ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, September 10, 2012

ਜੀਹਦੇ ਵੱਲ ਮੂੰਹ ਭੁਆ ਕੇ ਲੰਘ ਜਾਂਦੇ ਹੋ ਅੱਜਕਲ੍ਹ


ਇਥੇ ਲੋਕਾਂ ਦੀਆਂ ਖੂਬ ਰੌਣਕਾਂ ਲੱਗਿਆ ਕਰਦੀਆਂ ਸਨ। ਜੱਜ ਆਪਣੇ ਫੈਸਲੇ ਸੁਣਾਇਆ ਕਰਦਾ ਸੀ। ਹੁਣ ਇਸ ਕਿਲ੍ਹੇ ਨੂੰ ਪੁਰਾਣੀਆਂ ਕਚਹਿਰੀਆਂ ਆਖਿਆ ਜਾਂਦਾ ਹੈ।

ਪੰਜਾਬ ਵਿਚ ਅਨੇਕਾਂ ਅਜਿਹੀਆਂ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਹਨ, ਜਿਨ੍ਹਾਂ ਨੂੰ ਸੈਰ-ਸਪਾਟੇ ਲਈ ਵਿਕਸਿਤ ਕੀਤਾ ਜਾ ਸਕਦਾ ਹੈ ਪਰ ਇਹ ਇਮਾਰਤਾਂ ਸਰਕਾਰਾਂ ਦੀ ਅਣਦੇਖੀ ਕਾਰਨ ਖੰਡਰ ਬਣਦੀਆਂ ਜਾ ਰਹੀਆਂ ਹਨ। ਸੁਨਾਮ ਦਾ ਕਿਲ੍ਹਾ ਵੀ ਦੇਖਣਯੋਗ ਸੀ, ਜੋ ਅੱਜਕਲ੍ਹ ਹੌਲੀ-ਹੌਲੀ ਢਹਿ-ਢੇਰੀ ਹੋ ਰਿਹਾ ਹੈ। ਇਹ ਉਹ ਕਿਲ੍ਹਾ ਨਹੀਂ, ਜਿਸ ਵਿਚ ਕਦੇ ਸੁਨਾਮ ਦੀ ਆਬਾਦੀ ਆ ਕੇ ਵਸੀ ਸੀ, ਉਹ ਕਿਲ੍ਹਾ ਹਮਲਾਵਰਾਂ ਦੇ ਹਮਲਿਆਂ ਤੇ ਮੌਸਮ ਦੀਆਂ ਸਖਤੀਆਂ ਨਾਲ ਬਰਬਾਦ ਹੋ ਗਿਆ। ਇਸ ਦੇ ਕੁਝ ਖੰਡਰ ਰਹਿ ਗਏ ਸਨ, ਜੋ ਬੁਰੇ ਲਗਦੇ ਸਨ। ਉਹ ਰਿਆਸਤ ਪਟਿਆਲਾ ਦੇ ਮੋਢੀ ਬਾਬਾ ਆਲ੍ਹਾ ਸਿੰਘ ਨੇ ਗਿਰਵਾ ਦਿੱਤੇ ਸਨ।

ਇਸ ਤੋਂ ਮਗਰੋਂ ਇਥੇ ਇਕ ਹੋਰ ਕਿਲ੍ਹਾ ਉਸਾਰਿਆ ਗਿਆ। ਇਹ ਕਿਲ੍ਹਾ ਸੁਨਾਮ ਦੀ ਆਬਾਦੀ ਦੇ ਦੱਖਣੀ ਭਾਗ ਵਿਚ ਬਣਾਇਆ ਗਿਆ ਸੀ। ਇਸ ਦਾ ਵੱਡਾ ਭਾਗ ਮਹਾਰਾਜਾ ਆਲ੍ਹਾ ਸਿੰਘ ਨੇ ਬਣਵਾਇਆ ਸੀ ਤੇ ਉਸ ਦੀ ਬਾਰਾਂਦਰੀ ਪਟਿਆਲਾ ਦੇ ਰਾਜਾ ਰਾਜਿੰਦਰ ਸਿੰਘ ਵੇਲੇ ਬਣੀ ਸੀ। ਇਸ ਕਿਲ੍ਹੇ ਨੂੰ ਛੋਟੀ ਗੜ੍ਹੀ ਵੀ ਆਖਿਆ ਜਾਂਦਾ ਸੀ। ਪਟਿਆਲਾ ਦੇ ਰਾਜਿਆਂ ਦੀ ਵਸੋਂ ਪਟਿਆਲਾ ਹੀ ਸੀ, ਉਹ ਜਦ ਕਦੇ ਇਧਰ ਦੌਰੇ 'ਤੇ ਆਉਂਦੇ ਤਾਂ ਇਸ ਕਿਲ੍ਹੇ ਵਿਚ ਠਹਿਰਿਆ ਕਰਦੇ ਸਨ। ਕਦੇ ਇਥੇ ਥੋੜ੍ਹੀ ਜਿਹੀ ਫੌਜ ਵੀ ਰੱਖੀ ਜਾਂਦੀ ਸੀ। ਫਿਰ ਇਸ ਵਿਚ ਵਰ੍ਹਿਆਂ ਤਾਈਂ ਕਚਹਿਰੀਆਂ ਲਗਦੀਆਂ ਰਹੀਆਂ। ਇਥੇ ਲੋਕਾਂ ਦੀਆਂ ਖੂਬ ਰੌਣਕਾਂ ਲੱਗਿਆ ਕਰਦੀਆਂ ਸਨ। ਜੱਜ ਆਪਣੇ ਫੈਸਲੇ ਸੁਣਾਇਆ ਕਰਦਾ ਸੀ। ਹੁਣ ਇਸ ਕਿਲ੍ਹੇ ਨੂੰ ਪੁਰਾਣੀਆਂ ਕਚਹਿਰੀਆਂ ਆਖਿਆ ਜਾਂਦਾ ਹੈ।

ਇਸ ਦੇ ਸਾਹਮਣੇ ਦੇ ਦੋ ਬੁਰਜ ਟੁੱਟ ਗਏ ਸਨ। ਪਿਛਲੇ ਪਾਸੇ ਜੋ ਸਥਿਰ ਸਨ, ਉਹ ਵੀ ਟੁੱਟ ਗਏ ਹਨ। ਕਦੇ ਲੋਕ ਇਸ ਸੁੰਦਰ ਇਮਾਰਤ ਨੂੰ ਦੇਖ ਕੇ ਅਸ਼-ਅਸ਼ ਕਰ ਉਠਦੇ ਸਨ ਪਰ ਮੀਂਹ, ਹਨੇਰੀ ਤੇ ਬੇਮੁਰੰਮਤੀ ਨੇ ਇਸ ਨੂੰ ਢਹਿ-ਢੇਰੀ ਕਰ ਦਿੱਤਾ। ਇਸ ਦੀ ਉਪਰਲੀ ਛਤਰੀ ਜਾਂ ਬਾਰਾਂਦਰੀ ਦੀ ਲੱਕੜ ਦੀ ਛੱਤ ਉੱਪਰ ਫੁਲਕਾਰੀ ਦੇ ਨਮੂਨੇ ਦੀ ਬਹੁਤ ਸੁੰਦਰ ਖੁਦਾਈ ਹੋਈ ਸੀ। ਉਸ ਸਮੇਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਡਾ: ਮਹਿੰਦਰ ਸਿੰਘ ਰੰਧਾਵਾ ਯੂਨੀਵਰਸਿਟੀ ਦੇ ਅਜਾਇਬ ਘਰ ਵਿਚ ਇਨ੍ਹਾਂ ਨਮੂਨਿਆਂ ਨੂੰ ਰੱਖਣ ਵਾਸਤੇ ਲੈ ਗਏ ਸਨ। ਇਸ ਦੇ ਹੇਠਲੇ ਭਾਗ ਵਿਚ ਪੀ. ਡਬਲਿਊ. ਡੀ. ਤੇ ਇਨਕਮ ਟੈਕਸ ਵਿਭਾਗ ਦੇ ਦਫਤਰ ਵੀ ਰਹਿ ਚੁੱਕੇ ਹਨ। ਸੁਨਾਮ ਦੇ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਸ ਪੁਰਾਤਨ ਇਮਾਰਤ ਦੀ ਸਾਂਭ-ਸੰਭਾਲ ਕਰਕੇ ਸੈਰ-ਸਪਾਟੇ ਲਈ ਵਿਕਸਿਤ ਕੀਤਾ ਜਾਵੇ। ਸਮੇਂ ਦੇ ਬਦਲਣ ਦੇ ਨਾਲ-ਨਾਲ ਇਸ ਕਿਲ੍ਹੇ ਦਾ ਵਜੂਦ ਵੀ ਖਤਮ ਹੁੰਦਾ ਜਾ ਰਿਹਾ ਹੈ। ਇਸ ਇਮਾਰਤ ਦੇ ਕੋਲੋਂ ਲੰਘਦਿਆਂ ਮੈਨੂੰ ਗੁਰਦਿਆਲ ਪੰਜਾਬੀ ਦੇ ਬੋਲ ਯਾਦ ਆਉਂਦੇ ਹਨ-

ਜੀਹਦੇ ਵੱਲ ਮੂੰਹ ਭੁਆ ਕੇ ਲੰਘ ਜਾਂਦੇ ਹੋ ਅੱਜਕਲ੍ਹ,

ਇਹ ਖੰਡਰ ਵੀ ਕਦੇ ਸੋਹਣੀ ਇਮਾਰਤ ਸੀ।

-ਮੇਜਰ ਸਿੰਘ ਜਖੇਪਲ


Post Comment


ਗੁਰਸ਼ਾਮ ਸਿੰਘ ਚੀਮਾਂ