ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, September 25, 2012

ਖੇਤੀ ਯੋਗ ਜ਼ਮੀਨ ਦਾ ਘਟਣਾ ਚਿੰਤਾਜਨਕ


ਜਿਸ ਤਰੀਕੇ ਨਾਲ ਦੁਨੀਆ ਦੀ ਆਬਾਦੀ ਵਧਦੀ ਜਾ ਰਹੀ ਹੈ ਅਤੇ ਵਾਹੀਯੋਗ ਜ਼ਮੀਨ ਘਟਦੀ ਜਾ ਰਹੀ ਹੈ, ਉਹ ਸਥਿਤੀ ਬਹੁਤ ਹੀ ਚਿੰਤਾਜਨਕ ਹੈ, ਕਿਉਂਕਿ ਜਨ-ਸੰਖਿਆ ਵਧਣ ਦੇ ਨਾਲ ਹੀ ਅਨਾਜ ਪਦਾਰਥਾਂ ਦੀ ਮੰਗ ਵਧੇਗੀ। ਇਸ ਦੇ ਲਈ ਜ਼ਰੂਰੀ ਹੈ ਕਿ ਖੇਤੀ ਉਤਪਾਦਨ ਖੇਤਰ ਦਾ ਵਿਸਥਾਰ ਹੋਵੇ ਪਰ ਹੈ ਇਸ ਦੇ ਉਲਟ, ਕਿਉਂਕਿ ਖੇਤੀ ਯੋਗ ਜ਼ਮੀਨ ਘਟਦੀ ਜਾ ਰਹੀ ਹੈ। ਸ਼ਹਿਰਾਂ, ਮੰਡੀਆਂ ਦੇ ਨਾਲ ਲਗਦੀਆਂ ਜ਼ਮੀਨਾਂ ਵਿਕ ਰਹੀਆਂ ਹਨ, ਉਨ੍ਹਾਂ ਉੱਪਰ ਮਲਟੀਪਲੈਕਸ, ਕਾਲੋਨੀਆਂ, ਸ਼ਾਪਿੰਗ ਮਾਲ ਬਣਾਏ ਜਾ ਰਹੇ ਹਨ। ਜਦ ਲੋੜ ਅਨੁਸਾਰ ਖੇਤੀ ਲਈ ਜ਼ਮੀਨ ਹੀ ਨਹੀਂ ਬਚੇਗੀ ਤਾਂ ਵਧਦੀ ਜਨ-ਸੰਖਿਆ ਦਾ ਪਾਲਣ-ਪੋਸ਼ਣ ਕਿਵੇਂ ਹੋਵੇਗਾ। ਦੁਨੀਆ ਦੇ ਸਾਰੇ ਦੇਸ਼ਾਂ ਨੂੰ ਇਸ ਪਾਸੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਕਾਨੂੰਨ ਬਣਾਉਣ ਕਿ ਖੇਤੀ ਯੋਗ ਜ਼ਮੀਨ ਦੀ ਵਰਤੋਂ ਗ਼ੈਰ-ਖੇਤੀ ਦੇ ਕੰਮਾਂ ਲਈ ਨਾ ਕੀਤੀ ਜਾ ਸਕੇ। ਜੇ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਹੋਵੇ, ਤਾਂ ਜੋ ਕੋਈ ਹੋਰ ਅਜਿਹਾ ਕੰਮ ਨਾ ਕਰੇ।

ਰਿਹਾਇਸ਼ੀ ਕਾਲੋਨੀਆਂ, ਉਦਯੋਗ, ਮਾਲ ਆਦਿ ਬੰਜਰ ਜ਼ਮੀਨ ਉੱਪਰ ਉਸਾਰੇ ਜਾਣ। ਨਾਲ ਹੀ ਕੁਝ ਅਜਿਹਾ ਕੀਤਾ ਜਾਵੇ ਕਿ ਰੇਗਿਸਤਾਨਾਂ ਅਤੇ ਬੰਜਰ ਜ਼ਮੀਨਾਂ ਨੂੰ ਉਪਜਾਊ ਬਣਾਉਣ ਦੇ ਯਤਨ ਕੀਤੇ ਜਾਣ। ਇਸ ਦੇ ਲਈ ਵਿਗਿਆਨਿਕ ਤਕਨੀਕ ਦਾ ਸਹਾਰਾ ਲਿਆ ਜਾਵੇ ਅਤੇ ਅਜਿਹੀ ਤਕਨੀਕ ਲੱਭੀ ਜਾਵੇ ਕਿ ਬੰਜਰ ਜ਼ਮੀਨਾਂ ਉੱਪਰ ਖੇਤੀ ਹੋ ਸਕੇ ਅਤੇ ਉਹ ਜ਼ਮੀਨਾਂ ਕੰਮ ਆ ਸਕਣ। ਇਹ ਬਹੁਤ ਹੀ ਜ਼ਰੂਰੀ ਹੈ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ ਅਤੇ ਫਿਰ ਵੇਲਾ ਹੱਥ ਨਹੀਂ ਆਉਣਾ। ਜਿਸ ਹਿਸਾਬ ਨਾਲ ਆਬਾਦੀ ਵਧ ਰਹੀ ਹੈ, ਉਸ ਹਿਸਾਬ ਨਾਲ ਜ਼ਰੂਰੀ ਹੈ ਕਿ ਖੇਤੀ ਯੋਗ ਜ਼ਮੀਨ ਘਟੇ ਨਾ, ਸਗੋਂ ਵਧੇ, ਤਾਂ ਹੀ ਸਭ ਨੂੰ ਜ਼ਰੂਰਤ ਅਨੁਸਾਰ ਅਨਾਜ ਮਿਲ ਸਕੇਗਾ। ਜ਼ਮੀਨ ਸਾਡੀ ਮਾਂ ਹੁੰਦੀ ਹੈ, ਇਸ ਨੂੰ ਲਾਲਚ ਵੱਸ ਹੋ ਕੇ ਪੱਥਰਾਂ ਦੇ ਸ਼ਹਿਰ ਨਾ ਬਣਾਓ।

ਐਸ. ਆਰ. ਸਿੰਗਲਾ ਬਰੇਟਾ


Post Comment


ਗੁਰਸ਼ਾਮ ਸਿੰਘ ਚੀਮਾਂ