ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, September 9, 2012

ਗੁਰੂ ਗੋਬਿੰਦ ਸਿੰਘ ਦੀ ਯਾਦ ’ਚ ਮੰਡੀ ਦਾ ਇਤਿਹਾਸਕ ਗੁਰਦੁਆਰਾ


ਪੰਜਾਬ ਸਮੇਤ ਜਿੱਥੇ-ਜਿੱਥੇ ਵੀ ਗੁਰੂ ਸਹਿਬਾਨ ਗਏ, ਉਥੇ ਹੀ ਉਨ੍ਹਾਂ ਦੀ ਯਾਦ ’ਚ ਧਾਰਮਿਕ ਸਥਾਨ ਬਣ ਗਏ। ਇਹ ਧਾਰਮਿਕ ਸਥਾਨ ਸਾਰਿਆਂ ਲਈ ਆਸਥਾ ਦਾ ਕੇਂਦਰ ਬਣੇ ਹੋਣ ਦੇ ਨਾਲ-ਨਾਲ ਉਸ ਵੇਲੇ ਦੇ ਇਤਿਹਾਸ ’ਤੇ ਵੀ ਝਾਤ ਪਾਉਂਦੇ ਹਨ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਸ਼ਹਿਰ ਵਿਖੇ ਉੱਚੀਆਂ ਪਹਾੜੀਆਂ ਦੀ ਗੋਦ ਅਤੇ ਬਿਆਸ ਦਰਿਆ ਦੇ ਕੰਢੇ ’ਤੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਯਾਦ ’ਚ ਗੁਰਦੁਆਰਾ ਸਥਿਤ ਹੈ। ਇੱਕ ਪਾਸੇ ਉੱਚਾ ਪਹਾੜ ਅਤੇ ਇੱਕ ਪਾਸੇ ਬਿਆਸ ਦਰਿਆ ਵਹਿੰਦਾ ਹੋਣ ਕਾਰਨ ਬੜਾ ਹੀ ਸੁੰਦਰ ਤੇ ਮਨਮੋਹਕ ਨਜ਼ਾਰਾ ਪੇਸ਼ ਹੁੰਦਾ ਹੈ। ਉੱਚਾ ਨਿਸ਼ਾਨ ਸਾਹਿਬ ਝੂਲਦਾ ਦੂਰ ਤੋਂ ਹੀ ਨਜ਼ਰ ਆ ਜਾਂਦਾ ਹੈ।
ਇਸ ਪਵਿੱਤਰ ਅਸਥਾਨ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੰਡੀ ਦੇ ਰਾਜਾ ਸਿੱਧ ਸੈਨ ਦੀ ਬੇਨਤੀ ਪ੍ਰਵਾਨ ਕਰਕੇ 1758 ਬਿਕਰਮੀ ਜੇਠ ਮਹੀਨੇ ਆਪਣੇ ਚਰਨ ਪਾ ਕੇ ਇਸ ਮੰਡੀ ਨੂੰ ਭਾਗ ਲਾਏ ਸਨ। ਗੁਰੂ ਸਾਹਿਬ ਨੇ ਇੱਥੇ ਬਿਆਸ ਨਦੀ ਦੇ ਕੰਢੇ ’ਤੇ ਆਪਣਾ ਤੰਬੂ ਲਾ ਕੇ ਬਸੇਰਾ ਕੀਤਾ ਸੀ। ਇਥੇ ਉਹ ਪੱਥਰ ਵੀ ਮੌਜੂਦ ਹੈ, ਜਿੱਥੇ ਬੈਠ ਕੇ ਗੁਰੂ ਸਾਹਿਬ ਅਕਾਲ-ਪੁਰਖ ਨਾਲ ਜੁੜਿਆ ਕਰਦੇ ਸਨ। ਮੰਡੀ ਵਿਖੇ ਗੁਰੂ ਸਾਹਿਬ ਛੇ ਮਹੀਨੇ 18 ਦਿਨ ਤੱਕ ਠਹਿਰੇ। ਜਦੋਂ ਗੁਰੂ ਸਾਹਿਬ ਕਾਫ਼ੀ ਸਮਾਂ ਇੱਥੇ ਰਹਿਣ ਬਾਅਦ ਜਾਣ ਲੱਗੇ ਤਾਂ ਰਾਜਾ ਸਿੱਧ ਸੈਨ ਨੇ ਬਚਨ ਕੀਤੇ ਕਿ ਹੁਣ ਮੇਰਾ ਅਤੇ ਮੰਡੀ ਦਾ ਕੀ ਬਣੇਗਾ? ਔਰੰਗਜ਼ੇਬ ਮੇਰੇ ਅਤੇ ਮੰਡੀ ਉੱਤੇ ਜ਼ੁਲਮ ਕਰੇਗਾ। ਉਸ ਵੇਲੇ ਗੁਰੂ ਸਾਹਿਬ ਨਦੀ ਵਿੱਚ ਹਾਂਡੀ ਦਾ ਨਿਸ਼ਾਨਾ ਲਾ ਰਹੇ ਹਨ। ਰਾਜੇ ਦੇ ਬਚਨ ਸੁਣਨ ਬਾਅਦ ਗੁਰੂ ਸਾਹਿਬ ਨੇ ਨਦੀ ਅੰਦਰ ਇੱਕ ਹਾਂਡੀ ਵੱਲ ਨਿਸ਼ਾਨਾ ਸਾਧ ਕੇ ਗੋਲਾ ਬੰਦੂਕ ’ਚੋਂ ਗੋਲਾ ਛੱਡਿਆ। ਹਾਂਡੀ ਨਿਸ਼ਾਨਾ ਲੱਗਣ ਤੋਂ ਬਚ ਗਈ। ਉਸ ਵੇਲੇ ਗੁਰੂ ਸਾਹਿਬ ਨੇ ਬਚਨ ਕੀਤੇ ਕਿ
‘ਜੈਸੇ ਬਚੀ ਜੇ ਹਾਂਡੀ, ਵੈਸੇ ਬਚੇਗੀ ਤੇਰੀ ਮੰਡੀ
ਜੋ ਮੰਡੀ ਕੋ ਲੁਟੇਗੇਂ, ਅਸਮਾਨੀ ਗੋਲੇ ਛੁੱਟੇਂਗੇ¨
ਗੁਰੂ ਸਾਹਿਬ ਨਾਲ ਸਬੰਧਤ ਪੰਜ ਇਤਿਹਾਸਕ ਦੁਰਲੱਭ ਵਸਤਾਂ ਪਲੰਗ, ਰਜਾਈ, ਤਲਾਈ, ਬੰਦੂਕ (ਜਿਸ ਨਾਲ ਹਾਂਡੀ ਦਾ ਨਿਸ਼ਾਨਾ ਲਾਇਆ ਸੀ), ਬਰੂਦ ਦੀ ਕੂਪੀ ਅਤੇ ਰਬਾਬ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਦਰਸ਼ਨਾਂ ਲਈ ਸੰਭਾਲ ਕੇ ਰੱਖੀਆਂ ਹੋਈਆਂ ਹਨ। ਇਨ੍ਹਾਂ ਵਸਤਾਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇੱਕ ਕਮਰੇ ਵਿੱਚ ਸ਼ੀਸ਼ੇ ਦੀਆਂ ਅਲਮਾਰੀਆਂ ਅੰਦਰ ਪ੍ਰਦਰਸ਼ਿਤ ਕੀਤਾ ਗਿਆ ਹੈ। ਮੱਥਾ ਟੇਕਣ ਬਾਅਦ ਸੰਗਤਾਂ ਸ਼ਰਧਾ ਭਾਵਨਾ ਨਾਲ ਇਨ੍ਹਾਂ ਇਤਿਹਾਸਕ ਤੇ ਦੁਰਲੱਭ ਵਸਤਾਂ ਦੇ ਦਰਸ਼ਨ ਕਰਦੀਆਂ ਹਨ। ਪੰਜਾਬ ਸਮੇਤ ਹੋਰਨਾਂ ਥਾਵਾਂ ਤੋਂ ਵੱਡੀ ਗਿਣਤੀ ਸੰਗਤਾਂ ਰੋਜ਼ਾਨਾ ਇਥੇ ਦਰਸ਼ਨਾਂ ਲਈ ਆਉਂਦੀਆਂ ਹਨ।ਸੰਗਤਾਂ ਦੀ ਸਹੂਲਤ ਲਈ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਅੰਦਰ ਦੀ ਕਮਰਿਆਂ ਦਾ ਨਿਰਮਾਣ ਕਰਵਾਇਆ ਗਿਆ ਹੈ। ਲੰਗਰ ਹਾਲ ਤੋਂ ਇਲਾਵਾ ਗੁਰਦੁਆਰੇ ਦੀ ਇਮਾਰਤ ਦੇ ਸਾਹਮਣੇ ਉੱਚੀ ਥਾਂ ’ਤੇ ਸਰੋਵਰ ਬਣਾਇਆ ਗਿਆ ਹੈ, ਜਿਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ। ਇਸ ਇਤਿਹਾਸਕ ਸਥਾਨ ਦੀ ਕਾਰ ਸੇਵਾ ਸੰਤ ਬਾਬਾ ਸੇਵਾ ਸਿੰਘ, ਸੰਤ ਬਾਬਾ ਭਾਗ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਬਾਬਾ ਲਾਭ ਸਿੰਘ ਦੀ ਰਹਿਨੁਮਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਚਲ ਰਹੀ ਹੈ।

-ਜਤਿੰਦਰ ਸਿੰਘ ਬੈਂਸ





Post Comment


ਗੁਰਸ਼ਾਮ ਸਿੰਘ ਚੀਮਾਂ