋਂ ਬਿਨਾਂ ਬਾਰਾਂਦਰੀ ਤੇ ਅਟਾਰੀ ਉਂਤੇ ਕੋਈ ਨਹੀਂ ਚੜ੍ਹਨਾ ਚਾਹੀਦਾ।
ਗੋਲੀਬਾਰੀ ਸਵੇਰ ਤਕ ਚੱਲਦੀ ਰਹੀ। ਕਿੰਨੇ ਖਾੜਕੂ ਜਾਂ ਫੌਜੀ ਮਰੇ ਇਸ ਦਾ ਪਤਾ ਨਹੀਂ ਲੱਗਿਆ, ਕਿਉਂਕਿ ਮਰੇ ਤੇ ਜ਼ਖ਼ਮੀ ਫੌਜੀਆਂ ਤੇ ਖਾੜਕੂਆਂ ਨੂੰ ਫੌਜ ਤੁਰੰਤ ਚੁੱਕੀ ਜਾਂਦੀ ਸੀ। ਦਿਨ ਚੜ੍ਹਦੇ ਨੂੰ ਗੋਲੀ ਬੰਦ ਹੋਈ ਤਾਂ ਉਨ੍ਹਾਂ ਨੇ ਜਿੰਨੇ ਲੋਕ ਫੜੇ ਸੀ, ਪਰਕਰਮਾ ਵਿਚ ਲੰਮੇ ਪਾ ਲਏ ਤੇ ਤਲਾਸ਼ੀ ਤੇ ਪੁੱਛ-ਗਿਛ ਸ਼ੁਰੂ ਹੋ ਗਈ। ਉਹਨੀਂ ਦਿਨੀਂ ਗੁਰਦੁਆਰਾ ਤੰਬੂ ਸਾਹਿਬ ਦੀ ਕਾਰ-ਸੇਵਾ ਚੱਲ ਰਹੀ ਸੀ, ਜਿਸ ਕਰਕੇ ਦਿੱਲੀ ਵਾਲੇ ਬਾਬਾ ਹਰਬੰਸ ਸਿੰਘ ਤੇ ਬਾਬਾ ਕਰਨੈਲ ਸਿੰਘ ਵੀ ਬਾਹਰ ਕਾਰ-ਸੇਵਾ ਵਾਲੇ ਡੇਰੇ ਵਿਚ ਸਨ, ਜਿੱਥੋਂ ਉਹ ਵੀ ਫੜ੍ਹ ਲਿਆਦੇ ਪਰ ਉਨ੍ਹਾਂ ਨੂੰ ਪੁੱਛ-ਗਿੱਛ ਕਰ ਕੇ ਛੇਤੀ ਛੱਡ ਦਿੱਤਾ ਗਿਆ। ਪਿੰਡ ਮੌਜੇਵਾਲਾ ਦਾ ਇਕ ਸੱਠ ਸਾਲ ਦਾ ਬਜ਼ੁਰਗ ਸ. ਗੁਰਦੀਪ ਸਿੰਘ ਗੁਰਪੁਰਬ 'ਤੇ ਆਇਆ ਸੀ। ਉਸ ਦੀ ਕੱਛ ਵਿਚ ਝੋਲਾ ਸੀ। ਸਿਪਾਹੀਆਂ ਨੇ ਉਸ ਨੂੰ ਹੈਂਡਜ਼-ਅੱਪ ਕਰਨ ਲਈ ਕਿਹਾ। ਉਸ ਬਾਬੇ ਨੂੰ ਪਹਿਲਾਂ ਤਾਂ ਸਮਝ ਨਾ ਪਿਆ ਪਰ ਕਿਸੇ ਦਾ ਇਸ਼ਾਰਾ ਸਮਝ ਕੇ ਜਦ ਉਹ ਹੱਥ ਉਂਪਰ ਕਰਨ ਲੱਗਾ ਤਾਂ ਉਸ ਦੀ ਕੱਛ ਵਿੱਚੋਂ ਝੋਲਾ ਡਿੱਗਣ ਲੱਗਾ ਤਾਂ ਉਸ ਨੇ ਝੱਟ ਝੋਲੇ ਨੂੰ ਫੜਨ ਲਈ ਦੂਜਾ ਹੱਥ ਕੀਤਾ। ਫੌਜੀਆਂ ਨੂੰ ਸ਼ਾਇਦ ਲੱਗਿਆ ਕਿ ਇਹ ਗੋਲਾ ਸੁੱਟਣ ਲੱਗਾ ਹੈ ਤਾਂ ਉਨ੍ਹਾਂ ਨੇ ਇਕ ਬਰਸਟ ਉਸ ਦੇ ਸਿਰ ਵਿਚ ਮਾਰਿਆ, ਜਿਸ ਨਾਲ ਉਸ ਦੀ ਖੋਪੜੀ ਖਿੱਲਰ ਗਈ। ਅਸੀਂ ਇਕਦਮ ਦਹਿਲ ਗਏ ਕਿ ਸਾਡੇ ਵੱਲ ਬਰਸਟ ਵੀ ਆਇਆ। ਸਰਿਆਂ ਨੇ ਮੂੰਹ ਫਰਸ਼ ਵਿਚ ਗੱਡ ਲਏ। ਇਸੇ ਤਰ੍ਹਾਂ ਕਰਨੀ ਵਾਲੇ (ਘੁਮਿਆਰੇ) ਦਾ ਨਿਹੰਗ ਸਿੰਘ ਵੀ ਨਿਹੱਕਾ ਮਾਰਿਆ ਗਿਆ।
ਦਿਨ ਚੜ੍ਹੇ ਫਰਸ਼ ਅੱਗ ਵਾਂਗ ਤਪਦਾ ਸੀ। ਉਂਪਰੋਂ ਪਿਆਸ ਬੜੀ ਲੱਗੇ। ਜੇ ਪਾਣੀ ਵੀ ਮੰਗੀਏ ਤਾਂ ਫੌਜੀ ਘੂਰ ਕੇ ਪੈਣ। ਸਾਰਾ ਦਿਨ ਸਰੀਰ ਪਿਆਸਾ ਫਰਸ਼ 'ਤੇ ਤੜਪਦਾ ਰਿਹਾ ਪਰ ਕਰ ਕੀ ਸਕਦੇ ਸੀ? ਬਸ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਵੇਲਾ ਯਾਦ ਕਰੀ ਜਾਂਦੇ ਸੀ ਤੇ ਸੋਚਦੇ ਸਾਂ ਕਿ ਜੇ ਅਸੀਂ ਤੱਤੀ ਤਵੀ 'ਤੇ ਰੇਤ ਪਵਾ ਰਹੇ ਹੁੰਦੇ ਤਾਂ ਪਤਾ ਨਹੀਂ ਕਿੰਨੀ ਛੇਤੀ ਸ਼ਹੀਦ ਹੋ ਜਾਣਾ ਸੀ। ਪਰ ਪਤਾ ਨਹੀਂ ਅਜੇ ਕੀ-ਕੀ ਵੇਖਣਾ ਸੀ। ਇਹ ਸੋਚ ਕੇ ਦਿਲ ਦਹਿਲ ਜਾਂਦਾ ਸੀ। ਸਾਰਾ ਦਿਨ ਸਾਡਾ ਇਸੇ ਤਰ੍ਹਾਂ ਭੁੱਜਦਿਆਂ ਨਿਕਲਿਆ। ਨਾਲੋ-ਨਾਲ ਪੁੱਛ-ਗਿੱਛ ਵੀ ਚੱਲੀ ਜਾਂਦੀ ਸੀ। ਅਖੀਰ ਨੂੰ ਅਸੀਂ 400 ਦੇ ਕਰੀਬ ਫੜੇ ਹੋਏ ਸਿੱਖਾਂ ਵਿੱਚੋਂ 62 ਬੰਦੇ ਅੱਡ ਕਰ ਲਏ, ਜਿਨ੍ਹਾਂ ਨੂੰ ਰਾਤ ਪੈਣ ਤੋਂ ਪਹਿਲਾਂ ਫੜ ਕੇ ਐਜੂਕੇਸ਼ਨ ਕਾਲਜ ਵਿਚ ਲੈ ਗਏ, ਜਿੱਥੇ ਇਕ ਹਨ੍ਹੇਰੇ ਕਮਰੇ ਵਿਚ ਬੰਦ ਕਰ ਦਿੱਤਾ। ਇਨ੍ਹਾਂ ਵਿਚ ਅਸੀਂ ਛੇ ਤਾਂ ਗੁਰਦੁਆਰੇ ਦੇ ਕਰਮਚਾਰੀ ਸੀ ਤੇ ਬਾਕੀ ਉਹ ਸਨ ਜਿਹੜੇ ਦਰਸ਼ਨਾਂ ਨੂੰ ਆਏ, ਇੱਥੇ ਅਟਕ ਗਏ ਸਨ। ਇਕ 70 ਸਾਲ ਦਾ ਬਜ਼ੁਰਗ ਲਾਲ ਸਿੰਘ ਤੇ 12 ਸਾਲ ਦਾ ਬੱਚਾ ਗੁਰਪਾਲ ਸਿੰਘ ਵੀ ਵਿੱਚੇ ਸਨ। ਸਾਨੂੰ ਭੁੱਖੇ-ਭਾਣਿਆਂ ਨੂੰ, ਬੁਰੀ ਤਰਾਂ ਤਿਹਾਇਆਂ ਨੂੰ ਇਕ ਅਜਿਹੇ ਕਮਰੇ ਵਿਚ ਤੂੜ ਦਿੱਤਾ ਸੀ, ਜਿੱਥੇ ਸਾਹ ਲੈਣਾ ਵੀ ਔਖਾ ਸੀ। ਸਾਡੇ ਨਾਲ 62 ਬੰਦੇਹੋਰ ਸਨ।
ਦੂਜੇ ਦਿਨ ਸਾਡੇ ਕੋਲੋਂ ਫਿਰ ਪੁੱਛ-ਗਿੱਛ ਕਰਨੀ ਸ਼ੁਰੂ ਕਰ ਦਿੱਤੀ। ਪਿਆਸੇ ਭੁੱਖਣ-ਭਾਣੇ ਬੋਲ ਨਹੀਂ ਸੀ ਨਿਕਲਦਾ। ਫਿਰ ਉਨ੍ਹਾਂ ਨੇ ਸਾਨੂੰ ਦੋ-ਦੋ ਰੋਟੀਆਂ ਦਿੱਤੀਆਂ। ਪਰ ਰੋਟੀ ਖਾਣ ਵੇਲੇ ਸੰਗੀਨਾਂ ਤਾਣੀਆਂ ਹੋਣ ਕਰਕੇ ਰੋਟੀਆਂ ਅੰਦਰ ਨਹੀਂ ਸੀ ਲੰਘਦੀਆਂ। ਕਿਉਂਕਿ ਸਾਨੂੰ ਤਾਂ ਹਰ ਫੌਜੀ ਦੇ ਵਿਚ ਆਪਣੀ ਮੌਤ ਦਿਖਾਈ ਦਿੰਦੀ ਸੀ। ਫਿਰ ਸਾਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਤੇ ਸਾਡੇ 'ਤੇ ਕੇਸ ਪਾ ਕੇ ਪੁਲਿਸ ਰਿਮਾਂਡ ਲਿਆ। ਸਾਡੇ ਉਂਤੇ 7.6.84 ਨੂੰ ਕੇਸ 162 ਦੇ ਅਧੀਨ ਧਾਰਾ 307/201, 435/295-ਅ.322/353, 156 ਅਤੇ ਆਰਮਜ਼ ਐਕਟ 25-54-59 ਅਧੀਨ ਜੁਰਮ ਆਇਦ ਕੀਤੇ ਗਏ। ਸਾਡੀ ਗ੍ਰਿਫਤਾਰੀ 17-6-84 ਦੀ ਦਿਖਾਈ ਗਈ ਸੀ ਤੇ ਪਹਿਲਾ ਪੁਲਿਸ ਰਿਮਾਂਡ 25-6-84 ਤਕ ਹਾਸਲ ਕੀਤਾ ਗਿਆ ਸੀ ਜਿਸ ਪਿੱਛੋਂ ਇਹ ਰਿਮਾਂਡ 1-7-84 ਤਕ ਸੱਤ ਦਿਨਾਂ ਲਈ ਹੋਰ ਵਧਾਇਆ ਗਿਆ ਜਿਸ ਲਈ ਸਾਨੂੰ ਪੁਖਤਾਕਾਰ ਦੋਸ਼ੀ ਤੇ ਚਾਲਾਕ ਗਰਦਾਨਿਆ ਗਿਆ ਸੀ ਤੇ ਸੱਚੀ ਗੱਲ ਛਪਾਉਂਦੇ ਦੱਸਿਆ ਗਿਆ ਸੀ। ਸਾਨੂੰ ਘੋਟਣੇ (ਡੰਡਾ ਬੇੜੀ) ਲਾ ਕੇ ਬੜੇ ਤਸੀਹੇ ਦਿੱਤੇ ਗਏ। ਇਕ ਥਾਣੇਦਾਰ ਅਮਰ ਸਿੰਘ ਸੀ, ਬੜਾ ਈ ਭੈੜਾ। ਉਸ ਨੇ ਝੂਠੇ ਕੇਸ ਤਾਂ ਬਣਾਏ ਹੀ, ਨਾਲ ਹੀ ਬੜੇ ਤਸੀਹੇ ਦਿੰਦਾ ਸੀ, ਨਾਲੇ ਬੋਲਦਾ ਵੀ ਬੜਾ ਅਵੈੜਾ ਸੀ। ਸਾਡੀਆਂ ਅੱਖਾਂ ਬੰਨ੍ਹ ਕੇ ਸਾਡੇ ਅੱਗੇ-ਪਿੱਛੇ ਫੱਟੀਆਂ ਲਾ ਕੇ ਫੋਟੋ ਖਿੱਚੀ ਜਾਂਦੇ ਸਨ। ਕਦੇ ਸਾਡੇ ਨਾਲ ਕਿਸੇ ਹਥਿਆਰ ਦੀ ਫੋਟੋ ਖਿੱਚਦੇ, ਕਦੇ ਕਿਸੇ ਹਥਿਆਰ ਦੀ। ਅਸੀਂ ਬਥੇਰਾ ਕਹਿੰਦੇ ਬਈ ਸਾਨੂੰ ਤਾਂ ਹਥਿਆਰ ਫੜਨਾ ਵੀ ਨਹੀਂ ਆਉਂਦਾ, ਚਲਾਉਣਾ ਕੀ ਹੈ ਪਰ ਉਹ ਤਾਂ ਜੋ ਚਾਹੁੰਦੇ ਸਨ, ਲਿਖੀ ਜਾਂਦੇ ਸਨ ਤੇ ਧੱਕੇ ਨਾਲ ਸਾਡੇ ਅੰਗੂਠੇ ਲਗਵਾਈ ਜਾਂਦੇ ਸਨ। ਕੇਸ ਗਲਤ-ਮਲਤ ਬਣਾਈ ਜਾਂਦੇ ਸਨ। ਇਕ 70 ਸਾਲਾ ਬਜ਼ੁਰਗ ਸ. ਲਾਲ ਸਿੰਘ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਡਰਾਈਵਰ ਬਣਾ ਕੇ ਕੇਸ ਪਾ ਦਿੱਤਾ। ਇਕ ਸਰਦਾਰ ਫੌਜੀ ਅਫਸਰ ਵੀ ਬੜਾ ਕਸੂਤਾ ਬੋਲਦਾ ਸੀ। ਪਰ ਇਕ ਰਾਜਪੂਤ ਅਫਸਰ ਸੀ ਜੋ ਸਿਕਲੀਗਰਾਂ ਵਿੱਚੋਂ ਅਫਸਰ ਬਣਿਆ ਸੀ। ਉਹ ਸਾਡੇ ਨਾਲ ਕਾਫੀ ਹਮਦਰਦੀ ਕਰਦਾ ਸੀ। ਰੋਟੀ ਬੜੀ ਭੈੜੀ ਦਿੰਦੇ ਸਨ। ਊਠ ਦੇ ਪੈਰ ਵਰਗੀਆਂ ਉਂਗੜਦੁੱਗੜੀਆਂ, ਅੱਧ ਕੱਚੀਆਂ, ਅੱਧ ਪੱਕੀਆਂ ਰੋਟੀਆਂ ਤੇ ਪਾਣੀ ਵਰਗੀ ਦਾਲ, ਦਾਣੇ ਕਿਤੇ-ਕਿਤੇ। ਇਕ ਵਾਰ ਤਾਂ ਸ. ਹਰਿੰਦਰ ਸਿੰਘ ਹੁਰਾਂ ਨੇ ਤਾਂ ਵੱਟ ਕੇ ਰੋਟੀ ਦਾਲ ਵਾਲੀ ਪਲੇਟ ਮਾਰੀ, ਸਾਰੇ ਪਾਸੇ ਖੜਕਦੀ ਫਿਰੇ। ਚਾਰੇ ਪਾਸੇ ਸੰਨਾਟਾ ਛਾ ਗਿਆ। ਬੜਾ ਦਲੇਰ ਬੰਦਾ ਸੀ, ਮਰਨੋਂ ਤਾਂ ਊਈਂ ਨਹੀਂ ਸੀ ਡਰਦਾ। ਉਸ ਦਿਨ ਤੋਂ ਪਿੱਛੋਂ ਸਾਨੂੰ ਰੋਟੀ ਦਾਲ ਥੋੜ੍ਹੀ ਚੱਜ ਦੀ ਮਿਲਣ ਲੱਗ ਪਈ।
ਛੇ ਮਹੀਨੇ ਖੱਜਲ-ਖੁਆਰ ਕਰਨ ਪਿੱਛੋਂ ਸਾਡਾ ਕੇਸ ਲੱਗਿਆ। ਸ੍ਰੀ ਮੁਕਤਸਰ ਤੋਂ ਸਾਨੂੰ ਫਰੀਦਕੋਟ ਲੈ ਗਏ, ਜਿੱਥੇ ਸਾਡੇ 'ਤੇ ਮੁਕੱਦਮੇ ਚੱਲਣੇ ਸ਼ੁਰੂ ਹੋ ਗਏ। ਐਸ. ਡੀ. ਐਮ. ਰਾਜਨ ਬਹੁਤ ਵਧੀਆ ਬੰਦਾ ਸੀ। ਉਦੋਂ ਅਸੀਂ ਕੁਝ ਸੁਖਾਲੇ ਹੋਏ। ਉਥੋਂ ਦਾ ਡੀ. ਸੀ. ਸ੍ਰੀ ਸਿੱਧੂ ਸੀ ਜੋ ਸਾਰੀ ਗੱਲ ਸਮਝਦਾ ਸੀ। ਉਹ ਸਾਡੇ ਪ੍ਰਤੀ ਹਮਦਰਦੀ ਵੀ ਰੱਖਦਾ ਸੀ। ਇਨ੍ਹਾਂ ਨੇ ਸਾਨੂੰ 61 ਬੰਦਿਆਂ ਨੂੰ 18 ਮਹੀਨੇ ਨਰਕ-ਕੁੰਡ ਵਿਚ ਰੱਖਣ ਪਿੱਛੋਂ ਰਿਹਾਅ ਕੀਤਾ। ਅਸੀਂ ਘਰ ਆ ਕੇ ਰੱਬ ਦਾ ਸ਼ੁਕਰ ਕੀਤਾ। ਇਸ ਸਮੇਂ ਦੌਰਾਨ ਕਈਆਂ ਦੇ ਘਰ ਵਾਲਿਆਂ ਨੇ ਤਾਂ ਭੋਗ ਵੀ ਪਾ ਦਿੱਤਾ ਸੀ। ਬਾਹਰ ਆ ਕੇ ਸਾਨੂੰ ਪਤਾ ਲੱਗਾ ਕਿ ਰੁਪਾਣੇ ਦੇ ਸ. ਜਸਕਰਨ ਸਿੰਘ ਤੇ ਸ੍ਰੀ ਮੁਕਤਸਰ ਸਾਹਿਬ ਦੇ ਸ. ਮਹਿੰਦਰ ਸਿੰਘ ਤੇ ਸ. ਦਰਸ਼ਨ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਸੀ। ਸ. ਵਰਿਆਮ ਸਿੰਘ ਖੇਪੇਵਾਲੀਆ ਨੂੰ ਪੁਲਿਸ ਨੇ ਤਸ਼ਦੱਦ ਕਰ ਕੇ ਮਾਰ ਦਿੱਤਾ ਸੀ। ਹੋਰ ਵੀ ਮਰੇ ਹੋਣਗੇ ਜਿਨ੍ਹਾਂ ਦਾ ਮੈਨੂੰ ਇਲਮ ਨਹੀਂ। ਭਾਈ ਮਹਿੰਦਰ ਸਿੰਘ ਬੀ. ਏ. ਅਤੇ ਭਾਈ ਸੂਬਾ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਇਸ ਔਖੇ ਸਮੇਂ ਸਾਡੇ ਨਾਲ ਸਨ।      
ਭਾਈ ਜਸਵੰਤ ਸਿੰਘ



Post Comment


ਗੁਰਸ਼ਾਮ ਸਿੰਘ ਚੀਮਾਂ