ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, September 9, 2012

ਸਿੱਖ ਫਲਸਫ਼ੇ ਵਿਚ ਸ਼ਹਾਦਤ


ਸਿੱਖ ਜੀਵਨ ਜਾਚ ਇਕ ਅਨੋਖੀ ਤੇ ਅਣਮੁੱਲੀ ਜੀਵਨ ਦਾਤ ਹੈ, ਜੋ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਬਖਸ਼ੀ। ਇਸ ਨੂੰ ਜਾਣ ਕੇ ਇਸ ਤਰ੍ਹਾਂ ਦਾ ਅਨੁਭਵ ਹੁੰਦਾ ਹੈ ਕਿ ਸੰਸਾਰ ਅੰਧ-ਵਿਸ਼ਵਾਸਾਂ, ਨਿਰਾਰਥਕ ਵਿਸ਼ਵਾਸਾਂ ਅਤੇ ਕਰਮਕਾਡਾਂ ਵਿਚ ਫਸਿਆ ਆਪਣਾ ਜੀਵਨ ਅਜਾਈਂ ਹੀ ਗਵਾ ਰਹੇ ਸਨ। ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਗਿਆਨ ਪ੍ਰਸਾਰ ਨੇ ਜੀਵਨ ਦੀਆਂ ਕੀਮਤਾਂ ਹੀ ਬਦਲ ਦਿੱਤੀਆਂ। ਜੀਵਨ ਦੇ ਮਨੋਰਥ ਦਾ ਪਤਾ ਲੱਗਾ, ਇਹ ਨਿਰਾ ਪਾਠ-ਪੂਜਾ ਦਾ ਧਰਮ ਹੀ ਨਹੀਂ, ਸਗੋਂ ਜੀਵਨ ਦੇ ਸਾਰੇ ਹੀ ਖੇਤਰਾਂ-ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਜੀਵਨ ਨੂੰ ਠੀਕ ਸੇਧ ਦੇਣਾ ਸੀ। ਗੁਰੂ ਸਾਹਿਬ ਨੂੰ ਸਮੇਂ ਦੇ ਪ੍ਰਚਲਿਤ ਧਰਮਾਂ ਅਤੇ ਰਾਜਸੀ ਆਗੂਆਂ ਦਾ ਵਿਰੋਧ ਵੀ ਸਹਿਣ ਕਰਨਾ ਪਿਆ। ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਦੇ ਗਲਤ ਵਿਸ਼ਵਾਸਾਂ ਅਤੇ ਗਲਤ ਕੰਮਾਂ ਦਾ ਬੜੀ ਦਲੇਰੀ ਅਤੇ ਨਿਡਰਤਾ ਨਾਲ ਖੰਡਨ ਕੀਤਾ ਅਤੇ ਸੱਚ ਦਾ ਮਾਰਗ ਦੱਸਿਆ।

ਗੁਰੂ ਸਾਹਿਬ ਨੇ ਸੰਸਾਰ ਨੂੰ ਕੇਵਲ ਇਕ ਨਵੀਂ ਵਿਚਾਰਧਾਰਾ ਹੀ ਨਹੀਂ ਦਿੱਤੀ, ਸਗੋਂ ਇਸ ਰੱਬੀ ਤੇ ਇਲਾਹੀ ਜੀਵਨ ਜਾਚ ਦੇ ਪ੍ਰਚਾਰ, ਪ੍ਰਸਾਰ ਦਾ ਪ੍ਰਬੰਧ ਵੀ ਕੀਤਾ। ਉਨ੍ਹਾਂ ਨੇ ਆਪ ਜੀਵਨ ਭਰ ਭਾਰਤ ਅਤੇ ਨਾਲ ਲਗਦੇ ਦੇਸ਼ਾਂ ਵਿਚ ਵਿਚਰ ਕੇ ਲੋਕਾਂ ਨੂੰ ਜਾਗ੍ਰਿਤ ਕੀਤਾ। ਉਸ ਸਮੇਂ ਦੇ ਵੱਡੇ ਧਰਮ ਅਸਥਾਨਾਂ 'ਤੇ ਪਹੁੰਚ ਕੇ ਸੱਚ ਦੇ ਮਗਰ ਲਾਇਆ। ਇਥੇ ਹੀ ਬੱਸ ਨਹੀਂ, ਸਗੋਂ 230 ਸਾਲ ਦੇ ਸਮੇਂ ਤੱਕ ਸਰੀਰਕ ਰੂਪ ਬਦਲ ਕੇ ਮਨੁੱਖ ਨੂੰ ਪ੍ਰਭੂ ਲੜ ਲਾਇਆ। ਅਰੰਭ ਤੋਂ ਹੀ ਪੁਰਾਤਨਵਾਦੀ ਅਤੇ ਲੋਕ ਦੁਸ਼ਮਣ ਤਾਕਤਾਂ 'ਸੱਚ' ਨੂੰ ਦਬਾਉਣ ਲਈ ਯਤਨਸ਼ੀਲ ਸਨ। ਰਾਜ-ਸੱਤਾ ਅਤੇ ਧਾਰਮਿਕ ਕੱਟੜਵਾਦ ਜਦੋਂ ਇਕੱਠੇ ਹੋ ਜਾਣ ਤਾਂ ਜਨਤਾ 'ਤੇ ਕਹਿਰ ਗੁਜ਼ਰਦਾ ਹੈ। ਉਸ ਕਹਿਰ ਨੂੰ ਠੱਲ੍ਹਣ ਲਈ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਦੇਣੀ ਪਈ। ਇਨ੍ਹਾਂ ਮਹਾਨ ਸ਼ਹੀਦੀਆਂ ਨੇ ਸਿੱਖ ਪੰਥ ਦੀ ਮਾਨਵੀ ਵਿਚਾਰਧਾਰਾ ਨੂੰ ਹੋਰ ਬਲ ਬਖਸ਼ਿਆ। ਖਾਲਸਾ ਪੰਥ ਦੀ ਸਾਜਨਾ ਹੋਈ ਅਤੇ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਅਧੀਨ ਸਮਰੱਥ ਸ਼ਕਤੀ ਪ੍ਰਦਾਨ ਕਰ ਦਿੱਤੀ।

ਸੰਨ 1469 ਤੋਂ 1608 ਤੱਕ ਦਾ ਸਫਰ ਮਨੁੱਖੀ ਨਾਮ ਨੂੰ ਸੇਧ ਦੇਣ, ਸੰਵਾਰਨ ਤੇ ਸਿਮਰਨ ਮਗਰੋਂ ਇਸ ਤਰ੍ਹਾਂ ਦਾ ਸੱਜਣ ਸਿੱਖ ਤਿਆਰ ਹੋ ਗਿਆ, ਜਿਸ ਤਰ੍ਹਾਂ ਦਾ ਗੁਰੂ ਅਰਜਨ ਦੇਵ ਜੀ ਨੇ ਚਿਤਾਇਆ ਸੀ ਜਾਂ ਬਣਨ ਨੂੰ ਕਿਹਾ ਸੀ, ਉਹ 'ਜੋਤਿ ਸਰੂਪ' ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਉਸ ਖਾਲਸੇ ਨੂੰ ਵੇਖ-ਪਰਖ, ਗਦ-ਗਦ ਹੋ ਗਏ ਸਨ ਅਤੇ ਆਪਣੇ ਮੁਖਾਰਬਿੰਦ ਤੋਂ ਬਚਨ ਕੀਤੇ ਸਨ ਕਿ 'ਖਾਲਸਾ ਮੇਰੋ ਰੂਪ ਹੈ ਖਾਸ॥ ਖਾਲਸੇ ਮੈਂ ਹੂੰ ਕਰੂੰ ਨਿਵਾਸ॥' ਇਥੇ ਹੀ ਬੱਸ ਨਹੀਂ, ਸਗੋਂ ਗੁਰੂ ਹੁਕਮਾਂ ਬਾਣੀ ਅਨੁਸਾਰ ਜੀਵਤ ਜੀਵਨ ਨੂੰ ਤਾਂ ਪ੍ਰਮਾਤਮਾ ਦਾ ਰੂਪ ਹੀ ਫ਼ਰਮਾਇਆ।

ਇਹੋ ਹੀ ਮੁਕਤੀ ਹੈ, ਅਭੇਦ ਹੋਣਾ ਹੈ, ਪ੍ਰਭੂ ਨੂੰ ਪਾ ਲੈਣਾ ਹੈ, ਇਸ ਤੋਂ ਵੱਖਰਾ ਤਾਂ ਕੁਝ ਵੀ ਨਹੀਂ। ਵਿਸ਼ੇਸ਼ ਗੱਲ ਇਹ ਹੈ ਕਿ ਹਿੰਦੂ ਜਾਂ ਹੋਰ ਪੂਰਬੀ ਧਰਮਾਂ ਦੇ ਅਨੁਸਾਰ ਇਹ ਮੌਤ ਤੋਂ ਬਾਅਦ ਦੀ ਅਵਸਥਾ ਨਹੀਂ, ਸਗੋਂ ਜੀਵ ਦੇ ਸੰਸਾਰ ਸਾਗਰ ਵਿਚ ਵਿਚਰਦੇ ਮਨੁੱਖ ਦੀ ਹੀ ਹੈ। ਆਪਣਾ ਕਾਰ-ਵਿਹਾਰ ਕਰਦੇ, ਗ੍ਰਿਸਤ ਭੋਗਦੇ ਮਨੁੱਖ ਦੀ ਹੈ। ਇਹ ਹੀ ਜ਼ਿੰਦਗੀ ਦਾ ਮਕਸਦ ਹੈ, ਇਸ ਅਵਸਥਾ 'ਤੇ ਪਹੁੰਚਣ ਦੀ ਦੌੜ ਵਿਚ ਸਿੱਖ, ਸੰਗਤ ਕਰਦਾ ਹੈ, ਸੇਵਾ ਸਿਮਰਨ ਕਰਦਾ ਹੈ ਅਤੇ ਗੁਰਬਾਣੀ ਦੇ ਲੜ ਲੱਗਾ ਰਹਿੰਦਾ ਹੈ।

ਸ਼ਹੀਦੀ

ਮੌਤ ਸ਼ਹੀਦਾਂ ਦੇ ਜੀਵਨ ਦਾ ਇਕ ਪੜਾਅ ਹੈ। ਸ਼ਹੀਦ ਮੌਤ ਤੋਂ ਮਗਰੋਂ ਵੀ ਜੀਵਤ ਹੁੰਦਾ ਹੈ। ਆਮ ਆਦਮੀ ਜਦੋਂ ਗੁਜ਼ਰ ਜਾਂਦਾ ਹੈ ਤਾਂ ਅਸੀਂ ਕਹਿ ਦਿੰਦੇ ਹਾਂ 'ਇਸ ਦਾ ਅੰਤ ਆ ਗਿਆ'। ਸ਼ਹੀਦਾਂ ਬਾਰੇ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਅਤੇ ਨਾ ਹੀ ਕਹਿ ਸਕਦੇ ਹਾਂ। ਮਰਨਾ ਤੇ ਆਖਰ ਸਭ ਨੇ ਹੀ ਹੈ। ਗੁਰਬਾਣੀ ਫ਼ਰਮਾਨ :

ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ ਪੰਨਾ 579

ਮਰਨ ਦਾ ਹੱਕ ਕੇਵਲ ਉਨ੍ਹਾਂ ਸੂਰਮਿਆਂ ਨੂੰ ਹੀ ਹੁੰਦਾ ਹੈ, ਜੋ ਪ੍ਰਵਾਨ ਹੋ ਕੇ ਮਰਦੇ ਹਨ। ਪ੍ਰਵਾਨ ਹੋਣ ਵਾਲਾ ਆਪਣੇ ਨਿਸ਼ਾਨੇ ਤੇ ਸਿਧਾਂਤ ਨਾਲ ਇੰਨਾ ਪਿਆਰ ਕਰਦਾ ਹੈ ਕਿ ਮੌਤ ਉਸ ਨੂੰ ਡਰਾਉਣੀ ਨਹੀਂ ਲਗਦੀ, ਉਹ ਭੈ-ਭਿਨ ਨਹੀਂ ਹੁੰਦਾ, ਉਸ ਨੂੰ 'ਆਰਾ ਪਿਆਰਾ ਲਗਤ ਹੈ' ਤਦ ਹੀ ਭਗਤ ਕਬੀਰ ਫਰਮਾਉਂਦੇ ਹਨ :

ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ॥ ਪੰਨਾ 1367

ਇਹ 'ਹਰੀ ਦਾ ਦੁਆਰ' ਕਿਸੇ ਮੰਦਰ, ਮਸਜਿਦ ਜਾਂ ਗੁਰਦੁਆਰੇ ਦਾ ਦਰ ਨਹੀਂ, ਸਗੋਂ ਹਰੀ ਤਾਂ ਹਰ ਕਿਸੇ ਵਿਚ, ਹਰ ਜਗ੍ਹਾ 'ਤੇ ਆਪਣਾ ਨੂਰ ਵਿਖਾ ਰਿਹਾ ਹੈ। ਭਗਤ ਕਬੀਰ ਦੀ ਬਾਣੀ :

ਹਰਿ ਮੇ ਤਨਿ ਹੈ ਤਨਿ ਮੇ ਹਰਿ ਹੈ ਸਰਬ ਨਿਰੰਤਰ ਸੋਇ ਰੇ॥

ਜਨਤਾ 'ਤੇ ਹੋ ਰਹੇ ਜ਼ੁਲਮ ਅਤੇ ਅਨਿਆਂ ਨੂੰ ਰੋਕਣਾ, ਅਣਖ ਅਤੇ ਸਵੈ-ਮਾਣ ਨਾਲ ਜਿਊਣ ਦਾ ਰਾਹ ਹੀ 'ਹਰੀ ਕੇ ਦੁਆਰ' ਨੂੰ ਜਾਂਦਾ ਹੈ।

ਗੁਰੂ ਸਾਹਿਬ ਮਰਨ ਨੂੰ ਸਸਤੀ ਜਿਹੀ ਘਟਨਾ ਨਹੀਂ ਬਣਾਉਣਾ ਚਾਹੁੰਦੇ ਸਨ। ਇਹ ਠੀਕ ਹੈ ਕਿ ਮਰਨਾ ਬਹੁਤ ਔਖਾ ਲਗਦਾ ਹੈ ਪਰ ਇਤਿਹਾਸ ਵਿਚ ਲੋਕ ਵਾਹ-ਵਾਹ ਦੀ ਖਾਤਰ ਜਾਂ ਲੋਕ ਲਾਜ ਦੀ ਖਾਤਰ, ਜਾਂ ਹਠ ਜਾਂ ਜਿਦ ਵਿਚ ਆ ਕੇ ਰਣ ਵਿਚ ਲੜਦੇ ਸੂਰਮਗਤੀ ਕਰਕੇ ਮਰ ਜਾਂਦੇ ਹਨ। ਸ਼ਰਧਾਵਾਨ, ਵਹਿਮ ਜਾਂ ਧਾਰਮਿਕ ਕੱਟੜਵਾਦ ਕਾਂਸੀ ਦੇ ਕਲਵਤਰ ਨਾਲ ਆਪਣੇ ਟੋਟੇ-ਟੋਟੇ ਕਰਵਾ ਲੈਂਦੇ ਹਨ। ਇਹ ਸਾਰੇ ਸ਼ਹੀਦ ਤਾਂ ਨਹੀਂ ਹੋ ਸਕਦੇ। ਗੁਰੂ ਅਰਜਨ ਦੇਵ ਜੀ ਫ਼ਰਮਾਉਦੇ ਹਨ :

'ਨਿਮਖ ਨਿਮਖ ਕਰਿ ਸਰੀਰੁ ਕਟਾਵੈ, ਤਉ ਭੀ ਹਊਮੈ ਮੈਲੁ ਨ ਜਾਵੈ॥'

ਇਸ ਤਰ੍ਹਾਂ ਇਹ 'ਹੋਇ ਮਰਨਿ ਪਰਵਾਣੋ' ਦੀ ਪੱਧਰ ਤੋਂ ਬਹੁਤ ਥੱਲੇ ਰਹਿ ਜਾਂਦੇ ਹਨ। ਸ਼ਹੀਦ ਦਾ ਦਰਜਾ ਬਹੁਤ ਉੱਚਾ ਹੈ। ਗੁਰਬਾਣੀ ਫ਼ਰਮਾਨ :

ਮਰਨੌ ਮਰਨੁ ਕਹੈ ਸਭੁ ਕੋਈ॥ ਸਹਜੇ ਮਰੈ ਅਮਰੁ ਹੋਇ ਸੋਈ॥ ਪੰਨਾ 327

ਮਰਨਾ ਤੇ ਸਭ ਨੇ ਹੀ ਹੈ, ਅਰਥ ਉਹ ਹੁੰਦਾ ਹੈ, ਮਰਨਾ ਉਸ ਦਾ ਪ੍ਰਵਾਨ ਹੈ ਜੋ ਸਹਜ ਵਿਚ ਮਰਦਾ ਹੈ। ਸਹਜ ਨੂੰ ਪ੍ਰਾਪਤ ਕਰਨਾ ਪਹਿਲੀ ਸ਼ਰਤ ਹੈ ਸ਼ਹੀਦੀ ਦੀ ਦਸਤਾਰ ਪਹਿਨਣ ਲਈ। ਇਹ ਇਕ ਐਸੀ ਤਰ੍ਹਾਂ ਦਾ ਮਰਨਾ ਹੈ ਕਿ ਫਿਰ ਕਦੀ ਮਰਨਾ ਹੀ ਨਹੀਂ ਪੈਂਦਾ। ਕਮਜ਼ੋਰ, ਡਰਾਕਲ, ਬੇਗੈਰਤ ਇਕ ਦਿਨ ਵਿਚ ਕਈ-ਕਈ ਵਾਰ ਮਰਦੇ ਵੇਖੇ ਗਏ ਹਨ। ਜਿਵੇਂ ਉਪਰ ਲਿਖਿਆ ਹੈ ਗੁਰੂ ਮਾਹਰਾਜ ਮਰਨ ਦਾ ਹੱਕ ਕੇਵਲ ਸੂਰਮੇ ਨੂੰ ਦਿੰਦੇ ਹਨ। ਅਥਵਾ ਜੋ ਸਹਜ ਵਿਚ ਮਰਦਾ ਹੈ, ਉਸ ਦੇ ਜੀਵਨ ਵਿਚ ਸਹਿਜ ਆ ਗਿਆ ਹੈ। ਉਸ ਦੀ ਸ਼ਖ਼ਸੀਅਤ ਐਸੀ ਉੱਚੀ ਤੇ ਸੁੱਚੀ ਹੋ ਗਈ ਹੈ ਕਿ ਉਸ ਵਿਚ ਸੱਚ, ਪ੍ਰੇਮ, ਨਿਮਰਤਾ, ਖਿਮਾ, ਸੰਤੋਖ, ਧੀਰਜ, ਭਰੋਸਾ ਆਦਿ ਦੈਵੀ ਪ੍ਰਬਲ ਰੂਪ ਵਿਚ ਪ੍ਰਵੇਸ਼ ਕਰ ਗਏ ਹੋਣ। ਭਾਈ ਗੁਰਦਾਸ ਦੇ ਬਚਨ ਹਨ :

ਸਾਬਰ ਸਿਦਕਿ ਸਹੀਦੁ ਭਰਮ ਭਉ ਖਵੋਣਾ॥

ਇਸ ਤੋਂ ਦੋ ਗੱਲਾਂ ਉੱਭਰਦੀਆਂ ਹਨ, ਦੋ ਸ਼ਰਤਾਂ ਸਾਹਮਣੇ ਆ ਖਲੋਂਦੀਆਂ ਹਨ। ਪਹਿਲੀ ਇਹ ਕਿ ਸ਼ਹੀਦ ਦਾ ਆਪਣਾ ਜੀਵਨ ਸੰਪੂਰਨ ਸੱਚਾ ਤੇ ਉੱਚਾ ਹੋਵੇ। ਦੂਸਰੀ ਇਹ ਕਿ ਉਹ ਧਰਮ (ਵਿਸ਼ਾਲ ਅਰਥਾਂ ਨਾਲ) ਦੇ ਕਿਸੇ ਵੱਡੇ ਕਾਰਜ ਲਈ ਜਾਨ 'ਤੇ ਖੇਡ ਜਾਵੇ। ਅਜੋਕੇ ਸਮੇਂ ਵਿਚ ਪੰਥ ਇਕ ਸੰਕਟਮਈ ਹਾਲਤ ਵਿਚੋਂ ਗੁਜ਼ਰ ਰਿਹਾ ਹੈ। ਸੰਨ 1984 ਦੇ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਤੇ ਉਸ ਮਗਰੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ, ਸਿੱਖ ਕੌਮ ਦੇ ਹਜ਼ਾਰਾਂ ਹੀ ਨੌਜਵਾਨਾਂ ਦਾ ਕਤਲ, ਕਿਸੇ ਵੀ ਜਾਇਜ਼ ਮੰਗ ਦਾ ਨਾ ਮੰਨਿਆ ਜਾਣਾ, ਇਕ ਐਸਾ ਮਹੌਲ ਸਿਰਜ ਗਿਆ ਹੈ, ਜੋ ਬੜਾ ਦੁਖਦਾਈ ਤੇ ਪੀੜਦਾਇਕ ਹੈ।

ਸ਼ਹੀਦ ਦੀ ਵਿਆਖਿਆ ਸੰਖੇਪ ਵਿਚ ਉਪਰ ਦਿੱਤੀ ਗਈ ਹੈ। ਛੋਟੇ ਸਾਹਿਬਜ਼ਾਦਿਆਂ ਨੂੰ ਪੁੱਛਿਆ ਗਿਆ ਸੀ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕੀ ਕਰੋਗੇ? ਆਪਾਂ ਸਾਰੇ ਇਤਿਹਾਸ ਤੋਂ ਜਾਣੂ ਹਾਂ ਕਿ ਸਾਹਿਬਜ਼ਾਦਿਆਂ ਦਾ ਜਵਾਬ ਸੀ ਕਿ ਅਸੀਂ ਸਿੱਖ ਇਕੱਠੇ ਕਰਾਂਗੇ, ਹਥਿਆਰ ਲਵਾਂਗੇ ਤੇ ਜ਼ੁਲਮ ਖਿਲਾਫ ਲੜਦੇ ਰਹਾਂਗੇ। ਸ਼ਹੀਦ ਭਗਤ ਸਿੰਘ ਨੇ ਵੀ ਕਿਹਾ ਸੀ, 'ਮੈਂ ਫਿਰ ਜਨਮ ਲਵਾਂਗਾ ਅਤੇ ਦੇਸ਼ ਦੀ ਅਜ਼ਾਦੀ ਲਈ ਤਦ ਤੱਕ ਲੜਦਾ ਰਹਾਂਗਾ, ਜਦ ਤਕ ਦੇਸ਼ ਆਜ਼ਾਦ ਨਹੀਂ ਹੋ ਜਾਂਦਾ। ਵਿਸਥਾਰ ਵਿਚ ਨਾ ਜਾਇਆਂ, ਇਹ ਜਾਣ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਬੜੀ ਕੀਮਤੀ ਹੈ, ਇਸ ਨੂੰ ਜੇ ਲੇਖੇ ਲਉਣਾ ਹੈ ਤਾਂ ਹਰ ਹੀਲਾ ਵਰਤ ਕੇ ਦੇਸ਼ ਅਤੇ ਕੌਮ ਦੇ ਕੰਮ ਆਉਣਾ ਚਾਹੀਦਾ ਹੈ। ਇਕ ਹੀ ਕੰਮ ਤੇ ਗੱਲ ਬੱਸ ਖਤਮ? ਆਪਣੇ ਭਰਾਵਾਂ ਦਾ ਮਾੜਾ ਜਾਂ ਬੁਰਾ ਨਹੀਂ ਚਿਤਵਣਾ ਚਾਹੀਦਾ।

ਸਿੱਖੀ ਇਕ ਸਰਬ-ਵਿਆਪਕ ਸੰਪੂਰਨ ਧਰਮ ਹੈ ਅਤੇ ਮਨੁੱਖ ਮਾਤਰ ਨੂੰ ਸਨਮਾਨ ਦਿੰਦਾ ਹੈ। ਗੁਰੂ ਨਾਨਕ ਸਾਹਿਬ ਵੱਲੋਂ ਪ੍ਰਚਾਰਿਆ ਧਰਮ ਹੀ ਨਵੇਂ ਯੁੱਗ ਦਾ ਧਰਮ ਹੈ। ਸ਼ਾਇਦ ਇਸ ਲਈ ਹੀ ਈਰਖਾ ਵੱਸ ਇਸ ਦੇ ਮੰਨਣ ਵਾਲਿਆਂ ਨੂੰ ਬੇਇਨਸਾਫੀਆਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੌਮ ਦੇ ਨੌਜਵਾਨ ਵੀਰੋ, ਤੁਹਾਡੇ ਮੋਢਿਆਂ 'ਤੇ ਭਾਰ, ਕੌਮ ਦੇ ਭਵਿੱਖ ਦਾ, ਤੁਸੀਂ ਆਪ ਚੁੱਕਣ ਲਈ ਯਤਨਸ਼ੀਲ ਹੋਵੋ। ਆਪਣੇ ਛੋਟੇ-ਮੋਟੇ ਵਖਰੇਵਿਆਂ ਨੂੰ ਪਾਸੇ ਕਰਕੇ ਦੇਸ਼ ਅਤੇ ਕੌਮ ਨੂੰ ਇਸ ਅਧੋਗਤੀ ਵਿਚੋਂ ਕੱਢ ਕੇ ਉਜਲ ਭਵਿੱਖ ਵੱਲ ਸੇਧਤ ਕਰੋ? ਆਪਣੇ ਜੀਵਨ ਨੂੰ ਅਜਾਈਂ ਨਾ ਜਾਣ ਦਿਉ, ਤੁਹਾਡਾ ਜੀਵਨ ਕੀਮਤੀ ਹੈ ਅਤੇ ਬਹੁਤ ਕੰਮ ਕਰਨੇ ਅਜੇ ਬਾਕੀ ਹਨ।

ਭਾਈ  ਸੁਖਵਿੰਦਰ ਸਿੰਘ ਨਾਗੋਕੇ
-ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ।


Post Comment


ਗੁਰਸ਼ਾਮ ਸਿੰਘ ਚੀਮਾਂ