ਫਰੀਦਕੋਟ ਰਿਆਸਤ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ, ਜਿਨ੍ਹਾਂ ਨੇ ਸਿੱਖਿਆ ਦੀ ਰਾਜਧਾਨੀ ਕਾਇਮ ਕੀਤੀ |
12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫਰੀਦ ਦੀ ਚਰਨ ਛੋਹ ਧਰਤੀ ਅਤੇ ਦੇਸ਼ ਦੀ ਅਮੀਰ ਵਿਰਾਸਤ ਨੂੰ ਸਾਂਭੀ ਬੈਠੀ ਫ਼ਰੀਦਕੋਟ ਦੀ ਸਿੱਖ ਰਿਆਸਤ ਦੁਨੀਆਂ ਦੇ ਇਤਿਹਾਸਕਾਰਾਂ ਦੀ ਨਜ਼ਰ ਵਿੱਚ ਹੁਣੇ ਹੀ ਪਈ ਹੈ। 12ਵੀਂ ਸਦੀ ਤੱਕ ਫ਼ਰੀਦਕੋਟ ਨੂੰ ਮੋਕਲ ਨਗਰ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੀ। ਉਸ ਸਮੇਂ ਰਾਜਾ ਮੋਕਲਦੇਵ ਇੱਥੋਂ ਦਾ ਸ਼ਾਸਕ ਸੀ ਅਤੇ ਉਨ੍ਹਾਂ ਨੇ ਬਾਬਾ ਫ਼ਰੀਦ ਦੀ ਫੇਰੀ ਦੌਰਾਨ ਇਸ ਸ਼ਹਿਰ ਦਾ ਨਾਂ ਫ਼ਰੀਦਕੋਟ ਰੱਖਿਆ। ਫ਼ਰੀਦਕੋਟ 16ਵੀਂ ਸਦੀ ਤੱਕ ਅਨੇਕਾਂ ਲੋਕਾਂ ਦੇ ਹੱਥਾਂ ਵਿੱਚ ਰਿਹਾ। ਅੰਤ ਈਸਵੀ 16 ਸਦੀ ਵਿੱਚ ਇਸ ‘ਤੇ ਬਰਾੜ ਵੰਸ਼ ਦਾ ਕਬਜ਼ਾ ਹੋ ਗਿਆ। ਕਾਫ਼ੀ ਸਮਾਂ ਬਰਾੜ ਚੌਧਰੀਆਂ ਦਾ ਇਲਾਕੇ ‘ਤੇ ਕਬਜ਼ਾ ਰਿਹਾ।
ਦੁਨੀਆਂ ਭਰ ਵਿੱਚ ਆਪਣੀ ਵਿਲੱਖਣ ਪਛਾਣ ਵਾਲੀ ਫ਼ਰੀਦਕੋਟ ਰਿਆਸਤ ਸਤਲੁਜ ਦਰਿਆ ਦੇ ਦੱਖਣ ਵਾਲੇ ਕੰਢੇ ‘ਤੇ ਸਥਾਪਤ ਕੀਤੀ ਗਈ ਸੀ ਅਤੇ ਇਹ ਲਾਹੌਰ ਤੋਂ 105 ਕਿਲੋਮੀਟਰ ਦੂਰ ਹੈ। ਮੁਗ਼ਲ ਰਾਜ ਭਾਗ ਦੀ ਸਮਾਪਤੀ ਤੋਂ ਬਾਅਦ ਸੰਨ 1827 ਵਿੱਚ ਇਸ ਉੱਪਰ ਬਰਾੜ ਵੰਸ਼ ਦੇ ਰਾਜਾ ਪਹਾੜਾ ਸਿੰਘ ਦਾ ਕਬਜ਼ਾ ਹੋ ਗਿਆ। ਜੋ ਮੁਗ਼ਲ ਸ਼ਹਿਨਸ਼ਾਹ ਅਕਬਰ ਦੇ ਸਭ ਤੋਂ ਖਾਸ ਸਾਥੀਆਂ ਵਿੱਚੋਂ ਮੰਨੇ ਜਾਂਦੇ ਸਨ। 1849 ਵਿੱਚ ਪਹਾੜਾ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ 21 ਸਾਲਾ ਪੁੱਤਰ ਵਜ਼ੀਰ ਸਿੰਘ (1849-1874) ਇਸ ਰਿਆਸਤ ਦੇ ਰਾਜਾ ਰਹੇ। ਵਜ਼ੀਰ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਬਿਕਰਮ ਸਿੰਘ ਨੂੰ (1874-1898) ਨੂੰ ਫ਼ਰੀਦਕੋਟ ਸਿੱਖ ਰਿਆਸਤ ‘ਤੇ ਰਾਜ ਭਾਗ ਕਰਨ ਦਾ ਮੌਕਾ ਮਿਲਿਆ। ਮਹਾਰਾਜਾ ਬਿਕਰਮ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਦੇ ਲੰਗਰ ਲਈ ਇਮਾਰਤ ਦਾ ਨਿਰਮਾਣ ਕਰਵਾਇਆ ਅਤੇ ਦਰਬਾਰ ਸਾਹਿਬ ਵਿੱਚ ਬਿਜਲੀ ਲਈ 25 ਹਜ਼ਾਰ ਰੁਪਏ ਖਰਚ ਕੀਤੇ। ਬਿਕਰਮ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਮਹਾਰਾਜਾ ਬਲਬੀਰ ਸਿੰਘ (1898-1906) ਫ਼ਰੀਦਕੋਟ ਦੇ ਸ਼ਕਤੀਸ਼ਾਲੀ ਸ਼ਾਸਕ ਵਜੋਂ ਉੱਭਰੇ। ਸੰਨ 1906 ਤੋਂ 1916 ਤੱਕ ਫ਼ਰੀਦਕੋਟ ਰਿਆਸਤ ਵਿੱਚ ਕੌਂਸਲ ਆਫ਼ ਰੀਜੰਸੀ ਦਾ ਕਬਜ਼ਾ ਰਿਹਾ। 1916 ਵਿੱਚ ਮਹਾਰਾਜਾ ਬ੍ਰਿਜਿੰਦਰ ਸਿੰਘ ਨੇ ਫ਼ਰੀਦਕੋਟ ਦਾ ਕਾਰਜ ਭਾਗ ਸੰਭਾਲਿਆ। ਉਨ੍ਹਾਂ ਫ਼ਰੀਦਕੋਟ ਰਿਆਸਤ ਵਿੱਚ ਆਲੀਸ਼ਾਨ ਇਮਾਰਤਾਂ ਅਤੇ ਬਾਗ਼ਾਂ ਦਾ ਨਿਰਮਾਣ ਕਰਵਾਇਆ। ਇਸ ਮੌਕੇ ਦੂਜਾ ਵਿਸ਼ਵ ਯੁੱਧ ਛਿੜ ਚੁੱਕਾ ਸੀ ਅਤੇ ਮਹਾਰਾਜਾ ਬ੍ਰਿਜਿੰਦਰ ਸਿੰਘ ਨੇ ਬ੍ਰਿਟਿਸ਼ ਸਰਕਾਰ ਨੂੰ 17 ਲੱਖ ਰੁਪਏ ਕਰਜ਼ੇ ਵਜੋਂ ਦਿੱਤੇ ਅਤੇ ਬ੍ਰਿਟਿਸ਼ ਸਰਕਾਰ ਨੂੰ ਹਥਿਆਰ, ਘੋੜੇ, ਊਠ ਅਤੇ 2800 ਦੇ ਕਰੀਬ ਫੌਜੀ ਜਵਾਨ ਵੀ ਭੇਜੇ ਜਿਸ ਤੋਂ ਉਨ੍ਹਾਂ ਦੇ ਬ੍ਰਿਟਿਸ਼ ਸਰਕਾਰ ਨਾਲ ਸਬੰਧ ਹੋਰ ਵੀ ਗੂੜ੍ਹੇ ਹੋ ਗਏ। ਮਹਾਰਾਜਾ ਬ੍ਰਿਜਿੰਦਰ ਸਿੰਘ ਦੀ ਇਸ ਸਹਾਇਤਾ ਤੋਂ ਖੁਸ਼ ਹੋ ਕੇ ਬ੍ਰਿਟਿਸ਼ ਸਰਕਾਰ ਨੇ ਸਨਮਾਨ ਵਜੋਂ ਉਸ ਨੂੰ ਮੇਜਰ ਰੈਂਕ ਦੀ ਉਪਾਧੀ ਦੇ ਦਿੱਤੀ। ਪਰੰਤੂ ਉਹ ਬਹੁਤਾ ਸਮਾਂ ਰਾਜ ਭਾਗ ਨਹੀਂ ਕਰ ਸਕੇ ਅਤੇ 1918 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਸੰਨ 1918-1934 ਤੱਕ ਫ਼ਰੀਦਕੋਟ ਰਿਆਸਤ ਵਿੱਚ ਕੌਂਸਲ ਆਫ਼ ਐਡਮਨਿਸਟਰੇਸ਼ਨ ਦਾ ਕੰਮ ਚਲਾਊ ਪ੍ਰਬੰਧ ਰਿਹਾ। ਬਰਾੜ ਵੰਸ਼ ਦੇ ਆਖਰੀ ਰਾਜਾ ਹਰਿੰਦਰ ਸਿੰਘ ਨੇ 17 ਅਕਤੂਬਰ 1934 ਨੂੰ ਫ਼ਰੀਦਕੋਟ ਰਿਆਸਤ ਦੇ ਰਾਜੇ ਵਜੋਂ ਕਾਰਜ ਭਾਗ ਸੰਭਾਲਿਆ। ਉਨ੍ਹਾਂ ਨੇ ਆਪਣੇ ਸਮੇਂ ਵਿੱਚ ਫ਼ਰੀਦਕੋਟ ਸਿੱਖ ਰਿਆਸਤ ਵਿੱਚ ਵਿਲੱਖਣ ਇਮਾਰਤਾਂ ਦਾ ਨਿਰਮਾਣ ਕਰਵਾਇਆ ਅਤੇ ਉੱਚਤਮ ਸਿੱਖਿਆ ਦੇ ਪ੍ਰਬੰਧ ਕੀਤੇ। ਕਮਰਸ ਦਾ ਕਾਲਜ ਪਿਸ਼ਾਵਰ ਅਤੇ ਦਿੱਲੀ ਤੋਂ ਬਾਅਦ ਇੱਕਲੇ ਫ਼ਰੀਦਕੋਟ ਵਿੱਚ ਹੀ ਮੌਜੂਦ ਸੀ। ਰਾਜਾ ਹਰਿੰਦਰ ਸਿੰਘ ਨੇ ਬ੍ਰਿਜਿੰਦਰਾ ਕਾਲਜ, ਯੂਨੀਅਰ ਬੇਸਿਕ ਟਰੇਨਿੰਗ ਸਕੂਲ, ਬਿਕਰਮ ਕਾਲਜ ਆਫ਼ ਕਮਰਸ, ਖੇਤੀਬਾੜੀ ਕਾਲਜ, ਆਰਟ ਤੇ ਕਰਾਫ਼ਟ ਸਕੂਲ। ਉਸ ਸਮੇਂ ਫ਼ਰੀਦਕੋਟ ਰਿਆਸਤ ਵਿੱਚ 8 ਹਾਈ ਸਕੂਲ ਅਤੇ ਹਰ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਸਮੇਤ ਸਿਹਤ ਕੇਂਦਰਾਂ ਦਾ ਨਿਰਮਾਣ ਕਰਵਾਇਆ। ਫ਼ਰੀਦਕੋਟ ਵਿੱਚ ਤਿੰਨ ਦਰਜਨ ਤੋਂ ਵੱਧ ਖੂਬਸੂਰਤ ਇਮਾਰਤਾਂ ਦੇ ਨਿਰਮਾਣ ਨੇ ਇੱਥੋਂ ਦੀ ਭਵਨ ਨਿਰਮਾਣ ਕਲਾ ਨੂੰ ਦੁਨੀਆਂ ਵਿੱਚ ਖੂਬ ਪ੍ਰਸਿੱਧੀ ਦਿਵਾਈ। ਹਾਲਾਂਕਿ ਸਮਾਂ ਬੀਤਣ ਨਾਲ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਦਾ ਵਜੂਦ ਖਤਮ ਹੋ ਚੁੱਕਾ ਹੈ। ਪਰੰਤੂ ਸਕੱਤਰੇਤ, ਵਿਕਟੋਰੀਆ ਟਾਵਰ, ਲਾਲ ਕੋਠੀ, ਅਰਾਮ ਘਰ, ਅਸਤਬਲ, ਰਾਜ ਮਹਿਲ, ਸ਼ੀਸ਼ ਮਹਿਲ, ਮੋਤੀ ਮਹਿਲ, ਸ਼ਾਹੀ ਕਿਲਾ, ਸ਼ਾਹੀ ਸਮਾਧਾਂ ਆਦਿ ਇਮਾਰਤਾਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ। ਫ਼ਰੀਦਕੋਟ ਰਿਆਸਤ ਦੀਆਂ ਖੂਬਸੂਰਤ ਇਮਾਰਤਾਂ ਲਾਹੌਰ, ਸ਼ਿਮਲਾ ਅਤੇ ਦਿੱਲੀ ਵਿੱਚ ਵੀ ਸਨ।
ਫਰੀਦਕੋਟ ਰਿਆਸਤ ਦੇ ਪਹਿਲੇ ਰਾਜਾ ਪਹਾੜਾ ਸਿੰਘ ਦੀ ਕਾਲਪਨਿਕ ਤਸਵੀਰ |
ਰਾਜਾ ਹਰਿੰਦਰ ਸਿੰਘ ਇੱਕ ਕੁਸ਼ਲ ਪ੍ਰਬੰਧਕ ਵਜੋਂ ਵੀ ਮਕਬੂਲ ਹੋਏ। ਉਨ੍ਹਾਂ ਨੇ ਆਪਣੀ ਰਿਆਸਤ ਵਿੱਚ ਭੀਖ ਮੰਗਣ ‘ਤੇ ਮੁਕੰਮਲ ਪਾਬੰਦੀ ਲਾਈ ਹੋਈ ਸੀ ਅਤੇ ਦੇਸ਼ ਦੇ ਬਟਵਾਰੇ ਸਮੇਂ ਉਸ ਨੇ ਆਪਣੀ ਰਿਆਸਤ ਵਿੱਚ ਇੱਕ ਵੀ ਦੰਗਾ ਫ਼ਸਾਦ, ਲੁੱਟ-ਖੋਹ ਜਾਂ ਕਤਲ ਨਹੀਂ ਹੋਣ ਦਿੱਤਾ। ਪਾਕਿਸਤਾਨ ਜਾਣ ਵਾਲੇ ਪਰਿਵਾਰਾਂ ਨੂੰ ਪੂਰੀ ਹਿਫ਼ਾਜ਼ਤ ਨਾਲ ਭੇਜਿਆ ਗਿਆ। ਮਹਾਰਾਜਾ ਹਰਿੰਦਰ ਸਿੰਘ ਨੇ ਆਪਣੇ ਰਾਜ ਭਾਗ ਦੌਰਾਨ ਫ਼ਰੀਦਕੋਟ ਸਿੱਖ ਰਿਆਸਤ ਬਾਰੇ ਇੱਕ ਵਸੀਅਤ ਕੀਤੀ ਸੀ, ਜਿਸ ਵਿੱਚ ਉਸ ਨੇ ਫ਼ਰੀਦਕੋਟ ਰਿਆਸਤ ਦੀਆਂ ਵਿਰਾਸਤੀ ਇਮਾਰਤਾਂ, ਖਜ਼ਾਨਾ, ਜਾਇਦਾਦ ਆਦਿ ਸੰਭਾਲਣ ਲਈ ਮਹਾਂਰਾਵਲ ਖੇਵਾ ਜੀ ਟਰੱਸਟ ਦੀ ਸਥਾਪਨਾ ਕੀਤੀ। ਅੱਜ-ਕੱਲ੍ਹ ਇਹੀ ਟਰੱਸਟ ਫ਼ਰੀਦਕੋਟ ਰਿਆਸਤ ਦੀ ਵਿਰਾਸਤ ਨੂੰ ਸਾਂਭ ਰਿਹਾ ਹੈ। ਭਾਰਤ ਸਰਕਾਰ ਨੇ 15 ਜੁਲਾਈ, 1948 ਨੂੰ ਫ਼ਰੀਦਕੋਟ ਰਿਆਸਤ ਨੂੰ ਖਤਮ ਕਰਕੇ ਇੱਥੇ ਲੋਕਤੰਤਰ ਸਰਕਾਰ ਦਾ ਗਠਨ ਕਰ ਦਿੱਤਾ ਸੀ। ਬਾਅਦ ਵਿੱਚ ਪੰਜਾਬ ਸਰਕਾਰ ਨੇ ਫ਼ਰੀਦਕੋਟ ਰਿਆਸਤ ਦਾ ਵੱਡਾ ਹਿੱਸਾ ਜਾਇਦਾਦ ਅਤੇ ਇਮਾਰਤਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮਹਾਰਾਜਾ ਹਰਿੰਦਰ ਸਿੰਘ ਫ਼ਰੀਦਕੋਟ ਰਿਆਸਤ ਦੇ ਆਖਰੀ ਰਾਜਾ ਸਨ ਅਤੇ ਉਨ੍ਹਾਂ ਦਾ 16 ਅਕਤੂਬਰ, 1989 ਨੂੰ ਦੇਹਾਂਤ ਹੋ ਗਿਆ ਸੀ। ਹੁਣ ਉਨ੍ਹਾਂ ਦੀ ਇਕਲੌਤੀ ਪੁੱਤਰੀ ਮਹਾਰਾਣੀ ਦੀਪਇੰਦਰ ਕੌਰ ਜੋ ਵਰਧਮਾਨ ਦੇ ਰਾਜਾ ਸਦਾ ਸਿੰਘ ਮਹਿਤਾਬ ਨਾਲ ਵਿਆਹੀ ਹੋਈ ਹੈ, ਜੀਵਤ ਹੈ। ਫ਼ਰੀਦਕੋਟ ਰਿਆਸਤ ਦਾ ਰਾਜ ਮਹਿਲ ਅਤੇ ਸ਼ਾਹੀ ਕਿਲ੍ਹਾ ਅੱਜ ਵੀ ਆਪਣੀ ਸਦੀ ਪੁਰਾਣੀ ਦਿੱਖ ਨੂੰ ਸੁਰੱਖਿਅਤ ਸਾਂਭੀ ਬੈਠਾ ਹੈ। ਇਸ ਅੰਦਰ ਆਮ ਲੋਕਾਂ ਦੇ ਜਾਣ ‘ਤੇ ਮਨਾਹੀ ਹੈ। ਰਾਜ ਮਹਿਲ ਆਪਣੇ ਆਪ ਵਿੱਚ ਦੁਨੀਆਂ ਦੇ ਖੂਬਸੂਰਤ ਮਹਿਲਾਂ ਵਿੱਚੋਂ ਇੱਕ ਹੈ। ਸ਼ਾਹੀ ਕਿਲ੍ਹੇ ਦੇ ਤੋਸ਼ਾਖਾਨੇ ਵਿੱਚ ਰਿਆਸਤ ਦੇ ਹਥਿਆਰਾਂ ਸਮੇਤ ਦਸਮ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਦਾ ਖੜਗ ਅਤੇ ਢਾਲ ਅੱਜ ਵੀ ਪਈ ਹੈ ਜੋ ਉਨ੍ਹਾਂ ਨੇ ਚੌਧਰੀ ਕਪੂਰਾ ਸਿੰਘ ਨੂੰ ਬਖਸ਼ੀ ਸੀ। ਵਿਸ਼ਵ ਪ੍ਰਸਿੱਧ ਇਤਿਹਾਸਕਾਰ ਡਾ. ਸੁਭਾਸ਼ ਪਰਿਹਾਰ ਨੇ ਫ਼ਰੀਦਕੋਟ ਸਿੱਖ ਰਿਆਸਤ ਬਾਰੇ ਹਾਲ ਹੀ ਵਿੱਚ ਸਿੱਖ ਰਿਆਸਤ ਦੀ ਭਵਨ ਕਲਾ ਬਾਰੇ ਕਿਤਾਬ ਲਿਖੀ ਹੈ ਜਿਸ ਨੂੰ ਆਰੀਅਨ ਪਬਲੀਕੇਸ਼ਨ ਵੱਲੋਂ ਛਾਪਿਆ ਗਿਆ ਹੈ। ਇਸ ਕਿਤਾਬ ਦੇ ਛਪਣ ਨਾਲ ਫ਼ਰੀਦਕੋਟ ਵਿੱਚ ਪਏ ਸਿੱਖ ਰਿਆਸਤ ਦੇ ਅਮੀਰ ਵਿਰਸੇ ਨੂੰ ਜਾਣਨ ਦਾ ਦੁਨੀਆਂ ਨੂੰ ਮੌਕਾ ਮਿਲਿਆ ਹੈ। ਫ਼ਰੀਦਕੋਟ ਰਿਆਸਤ ਵਿੱਚ ਬਣਾਏ ਸਵਾਗਤੀ ਦਰਵਾਜ਼ੇ ਦੁਨੀਆਂ ਦੇ ਸਭ ਤੋਂ ਉੱਤਮ ਭਵਨ ਨਮੂਨਿਆਂ ਦੀ ਮਿਸਾਲ ਹਨ। ਇਸ ਸ਼ਹਿਰ ਵਿੱਚ ਬਾਬਾ ਫ਼ਰੀਦ ਜੀ ਦੀ ਫੇਰੀ ਨੇ ਇਸ ਦੀ ਵਿਰਾਸਤ ਨੂੰ ਦੁਨੀਆਂ ਭਰ ਵਿੱਚ ਮਕਬੂਲ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ। ਬਾਬਾ ਫ਼ਰੀਦ ਦੀ ਯਾਦ ਵਿੱਚ ਬਣੇ ਟਿੱਲਾ ਬਾਬਾ ਫ਼ਰੀਦ ਵਿਖੇ ਦੁਨੀਆਂ ਭਰ ਤੋਂ ਬਾਬਾ ਫ਼ਰੀਦ ਜੀ ਦੇ ਸ਼ਰਧਾਲੂ ਇੱਥੇ ਆਉੇਂਦੇ ਹਨ ਅਤੇ ਉਨ੍ਹਾਂ ਦੀ ਯਾਦ ਵਿੱਚ ਹਰ ਸਾਲ 19 ਤੋਂ 23 ਸਤੰਬਰ ਤੱਕ ਪੰਜ ਰੋਜ਼ਾ ਆਗਮਨ ਪੁਰਬ ਮਨਾਇਆ ਜਾਂਦਾ ਹੈ। ਇਸ ਉਤਸਵ ਨੇ ਵੀ ਫ਼ਰੀਦਕੋਟ ਦੀ ਅਮੀਰ ਵਿਰਾਸਤ ਨੂੰ ਦੁਨੀਆਂ ਦੇ ਰੂ-ਬ-ਰੂ ਕੀਤਾ ਹੈ। ਪੰਜਾਬ ਸਰਕਾਰ ਨੇ ਬਾਬਾ ਫ਼ਰੀਦ ਆਗਮਨ ਪੁਰਬ ਨੂੰ ਵਿਰਾਸਤ ਮੇਲੇ ਦਾ ਦਰਜਾ ਦੇ ਦਿੱਤਾ ਹੈ, ਪਰ ਵਿਰਾਸਤ ਨੂੰ ਸੰਭਾਲਣ ਲਈ ਕੁਝ ਨਹੀਂ ਕੀਤਾ।
ਵਿਰਾਸਤ ਨੂੰ ਸਾਂਭਣ ਲਈ ਸਰਕਾਰ ਨੇ ਨਹੀਂ ਦਿਖਾਈ ਗੰਭੀਰਤਾ:- ਪੰਜਾਬ ਸਰਕਾਰ ਨੇ ਫ਼ਰੀਦਕੋਟ ਸਿੱਖ ਰਿਆਸਤ ਦੀ ਅਰਬਾਂ ਰੁਪਏ ਦੀ ਜਾਇਦਾਦ ਅਤੇ ਇਮਾਰਤਾਂ ਨੂੰ ਸਰਪਲਸ ਕਾਨੂੰਨ ਤਹਿਤ ਆਪਣੇ ਕਬਜ਼ੇ ਵਿੱਚ ਲੈ ਲਿਆ, ਜਿੱਥੇ ਹੁਣ ਪੰਜਾਬ ਸਰਕਾਰ ਦੇ ਸਰਕਾਰੀ ਦਫ਼ਤਰ ਚੱਲ ਰਹੇ ਹਨ। ਰਿਆਸਤ ਦੀਆਂ ਜਾਇਦਾਦਾਂ ਨੂੰ ਹਥਿਆਉਣ ਵੇਲੇ ਸਰਕਾਰ ਨੇ ਤਰਕ ਦਿੱਤਾ ਸੀ ਕਿ ਹਥਿਆਏ ਗਏ ਆਰਥਿਕ ਸੋਮਿਆਂ ਨੂੰ ਉਸੇ ਇਲਾਕੇ ਦੀ ਸਾਂਭ ਸੰਭਾਲ ‘ਤੇ ਖਰਚਿਆ ਜਾਵੇਗਾ ਪਰੰਤੂ 60 ਸਾਲਾਂ ਦੇ ਇਤਿਹਾਸ ਵਿੱਚ ਸੂਬੇ ਦੀ ਕਿਸੇ ਵੀ ਸਰਕਾਰ ਨੇ ਰਿਆਸਤ ਦੀ ਅਮੀਰ ਵਿਰਾਸਤ ਨੂੰ ਸਾਂਭਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਸ਼ਾਹੀ ਕਿਲ੍ਹੇ ਸਾਹਮਣੇ ਸਥਿਤ ਚਾਰ ਦਰਵਾਜ਼ੇ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਹਨ। ਇਸੇ ਤਰ੍ਹਾਂ ਵਿਕਟੋਰੀਆ ਟਾਵਰ ਸਾਹਮਣੇ ਬਣੇ ਆਲੀਸ਼ਾਨ ਗੁੰਬਦ ਨਗਰ ਕੌਂਸਲ ਨੇ ਵੇਚ ਦਿੱਤੇ ਜਿੱਥੇ ਹੁਣ ਬੇਤਰਤੀਬੀਆਂ ਦੁਕਾਨਾਂ ਤੇ ਹੋਟਲ ਬਣੇ ਹੋਏ ਹਨ। ਰਾਜ ਮਹਿਲ ਅਤੇ ਵਿਕਟੋਰੀਆ ਟਾਵਰ ਦੇ ਰਸਤੇ ਵਿੱਚ ਬਣਿਆ ਸ਼ਾਹੀ ਫੁਹਾਰਾ ਵੀ ਨਗਰ ਕੌਂਸਲ ਨੇ ਵੇਚ ਦਿੱਤਾ ਹੈ। ਪੈਸੇ ਅਤੇ ਅਣਦੇਖੀ ਦੀ ਘਾਟ ਕਾਰਨ ਫ਼ਰੀਦਕੋਟ ਰਿਆਸਤ ਦੀਆਂ ਇੱਕ ਦਰਜਨ ਇਮਾਰਤਾਂ ਢਹਿ-ਢੇਰੀ ਹੋ ਚੁੱਕੀਆਂ ਹਨ ਅਤੇ ਇੱਥੇ ਹੁਣ ਸੀਮਿੰਟ ਨਾਲ ਆਧੁਨਿਕ ਇਮਾਰਤਾਂ ਉਸਾਰ ਦਿੱਤੀਆਂ ਗਈਆਂ ਹਨ। ਫ਼ਰੀਦਕੋਟ ਪ੍ਰਸ਼ਾਸਨ ਨੇ ਰਿਆਸਤ ਦੀਆਂ 52 ਇਤਿਹਾਸਕ ਇਮਾਰਤਾਂ ਨੂੰ ਸਾਂਭਣ ਲਈ ਪੁਰਾਤੱਤਵ ਵਿਭਾਗ ਤੋਂ 52 ਕਰੋੜ ਰੁਪਏ ਦੀ ਮੰਗ ਕੀਤੀ ਸੀ। ਪ੍ਰਸ਼ਾਸਨ ਨੂੰ ਇਹ ਪੈਸੇ ਅੱਜ ਤੱਕ ਨਹੀਂ ਮਿਲੇ ਜਿਸ ਕਾਰਨ ਫ਼ਰੀਦਕੋਟ ਰਿਆਸਤ ਦੀਆਂ ਅਹਿਮ ਵਿਰਾਸਤੀ ਇਮਾਰਤਾਂ ਖੰਡਰ ਬਣਦੀਆਂ ਜਾ ਰਹੀਆਂ ਹਨ।
ਵਿਰਾਸਤੀ ਰੁੱਖਾਂ ਦੀ ਬਲੀ:- ਚਸ਼ਮਦੀਦ ਦੱਸਦੇ ਹਨ ਕਿ ਫ਼ਰੀਦਕੋਟ ਰਿਆਸਤ ਦੀ ਹੱਦ ਉਸ ਦੇ ਰੁੱਖਾਂ ਤੋਂ ਪਹਿਚਾਣੀ ਜਾਂਦੀ ਸੀ। ਜਿੱਥੋਂ ਤੱਕ ਵੀ ਫ਼ਰੀਦਕੋਟ ਰਿਆਸਤ ਦਾ ਰਾਜ ਭਾਗ ਸੀ, ਉੱਥੋਂ ਤੱਕ ਫ਼ਰੀਦਕੋਟ ਦੇ ਰਾਜੇ ਵੱਲੋਂ ਟਾਹਲੀਆਂ, ਅੰਬ ਅਤੇ ਜਾਮਣ ਦੇ ਬਾਗ਼ ਲਗਵਾਏ ਗਏ ਸਨ। ਫ਼ਰੀਦਕੋਟ ਰਿਆਸਤ ਵਿੱਚ ਘੁਗਿਆਣਾ ਅਤੇ ਸਿੱਖਾਂਵਾਲੇ ਦਾ ਬੀੜ ਵੀ ਸ਼ਾਮਿਲ ਸੀ ਜਿੱਥੇ ਹੁਣ ਕੋਈ ਰੁੱਖ ਨਹੀਂ ਬਚਿਆ ਅਤੇ ਰਿਆਸਤ ਦੇ ਸਾਰੇ ਜੰਗਲ ਵਿੱਚ ਪਾਹੜੀ ਕਿੱਕਰ ਦੇ ਕੁਝ ਦਰੱਖ਼ਤ ਹੀ ਬਾਕੀ ਰਹਿ ਗਏ ਹਨ। ਇਤਿਹਾਸਕਾਰਾਂ ਦੀ ਨਜ਼ਰ ‘ਚ ਫ਼ਰੀਦਕੋਟ ਰਿਆਸਤ:- ਭਾਰਤ ਦੇ ਪ੍ਰਸਿੱਧ ਇਤਿਹਾਸਕਾਰ ਡਾ. ਸੁਭਾਸ਼ ਪਰਿਹਾਰ ਜਿਨ੍ਹਾਂ ਨੇ ਫ਼ਰੀਦਕੋਟ ਸਿੱਖ ਰਿਆਸਤ ਬਾਰੇ ਵਿਸ਼ੇਸ਼ ਖੋਜ ਕਾਰਜ ਕੀਤੇ ਹਨ ਅਤੇ ਇਸ ਰਿਆਸਤ ਨਾਲ ਜੁੜੇ ਹਰ ਦਸਤਾਵੇਜ਼ ਅਤੇ ਸਬੂਤਾਂ ਨੂੰ ਇਕੱਤਰ ਕਰਕੇ ਸਿੱਖ ਰਿਆਸਤ ਬਾਰੇ ਪੁਸਤਕ ਛਾਪੀ ਹੈ, ਨੇ ਦੱਸਿਆ ਕਿ ਦੇਸ਼ ਭਰ ਵਿੱਚ ਪੰਜ ਸੌ ਤੋਂ ਵੱਧ ਰਿਆਸਤਾਂ ਹਨ, ਪਰੰਤੂ ਫ਼ਰੀਦਕੋਟ ਰਿਆਸਤ ਦੇ ਰਾਜਿਆਂ ਨੇ ਸਿੱਖਿਆ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ। ਉਨ੍ਹਾਂ ਕਿਹਾ ਕਿ ਪਿਸ਼ਾਵਰ, ਲਾਹੌਰ ਅਤੇ ਦਿੱਲੀ ਨਾਲੋਂ ਵੀ ਫ਼ਰੀਦਕੋਟ ਵਿੱਚ ਸਿੱਖਿਆ ਦੇ ਪ੍ਰਬੰਧ ਕਿਤੇ ਚੰਗੇ ਸਨ। ਚਸ਼ਮਦੀਦਾਂ ਦੀ ਜੁਬਾਨੀ:- ਬ੍ਰਿਟਿਸ਼ ਸਰਕਾਰ ਆਜ਼ਾਦ ਭਾਰਤ ਅਤੇ ਰਿਆਸਤ ਦਾ ਰਾਜਭਾਗ ਆਪਣੇ ਅੱਖੀਂ ਦੇਖਣ ਵਾਲੇ 90 ਸਾਲਾ ਬਜ਼ੁਰਗ ਵਕੀਲ ਦੇਵ ਕੁਮਾਰ ਬੇਦੀ ਨੇ ਦੱਸਿਆ ਕਿ ਫ਼ਰੀਦਕੋਟ ਰਿਆਸਤ ਸਮੇਂ ਅਨੁਸ਼ਾਸਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਸੀ ਅਤੇ ਲੋਕਾਂ ਨੂੰ ਪਹਿਲ ਦੇ ਅਧਾਰ ‘ਤੇ ਇਨਸਾਫ਼ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਰਿਆਸਤ ਦੇ ਕਿਸਾਨਾਂ, ਮਜ਼ਦੂਰਾਂ ਅਤੇ ਕਾਮਿਆਂ ਨੂੰ ਵਿਸ਼ੇਸ਼ ਸਤਿਕਾਰ ਪ੍ਰਾਪਤ ਸੀ।
ਫਰੀਦਕੋਟ ਸਿੱਖ ਰਿਆਸਤ ਦਾ ਪ੍ਰਮਾਣ ਚਿੰਨ੍ਹ ਜੋ ਰਿਆਸਤ ਦੀ ਹਰ ਇਮਾਰਤ 'ਤੇ ਉਕਰਿਆ ਹੋਇਆ ਹੈ |
ਧੱਕੇਸ਼ਾਹੀ ਅਤੇ ਭ੍ਰਿਸ਼ਟਾਚਾਰ ਵਰਗੀ ਕਦੇ ਕੋਈ ਗੱਲ ਸਾਹਮਣੇ ਨਹੀਂ ਆਈ ਸੀ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਦੇ ਰਾਜੇ ਦਿਆਲੂ ਅਤੇ ਪੜ੍ਹੇ-ਲਿਖੇ ਅਗਾਂਹ ਵਧੂ ਸ਼ਾਸਕ ਸਨ। ਸ਼ਾਹੀ ਸਮਾਧਾਂ:- ਫ਼ਰੀਦਕੋਟ ਰਿਆਸਤ ਦੇ ਪਹਿਲੇ ਰਾਜਾ ਪਹਾੜਾ ਸਿੰਘ ਤੋਂ ਲੈ ਕੇ ਆਖਰੀ ਰਾਜਾ ਹਰਿੰਦਰ ਸਿੰਘ ਦਾ ਅੰਤਿਮ ਸੰਸਕਾਰ ਇੱਥੇ ਹੀ ਕੀਤਾ ਗਿਆ ਸੀ। ਸ਼ਾਹੀ ਪਰਿਵਾਰ ਦੇ ਕਬਰਸਤਾਨ ਨੂੰ ਸ਼ਾਹੀ ਸਮਾਧਾਂ ਦਾ ਨਾਮ ਦਿੱਤਾ ਗਿਆ ਹੈ। ਸ਼ਾਹੀ ਸਮਾਧਾਂ ਦੇ ਹੱਕ ਨੂੰ ਲੈ ਕੇ ਰਾਜ ਘਰਾਣੇ ਦੇ ਮਹੰਤ ਬਲਦੇਵ ਦਾਸ ਅਤੇ ਰਿਆਸਤ ਦੀ ਸਾਂਭ ਸੰਭਾਲ ਕਰ ਰਹੇ ਟਰੱਸਟ ਦਰਮਿਆਨ ਕਾਨੂੰਨੀ ਲੜਾਈ ਚੱਲ ਰਹੀ ਹੈ। ਸ਼ਾਹੀ ਪਰਿਵਾਰ ਦੀਆਂ ਸਮਾਧਾਂ ਵਾਲੀ ਵਿਸ਼ਾਲ ਇਮਾਰਤ ਦੀ ਦਿੱਖ ਵੀ ਰਿਆਸਤ ਦੀ ਸ਼ਾਹੀ ਠਾਠ ਬਿਆਨ ਕਰਦੀ ਹੈ।
ਜਸਵੰਤ ਜੱਸ