ਰਾਜ ਮਾਰਗ ਨੰਬਰ 95 ਦੇ ਨਵ-ਨਿਰਮਾਣ
ਮੌਕੇ ਪੁੱਟ ਕੇ ਸੁੱਟਿਆ ਗਿਆ ਅੰਗਰੇਜ਼ੀ
ਰਾਜ ਵੇਲੇ ਦਾ ਵੱਡ ਅਕਾਰੀ ਮੀਲ ਪੱਥਰ।
|
ਰਾਜ ਮਾਰਗ ਨੰਬਰ 95 ਨੂੰ ਲੁਧਿਆਣਾ ਤੋਂ ਤਲਵੰਡੀ ਭਾਈ ਤੱਕ ਚੌੜਾ ਕਰਕੇ ਇਸ ਦਾ ਨਵਨਿਰਮਾਣ ਕਰਨ ਲੱਗਿਆਂ ਸੰਬੰਧਿਤ ਕੰਪਨੀ ਵਲੋਂ ਪੰਜਾਬ ਦੇ ਪੁਰਾਤਨ ਵਿਰਸੇ ਅਤੇ ਵਿਰਾਸਤ ਨੂੰ ਜਿਉਂ ਦਾ ਤਿਉਂ ਰੱਖਣ ਦੀ ਵੀ ਲੋੜ ਨਹੀਂ ਸਮਝੀ ਗਈ। ਜ਼ੋਰਾਂ ਸ਼ੋਰਾਂ ਨਾਲ਼ ਚੱਲ ਰਹੇ ਰਾਜ ਮਾਰਗ ਦੇ ਕੰਮ ਦੌਰਾਨ ਸੜਕ ਦੇ ਬਿਲਕੁਲ ਕਿਨਾਰੇ 'ਤੇ ਲੱਗੇ ਅੰਗਰੇਜ਼ੀ ਸਾਮਰਾਜ ਵੇਲੇ ਦੇ ਸਾਂਝੇ ਪੰਜਾਬ ਦੀ ਅਸਲ ਤਸਵੀਰ ਨੂੰ ਪੇਸ਼ ਕਰਦੇ ਮੀਲ ਪੱਥਰ ਵੀ ਆਪਣੀ ਹੋਂਦ ਨਾ ਬਚਾ ਸਕੇ। ਸੰਨ 1839 ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਵਲੋਂ ਪੰਜਾਬ ਉੱਪਰ ਆਪਣੇ ਪੈਰ ਜਮਾਉਣ ਉਪਰੰਤ ਅੰਗਰੇਜ਼ੀ ਸਾਮਰਾਜ ਵੱਲੋਂ ਇਸ ਮਾਰਗ ਦਾ ਨਿਰਮਾਣ ਕੀਤਾ ਗਿਆ ਸੀ। ਸੜਕ ਦੇ ਕੰਢੇ ਵੱਖ-ਵੱਖ ਸ਼ਹਿਰਾਂ ਦੀਆਂ ਦੂਰੀਆਂ ਦਰਸਾਉਂਦੇ ਵੱਡ ਅਕਾਰੀ ਮੀਲ ਪੱਥਰ ਲਗਾਏ ਗਏ ਸਨ। ਇਹ ਮੀਲ ਪੱਥਰ ਬਹੁਤ ਹੀ ਵਜ਼ਨਦਾਰ ਅਤੇ ਉੱਚਾਈ ਵਾਲ਼ੇ ਬਣਾਏ ਗਏ ਸਨ ਤਾਂ ਕਿ ਦੂਰੋਂ ਅਸਾਨੀ ਨਾਲ਼ ਇਹਨਾਂ ਉੱਪਰ ਲਿਖੀ ਦੂਰੀ ਪੜ੍ਹੀ ਜਾ ਸਕੇ। ਇਹ ਪੱਥਰ ਸੜਕ ਦੇ ਬਿਲਕੁਲ ਕਿਨਾਰੇ ਤੇ ਲਗਾਏ ਗਏ ਸਨ। ਇਹ ਪੱਥਰ ਜਿਥੇ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੀ ਤਸਵੀਰ ਪੇਸ਼ ਕਰਦੇ ਸਨ ਉੱਥੇ ਸਾਡੀ ਵਿਰਾਸਤ ਵੀ ਬਣ ਚੁੱਕੇ ਸਨ। ਸੜਕ ਕਿਨਾਰੇ ਖੜ੍ਹੇ ਦਰੱਖਤਾਂ ਵਿਚ ਲੁਕ ਕੇ ਇਹ ਮੀਲ ਪੱਥਰ ਹਾਲੇ ਤੱਕ ਆਪਣੀ ਹੋਂਦ ਬਚਾਉਣ ਵਿੱਚ ਕਾਮਯਾਬ ਰਹੇ। ਪ੍ਰੰਤੂ ਹੁਣ ਜਦ ਸੜਕ ਦਾ ਨਵ ਨਿਰਮਾਣ ਕੀਤਾ ਜਾਣ ਲੱਗਾ ਤਾਂ ਸੜਕ ਦੇ ਬਿਲਕੁਲ ਕਿਨਾਰੇ ਖੜ੍ਹੇ ਇਨ੍ਹਾਂ ਮੀਲ ਪੱਥਰਾਂ ਦੀ ਹੋਂਦ ਵੀ ਸਲਾਮਤ ਨਾ ਰਹਿ ਸਕੀ। ਅਜਿਹਾ ਹੀ ਇਕ ਮੀਲ ਪੱਥਰ ਮੰਡੀ ਮੁੱਲਾਂਪੁਰ ਲਾਗਲੇ ਪਿੰਡ ਮੋਰਕਰੀਮਾਂ ਕੋਲ਼ ਲੱਗਿਆ ਹੋਇਆ ਸੀ। ਜੋ ਤਿੰਨ ਕੋਨੇ ਅਕਾਰ ਦਾ ਸੀ। ਇਸ ਦੇ ਉੱਪਰਲੇ ਸਿਰੇ 'ਤੇ ਲਾਹੌਰ 110, ਇਕ ਪਾਸੇ ਫਿਰੋਜਪੁਰ 61, ਜਗਰਾਉਂ 9, ਦੂਸਰੇ ਪਾਸੇ ਦਿੱਲੀ 206, ਲੁਧਿਆਣਾ 15 ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਹੋਇਆ ਸੀ। ਇਹ ਦੂਰੀ ਸ਼ਾਇਦ ਮੀਲਾਂ ਵਿੱਚ ਦਰਸਾਈ ਗਈ ਹੋਵੇ। ਸੜਕ ਦਾ ਕੰਮ ਸ਼ੁਰੂ ਹੋਣ ਤੱਕ ਇਹ ਮੀਲ ਪੱਥਰ ਬਿਲਕੁਲ ਸਲਾਮਤ ਰਿਹਾ ਪਰ ਜਦ ਤੋਂ ਸੜਕ ਦਾ ਨਿਰਮਾਣ ਸ਼ੁਰੂ ਹੋਇਆ ਤਾਂ ਕੰਪਨੀ ਵੱਲੋਂ ਇਸ ਪੁਰਾਤਨ ਪੱਥਰ ਨੂੰ ਜੜੋਂ ਉਖੇੜ ਕੇ ਪੱਥਰ ਹੀ ਗਾਇਬ ਕਰ ਦਿੱਤਾ ਗਿਆ ਹੈ। ਹੋਰ ਸਿਤਮ ਵਾਲ਼ੀ ਗੱਲ ਤਾਂ ਇਹ ਹੈ ਕਿ ਅਜਿਹੇ ਪੱਥਰ ਸੜਕ ਦੇ ਬਿਲਕੁਲ ਕਿਨਾਰੇ ਤੇ ਲੱਗੇ ਹੋਏ ਸੀ, ਜਿਨ੍ਹਾਂ ਦਾ ਸੜਕ ਦੇ ਕੰਮਾਂ ਵਿਚ ਕੋਈ ਅੜਿੱਕਾ ਨਹੀਂ ਸੀ। ਇਸ ਤਰ੍ਹਾਂ ਪੂਰੇ ਪੰਜਾਬ ਵਿਚ ਸਰਕਾਰ ਵੱਲੋਂ ਵਿਕਾਸ ਦੇ ਨਾਮ ਤੇ ਪੁਰਾਤਨ ਵਿਰਾਸਤ ਦਾ ਖੁਰਾਖੋਜ ਮਿਟਾਉਣ ਦਾ ਜੋ ਰੁਝਾਨ ਚੱਲ ਰਿਹਾ ਹੈ ਉਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਸਾਡੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਆਪਣੇ ਵਿਰਸੇ ਅਤੇ ਵਿਰਾਸਤ ਤੋਂ ਵਿਰਵੀਆਂ ਹੋ ਜਾਣਗੀਆਂ। ਜੋ ਪੰਜਾਬੀਆਂ ਦੀ ਵੱਡੀ ਤ੍ਰਾਸਦੀ ਹੋਵੇਗੀ।
ਗੁਰਪ੍ਰੀਤ ਸਿੰਘ ਤਲਵੰਡੀ