ਕੋਈ ਸਮਾਂ ਸੀ ਜਦੋਂ ਪੰਜਾਬੀ ਗੱਭਰੂਆਂ ਦੇ ਚਿਹਰਿਆਂ ਉਪਰ ਰੂਹਾਨੀਅਤ ਦੇ ਸ਼ਿਖਰ ਵਰਗਾ ਜਾਹੋ-ਜਲਾਲ ਮੌਜੂਦ ਹੋਇਆ ਕਰਦਾ ਸੀ ਅਤੇ ਉਨ੍ਹਾਂ ਦੀ ਤੁਲਨਾ ਰਾਂਝੇ, ਮਹੀਵਾਲ ਅਤੇ ਭਗਤ ਸਿੰਘ ਵਰਗੇ ਲੋਕ ਨਾਇਕਾਂ ਜਾਂ ਦੇਸ਼ ਭਗਤਾਂ ਨਾਲ ਕੀਤੀ ਜਾਂਦੀ ਸੀ। ਬਜ਼ੁਰਗ ਲੋਕ ਉਨ੍ਹਾਂ ਨੂੰ ਦੇਸ਼ ਅਤੇ ਕੌਮ ਦੀ ਵਿਰਾਸਤ ਵਜੋਂ ਦੇਖਦੇ ਸਨ। ਪਰ ਅੱਜ ਦੇ ਬਜ਼ੁਰਗ ਮੁੰਡੀਰ ਨੂੰ ‘ਚੂਪੇ ਹੋਏ ਅੰਬ ਵਰਗੀ ਬੂਥੀ ਵਾਲੇ’, ਕਮਜ਼ੋਰੀ ਲਾਲ ਜਾਂ ‘ਚਿੱਬੜ ਮੂੰਹੇ’ ਕਹਿ ਕੇ ਖਿੱਲੀ ਉਡਾਉਂਦੇ ਹਨ। ਇਸ ਦਾ ਵੱਡਾ ਕਾਰਨ ਪੰਜਾਬ ਦੇ ਨੌਜਵਾਨ ਵਰਗ ਦਾ ਸਮੈਕ ਜਾਂ ਹੋਰ ਸਿੰਥੈਟਿਕ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਜਕੜੇ ਹੋਣਾ ਹੈ। ਭੰਗ, ਅਫੀਮ, ਪੋਸਤ ਅਤੇ ਭੁੱਕੀ ਵਰਗੇ ਨਸ਼ੇ ਤਾਂ ਪਹਿਲਾਂ ਵੀ ਸਾਡੇ ਦੇਸ਼ ਵਿਚ ਮੌਜੂਦ ਸਨ, ਪਰ ਇਨ੍ਹਾਂ ਨਾਲ ਸਬੰਧਤ ਪੁਰਾਣੇ ਅਮਲੀ ਸਵੇਰੇ-ਸਵੇਰੇ ‘ਭੋਰਾ ਛਕ ਕੇ’ ਸਾਰਾ-ਸਾਰਾ ਦਿਨ ਬਲਦਾਂ ਵਾਂਗੂੰ ਕੰਮ ਕਰਨ ਲਈ ਵੀ ਮਸ਼ਹੂਰ ਹੋਇਆ ਕਰਦੇ ਸਨ। ‘ਖਾਧੀ ਹੋਵੇ ਉਡੂੰ-ਉਡੂੰ ਚਿੱਤ ਕਰਦਾ’ ਜਾਂ ‘ਕਾਟੋ ਫੁੱਲਾਂ ’ਤੇ ਖੇਡਦੀ’ ਵਰਗੀਆਂ ਕਹਾਵਤਾਂ ਪੁਰਾਣੇ ਅਮਲੀਆਂ ਦੀ ਊਰਜਾ ਭਰਪੂਰ ਕਾਰਗੁਜ਼ਾਰੀ ਅਤੇ ਵਿਅੰਗ ਦਾ ਮਿਸ਼ਰਿਤ ਰੂਪ ਪੇਸ਼ ਕਰਦੀਆਂ ਸਨ। ਪਰ ਮੌਜੂਦਾ ਸਮੇਂ ਸਮੈਕ ਜਾਂ ਹੈਰੋਇਨ ਦੇ ਆਦੀ ਹੋ ਚੁੱਕੇ ਪੰਜਾਬੀ ਨੌਜਵਾਨ ਸਾਰਾ-ਸਾਰਾ ਦਿਨ ਚਮਗਿੱਦੜਾਂ ਵਾਂਗੂੰ ਹਨੇਰੀਆਂ ਕੋਠੜੀਆਂ ਅੰਦਰ ਹੀ ਗੁਆਚੇ ਰਹਿੰਦੇ ਹਨ।
ਦੋਸਤੋ, ਸਮੈਕ ਜਾਂ ਹੈਰੋਇਨ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਕਿਸ ਹੱਦ ਤੱਕ ਘਾਤਕ ਸਾਬਤ ਹੋ ਸਕਦੀ ਹੈ ਅਸੀਂ ਆਮ ਨਾਗਰਿਕ ਸ਼ਾਇਦ ਇਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦਾ। ਇਸ ਦੀ ਵਰਤੋਂ ਕਰਨ ਵਾਲੇ ਨਸ਼ੇੜੀਆਂ ਦੀ ਹਾਲਤ ਵੇਖ ਕੇ ਇਸ ਦੇ ਬਾਰੇ ਚਰਚਾ ਸੁਣ ਕੇ ਜਾਂ ਪ੍ਰਾਪਤ ਅੰਕੜਿਆਂ ਦੀ ਜਾਣਕਾਰੀ ਤੋਂ ਅਸੀਂ ਜਿਨ੍ਹਾਂ ਗੱਲਾਂ ਦਾ ਅੰਦਾਜ਼ਾ ਲਗਾਉਂਦੇ ਹਾਂ ਉਹ ਇਸ ਦੇ ਅਸਲ ਘਾਤਕ ਨਤੀਜਿਆਂ ਦਾ 25 ਪ੍ਰਤੀਸ਼ਤ ਵੀ ਨਹੀਂ ਹਨ। ਸਮੈਕ ਜਾਂ ਹੈਰੋਇਨ ਸਬੰਧੀ ਬਹੁਤ ਸਾਰੇ ਅਜਿਹੇ ਤੱਥ ਹਨ ਜੋ ਸਾਡੇ ਅਨੁਮਾਨ ਜਾਂ ਕਲਪਨਾ ਤੋਂ ਵੀ ਵੱਧ ਵਿਨਾਸ਼ਕਾਰੀ ਹਨ।
ਪੰਜਾਬ ਦੀਆਂ ਜੇਲ੍ਹਾਂ ਅੰਦਰ ਅਜਿਹੇ ਬਹੁਤ ਸਾਰੇ ਅੰਤਰਰਾਸ਼ਟਰੀ ਅਤੇ ਪੰਜਾਬੀ ਨਸ਼ਾ-ਵਪਾਰੀ ਸਜ਼ਾਵਾਂ ਕੱਟ ਰਹੇ ਹਨ, ਜੋ ਆਪਣੀ ਕਰਨੀ ’ਤੇ ਬੁਰੀ ਤਰ੍ਹਾਂ ਪਛਤਾਉਂਦੇ ਹਨ। ਇਸ ਪਛਤਾਵੇ ਦੇ ਪਿਛੋਕੜ ਵਿੱਚ ਇੱਕ ਵੱਡਾ ਕਾਰਨ ਮੌਜੂਦ ਹੈ। ਸਮੈਕ ਸਬੰਧੀ ਇਹ ਪੂਰੀ ਤਰ੍ਹਾਂ ਸਿੱਧ ਤੱਥ ਹੈ ਕਿ ਜੋ ਵੀ ਵਿਅਕਤੀ ਇਸ ਦਾ ਵਪਾਰ ਕਰਦਾ ਹੈ ਉਹ ਇੱਕ ਨਾ ਇੱਕ ਦਿਨ ਇਸ ਦਾ ਸੇਵਨ ਜ਼ਰੂਰ ਕਰਨ ਲੱਗ ਪੈਂਦਾ ਹੈ ਅਤੇ ਜੋ ਵੀ ਵਿਅਕਤੀ ਇਸ ਦਾ ਸੇਵਨ ਕਰਦਾ ਹੈ ਉਹ ਇੱਕ ਨਾ ਇੱਕ ਦਿਨ ਇਸ ਦਾ ਵਪਾਰ ਜ਼ਰੂਰ ਕਰਨ ਲੱਗ ਪੈਂਦਾ ਹੈ। ਜੇਲ੍ਹਾਂ ’ਚ ਬੰਦ ਸਮੈਕ ਦੇ ਅਧਿਕਤਰ ਵਪਾਰੀ ਖੁਦ ਇਸ ਦੀ ਆਦਤ ਪਾਲ ਬੈਠੇ ਹਨ ਜਾਂ ਫਿਰ ਇਸ ਅਲਾਮਤ ਕਾਰਨ ਉਨ੍ਹਾਂ ਦੀਆਂ ਸੰਤਾਨਾਂ, ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਸਕੇ ਸਬੰਧੀਆਂ ਵਿਚੋਂ ਕੋਈ ਨਾ ਕੋਈ ਆਪਣੀ ਜਾਨ ਗੁਆ ਚੁੱਕਾ ਹੈ।
ਸਿਆਣੇ ਕਹਿੰਦੇ ਹਨ ਕਿ ਜੋ ਦੂਜਿਆਂ ਲਈ ਟੋਆ ਪੁੱਟਦਾ ਹੈ, ਇੱਕ ਨਾ ਇੱਕ ਦਿਨ ਖੁਦ ਟੋਏ ਵਿੱਚ ਡਿੱਗ ਪੈਂਦਾ ਹੈ। ਅਸਲ ਵਿੱਚ ਇਨ੍ਹਾਂ ਨਸ਼ਾ ਵਪਾਰੀਆਂ ਨਾਲ ਅਜਿਹਾ ਹੀ ਭਾਣਾ ਵਰਤਿਆ ਸੀ।
ਦੋਸਤੋ, ਸਮੈਕ ਸਬੰਧੀ ਸਭ ਤੋਂ ਖਤਰਨਾਕ ਤੱਥ ਇਹ ਹੈ ਕਿ ਇਹ ਅੰਤਰਰਾਸ਼ਟਰੀ ਆਤੰਕਵਾਦ ਲਈ ਇੱਕ ਵੱਡਾ ਆਰਥਿਕ ਸਾਧਨ ਅਤੇ ਕਾਰਗਰ ਹਥਿਆਰ ਹੈ। ਇਸ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਦਾ ਇੱਕ ਵੱਡਾ ਹਿੱਸਾ ਵਿਸ਼ਵ ਭਰ ਵਿੱਚ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਵਰਤਿਆ ਜਾਂਦਾ ਹੈ।
ਜੇ ਅਸੀਂ ਇਸ ਦੇ ਮੁੱਢ ਦੀ ਗੱਲ ਕਰੀਏ ਤਾਂ ਇਸ ਦੀਆਂ ਜੜ੍ਹਾਂ ਅਫਗਾਨਿਸਤਾਨ ਵਿੱਚ ਹਨ। ਅਫਗਾਨਿਸਤਾਨ ਵਿੱਚ ਕਾਫੀ ਵੱਡੇ ਪੱਧਰ ’ਤੇ ਅਫ਼ੀਮ ਦੀ ਖੇਤੀ ਹੁੰਦੀ ਹੈ। ਇਸ ਖੇਤੀ ਤੋਂ ਜੋ ਸ਼ੁੱਧ ਅਫ਼ੀਮ ਪ੍ਰਾਪਤ ਹੁੰਦੀ ਹੈ ਉਸ ਨੂੰ ਤਰਲ ਚੂਨੇ ਨਾਲ ਮਿਲਾ ਕੇ ਘੱਟ ਡਿਗਰੀ ਸੇਕ ਉਪਰ ਹੌਲੀ-ਹੌਲੀ ਗਰਮ ਕਰਨ ਉਪਰੰਤ ਨਿਤਾਰ ਕੇ ਸੁਕਾ ਲਿਆ ਜਾਂਦਾ ਹੈ। ਇਹ ਨਮਕ ਵਰਗਾ ਭੂਰੇ ਰੰਗ ਦਾ ਪਦਾਰਥ ਹੈਰੋਇਨ ਅਖਵਾਉਂਦਾ ਹੈ। ਹੈਰੋਇਨ ਦੇ ਰੇਤੀਲੇ ਸਰੂਪ ਕਾਰਨ ਹੀ ਇਸ ਨੂੰ ਸਮੈਕ ਆਖਿਆ ਜਾਂਦਾ ਹੈ। ਭਾਰਤ ਵਿੱਚ ਇਸ ਨੂੰ ਬਰਾਊਨ ਸ਼ੂਗਰ, ਐਸ ਬੈਂਡ, ਸਟੱਫ, ਪਾਊਡਰ, ਐਸ ਜਾਂ ਸਮਾਨ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਇੱਕ ਅਫਗਾਨੀ ਤਸਕਰ ਮੁਹੰਮਦ ਨਈਮ (ਜੋ ਕਿ ਜੇਲ੍ਹ ਵਿੱਚ 16 ਸਾਲ ਦੇ ਲਗਪਗ ਸਜ਼ਾ ਕੱਟਣ ਉਪਰੰਤ ਰਿਹਾਅ ਹੋ ਚੁੱਕਾ ਹੈ) ਅਨੁਸਾਰ ਇਸ ਦੇ ਉਤਪਾਦਨ ਸਮੇਂ ‘ਕਾਲੇ ਇਲਮ’ ਦਾ ਕਲਮਾ ਪੜ੍ਹਿਆ ਜਾਂਦਾ ਹੈ ਤਾਂ ਕਿ ਅਗਰ ਕੋਈ ’ਲਤ ਤਿਆਗ ਚੁੱਕਾ’ ਵਿਅਕਤੀ ਕਿਸੇ ਹੋਰ ਨੂੰ ਸਮੈਕ ਪੀਂਦਿਆਂ ਵੇਖੇ ਤਾਂ ਦੁਬਾਰਾ ਉਸ ਦਾ ਮਨ ਇਸ ਦੇ ਵੱਲ ਖਿੱਚਿਆ ਜਾਵੇ। ਇੱਕ ਹੋਰ ਅਫਗਾਨੀ ਬੰਦੀ ਅਨੁਸਾਰ ਸਮੈਕ ਅਮਰੀਕਾ ਖ਼ਿਲਾਫ਼ ਜਿਹਾਦ ਦਾ ਸਭ ਤੋਂ ਅਸਰਦਾਰ ਹਥਿਆਰ ਹੈ, ਇਸ ਦੇ ਬਣਾਏ ਜਾਣ ਦਾ ਕਾਰਨ ਅਮਰੀਕਨ ਨਸਲ ਨੂੰ ਖੋਖਲਾ ਕਰਨਾ ਸੀ। ਅਸਲ ਵਿੱਚ ਇਹ ਅਮਰੀਕਨ ‘ਯੁਵਾ ਪੀੜ੍ਹੀ’ ਦੀ ਬਰਬਾਦੀ ਨੂੰ ਧਿਆਨ ਵਿੱਚ ਰੱਖਦਿਆਂ ਬਣਾਈ ਗਈ ਸੀ।
ਅਫਗਾਨਿਸਤਾਨ ਵਿੱਚੋਂ ਰੂਸੀ ਸੈਨਾਵਾਂ ਦੀ ਵਾਪਸੀ ਮਗਰੋਂ ਉਥੇ ਖ਼ਾਨਾਜੰਗੀ ਸ਼ੁਰੂ ਹੋ ਗਈ। ਅਮਰੀਕਾ ਨੇ ਉੱਥੇ ਪੂਰਨ ਰਾਜਨੀਤਿਕ ਦਖਲ ਸ਼ੁਰੂ ਕਰ ਦਿੱਤਾ। ਅਫਗਾਨੀ ਕੈਦੀ ਨਈਮ ਅਨੁਸਾਰ ਅਮਰੀਕਾ ਨੇ ਆਪਣੀ ਵਿਦੇਸ਼ ਨੀਤੀ ਅਧੀਨ ਖ਼ਾਨਾਜੰਗੀ ਨੂੰ ਉਕਸਾਇਆ ਅਤੇ ਅਫਗਾਨੀ ਧਰਤੀ ਨੂੰ ਆਪਣੇ ਹਥਿਆਰਾਂ ਦਾ ‘ਪਰਖਣ ਖੇਤਰ’ ਬਣਾ ਲਿਆ। ਜੋ ਵੀ ਹਥਿਆਰ ਅਮਰੀਕਾ ਵਿੱਚ ਬਣਾਇਆ ਜਾਂਦਾ, ਉਸ ਦੀ ਮਾਰੂ-ਸਮਰੱਥਾ ਪਰਖਣ ਲਈ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਅਫਗਾਨੀ ਧੜਿਆਂ ਜਾਂ ਕਬੀਲਿਆਂ ਕੋਲ ਪਹੁੰਚਾ ਦਿੱਤਾ ਜਾਂਦਾ। ਅਫਗਾਨੀ ਲੋਕ ਇੱਕ ਦੂਜੇ ਵਿਰੁੱਧ ਇਸ ਦਾ ਪ੍ਰਯੋਗ ਕਰਦੇ ਅਤੇ ਨਤੀਜੇ ਵਜੋਂ ਇਸ ਦੀ ਮਾਰੂ-ਸਮਰੱਥਾ ਪਰਖੀ ਜਾਂਦੀ। ਹੌਲੀ-ਹੌਲੀ ਇਹ ਰਾਜ਼ ਖੁੱਲ੍ਹਣ ਲੱਗਿਆ ਤਾਂ ਅਫਗਾਨੀ ਲੋਕਾਂ ਦੀ ਅਮਰੀਕਾ ਪ੍ਰਤੀ ਨਫ਼ਰਤ ਵਧ ਗਈ। ਨਫ਼ਰਤ ਦੀ ਇਸੇ ਭਾਵਨਾ ਨੇ ਉਨ੍ਹਾਂ ਨੂੰ ਅਮਰੀਕਾ ਵਿਰੁੱਧ ਹੈਰੋਇਨ ਰੂਪੀ ਹਥਿਆਰ ਤਿਆਰ ਕਰਨ ਲਈ ਪ੍ਰੇਰਿਤ ਕੀਤਾ। ਭਾਰਤੀ ਜੇਲ੍ਹਾਂ ਵਿੱਚ ਨਸ਼ੇ ਦੀ ਤਸਕਰੀ ਅਧੀਨ ਸਜ਼ਾ ਕੱਟਣ ਵਾਲੇ ਅਫਗਾਨੀ ਕੈਦੀ ਬੜੇ ਫਖ਼ਰ ਨਾਲ ਕਹਿੰਦੇ ਹਨ ਕਿ ਅਮਰੀਕਾ ਆਪਣੀਆਂ ਫੈਕਟਰੀਆਂ ਵਿੱਚ ਵਧੀਆ ਤੋਂ ਵਧੀਆ ਕਿਸਮ ਦੇ ਜ਼ਹਾਜ਼, ਗੋਲਾ-ਬਾਰੂਦ, ਹਥਿਆਰ ਆਦਿ ਬਣਾ ਕੇ ਅਫਗਾਨਿਸਤਾਨ ਵਿਖੇ ਪਰਖਣ ਲਈ ਭੇਜਦੇ ਹਨ ਅਤੇ ਅਸੀਂ ਆਪਣੀਆਂ ਫੈਕਟਰੀਆਂ ਵਿੱਚ ਵੱਧ ਤੋਂ ਵੱਧ ‘ਆਦੀ ਬਣਾਉਣ ਵਾਲੇ’ ਨਸ਼ੇ ਬਣਾ ਕੇ ਉਨ੍ਹਾਂ ਦੀ ਧਰਤੀ ’ਤੇ ਭੇਜਦੇ ਹਾਂ, ਸਾਡਾ ਹਥਿਆਰ ਅਧਿੱਕ ਅਸਰਦਾਰ ਹੈ।
ਸਮੈਕ ਦੇ ਉਤਪਾਦਨ ਤੋਂ ਬਾਅਦ ਇਸ ਨੂੰ ਇੱਕ ਵਿਸ਼ੇਸ਼ ‘ਪੈਕਿੰਗ ਸਕੀਮ’ ਅਧੀਨ ‘ਫੈਕਟਰੀ’ ਵਿਚ ਪੈਕ ਕੀਤਾ ਜਾਂਦਾ ਹੈ। ਇਹ ਪੈਕਿੰਗ ਸਕੀਮ ‘ਕੋਡ ਭਾਸ਼ਾ’ ਰਾਹੀਂ ਇਸ ਧੰਦੇ ਵਿੱਚ ਸ਼ਾਮਲ ਸਾਰੇ ਅੰਤਰਰਾਸ਼ਟਰੀ ਮਦਦਗਾਰਾਂ ਨੂੰ ਬੜੇ ਹੀ ਸੂਖ਼ਮ ਢੰਗਾਂ ਰਾਹੀਂ ਭੇਜ ਦਿੱਤੀ ਜਾਂਦੀ ਹੈ। ਆਮ ਤੌਰ ’ਤੇ ‘ਕੈਰੀਅਰਾਂ’ (ਸਮੈਕ ਨੂੰ ਸੀਮਾ ਪਾਰ ਕਰਾਉਣ ਵਾਲੇ ਜਾਂ ਢੋਣ ਵਾਲੇ ਵਿਅਕਤੀ) ਨੂੰ ਇਸ ਪੈਕਿੰਗ ਸਕੀਮ ਦੀ ਕੋਈ ਜਾਣਕਾਰੀ ਨਹੀਂ ਹੁੰਦੀ। ਕਿਉਂਕਿ ਇਸ ਨੂੰ ਹੋਰ ਸਾਮਾਨ ਦੀ ਆੜ ਵਿੱਚ ਭੇਜਿਆ ਜਾਂਦਾ ਹੈ। ਹਰੇਕ ਕੈਰੀਅਰ ਗਰੁੱਪ ਅੰਦਰ ਇੱਕ ਅਜਿਹਾ ਮਦਦਗਾਰ ਸ਼ਾਮਲ ਹੁੰਦਾ ਹੈ ਜਿਸ ਨੂੰ ਗਰੁੱਪ ਦੇ ਦੂਜੇ ਵਿਅਕਤੀ ਆਪਣੇ ਵਾਂਗ ਕੈਰੀਅਰ ਹੀ ਸਮਝਦੇ ਹਨ, ਪਰ ਅਸਲ ਵਿੱਚ ਉਹ ਮਦਦਗਾਰ (ਏਅਰ ਪੋਰਟ ਜਾਂ ਸੀਮਾ ਪਾਰ ਕਰਾਉਣ ਲਈ ਨਿਯੁਕਤ ਇੰਚਾਰਜ) ਹੁੰਦਾ ਹੈ। ਯਾਨਿ ਉਸ ਨੂੰ ਪੈਕਿੰਗ ਸਕੀਮ ਦੀ ਪੂਰੀ ਜਾਣਕਾਰੀ ਹੁੰਦੀ ਹੈ ਅਤੇ ਉਹ ਅਧਿਕਾਰੀਆਂ ਨਾਲ ਸਾਂਠਗਾਂਠ ਕਰਨ ਵਿੱਚ ਪੂਰਾ ਮਾਹਿਰ ਹੁੰਦਾ ਹੈ। ਉਹ ਬਹੁਤੀ ਲੋੜ ਪੈਣ ’ਤੇ ਹੀ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ।
ਦੋਸਤੋ, ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਮੈਕ ਭਾਰਤੀ ਧਰਤੀ ’ਤੇ ਕਿਵੇਂ ਪਹੁੰਚਦੀ ਹੈ? ਕੁਝ ਅੰਤਰਰਾਸ਼ਟਰੀ ਤਸਕਰ ਬੰਦੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਮੈਕ ਦਾ ਅਫ਼ਗਾਨਿਸਤਾਨ ਤੋਂ ਅਮਰੀਕਾ ਤੱਕ ਦਾ ‘ਸਪਲਾਈ ਰੂਟ’ ਪਾਕਿਸਤਾਨ, ਭਾਰਤ, ਸ਼੍ਰੀਲੰਕਾ, ਨੇਪਾਲ ਆਦਿ ਮੁਲਕਾਂ ਵਿਚੋਂ ਦੀ ਹੋ ਕੇ ਲੰਘਦਾ ਹੈ। ਉਨ੍ਹਾਂ ਮੁਤਾਬਕ ਪਾਕਿਸਤਾਨੀ ਮਦਦਗਾਰ ਬਹੁਤ ਲਾਲਚੀ ਕਿਸਮ ਦੇ ਹਨ, ਉਨ੍ਹਾਂ ਨੂੰ ਪੈਕਿੰਗ ਸਕੀਮ ਦਾ ਤਾਂ ਪਤਾ ਹੁੰਦਾ ਹੈ ਪਰ ਉਹ ਇਸ ਨੂੰ ਖੋਲ੍ਹ ਨਹੀਂ ਸਕਦੇ। ਇਸ ਲਈ ਉਹ ਸੂੰਬੀ (ਜੋ ਅੰਦਰੋਂ ਖੋਖਲੀ ਪਾਈਪ ਵਰਗੀ ਤਿੱਖੀ ਚੀਜ਼ ਹੁੰਦੀ ਹੈ ਅਤੇ ਆਮ ਤੌਰ ’ਤੇ ਖਲ-ਵੜੇਵੇਂ ਦੀਆਂ ਦੁਕਾਨਾਂ ’ਤੇ ਪ੍ਰਯੋਗ ਹੁੰਦੀ ਹੈ) ਦੀ ਸਹਾਇਤਾ ਨਾਲ ਪੈਕਿੰਗ ਵਿੱਚੋਂ ਬਹੁਤ ਥੋੜ੍ਹੀ ਮਾਤਰਾ ਵਿੱਚ ਹੈਰੋਇਨ ਕੱਢਦੇ ਰਹਿੰਦੇ ਹਨ। ਇਸ ਇਕੱਠੀ ਕੀਤੀ ਚੂਰ-ਭੂਰ ਵਿੱਚ ਕੈਟਾਮਾਈਨ ਪਾਊਡਰ (ਜਿਸ ਨੂੰ ਧੰਦੇ ਵਾਲੇ ਲੋਕ ‘ਟਾਂਕਾ’ ਕਹਿੰਦੇ ਹਨ) ਮਿਲਾ ਕੇ ਖਾਸ ਭਾਰਤ ਵਿੱਚ ਭੇਜਣ ਲਈ ਤਿਆਰ ਕੀਤਾ ਜਾਂਦਾ ਹੈ। ਪੈਕਿੰਗ ਵਾਲਾ ਸ਼ੁੱਧ ਅਫ਼ਗਾਨੀ ਮਾਲ ਕਦੀ ਵੀ ਭਾਰਤ ਅੰਦਰ ਸਪਲਾਈ ਨਹੀਂ ਹੁੰਦਾ। ਅਬਦੁੱਲ ਬਹਿਰਾਮ (ਅਫ਼ਗਾਨੀ ਕੈਦੀ) ਅਨੁਸਾਰ ਅਫ਼ਗਾਨੀ ਲੋਕ ਭਾਰਤੀਆਂ ਦਾ ਵਿਸ਼ੇਸ਼ ਸਤਿਕਾਰ ਕਰਦੇ ਹਨ, ਉਹ ਭਾਰਤੀਆਂ ਦਾ ਅਹਿਤ ਨਹੀਂ ਚਾਹੁੰਦੇ। ਭਾਰਤੀਆਂ ਨੇ ਹਮੇਸ਼ਾ ਹੀ ਉਨ੍ਹਾਂ ਦੀ ਸਹਾਇਤਾ ਕੀਤੀ ਹੈ। ਇਸੇ ਲਈ ਕਈ ਵਾਰ ਉਹ ਭਾਰਤ ਵਿੱਚ ਸਮੈਕ ਦੀ ਆਮਦ ਨੂੰ ਲੈ ਕੇ ਚਿੰਤਤ ਵੀ ਹੁੰਦੇ ਹਨ। ਇਹ ਸਿਰਫ਼ ਪਾਕਿਸਤਾਨੀ ‘ਮਦਦਗਾਰਾਂ’ ਅਤੇ ਭਾਰਤੀ ਤਸਕਰਾਂ ਦੀ ਮਿਲੀਭੁਗਤ ਹੈ ਜੋ ਇਸ ਅਲਾਮਤ ਦੇ ਭਾਰਤ-ਦਾਖਲੇ ਲਈ ਜ਼ਿੰਮੇਦਾਰ ਹੈ।
‘ਕੰਧਾਰ ਹਾਈਜੈਕ ਕੇਸ’ ਅਧੀਨ ਸਜ਼ਾ ਭੁਗਤ ਰਹੇ ਬੰਦੀ ਯੂਸਫ ਨੇਪਾਲੀ ਦਾ ਕਹਿਣਾ ਹੈ ਕਿ ਭਾਰਤੀ ਲੋਕਾਂ ਉਪਰ ਫ਼ਿਲਮਾਂ ਦਾ ਬਹੁਤ ਪ੍ਰਭਾਵ ਹੈ, ਉਹ ਜਲਦੀ ਤੋਂ ਜਲਦੀ ਅਮੀਰ ਬਣ ਕੇ ਫ਼ਿਲਮੀ ਹੀਰੋਆਂ ਵਰਗਾ ਰੰਗੀਨ ਜੀਵਨ ਬਤੀਤ ਕਰਨਾ ਚਾਹੁੰਦੇ ਹਨ। ਸਮੈਕ ਦੀ ਤਸਕਰੀ ਜਲਦ ਅਮੀਰ ਬਣਨ ਦਾ ਸਰਲ ਤਰੀਕਾ ਹੈ। ਅਸਲ ਵਿੱਚ ਇਹ ਇੱਕ ਸੁਪਨਮਈ ਜੀਵਨ ਬਤੀਤ ਕਰਨ ਦੀ ਤਮੰਨਾ ਤੋਂ ਪ੍ਰੇਰਿਤ ਧੰਦਾ ਹੈ।
ਹੈਰੋਇਨ ਦੇ ਉਤਪਾਦਨ ਦਾ ਫਾਰਮੂਲਾ ਪਤਾ ਲੱਗਣ ਕਾਰਨ ਮੌਜੂਦਾ ਸਮੇਂ ਭਾਰਤ ਦੇ ਕੁਝ ਰਾਜਾਂ (ਮੱਧ ਪ੍ਰਦੇਸ਼, ਰਾਜਸਥਾਨ, ਯੂ.ਪੀ. ਆਦਿ) ਵਿੱਚ ਵੀ ਅਫ਼ੀਮ ਦੀ ਖੇਤੀ ਤੋਂ ਇਸ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਇਸ ਨੂੰ ‘ਦੇਸੀ ਸਮਾਨ’ ਕਿਹਾ ਜਾਂਦਾ ਹੈ। ਪੰਜਾਬ ਵਿੱਚ ਸਮੈਕ ਦੀ ਇੱਕ ਹੋਰ ਕਿਸਮ ਪ੍ਰਚੱਲਤ ਹੈ ਜਿਸ ਨੂੰ ‘ਅੰਗਰੇਜ਼ੀ ਸਮਾਨ’ ਕਿਹਾ ਜਾਂਦਾ ਹੈ ਅਤੇ ਇਸ ਨੂੰ ਇਥੋਪੀਅਨ ਜਾਂ ਕੀਨੀਅਨ ‘ਕਾਲੇ’ ਵੇਚਦੇ ਹਨ।
ਦੋਸਤੋ, ਇਸ ਧੰਦੇ ਦੇ ਪਿੱਛੇ ਛਿਪੇ ‘ਵੱਡੇ ਨਫ਼ੇ ਦੇ ਲਾਲਚ’ ਕਾਰਨ ਭਾਰਤ ਵਿੱਚ ਵੀ ਸਮੈਕ ਦਾ ਜਾਲ ਬੁਰੀ ਤਰ੍ਹਾਂ ਫੈਲ ਚੁੱਕਿਆ ਹੈ। ਮੌਜੂਦਾ ਸਮੇਂ ਪੰਜਾਬ ਸੂਬਾ ਵੀ ਪੂਰੀ ਤਰ੍ਹਾਂ ਇਸ ਦੀ ਭੈੜੀ ਮਾਰ ਹੇਠਾਂ ਆ ਚੁੱਕਾ ਹੈ। ਪੰਜਾਬ ਅੰਦਰ ਇਸ ਨਸ਼ੇ ਦੀ ਸਪਲਾਈ ਮੱਧ ਪ੍ਰਦੇਸ਼, ਯੂ.ਪੀ., ਰਾਜਸਥਾਨ ਅਤੇ ਪਾਕਿਸਤਾਨੀ ਪੰਜਾਬ ਤੋਂ ਹੁੰਦੀ ਹੈ।
ਮੌਜੂਦਾ ਸਮੇਂ ਹੈਰੋਇਨ ਅੰਤਰਰਾਸ਼ਟਰੀ ਆਤੰਕਵਾਦ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਲਈ ਖਾਦ ਦਾ ਕੰਮ ਕਰ ਰਹੀ ਹੈ। ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਭੋਲੇ-ਭਾਲੇ ਲੋਕਾਂ ਨੂੰ ਗੁਮਰਾਹ ਕਰਨ ਲਈ ਉਨ੍ਹਾਂ ਦਾ ਸਮੈਕ ਆਦਿ ਰਾਹੀਂ ‘ਬ੍ਰੇਨਵਾਸ਼’ ਕਰਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਨੂੰ ‘ਮਨੁੱਖੀ ਬੰਬ’ ਬਣਾਉਣ ਲਈ ਵੀ ਮਾਰਫੀਨ ਜਾਂ ਹੈਰੋਇਨ ਆਦਿ ਦੇ ਇੰਜੈਕਸ਼ਨ ਲਗਾਏ ਜਾਂਦੇ ਹਨ। ਜਦੋਂ ਕੁਝ ਭਾਵੁਕ ਕਿਸਮ ਦੇ ਇਨਸਾਨ ਇਸ ਦਲਦਲ ਵਿੱਚ ਫਸ ਜਾਂਦੇ ਹਨ ਤਾਂ ਉਨ੍ਹਾਂ ਦਾ ਬਾਹਰ ਨਿਕਲਣਾ ਨਾਮੁਮਕਿਨ ਬਣ ਜਾਂਦਾ ਹੈ। ਅਜਿਹੇ ਲੋਕਾਂ ਨੂੰ ਸਮੈਕ ਜਾਂ ਮਾਰਫੀਨ ਆਦਿ ਦਾ ਆਦੀ ਬਣਾ ਕੇ ਉਨ੍ਹਾਂ ਤੋਂ ਆਰ.ਡੀ.ਐਕਸ, ਜ਼ਾਅਲੀ ਨੋਟਾਂ, ਹਥਿਆਰਾਂ ਅਤੇ ਨਸ਼ਿਆਂ ਆਦਿ ਦੀ ਸਪਲਾਈ ਵੀ ਕਰਵਾਈ ਜਾਂਦੀ ਹੈ। ਅਸਲ ਵਿੱਚ ਇਨ੍ਹਾਂ ਦੀ ‘ਤਰਕ ਸ਼ਕਤੀ’ ਕਮਜ਼ੋਰ ਅਤੇ ‘ਰਿਸਪਾਂਸ ਪ੍ਰਕਿਰਿਆ’ ਸੁੰਨ ਹੋ ਜਾਂਦੀ ਹੈ, ਜਿਸ ਕਾਰਨ ਇਹ ਸਹਿਜੇ ਹੀ ਦੂਜਿਆਂ ਦੇ ਹੱਥਾਂ ਵਿੱਚ ਵਰਤੇ ਜਾਣ ਦੇ ਕਾਬਲ ਹੋ ਜਾਂਦੇ ਹਨ।
ਮੌਜੂਦਾ ਪ੍ਰਸਥਿਤੀਆਂ ਇਸ ਗੱਲ ਲਈ ਮੰਗ ਕਰ ਰਹੀਆਂ ਹਨ ਕਿ ਸਾਨੂੰ ਸਭ ਨੂੰ ਸਮੈਕ ਜਾਂ ਹੈਰੋਇਨ ਸਬੰਧੀ ਹਰੇਕ ਤੱਥ ਦੀ ਜਾਣਕਾਰੀ ਹੋਵੇ। ਤਾਂ ਕਿ ਅਸੀਂ ਇਸ ਦੀ ਵਰਤੋਂ ਕਰਨ ਵਾਲੇ ਹਰੇਕ ਵਿਅਕਤੀ ਨੂੰ ਸੰਭਾਵਿਤ ਮੁਸ਼ਕਲਾਂ ਤੋਂ ਅਤੇ ਜਾਣੇ-ਅਣਜਾਣੇ ਵਿੱਚ ਅੰਤਰਰਾਸ਼ਟਰੀ ਅੱਤਵਾਦ ਦਾ ਭਾਈਵਾਲ ਬਣਨ ਤੋਂ ਅਗਾਹ ਕਰ ਸਕੀਏ। ਪੰਜਾਬ ਦੀ ਧਰਤੀ ਤੋਂ ਇਸ ਅਲਾਮਤ ਦਾ ਖਾਤਮਾ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਅਜਿਹੇ ਸੁਝਾਓ ਪੇਸ਼ ਕਰੀਏ ਜੋ ਸਾਡੀਆਂ ਬੌਧਿਕ, ਆਰਥਿਕ, ਸੱਭਿਆਚਾਰਕ, ਭੂਗੋਲਿਕ ਅਤੇ ਸਮਾਜਿਕ ਸੀਮਾਵਾਂ ਦੇ ਅਨੁਕੂਲ ਹੋਣ। ਇਸ ਲਈ ਸਾਨੂੰ ਆਪਣੀਆਂ ਸਮੱਰਥਾਵਾਂ ਅਤੇ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਆਹਮੋ-ਸਾਹਮਣੇ ਰੱਖ ਕੇ ਦਰਪੇਸ਼ ਚੁਣੌਤੀ ਦਾ ਹੱਲ ਲੱਭਣਾ ਹੀ ਪਵੇਗਾ। ਨਹੀਂ ਤਾਂ ਸਮੈਕ ਰੂਪੀ ਇਹ ਸਿਉਂਕ ਸਾਡੀਆਂ ਆਉਣ ਵਾਲੀਆਂ ਕਈ ਨਸਲਾਂ ਨੂੰ ਖੋਖਲਾ ਕਰ ਦੇਵੇਗੀ।
ਡਾ. ਮਨਦੀਪ ਗੌੜ
ਸੰਪਰਕ: 97795-87791