ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, September 16, 2012

ਮਹਾਨ ਸਿੱਖ ਸ਼ਹੀਦ ਭਾਈ ਮਨੀ ਸਿੰਘ


ਪੰਜਵੇਂ ਸਿੱਖ ਗੁਰੂ, ਸ੍ਰੀ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ, ਸ਼ਹੀਦੀਆਂ ਦਾ ਇਕ ਨਵਾਂ ਯੁੱਗ ਸ਼ੁਰੂ ਹੋਇਆ। ਇਨ੍ਹਾਂ ਸ਼ਹਾਦਤਾਂ ਨੇ ਪੈਦਾ ਕੀਤਾ, ਇਕ ਜਜ਼ਬਾ, ਜਿਸ ਵਿੱਚ ਸਵਧੀਨਤਾ, ਸਵੈਮਾਨਤਾ, ਚੜ੍ਹਦੀ ਕਲਾ ਦਾ ਪ੍ਰਗਟਾਵਾ, ਸੱਚੇ ਹੱਕ ਲਸਈ ਕੁਰਬਾਨੀਆਂ ਦੀ ਪ੍ਰਦਾਨ ਕੀਤੀ ਇਕ ਨਿਰੰਤਰ ਸੋਚ। ਗੁਰੂ ਤੇਗ ਬਹਾਦਰ ਸਾਹਿਬ ਦੀ, ਆਪਣੇ ਸਾਥੀਆਂ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ ਸਮੇਤ, ਚਾਂਦਨੀ ਚੌਕ ਦਿੱਲੀ ਵਿੱਚ ਸ਼ਹਾਦਤ ਦਿੱਤੀ ਗਈ ਤੇ ਇਸ ਸਾਰੇ ਕਾਸੇ ਤੋਂ ਸਿੱਖ ਕੌਮ ਵਿੱਚ ਬਹੁਤ ਰੋਸ ਤੇ ਗੁਸਾ ਸੀ ਤੇ ਇਸੇ ਗੱਲ ਤੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ। ਭਾਈ ਮਨੀ ਸਿੰਘ ਦਾ ਜਨਮ 1644 ਵਿੱਚ ਪਿੰਡ ਅਲੀਪੁਰ, ਜ਼ਿਲ੍ਹਾ ਮੁਜ਼ਫਰਗੜ੍ਹ, ਅਜੋਕੇ ਪਾਕਿਸਤਾਨ ਵਿੱਚ ਹੋਇਆ, ਇਸ ਬਾਰੇ ਵੀ ਇਤਿਹਾਸਕ ਖੋਜੀਆਂ ਦੇ ਵਿਚਾਰ ਵੱਖਰੇ-ਵੱਖਰੇ ਹਨ। ਆਪ ਨੂੰ ਤੇਰਾਂ ਸਾਲ ਦੀ ਉਮਰ ਵਿੱਚ  ਸੱਤਵੇਂ ਗੁਰੂ ਹਰਿ ਰਾਏ ਸਾਹਿਬ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਆਪ ਦਾ ਵਿਆਹ ਬੀਬੀ ਸੀਤੋ, ਜੋ ਭਾਈ ਲਖੀ ਰਾਇ ਦੀ ਬੇਟੀ ਸਨ, ਨਾਲ ਹੋਇਆ। ਇਹ ਭਾਈ ਲਖੀ ਰਾਇ ਉਹ ਸਨ ਜਿਸ ਨੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ, ਧੜ ਦਾ ਸਸਕਾਰ ਆਪਣੀ ਕੁਟੀਆ ਨੂੰ ਅੱਗ ਲਾ ਕੇ ਕੀਤਾ ਸੀ, ਜਿੱਥੇ ਅੱਜ ਦਿੱਲੀ ਦਾ ਗੁਰਦੁਆਰਾ ਰਕਾਬਗੰਜ਼ ਸਾਹਿਬ ਹੈ। ਭਾਈ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਨਿੱਕਟਵਰਤੀ ਤੇ ਵਿਸ਼ਵਾਸ਼ਪਾਤਰ ਰਹੇ। ਦਸਵੇਂ ਗੁਰੂ ਪਾਸ ਰਹਿ ਕੇ, ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਦੀ ਸੇਵਾ ਕੀਤੀ ਤੇ ਵਿਦਵਤਾ ਵੀ ਹਾਸਲ ਕੀਤੀ। ਆਪ ਨੇ ਅੰਮ੍ਰਿਤ ਦੀ ਪਹੁਲ, ਗੁਰੂ ਗੋਬਿੰਦ ਸਿੰਘ ਜੀ ਤੋਂ ਲਈ ਤੇ ਭਾਈ ਮਨੀਏ ਤੋਂ ਮਨੀ ਸਿੰਘ ਨਾਂ ਰੱਖਿਆ ਗਿਆ। ਆਪ ਨੇ ਭੰਗਾਣੀ ਦੇ ਯੁੱਧ ਵਿੱਚ ਆਪਣੀ ਬੀਰਤਾ ਦਿਖਾਈ ਤੇ ਆਪ ਨੂੰ ਦਸਵੇਂ ਗੁਰੂ ਨੇ ਦੀਵਾਨ ਦੀ ਉਪਾਧੀ ਨਾਲ ਨਿਵਾਜਿਆ। ਆਨੰਦਪੁਰ ਵਿੱਚ ਰਹਿ ਕੇ ਆਪ ਗੁਰਬਾਣੀ ਦੀ ਵਿਆਖਿਆ ਕਰਦੇ ਰਹੇ ਤੇ ਫਿਰ ਅੰਮ੍ਰਿਤਸਰ ਦੀਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ, ਗੁਰੂ ਗੋਬਿੰਦ ਸਿੰਘ ਨੇ ਆਪ ਨੂੰ ਹਰਿਮੰਦਰ ਸਾਹਿਬ ਦਾ ਸੇਵਾਦਾਰ ਨਿਯੁਕਤ ਕੀਤਾ। ਇੱਥੇ ਸੋਢੀਆਂ ਦੀ ਚਲਾਈ ਹੋਈ ਮਰਿਯਾਦਾ ਚੱਲ ਰਹੀ ਸੀ ਤੇ ਫਿਰ ਗੁਰਮਰਿਯਾਦਾ ਸਥਾਪਤ ਕੀਤੀ ਤੇ ਅੰਮ੍ਰਿਤ ਪ੍ਰਚਾਰ ਦਾ ਪ੍ਰਵਾਹ ਚਲਾਇਆ।
ਇਹ ਮਾਣ ਵੀ ਭਾਈ ਮਨੀ ਸਿੰਘ ਦੇ ਪਰਿਵਾਰ ਨੂੰ ਮਿਲਿਆ, ਜਦੋਂ ਆਨੰਦਪੁਰ ਸਾਹਿਬ ਦੀ ਜੰਗ ਵਿੱਚ, ਪਹਾੜੀ ਰਾਜਿਆਂ ਨੇ, ਇਕ ਸ਼ਰਾਬੀ ਹਾਥੀ ਨੂੰ ਕਿਲੇ ਦਾ ਦਰਵਾਜ਼ਾ ਤੋੜਨ ਲਈ ਭੇਜਿਆ ਤਾਂ ਭਾਈ ਸਾਹਿਬ ਦੇ ਸਪੁੱਤਰ ਬਚਿੱਤਰ ਸਿੰਘ ਤੇ ਉਦੇ ਸਿੰਘ ਨੇ ਹਾਥੀ ’ਤੇ ਨਾਗਣੀ ਦਾ ਵਾਰ ਕਰਕੇ ਭਜਾਇਆ ਤੇ ਹਾਥੀ, ਦੁਸ਼ਮਣਾਂ ਦੀਆਂ ਫੌਜਾਂ ਨੂੰ ਲਤਾੜਦਾ ਤੇ ਖਦੇੜਦਾ, ਬਹੁਤ ਜਾਨੀ ਨੁਕਸਾਨ ਕਰ ਗਿਆ।

ਹਰਚਰਨ ਸਿੰਘ
ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਜਦੋਂ ਆਨੰਦਪੁਰ ਸਾਹਿਬ ਛੱਡਣਾ ਪਿਆ ਤਾਂ ਗੁਰੂ ਦੇ ਪਰਿਵਾਰ ਨੂੰ, ਦਿੱਲੀ ਪਹੁੰਚਾਉਣ ਦਾ ਫਰਜ਼, ਮਨੀ ਸਿੰਘ ਨੇ ਪੂਰਾ ਕੀਤਾ ਤੇ ਫਿਰ ਦਮਦਮਾ ਸਾਹਿਬ ਆਏ ਤੇ ਇੱਥੇ, ਗੁਰੂ ਗੋਬਿੰਦ ਸਿੰਘ ਜੀ ਨੇ, ਆਪ ਕੋਲੋਂ ਦਮਦਮੀ ਬੀੜ ਲਿਖਵਾਈ। ਗੁਰੂ ਗੋਬਿੰਦ ਸਿੰਘ ਨੇ ਰਵਾਨਗੀ ਦੱਖਣ ਵਲ ਕੀਤੀ ਤੇ ਉਧਰ ਹੀ ਨੰਦੇੜ ਵਿਖੇ ਜੋਤੀ ਜੋਤ ਸਮਾ ਗਏ। ਬੰਦਾ ਸਿੰਘ ਬਹਾਦਰ ਨੇ ਮੁਗਲ ਸਲਤਨਤ ਤੋਂ ਸਿੱਖਾਂ ’ਤੇ ਕੀਤੇ ਹੋਏ ਅਤਿਆਚਾਰਾਂ ਦਾ ਬਦਲਾ ਲੈ ਕੇ, ਰਾਜ ਦੀ ਸਥਾਪਨਾ ਕੀਤੀ। ਇਹ ਉਹ ਸਮਾਂ ਸੀ ਕਿ ਬੰਦਾ ਸਿੰਘ ਤੋਂ ਬਾਅਦ, ਸ਼ਰਧਾ ਵਜੋਂ, ਕਈਆਂ ਸਿੱਖਾਂ ਨੇ ਉਨ੍ਹਾਂ ਨੂੰ ਗੁਰੂ ਸਮਝਣਾ ਸ਼ੁਰੂ ਕਰ ਦਿੱਤਾ ਤੇ ਇਹ ਬੰਦਈ ਸਿੱਖ ਅਖਵਾਉਣ ਲੱਗ ਪਏ ਤੇ ਇੱਥੋਂ ਤੱਕ ਕਿ ਉਹ ਸਿੱਖੀ ਦੇ ਕੇਂਦਰ ਅੰਮ੍ਰਿਤਸਰ ’ਤੇ ਕਬਜ਼ਾ ਕਰਨ  ਲਈ ਚਲ ਪਏ। ਉਸੇ  ਸਮੇਂ ਦੀਵਾਲੀ ਦੇ ਮੌਕੇ ’ਤੇ,  ਤੱਤ ਖਾਲਸੇ ਵੱਲੋਂ, ਦੀਵਾਨ ਦੇ ਇਕੱਠ ਲਈ, ਸਮੇਂ ਦੀ ਸਰਕਾਰ ਕੋਲੋਂ ਪ੍ਰਵਾਨਗੀ ਲੈ ਚੁੱਕੇ ਸਨ। ਸਿੱਖਾਂ ਵਿਚਾਲੇ, ਇਤਨੇ ਗੰਭੀਰ ਹਾਲਾਤ ਹੋ ਗਏ ਕਿ ਇਹ ਦੋਵੇਂ ਧਿਰਾਂ, ਜਾਇਜ਼ ਵਾਰਿਸ ਬਣਨ ਲਈ ਮਰਨ-ਮਾਰਨ ਤੱਕ ਤਿਆਰ ਹੋ ਗਏ। ਮਾਤਾ ਸੁੰਦਰ ਕੌਰ ਨੇ, ਭਾਈ ਮਨੀ ਸਿੰਘ ਨੂੰ ਹੈੱਡ ਗਰੰਥੀ ਨਿਯੁਕਤ ਕਰਕੇ, ਅੰਮ੍ਰਿਤਸਰ ਭੇਜਿਆ। ਪਰ ਉਦੋਂ ਤੱਕ ਦੋਵੇਂ ਧਿਰਾਂ, ਵੱਖਰੇ-ਵੱਖਰੇ ਬੁੰਗਿਆਂ ’ਤੇ ਕਬਜ਼ਾ ਜਮ੍ਹਾਂ ਚੁੱਕੀਆਂ ਸਨ। ਭਾਈ ਮਨੀ ਸਿੰਘ ਨੇ ਸੂਝ ਸਿਆਣਪ ਦਿਖਾ ਕੇ,  ਦੋਹਾਂ ਧਿਰਾਂ ਦੇ ਮੁਖੀਆਂ ਨੂੰ ਸਮਝਾਇਆ ਤੇ ਇਹ ਪ੍ਰਵਾਨ ਹੋਇਆ ਕਿ ਦੋ ਪਰਚੀਆਂ ਹਰ ਕੀ ਪੜੀ, ਸਰੋਵਰ ਵਿੱਚ ਪਾਈਆਂ ਜਾਣ। ਇਕ ਪਰਚੀ ’ਤੇ ‘‘ਫਤਿਹ ਦਰਸ਼ਨ’’ ਲਿਖਿਆ ਗਿਆ, ਜੋ ਬੰਦਈ ਖਾਲਸਾ ਦਾ ਜੰਗੀ ਨਾਅਰਾ ਸੀ, ਤੇ ਦੂਜੀ ਤੱਤ ਖਾਲਸਾ ਵੱਲੋਂ ਪਰਚੀ ’ਤੇ ‘‘ਵਾਹਿਗੁਰੂ ਜੀ ਕੀ ਫਤਿਹ’’ ਤੇ ਸਰੋਵਰ ਵਿੱਚ ਪਾ ਦਿੱਤੀਆਂ ਗਈਆਂ। ਇਹ ਪ੍ਰਵਾਨਤ ਹੋਇਆ ਦੋਹਾਂ ਧਿਰਾਂ ਵੱਲੋਂ ਕਿ ਜਿਸ ਦੀ ਪਰਚੀ, ਪਹਿਲਾਂ ਤੈਰ ਕੇ ਉਪਰ ਉਠੇਗੀ, ਉਹੀ ਧੜਾ ਗੁਰਧਾਮਾਂ ਦੀ ਸੰਭਾਲ ਦਾ ਵਾਰਿਸ ਮੰਨਿਆ ਜਾਵੇਗਾ। ਇਸ ਸਾਰੇ ਸਮੇਂ ਵਿੱਚ, ਸੰਗਤਾਂ ਨੂੰ ਵਾਹਿਗੁਰੂ ਦਾ ਜਾਪ ਤੇ ਅਰਦਾਸ ਕਰਨ ਲਈ ਕਿਹਾ, ਭਾਈ ਮਨੀ ਸਿੰਘ ਹੁਰਾਂ ਨੇ। ਆਖਰ ਤੱਤ ਖਾਲਸਾ ਦੀ ਪਰਚੀ ‘‘ਵਾਹਿਗੁਰੂ ਜੀ ਕੀ ਫਤਿਹ’’ ਵਾਲੀ, ਉਪਰ ਆ ਗਈ। ਇਸ ਤਰ੍ਹਾਂ ਇਹ ਮਸਲਾ ਭਾਈ ਸਾਹਿਬ ਦੀ ਸਿਆਣਪ ਕਰਕੇ ਅਮਨ ਅਮਾਨ ਨਾਲ ਸੁਲਝ ਗਿਆ।
ਦੀਵਾਲੀ ਦੇ ਸਮੇਂ ਸੰਨ 1738 ਵਿਚ, ਭਾਈ ਮਨੀ ਸਿੰਘ ਨੇ, ਸਿੱਖਾਂ ਦਾ ਇਕੱਠ, ਅੰਮ੍ਰਿਤਸਰ ਵਿਚ ਸੱਦ ਲਿਆ ਤੇ ਕਿਸੇ ਸਮਾਗਮ ’ਤੇ ਇਕੱਠ ਲਈ,  ਹਕੂਮਤ ਦੀ ਪ੍ਰਵਾਨਗੀ ਲੈਣੀ ਪੈਂਦੀ ਸੀ। ਇਜਾਜ਼ਤ ਤਾਂ ਮਿਲ ਗਈ, ਪਰ ਕਰ  ਵਜੋਂ ਦਸ ਹਜ਼ਾਰ ਰੁਪਏ ਦੀ ਅਦਾਇਗੀ ਕਰਨੀ ਪੈਣੀ ਸੀ ਤੇ ਭਾਈ ਸਾਹਿਬ ਨੇ ਬੇਨਤੀ ਕਰਕੇ ਮੰਨਵਾ ਲਿਆ, ਕਿ  ਰਕਮ ਦੀ ਅਦਾਇਗੀ ਸਮਾਗਮ ਤੋਂ ਪਿੱਛੋਂ ਹੋਵੇਗੀ ਕਿਉਂਕਿ ਉਮੀਦ ਸੀ, ਕਿ ਸੰਗਤਾਂ ਕੋਲੋਂ ਉਗਰਾਹੀ ਤਾਂ ਹੋ ਜਾਵੇਗੀ। ਜ਼ਕਰੀਆ ਖ਼ਾਨ ਦੀ ਦੋਹਰੀ ਬਦਨੀਤੀ ਤੇ  ਕਪਟਚਾਲ ਸੀ ਕਿ ਇਕੋ ਦਿਨ ਇਤਨੇ ਸਿੱਖ ਇਕੱਠੇ ਹੋਣਗੇ ਤੇ ਉਨ੍ਹਾਂ ਸਾਰਿਆਂ ਨੂੰ ਮਾਰਨ ਦਾ ਇਸ ਤੋਂ ਚੰਗਾ ਅਵਸਰ ਹੋਰ ਕੋਈ ਨਹੀਂ ਸੀ ਹੋ ਸਕਦਾ। ਭਾਈ ਸਾਹਿਬ ਨੂੰ ਇਕ ਦਿਨ ਪਹਿਲਾਂ, ਮੁਗਲਾਂ ਦੀ ਇਸ ਸਾਜ਼ਸ਼ ਦਾ ਪਤਾ ਲੱਗ ਗਿਆ, ਤੇ ਹਲਕਾਰੇ ਤੇ ਸਿੱਖ ਨੌਜਵਾਨ, ਹਰ ਰਸਤੇ ’ਤੇ ਭੇਜੇ ਗਏ ਤਾਂ ਕਿ ਸੰਗਤਾਂ ਨੂੰ ਹਰਿਮੰਦਰ ਸਾਹਿਬ ਆਉਣ ਤੋਂ ਰੋਕ ਲਿਆ ਜਾਵੇ। ਪਰ ਬਹੁਤ ਸਾਰੇ ਸਿੱਖ ਆ ਚੁੱਕੇ ਸਨ। ਜ਼ੁਕਰੀਆਂ ਖ਼ਾਨ ਨੇ ਲਖਪਤਰਾਏ ਨਾਲ ਰਲ ਕੇ ਸੈਂਕੜੇ ਸਿੱਖ ਸ਼ਰਧਾਲੂ, ਕੁਝ ਸਰੋਵਰ ਵਿਚ ਇਸ਼ਨਾਨ ਕਰਦੇ ਤੇ ਕੁਝ ਪਰਿਕਰਮਾ ਵਿਚ ਸਭ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਗਿਆ। ਭਾਈ ਮਨੀ ਸਿੰਘ ਨੂੰ ਪ੍ਰਵਾਨਤ ਕਰ ਨਾ ਜਮ੍ਹਾਂ ਕਰ ਸਕਣ ਦੇ ਦੋਸ਼ ਵਿਚ ਉਨ੍ਹਾਂ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ। ਇਸ ਸਾਰੇ ਕਾਸੇ ਨੂੰ ਸੋਚ ਕੇ, ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ, ਕਿ ਸਿਦਕੀ ਸਿੱਖ, ਕਿਵੇਂ ਗੁਰਦੁਆਰੇ ਵਿੱਚ ਨਿਹੱਥੇ ਮਾਰੇ ਗਏ।
ਭਾਈ ਮਨੀ ਸਿੰਘ ਤੇ ਇਨ੍ਹਾਂ ਦੇ ਸਾਥੀਆਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਤੇ ਇਨਕਾਰ ਕਰਨ ’ਤੇ ਬੰਦ-ਬੰਦ ਕੱਟਣ ਦਾ ਹੁਕਮ ਦਿੱਤਾ ਗਿਆ। ਬਾਕੀ ਦੇ ਸਾਥੀ,  ਭਾਈ ਦੀਵਾਨ ਸਿੰਘ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਗਿਆ, ਦੂਜੇ ਸਾਥੀ ਭਾਈ ਬਲਕਾਰ ਸਿੰਘ ਨੂੰ  ਪੁੱਠਾ ਟੰਗ ਕੇ, ਜੀਊਂਦੇ ਜੀਅ ਸਰੀਰ ਦੀ ਖੱਲ ਉਤਾਰ ਕੇ ਸ਼ਹੀਦ ਕੀਤਾ ਗਿਆ। ਭਾਈ ਭੂਪਤ ਸਿੰਘ ਨੂੰ ਚਰਖੜੀ ’ਤੇ ਚਾੜ੍ਹ ਕੇ, ਜ਼ਿੰਦਾ ਮਾਰ ਦਿੱਤਾ ਗਿਆ ਤੇ ਭਾਈ ਸਾਹਿਬ ਮਨੀ ਸਿੰਘ ਦਾ ਬੰਦ-ਬੰਦ ਕੱਟ ਦਿੱਤਾ ਗਿਆ ਤੇ ਇਹ ਅਣਖੀ ਸਿੱਖ, ਗੁਰੂ ਦੇ ਦਰਸਾਏ ਹੋਏ ਪੂਰਨਿਆਂ ’ਤੇ ਚਲ ਕੇ ਸ਼ਹੀਦੀ ਜਾਮਾ ਪਹਿਨ ਗਏ।
ਭਾਈ ਮਨੀ ਸਿੰਘ ਪ੍ਰਤੀ ਸਿੱਖ ਸੰਗਤਾਂ ਵਿਚ ਬੇਹੱਦ ਸ਼ਰਧਾ ਤੇ ਸਤਿਕਾਰ ਸੀ ਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਸਿੱਖਾਂ ਵਿਚ ਬੜਾ ਰੋਸ ਪੈਦਾ ਹੋ ਗਿਆ ਤੇ ਇਨ੍ਹਾਂ ਕਾਤਲਾਂ ਨੂੰ ਸਜ਼ਾ ਦੇਣ ਲਈ ਸਿੱਖ ਗੋਂਦਾਂ ਗੁੰਦਣ ਲੱਗੇ। ਭਾਈ ਮਨੀ ਸਿੰਘ ਦੇ ਭਤੀਜੇ ਭਾਈ ਅਖੜ ਸਿੰਘ ਨੇ ਕਾਤਲਾਂ ਨੂੰ ਸੌਧਿਆ। ਨਵਾਬ ਕਪੂਰ ਸਿੰਘ ਨੇ ਇਕ ਮੁੱਠਭੇੜ ਵਿਚ, ਸਮਦ ਖ਼ਾਨ ਨੂੰ ਪਕੜ ਕੇ, ਨੂੜ ਕੇ ਘੋੜਿਆਂ ਪਿੱਛੇ ਘਸੀਟ-ਘਸੀਟ ਕੇ ਮਾਰਿਆ। ਜ਼ਕਰੀਆ ਖ਼ਾਨ ਨੂੰ ਭਾਈ ਤਾਰੂ ਸਿੰਘ ਨੇ, ਪੈਰਾਂ ਦੀ ਜੁਤੀਆਂ ਨਾਲ ਮਾਰਿਆ।
ਭਾਈ ਮਨੀ ਸਿੰਘ ਇਕ ਉੱਚ ਕੋਟੀ ਦੇ ਵਿਦਵਾਨ, ਕਥਾ ਵਾਚਕ, ਤਪਸਵੀ, ਫੁਰਤੀਲੇ, ਸੂਰਬੀਰ ਯੋਧੇ, ਸੂਝ ਬੂਝ ਰੱਖਣ ਵਾਲੇ ਤੇ ਸਿੱਖੀ ਸਿਦਕ ਵਿਚ ਪੂਰਨਤਾ ਕਾਰਨ, ਸਿੱਖ ਕੌਮ ਵਿਚ ਸਤਿਕਾਰੇ ਜਾਂਦੇ ਹਨ ਤੇ ਉਨ੍ਹਾਂ ਦੀ ਘਾਲਣਾ ਤੇ ਕੁਰਬਾਨੀ ਹਮੇਸ਼ਾ ਲਈ ਮਾਰਗ ਦਰਸ਼ਕ ਰਹੇਗੀ।

ਹਰਚਰਨ ਸਿੰਘ


Post Comment


ਗੁਰਸ਼ਾਮ ਸਿੰਘ ਚੀਮਾਂ