ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, September 6, 2012

ਬੱਚਿਆਂ ਦੀ ਅਨੋਖੀ ਬੀਮਾਰੀ ਆਟੀਜ਼ਮ


Autism ਜਿਸ ਨੂੰ ਇੱਕ ਡਿਸਆਰਡਰ ਕਿਹਾ ਜਾਂਦਾ ਹੈ। ਡਾਕਟਰੀ ਅਨੁਮਾਨ ਮੁਤਾਬਕ ਅੱਜ ਕੱਲ੍ਹ ਆਟੀਜ਼ਮ ਦਾ ਕੇਸ 80 ਵਿੱਚੋਂ 1 ਬੱਚੇ ਨੂੰ ਹੈ। ਇਹ ਮੁੰਡਿਆਂ ਨੂੰ ਜ਼ਿਆਦਾ ਹੁੰਦਾ ਹੈ। ਭਾਵ ਲੜਕੇ ਲੜਕੀਆਂ ਦੇ ਮੁਤਾਬਕ ਚਾਰ ਗੁਣਾ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਜਿਨ੍ਹਾਂ ਬੱਚਿਆਂ ਨੂੰ ਇਹ ਰੋਗ ਹੁੰਦਾ ਹੈ ਉਨ੍ਹਾਂ ਬੱਚਿਆਂ ਨੂੰ ਸਪੈਸ਼ਲ ਬੱਚੇ, ਵਿਸ਼ੇਸ਼ ਲੋੜਾਂ ਵਾਲੇ ਬੱਚੇ ਕਿਹਾ ਜਾਂਦਾ ਹੈ। ਇਨ੍ਹਾਂ ਦੀਆਂ ਵੀ ਅਲੱਗ- ਅਲੱਗ ਕੈਟਾਗਰੀਆਂ ਹੁੰਦੀਆਂ ਹਨ।
ਇਸ ਬਿਮਾਰੀ ਤੇ ਲੱਛਣਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਅਜਿਹੇ ਬੱਚਿਆਂ ਦੀ ਪਛਾਣ ਕਰ ਸਕਦੇ ਹਾਂ ਜਿਵੇ ਕਿ ਹੋਰ ਬੱਚਿਆਂ ਨਾਲ ਘੁਲਣਾ ਮਿਲਣਾ ਨਹੀਂ, ਇੱਧਰ ਉਧਰ ਭੱਜਣਾ, ਆਪਣੇ-ਆਪ ਵਿੱਚ ਹੀ ਰਹਿਣਾ, ਊਂਟ ਪਟਾਂਗ ਹਰਕਤਾਂ ਕਰਨਾ, ਪਰਿਵਰਤਨ ਪਸੰਦ ਨਾ ਕਰਨਾ, ਆਮ ਬੱਚਿਆਂ ਵਾਂਗ ਸਿੱਖਿਆ ਪ੍ਰਣਾਲੀ ਤੋਂ ਨਾ ਸਿੱਖਣਾ, ਚੀਜ਼ਾਂ ਨੂੰ ਘੁੰਮਾ ਕੇ ਖੁਸ਼ੀ ਮਹਿਸੂਸ ਕਰਨਾ, ਆਪਣੀ ਤਕਲੀਫ ਬਾਰੇ ਨਾ ਦੱਸ ਪਾਉਣਾ ਅਤੇ ਬਹੁਤ ਰੋਣਾ, ਆਵਾਜ਼ ਤੋਂ ਪ੍ਰੇਸ਼ਾਨੀ, ਖਾਸ ਰੰਗ ਤੋਂ ਪ੍ਰੇਸ਼ਾਨੀ ਆਦਿ।
ਇਹ ਇੱਕ ਨਵੀਂ ਪ੍ਰਕਾਰ ਦੀ ਬੀਮਾਰੀ ਹੈ, ਜਿਸ ਦਾ ਪਤਾ ਬੱਚੇ ਵਿੱਚ 2 ਸਾਲ ਤੋਂ ਬਾਅਦ ਲੱਗਦਾ ਹੈ। ਇਸ ਬੀਮਾਰੀ ਵਿੱਚ ਬੱਚੇ ਦਾ ਸਰੀਰਕ ਵਿਕਾਸ ਆਮ ਬੱਚਿਆਂ ਵਾਂਗ ਹੁੰਦਾ ਹੈ। ਪਰ ਕੁੱਝ-ਕੁੱਝ ਗੱਲਾਂ ਹੋਰ ਬੱਚਿਆਂ ਨਾਲੋਂ ਅਲੱਗ ਹੁੰਦੀਆਂ ਹਨ। ਇਸ ਤਰ੍ਹਾਂ ਦਾ ਬੱਚਾ ਹੋਰ ਬੱਚਿਆਂ ਵਾਂਗ ਗੱਲਾਂ ਨਹੀਂ ਕਰਦਾ। ਆਪਣੇ ਆਪ ਵਿੱਚ ਹੀ ਗੁਆਚਿਆ ਰਹਿੰਦਾ ਹੈ। ਹੱਸਦਾ ਹੈ, ਰੋਂਦਾ ਹੈ। ਹੋਰ ਬੱਚਿਆਂ ਵਾਂਗ ਕਿਸੀ ਚੀਜ਼ ਵਾਸਤੇ ਜਿੱਦ ਨਹੀਂ ਕਰਦਾ। ਹੋਲੀ-ਹੋਲੀ ਬੱਚਿਆਂ ਦੇ ਮਾਂ-ਬਾਪ ਨੂੰ ਪਤਾ ਲੱਗਣ ਲੱਗ ਜਾਂਦਾ ਹੈ ਕਿ ਸਾਡਾ ਬੱਚਾ ਹੋਰਨਾਂ ਬੱਚਿਆਂ ਨਾਲੋਂ ਅਲੱਗ ਹੈ। ਆਵਾਜ਼ ਮਾਰਨ ‘ਤੇ ਆਉਂਦਾ ਨਹੀਂ। ਬਾਏ ਨਹੀਂ ਕਰਦਾ, ਕੁੱਝ ਦੱਸਦਾ ਨਹੀਂ, ਬੋਲਦਾ ਨਹੀਂ। ਹੌਲੀ-ਹੌਲੀ ਬੱਚਾ ਆਮ ਬੱਚਿਆਂ ਨਾਲੋਂ ਵੱਖ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਸਮੇ ਬੱਚਿਆਂ ਦੇ ਮਾਂ-ਬਾਪ ਡਾਕਟਰ ਕੋਲ ਜਾਂਦੇ ਹਨ।
ਬਹੁਤੇ ਸਰਕਾਰੀ ਹਸਪਤਾਲਾਂ ਵਿੱਚ ਆਟੀਜ਼ਮ ਦਾ ਕੋਈ ਇਲਾਜ ਨਹੀਂ ਹੈ ਅਤੇ ਨਾ ਹੀ ਕੋਈ ਵਿਵਸਥਾ ਹੈ। ਛੋਟੇ ਹਸਪਤਾਲਾਂ ਵਾਲੇਂ ਤਾਂ ਵੱਡੇ ਹਸਪਤਾਲਾਂ ਵਿੱਚ ਭੇਜ ਦਿੰਦੇ ਹਨ, ਜਿਸ ਕਾਰਨ ਵੱਡੇ ਹਸਪਤਾਲਾਂ ਵਿੱਚ ਜਿਵੇਂ ਪੀ.ਜੀ.ਆਈ. ਚੰਡੀਗੜ੍ਹ ਜਾਂ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਵਿੱਚ ਭੇਜ ਦਿੰਦੇ ਹਨ। ਇਨ੍ਹਾਂ ਹਸਪਤਾਲਾਂ ਵਿੱਚ ਭੀੜ ਜ਼ਿਆਦਾ ਹੋਣ ਕਰਕੇ ਕਾਫੀ ਸਮੇਂ ਬਾਅਦ ਬੁਲਾਉਂਦੇ ਹਨ ਅਤੇ ਟੈਸਟ ਦਾ ਸਮਾਂ ਵੀ ਮਹੀਨੇ ਬਾਅਦ ਦਿੰਦੇ ਹਨ। ਇਨ੍ਹਾਂ ਬੱਚਿਆਂ ਵਿੱਚ ਕਈਂ ਤਰ੍ਹਾਂ ਦੀਆਂ ਸੈਂਸਰੀ ਤਕਲੀਫਾਂ ਹੁੰਦੀਆਂ ਹਨ। ਜਿਵੇਂ ਦੇਖਣ ਵਿੱਚ, ਸੁਣਨ ਵਿੱਚ ਅਤੇ ਹੋਰ ਤਰ੍ਹਾਂ ਦੀਆਂ। ਜਿਨ੍ਹਾਂ ਨੂੰ ਠੀਕ ਕਰਨ ਵਾਸਤੇ ਅਲੱਗ-ਅਲੱਗ ਥਰੈਪੀਆਂ ਦੀ ਜ਼ਰੂਰਤ ਹੁੰਦੀ ਹੈ। ਅੰਗਰੇਜ਼ੀ ਕੋਈ ਵੀ ਤਰ੍ਹਾਂ ਦੀ ਦਵਾਈ ਇਨ੍ਹਾਂ ਨੂੰ ਠੀਕ ਨਹੀਂ ਕਰ ਸਕਦੀ ਅਤੇ ਜੋ ਵੀ ਕੋਈ ਦਵਾਈ ਦੇ ਰਿਹਾ ਹੈ ਉਸ ਦਾ ਕੋਈ ਫਾਇਦਾ ਨਹੀਂ। ਕੁਝ ਹੱਦ ਤੱਕ ਹੋਮਿਓਪੈਥੀ ਵਿੱਚ ਇਲਾਜ ਹੈ ਉਹ ਵੀ ਬਹੁਤ ਘੱਟ। ਸਭ ਤੋਂ ਮਸ਼ਹੂਰ ਥਰੈਪੀ ਦਾ ਨਾਮ ਹੈ ਆਕੂਪੇਸ਼ਨਲ ਥਰੈਪੀ ਜੋ ਪੰਜਾਬ ਵਿੱਚ ਲੁਧਿਆਣਾ ਵਿਖੇ ਸੀ.ਐਮ.ਸੀ. ਹਸਪਤਾਲ ਵਿੱਚ ਹੈ।
ਚੰਡੀਗੜ੍ਹ ਵਿੱਚ ਵੀ ਕੁਝ ਸੈਂਟਰ ਹਨ ਜੋ ਆਟੀਜ਼ਮ ਵਾਲੇ ਬੱਚਿਆਂ ਨੂੰ ਇਲਾਜ ਅਤੇ ਸਿੱਖਿਆ ਦਿੰਦੇ ਹਨ ਅਤੇ ਆਕੂਪੇਸ਼ਨਲ ਥਰੈਪੀ ਵੀ ਉਨ੍ਹਾਂ ਕੋਲ ਮੋਜੂਦ ਹੈ। ਜਿਨ੍ਹਾਂ ਦੀਆਂ ਫੀਸਾਂ ਬਹੁਤ ਜ਼ਿਆਦਾ ਹਨ, ਆਮ ਬੰਦਾ ਨਹੀਂ ਭਰ ਸਕਦਾ ਸਿਰਫ ਅਮੀਰ ਆਦਮੀ ਹੀ 15000 ਰੁਪਏ ਪ੍ਰਤੀ ਮਹੀਨਾ ਫੀਸ ਭਰ ਸਕਦੇ ਹਨ। ਸਪੀਚ ਥੈਰੇਪਿਸਟ ਬੱਚਿਆਂ ਨੂੰ ਬੋਲਣਾ ਸਿਖਾਉਂਦਾ ਹੈ। ਫਿਰ ਗਰੀਬ ਬੱਚਾ ਕਿਥੇ ਜਾਵੇ? ਜਦ ਗਰੀਬ ਮਾਪੇ ਬੱਚੇ ਦਾ ਇਲਾਜ ਨਹੀਂ ਕਰਵਾ ਸਕਦੇ ਤਾਂ ਉਸ ਬੱਚੇ ਨੂੰ ਮੈਂਟਲ ਰਿਟਰੈਟਰਡ  ਬੱਚਿਆਂ ਨਾਲ ਅਤੇ ਗੂੰਗੇ ਬੋਲੇ ਬੱਚਿਆਂ ਨਾਲ ਰਲਾ ਦਿੱਤਾ ਜਾਂਦਾ ਹੈ ਅਤੇ ਉਸ ਦਾ ਇਲਾਜ ਠੀਕ ਢੰਗ ਨਾਲ ਨਹੀਂ ਹੋ ਪਾਉਂਦਾ। ਇਨ੍ਹਾਂ ਬੱਚਿਆਂ ਵਾਸਤੇ ਸਪੈਸ਼ਲ ਖਿਡੌਣੇ ਚਾਹੀਦੇ ਹਨ। ਸਪੈਸ਼ਲ ਆਕੂਪੇਸ਼ਨਲ ਥਰੈਪੀ ਦਾ ਸਾਮਾਨ ਜਿਵੇਂ ਐਕਸਰਸਾਇਜ਼ ਬਾਲ, ਸਪੈਸ਼ਲ ਝੂਲਾ, ਸੈਂਸਰੀ ਖਿਡਾਉਣੇ ਅਤੇ ਹੋਰ ਚੀਜ਼ਾਂ ਆਦਿ।  ਸਪੈਸ਼ਲ ਟੇਬਲ ਅਤੇ ਚੇਅਰ ਜਿਸ ਵਿੱਚ ਆਹਮਣੇ-ਸਾਹਮਣੇ ਬੈਠ ਕੇ ਬੱਚੇ ਨੂੰ ਸਿਖਾਇਆ ਜਾਂਦਾ ਹੈ।
ਕੁੱਝ ਸੰਸਥਾਵਾਂ ਮਦਰ ਚਾਇਲਡ ਪ੍ਰੋਗਰਾਮ ਚਲਾਉਂਦੀਆਂ ਹਨ, ਜੋ ਕਿ ਆਟੀਜ਼ਮ ਦੇ ਬੱਚਿਆਂ ਦੀਆਂ ਮਾਵਾਂ ਨੂੰ ਟਰੇਨਿੰਗ ਦਿੰਦੀਆਂ ਹਨ। ਕਿਵੇਂ ਬੱਚੇ ਨੂੰ ਪੜ੍ਹਾਉਣਾ ਹੈ, ਕਿਵੇਂ ਸਿਖਾਉਣਾ ਹੈ ਤਾਂ ਜੋ ਉਹ ਰੋਜ਼ਮਰਾ ਦੀਆਂ ਚੀਜ਼ਾਂ ਸਿਖ ਸਕੇ। ਇਨ੍ਹਾਂ ਬੱਚਿਆਂ ਵਾਸਤੇ ਸਪੈਸ਼ਲ ਚੀਜ਼ਾਂ ਇੱਕ ਤਾਂ ਮਿਲਦੀਆਂ ਬਹੁਤ ਮੁਸ਼ਕਲ ਨਾਲ ਹਨ ਜੇ ਮਿਲਦੀਆਂ ਵੀ ਹਨ ਤਾਂ ਉਹ ਬਹੁਤ ਮਹਿੰਗੀਆਂ ਹੁੰਦੀਆਂ ਹਨ।
ਕਈ ਵਾਰੀ ਮਾਪੇ ਡਾਕਟਰਾਂ ਕੋਲ ਜਾਣ ਦੀ ਬਜਾਏ ਅੰਧ ਵਿਸ਼ਵਾਸ਼ੀ ਬਣ ਜਾਂਦੇ ਹਨ। ਪ੍ਰੇਸ਼ਾਨ ਮਾਪੇ ਕੀ ਕਰਨ ਜੋ ਲੋਕ ਕਹਿੰਦੇ ਹਨ ਉਹ ਕਰਦੇ ਹਨ। ਵਿਸ਼ੇਸ਼ ਬਾਬੇ ਕੋਲ ਜਾਓ, ਫਲਾਣੇ ਬਾਬੇ ਕੋਲ ਜਾਓ, ਇਸ ਧਾਰਮਿਕ ਅਸਥਾਨ ‘ਤੇ 5 ਵਾਰ ਜਾਓ, ਇਸ ਧਾਰਮਿਕ ਅਸਥਾਨ ‘ਤੇ 11 ਵਾਰ ਜਾਓ, ਉਥੇ ਜਾ ਕੇ ਕੋਈ ਵਿਸ਼ੇਸ਼ ਚੀਜ਼ ਦਾਨ ਕਰੋ, ਸੋਨਾ ਦਾਨ ਕਰੋ, ਪੈਸੇ ਦਾਨ ਕਰੋ, ਤੁਹਾਡਾ ਬੱਚਾ ਬੋਲ  ਜਾਏਗਾ, ਬਹੁਤ ਬੋਲੇਗਾ ਇਹ ਬਾਬਾ ਚੰਗਾ ਹੈ। ਕਈ ਵਾਰੀ ਬੱਚਿਆਂ ਨੂੰ ਬੰਨ ਕੇ ਵੀ ਰੱਖਿਆ ਜਾਂਦਾ ਹੈ। ਫੇਰ ਜਦ ਕੋਈ ਹੱਲ ਨਹੀਂ ਨਿਕਲਦਾ ਤਾਂ ਉਹ ਨਿਰਾਸ਼ ਹੋ ਜਾਂਦੇ ਹਨ।
ਆਮ ਤੋਰ ‘ਤੇ ਹੁਣ ਇਸ ਬਾਰੇ ਸਾਰੇ ਡਾਕਟਰਾਂ ਨੂੰ ਪਤਾ ਹੈ ਅਤੇ ਕੁੱਝ ਡਾਕਟਰ ਬਹੁਤ ਚੰਗੇ ਹਨ ਸੋ ਇਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਸਹੀ ਰਾਹ ਪਾਉਂਦੇ ਹਨ। ਡਾਕਟਰ ਕੁਝ ਟੈਸਟ ਕਰਵਾਉਂਦੇ ਹਨ ਅਤੇ ਰਿਪੋਰਟਾਂ ਆਉਣ ਤੋਂ ਬਾਅਦ ਆਪਣੀ ਰਾਏ ਦਿੰਦੇ ਅਤੇ ਮਾਤਾ-ਪਿਤਾ ਨੂੰ ਬੀਮਾਰੀ ਬਾਰੇ ਦੱਸ ਦਿੰਦੇ ਹਨ। ਪਰ ਕੁਝ ਲਾਲਚੀ ਕਿਸਮ ਦੇ ਡਾਕਟਰ ਵੀ ਹੁੰਦੇ ਹਨ। ਜੋ ਕਿ ਮਾਤਾ -ਪਿਤਾ ਨੂੰ ਇਹ ਕਹਿ ਦਿੰਦੇ ਹਨ ਕਿ ਤੁਹਾਡਾ ਬੱਚਾ ਅਬਨਾਰਮਲ ਹੈ ਜਾਂ ਹੋਰ ਬੀਮਾਰੀ ਹੈ ਅਤੇ  ਤੁਹਾਨੂੰ ਇਸ ਨੂੰ ਮਹਿੰਗਾ ਬਰੈਨ ਟਾਨਿਕ ਦੇਣਾ ਹੀ ਪਵੇਗਾ, ਅਤੇ ਡਾਕਟਰ ਆਪਣਾ ਮਹਿੰਗਾ ਬਰੇਨ ਟਾਨਿਕ ਹਰ ਮਹੀਨੇ ਵੇਚੀ ਜਾਂਦੇ ਹਨ ਅਤੇ ਆਖਦੇ ਹਨ ਕਿ ਬਰੇਨ ਟਾਨਿਕ ਪੀਣ ਨਾਲ ਤੁਹਾਡਾ ਬੱਚਾ ਠੀਕ ਹੋ ਜਾਵੇਗਾ।
ਸਾਡੇ ਸਾਹਮਣੇ ਇਹ ਸੁਆਲ ਪੈਦਾ ਹੁੰਦਾ ਹੈ ਕਿ ਕੀ ਅਜਿਹੇ ਬੱਚੇ ਸਿੱਖਿਆ ਪ੍ਰਾਪਤ ਕਰ ਸਕਦੇ ਹਨ? ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਬੱਚਾ ਹੋਰ ਬੱਚਿਆਂ ਵਿੱਚ ਰਹੇਗਾ ਤਾਂ ਉਥੇ ਜਾ ਕੇ ਬੋਲਣਾ ਸਿੱਖ ਜਾਵੇਗਾ ਅਤੇ ਮਾਂ-ਬਾਪ ਬੱਚੇ ਨੂੰ ਪਲੇਅ ਸਕੂਲ ਭੇਜ ਦਿੰਦੇ ਹਨ ਜਾਂ ਆਮ ਸਕੂਲ ਵਿੱਚ ਹੋਰ ਬੱਚਿਆਂ ਨਾਲ ਭੇਜ ਦਿੰਦੇ ਹਨ। ਲਾਲਚ ਵਸ ਆ ਕੇ ਸਕੂਲਾਂ ਵਾਲੇ ਬੱਚਿਆਂ ਦਾ ਦਾਖਲਾ ਕਰ ਲੈਂਦੇ ਹਨ ਅਤੇ ਕਹਿੰਦੇ ਹਨ ਕਿ ਅਸੀਂ ਬੱਚੇ ਦੀ ਚੰਗੀ ਦੇਖ-ਭਾਲ ਕਰਾਂਗੇ ਅਤੇ ਹੋਰਨਾਂ ਬੱਚਿਆਂ ਵਾਂਗ ਸਿਖਾਵਾਂਗੇ, ਪਰ ਇਨ੍ਹਾਂ ਬੱਚਿਆਂ ਦੀਆਂ ਵਿਸ਼ੇਸ਼ ਲੋੜਾਂ ਹੁੰਦੀਆਂ ਹਨ, ਬੱਚਾ ਧਿਆਨ ਨਹੀਂ ਦਿੰਦਾ, ਬੱਚੇ ਨੂੰ ਧਿਆਨ ਦਿਵਾਉਣ ਦੇ ਅਲੱਗ-ਅਲੱਗ ਤਰੀਕੇ ਹੁੰਦੇ ਹਨ। ਬੱਚੇ ਦਾ ਧਿਆਨ ਨਾ ਦੇਣ ਕਰਕੇ ਇਹ ਬੱਚੇ ਨੂੰ ਅਣਗੋਲਿਆ ਕਰੀ ਜਾਂਦੇ ਹਨ। ਬੱਚਾ ਕੁਝ ਸਿਖ ਨਹੀਂ ਪਾਉਂਦਾ, ਕੁਝ ਬੱਚੇ ਨੂੰ ਸਖਤੀ ਨਾਲ ਸਿਖਾਉਂਦੇ ਹਨ, ਅਤੇ ਬੱਚਾ ਅਲੱਗ ਹੀ ਰਹਿੰਦਾ ਹੈ, ਜਿਸ ਨਾਲ ਬੱਚੇ ਦਾ ਸਿਰਫ ਨੁਕਸਾਨ ਹੀ ਹੁੰਦਾ ਹੈ ਫਾਇਦਾ ਕੋਈ ਨਹੀਂ ਹੁੰਦਾ। ਕਈ ਮਾਂ ਬਾਪ ਇਸ ਗੱਲ ਨੂੰ ਸਮਝਦੇ ਨਹੀਂ ਹਨ ਕਿ ਉਨ੍ਹਾਂ ਦੇ ਬੱਚੇ ਆਮ ਨਾਲੋਂ ਵੱਖਰੇ ਹਨ ਅਤੇ ਆਪਣੇ ਬੱਚੇ ਨੂੰ ਨਾਰਮਲ ਸਕੂਲ ਵਿੱਚ ਭੇਜੀ ਜਾਂਦੇ ਹਨ, ਸਕੂਲ ਵਾਲੇ ਵੀ ਬੱਚੇ ਨੂੰ ਸਾਲ ਬਾਅਦ ਅਗਲੀ ਕਲਾਸ ਵਿੱਚ ਭੇਜ ਦਿੰਦੇ ਹਨ ਚਾਹੇ ਬੱਚੇ ਨੇ ਪੜ੍ਹਾਈ ਦਾ ਇੱਕ ਅੱਖਰ ਵੀ ਨਹੀਂ ਸਿੱਖਿਆ ਹੁੰਦਾ।
ਸਰਵ ਸਿੱਖਿਆ ਅਭਿਆਨ ਵੱਲੋਂ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ। ਭਾਵੇਂ ਸਰਵ ਸਿੱਖਿਆ ਅਭਿਆਨ ਕੋਲ ਸਪੈਸ਼ਲ ਐਜੂਕੇਟਰ ਮੌਜੂਦ ਹਨ ਅਤੇ ਹੈਲਪਰ ਵੀ ਹਨ। ਪਰ ਆਟੀਜ਼ਮ ਬਾਰੇ ਸਿੱਖਿਆ ਘੱਟ ਹੈ। ਆਟੀਜ਼ਮ ਵਿੱਚ ਸਪੈਸ਼ਲ ਬੀਐੱਡ ਵਾਲੇ ਸਪੈਸ਼ਲ ਐਜੂਕੇਟਰ ਬਹੁਤ ਘੱਟ ਹਨ। ਉਨ੍ਹਾਂ ਕੋਲ ਸਾਧਨ ਵੀ ਮੌਜੂਦ ਨਹੀਂ ਹਨ। ਉਨ੍ਹਾਂ ਕੋਲ ਆਕੂਪੇਸ਼ਨਲ ਥਰੈਪਿਸਟ ਵੀ ਨਹੀਂ ਹਨ ਜੋ ਬੱਚਿਆਂ ਦੀਆਂ ਸੈਂਸਰੀ ਪ੍ਰੇਸ਼ਾਨੀਆਂ ਨੂੰ ਦੂਰ ਕਰ ਸਕਣ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਬੱਚਿਆਂ ਵਾਸਤੇ ਸਪੈਸ਼ਲ ਸਕੂਲ ਖੋਲ੍ਹੇ ਜਾਣ ਜਿਨ੍ਹਾਂ ਵਿੱਚ ਆਕੂਪੇਸ਼ਨਲ ਥਰੈਪਿਸਟ ਹੋਣ, ਸਪੈਸ਼ਲ ਐਜੂਕੇਟਰ ਹੋਣ, ਸਪੀਚ ਥਰੈਪਿਸਟ ਹੋਣ, ਅਤੇ ਵਿਸ਼ੇਸ਼ ਖਿਡੌਣੇ ਅਤੇ ਹੋਰ ਸਾਮਾਨ ਜਿਹੜੇ ਇਨ੍ਹਾਂ ਬੱਚਿਆਂ ਵਾਸਤੇ ਚਾਹੀਦੇ ਹਨ ਉਹ ਮੌਜੂਦ ਹੋਣ। ਟੀਚਰਾਂ ਨੂੰ ਸਰਵੇ ਕਰਨ ਵਾਸਤੇ ਭੇਜਿਆ ਜਾਂਦਾ ਹੈ। ਸਰਵੇ ਵਾਸਤੇ ਹੋਰ ਵੱਖਰਾ ਸਟਾਫ ਰੱਖਿਆ ਜਾਵੇ ਤੇ ਜੋ ਗਰੀਬ ਮਾਪੇ ਆਪਣੇ ਬੱਚੇ ਦਾ ਇਲਾਜ ਨਹੀਂ ਕਰਵਾ ਸਕਦੇ ਉਨ੍ਹਾਂ ਦਾ ਮੁਫਤ ਇਲਾਜ ਕੀਤਾ ਜਾਵੇ ਤਾਂ ਕਿ ਅਜਿਹੀ ਕਿਸਮ ਦੇ ਬੱਚੇ ਮਾਪਿਆਂ ਉਪਰ ਬੋਝ ਨਾ ਬਣਨ।
ਇਹ ਸਾਰਾ ਕੁਝ ਦੇਖ ਕੇ ਕਈ ਸੁਆਲ ਪੈਦਾ ਹੁੰਦੇ ਹਨ। ਕੀ ਗਰੀਬ ਸਪੈਸ਼ਲ ਬੱਚੇ ਸਪੈਸ਼ਲ ਸਹੂਲਤਾਂ ਨਹੀਂ ਲੈ ਸਕਦੇ? ਕੀ ਛੋਟੇ ਸ਼ਹਿਰਾਂ ਵਾਲੇ ਲੋਕ ਜਿਹੜੇ ਵੱਡੇ ਸ਼ਹਿਰਾਂ ਵਿੱਚ ਨਹੀਂ ਜਾ ਸਕਦੇ ਉਹ ਸਪੈਸ਼ਲ ਬੱਚਿਆਂ ਨੂੰ ਸਹੂਲਤਾਂ ਕਿਥੋਂ ਦੇਣਗੇ ?
*ਸਤਿੰਦਰ ਪਾਲ ਸਿੰਘ
ਸੰਪਰਕ: 98760-60924



Post Comment


ਗੁਰਸ਼ਾਮ ਸਿੰਘ ਚੀਮਾਂ