ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, September 12, 2012

ਮਹਾਰਾਜਾ ਸ਼ੇਰ ਸਿੰਘ ਦੀ ਅੰਤਿਮ ਯਾਦਗਾਰ ਨੂੰ ਮਿਲ ਗਿਆ ਇਨਸਾਫ਼


15 ਸਤੰਬਰ ਨੂੰ ਮਹਾਰਾਜਾ ਸ਼ੇਰ ਸਿੰਘ ਦੀ 169ਵੀਂ ਬਰਸੀ 'ਤੇ ਵਿਸ਼ੇਸ਼
ਸਮਾਧ ਮਹਾਰਾਜਾ ਸ਼ੇਰ ਸਿੰਘ
ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਮਹਾਰਾਣੀ ਮਹਿਤਾਬ ਕੌਰ ਦੀ ਕੁੱਖੋਂ 4 ਦਸੰਬਰ 1807 ਨੂੰ ਪੈਦਾ ਹੋਏ ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਮਹਾਰਾਜੇ ਨੇ ਆਪਣੇ ਬਾਕੀ ਸ਼ਹਿਜ਼ਾਦਿਆਂ ਤੋਂ ਵਧੇਰੇ ਸਨਮਾਨ  ਤੇ ਜਗੀਰਾਂ ਨਾਲ ਨਿਵਾਜਿਆ। ਸ਼ੇਰ ਸਿੰਘ ਦਾ ਪਹਿਲਾ ਵਿਆਹ ਨਕੱਈ ਮਿਸਲ ਦੇ ਰਈਸ ਦੀ ਧੀ ਬੀਬੀ ਦੇਸਾਂ ਨਾਲ ਹੋਇਆ, ਜਿਸ ਦਾ ਥੋੜ੍ਹੇ ਸਮੇਂ ਬਾਅਦ ਹੀ ਦਿਹਾਂਤ ਹੋ ਗਿਆ। ਉਸ ਦੇ ਚਲਾਣੇ ਤੋਂ ਬਾਅਦ ਸ਼ਹਿਜ਼ਾਦੇ ਦਾ ਦੂਜਾ ਵਿਆਹ ਸ: ਹਰੀ ਸਿੰਘ ਵੜੈਚ (ਲਾਧੋਵਾਲੀਏ) ਦੀ ਧੀ ਬੀਬੀ ਪ੍ਰੇਮ ਕੌਰ ਨਾਲ ਹੋਇਆ, ਜਿਸ ਨੇ 14 ਦਸੰਬਰ 1831 ਨੂੰ ਸ਼ਹਿਜ਼ਾਦਾ ਪ੍ਰਤਾਪ ਸਿੰਘ ਨੂੰ ਜਨਮ ਦਿੱਤਾ। ਇਨ੍ਹਾਂ ਤੋਂ ਇਲਾਵਾ ਸ਼ੇਰ ਸਿੰਘ ਨੇ ਕ੍ਰਮਵਾਰ ਰਾਣੀ ਪ੍ਰਤਾਪ ਕੌਰ (ਪੁੱਤਰੀ ਸ: ਜਗਤ ਸਿੰਘ), ਰਾਣੀ ਦਖ਼ਣੂ, ਰਾਣੀ ਧਰਮ ਕੌਰ ਰੰਧਾਵੀ (ਪੁੱਤਰੀ ਸ: ਜੋਧ ਸਿੰਘ ਰੰਧਾਵਾ), ਰਾਣੀ ਨੰਦ ਕੌਰ (ਪੁੱਤਰੀ ਸ: ਚੰਡਾ ਸਿੰਘ ਭਿਟੀਵਿੱਡ) ਅਤੇ ਰਾਣੀ ਜੇਬੋ ਨਾਲ ਵੀ ਵਿਆਹ ਕੀਤਾ। ਇਨ੍ਹਾਂ ਵਿਚੋਂ ਰਾਣੀ ਪ੍ਰੇਮ ਕੌਰ, ਰਾਣੀ ਦਖ਼ਣੂ, ਰਾਣੀ ਰੰਧਾਵੀ, ਰਾਣੀ ਪ੍ਰਤਾਪ ਕੌਰ ਦੇ ਪਰਿਵਾਰ ਦੇ ਲੋਕ (ਮੁਤਬੰਨੇ) ਅੱਜ ਵੀ ਮੌਜੂਦ ਹਨ।

ਜੂਨ 1839 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਤੋਂ ਜਲਦੀ ਬਾਅਦ ਉਨ੍ਹਾਂ ਦੇ ਵੱਡੇ ਸ਼ਹਿਜ਼ਾਦੇ ਮਹਾਰਾਜਾ ਖੜਗ ਸਿੰਘ ਅਤੇ ਪੋਤਰੇ ਕੰਵਰ ਨੌਨਿਹਾਲ ਸਿੰਘ ਦਾ ਇਕੋ ਦਿਨ ਕਤਲ ਹੋ ਜਾਣ ਤੋਂ ਬਾਅਦ 27 ਜਨਵਰੀ 1841 ਨੂੰ ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਮਹਾਰਾਜਗੀ ਦਾ ਤਿਲਕ ਲਗਾਇਆ ਗਿਆ।

15 ਸਤੰਬਰ 1843 ਨੂੰ ਖੇਡਾਂ ਦੇ ਸ਼ੌਕੀਨ ਮਹਾਰਾਜਾ ਸ਼ੇਰ ਸਿੰਘ ਦੇ ਸਾਹਮਣੇ ਯੋਜਨਾ ਦੇ ਤਹਿਤ ਡੋਗਰੇ ਅਤੇ ਸੰਧਾਵਾਲੀਆ ਸਰਦਾਰਾਂ ਦੁਆਰਾ ਇਕ ਖੇਡ ਮੇਲਾ ਕਰਵਾਇਆ ਗਿਆ। ਮਹਾਰਾਜਾ ਸ਼ਾਹਬਲ੍ਹੌਲ (ਨਵਾਂ ਨਾਂਅ ਕੋਟ ਖ਼ਵਾਜ਼ਾ ਸਇਦ) ਵਿਚ ਕੁਰਸੀ 'ਤੇ ਬੈਠੇ ਹੋਏ ਸਨ (ਉਸ ਦਿਨ ਧਿਆਨ ਸਿੰਘ ਡੋਗਰਾ ਬਿਮਾਰੀ ਦਾ ਬਹਾਨਾ ਬਣਾ ਕੇ ਕਿਲ੍ਹੇ ਵਿਚ ਹੀ ਰਹਿ ਗਿਆ)। ਅਜੀਤ ਸਿੰਘ ਸੰਧਾਵਾਲੀਆ 400 ਘੋੜ ਸਵਾਰਾਂ ਦੇ ਅੱਗੇ ਚਲਦਾ ਹੋਇਆ ਮਹਾਰਾਜਾ ਦੇ ਸਾਹਮਣੇ ਪੇਸ਼ ਹੋਇਆ ਅਤੇ ਹਥਿਆਰ ਰੱਖਣ ਅਤੇ ਖਰੀਦਣ ਦੇ ਸ਼ੌਕੀਨ ਮਹਾਰਾਜਾ ਸ਼ੇਰ ਸਿੰਘ ਦੇ ਹਜ਼ੂਰ ਵਿਚ ਇਕ ਦੋਨਾਲੀ ਮੌਲੀਦਾਰ ਰਾਈਫਲ ਪੇਸ਼ ਕੀਤੀ। ਜਿਉਂ ਹੀ ਸ਼ੇਰ ਸਿੰਘ ਉਸ ਨੂੰ ਫੜਨ ਲਈ ਉਠੇ, ਅਜੀਤ ਸਿੰਘ ਨੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ ਅਤੇ ਉਹ ਤੜਫ ਕੇ ਉਥੇ ਹੀ ਕੁਰਸੀ ਉੱਤੇ ਡਿੱਗ ਪਏ। ਉਨ੍ਹਾਂ ਦੇ ਮੂੰਹੋਂ ਸਿਰਫ ਇੰਨਾ ਹੀ ਨਿਕਲਿਆ-'ਯਹ ਤੋ ਦਗ੍ਹਾ ਹੈ।' ਹਾਲੇ ਉਹ ਆਖ਼ਰੀ ਸਾਹ ਲੈ ਹੀ ਰਹੇ ਸਨ ਕਿ ਅਜੀਤ ਸਿੰਘ ਨੇ ਤਲਵਾਰ ਨਾਲ ਉਨ੍ਹਾਂ ਦਾ ਸਿਰ ਕੱਟ ਕੇ ਨੇਜ਼ੇ ਉੱਪਰ ਚੜ੍ਹਾ ਦਿੱਤਾ। ਉਧਰ ਦੂਸਰੇ ਪਾਸੇ ਗੋਲੀ ਦੀ ਆਵਾਜ਼ ਸੁਣਦਿਆਂ ਹੀ ਲਹਿਣਾ ਸਿੰਘ ਸੰਧਾਵਾਲੀਆ (ਅਜੀਤ ਸਿੰਘ ਲਹਿਣਾ ਸਿੰਘ ਦੇ ਭਰਾ ਵਸਾਵਾ ਸਿੰਘ ਦਾ ਪੁੱਤਰ ਸੀ ਅਤੇ ਲਹਿਣਾ ਸਿੰਘ ਰਿਸ਼ਤੇ ਵਿਚ ਸ਼ੇਰ ਸਿੰਘ ਦਾ ਚਾਚਾ ਲੱਗਦਾ ਸੀ) ਨੇ ਤਲਵਾਰ ਫੜੀ ਅਤੇ ਸ਼ਹਿਜ਼ਾਦਾ ਪ੍ਰਤਾਪ ਸਿੰਘ ਵੱਲ ਚੱਲ ਪਿਆ। ਪ੍ਰਤਾਪ ਸਿੰਘ ਅਜੇ ਆਪਣੇ ਦਾਦਾ ਦੇ ਸਤਿਕਾਰ ਲਈ ਝੁਕਿਆ ਹੀ ਸੀ ਕਿ ਖੂੰਖਾਰ ਦਾਦੇ ਨੇ ਆਪਣੇ ਪੋਤਰੇ ਦੀ ਗਰਦਨ ਕੱਟ ਕੇ ਨੇਜ਼ੇ ਉਪਰ ਟੰਗ ਲਈ। ਬਾਅਦ ਵਿਚ ਇਨ੍ਹਾਂ ਦੋਹਾਂ ਦੇ ਕੱਟੇ ਸੀਸ ਕਿਲ੍ਹੇ ਵਿਚੋਂ ਮਿਲ ਗਏ। ਸ਼ਾਹਬਲ੍ਹੋਲ ਦੀ ਵਲਗਣ ਵਿਚ ਮਹਾਰਾਜਾ ਸ਼ੇਰ ਸਿੰਘ ਤੇ ਟਿੱਕਾ ਪ੍ਰਤਾਪ ਸਿੰਘ ਦੀਆਂ ਲਾਸ਼ਾਂ ਨੂੰ ਇਕੋ ਅੰਗੀਠੇ ਵਿਚ ਸੰਸਕਾਰਿਆ ਗਿਆ।

ਉਸੇ ਸਥਾਨ 'ਤੇ ਮਹਾਰਾਜਾ ਸ਼ੇਰ ਸਿੰਘ ਦੀ ਪਤਨੀ ਰਾਣੀ ਧਰਮ ਕੌਰ ਰੰਧਾਵੀ ਵੱਲੋਂ ਸਮਾਧ ਦੀ ਗੁੰਬਦਦਾਰ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ। ਇਸ ਸਮਾਧ ਦੇ ਅੰਦਰ ਜਾਣ ਲਈ ਦੋ ਦਰਵਾਜ਼ੇ ਹੁੰਦੇ ਸਨ, ਇਕ ਉੱਤਰ ਵੱਲ ਤੇ ਦੂਜਾ ਦੱਖਣ ਵੱਲ। ਫਰਸ਼ ਦੇ ਉੱਪਰ ਛੋਟੀਆਂ ਗੋਲ ਸਮਾਧਾਂ ਬਣੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਪੂਰਬ ਵੱਲ ਦੀ ਸਮਾਧ ਮਹਾਰਾਜਾ ਸ਼ੇਰ ਸਿੰਘ ਦੀ ਸੀ ਅਤੇ ਪੱਛਮ ਵੱਲ ਦੀ ਟਿੱਕਾ ਪ੍ਰਤਾਪ ਸਿੰਘ ਦੀ ਅਤੇ ਉਸ ਦੇ ਨਾਲ ਹੀ ਰਾਣੀ ਪ੍ਰਤਾਪ ਕੌਰ ਦੀ ਵੀ ਸਮਾਧ ਹੁੰਦੀ ਸੀ, ਜਿਸ ਨੇ ਮਹਾਰਾਜਾ ਦੀ ਬਲ ਰਹੀ ਚਿਖਾ ਵਿਚ ਛਲਾਂਗ ਮਾਰ ਕੇ ਆਪਣੇ-ਆਪ ਨੂੰ ਭਸਮ ਕਰ ਲਿਆ ਸੀ। ਇਸ ਸਮਾਧ ਉਪਰ ਇਬਾਰਤ ਦਰਜ ਸੀ-'ਸ: ਠਾਕੁਰ ਸਿੰਘ (ਮੁਤਬੰਨਾ) ਦੀ ਮਾਂ ਅਤੇ ਮਹਾਰਾਜਾ ਸ਼ੇਰ ਸਿੰਘ ਬਹਾਦਰ ਦੀ ਪਤਨੀ ਰਾਣੀ ਪ੍ਰਤਾਪ ਕੌਰ, ਦਿਹਾਂਤ 10 ਭਾਦਰੋਂ, 1914 ਸੰਮਤ।' ਇਸ ਦੇ ਨਾਲ ਹੀ ਰਾਣੀ ਧਰਮ ਕੌਰ ਰੰਧਾਵੀ ਦੀ ਸਮਾਧ ਸੀ, ਜਿਸ ਦੇ ਉਪਰ ਇਬਾਰਤ ਦਰਜ ਸੀ-'ਸਮਾਧ ਰਾਣੀ ਸਾਹਿਬਾ ਰੰਧਾਵੀ ਧਰਮ ਕੌਰ ਪਤਨੀ ਮਹਾਰਾਜਾ ਸ਼ੇਰ ਸਿੰਘ। ਦਿਹਾਂਤ 14 ਮੱਘਰ, 1927 ਸੰਮਤ।' ਇਨ੍ਹਾਂ ਸਮਾਧਾਂ ਦੀਆਂ ਅੰਦਰਲੀਆਂ ਕੰਧਾਂ ਉੱਪਰ ਦਸਾਂ ਸਤਿਗੁਰਾਂ ਦੀਆਂ ਮੂਰਤਾਂ ਚਿੱਤਰੀਆਂ ਹੋਈਆਂ ਸਨ। ਭਾਰਤ ਵਿਚ ਉਠੇ ਬਾਬਰੀ ਮਸਜਿਦ ਵਿਵਾਦ ਦੇ ਦੌਰਾਨ ਉਪਰੋਕਤ ਸਮਾਧਾਂ ਸਹਿਤ ਮਹਾਰਾਜਾ ਸ਼ੇਰ ਸਿੰਘ ਦੀ ਸਮਾਧ ਦਾ ਵੱਡਾ ਹਿੱਸਾ ਢਾਹ ਦਿੱਤਾ ਗਿਆ। ਜਿਸ ਦੇ ਖੰਡਰ ਲਾਹੌਰ ਤੋਂ ਥੋੜ੍ਹੀ ਦੂਰੀ 'ਤੇ ਚਾਈਨਾ ਸਕੀਮ ਕਾਲੋਨੀ ਦੇ ਪੂਰਬ ਵੱਲ ਕੋਟ ਖ਼ਵਾਜ਼ਾ ਸਇਦ 'ਚ ਅੱਜ ਵੀ ਮੌਜੂਦ ਹਨ।

ਹਾਲਾਂਕਿ ਮਹਾਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ ਅਤੇ ਸਮਾਧ ਨੂੰ ਪਾਕਿਸਤਾਨ ਆਰਕੋਲੋਜੀ ਐਕਟ 1975 ਦੇ ਮੁਤਾਬਕ ਸੁਰੱਖਿਅਤ ਵਿਰਾਸਤੀ ਸਮਾਰਕ ਘੋਸ਼ਿਤ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਕਰੀਬ ਤਿੰਨ-ਚਾਰ ਸਾਲ ਪਹਿਲਾਂ ਉਪਰੋਕਤ ਬਾਰਾਂਦਰੀ ਦੇ ਕੁਝ ਹਿੱਸੇ ਵਿਚ ਲਾਹੌਰ ਵੇਸਟ ਮੈਨੇਜਮੈਂਟ ਕੰਪਨੀ (ਐਲ. ਡਬਲਿਊ. ਐਮ. ਸੀ.) ਵੱਲੋਂ ਡੰਪ ਗਰਾਊਂਡ (ਕੂੜਾ-ਘਰ) ਵਿਚ ਤਬਦੀਲ ਕਰ ਲਿਆ ਗਿਆ ਅਤੇ ਬਾਕੀ ਵੱਡੇ ਹਿੱਸੇ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਉਥੇ ਕੋਟ ਖਵਾਜ਼ਾ ਸੱਯਦ ਡਿਸਟ੍ਰਿਕਟ ਹੈੱਡਕੁਆਟਰ ਹਸਪਤਾਲ ਦੇ ਡਾਕਟਰਾਂ ਅਤੇ ਨਰਸਾਂ ਲਈ ਹੋਸਟਲ ਬਣਾਏ ਜਾਣ ਦੀ ਯੋਜਨਾ ਬਣਾ ਕੇ ਨਿਰਮਾਣ ਦੇ ਕੰਮ ਸ਼ੁਰੂ ਕਰਵਾ ਦਿੱਤੇ ਗਏ। ਜਦੋਂ ਇਸ ਸਾਰੇ ਮਾਮਲੇ ਦਾ ਲੇਖਕ ਦੁਆਰਾ 'ਅਜੀਤ ਅਖ਼ਬਾਰ' ਦੀ ਮਾਰਫ਼ਤ ਪਰਦਾਫ਼ਾਸ਼ ਕੀਤਾ ਗਿਆ ਤਾਂ ਇਕ ਮਹੀਨੇ ਦੇ ਅੰਦਰ ਹੀ ਪਾਕਿਸਤਾਨ ਪੁਰਾਤੱਤਵ ਵਿਭਾਗ ਦੇ ਅਧਿਕਾਰੀ ਅਨਜ਼ੁਮਨ ਸਲੀਮ ਕੁਰੇਸ਼ੀ ਵੱਲੋਂ ਐਲ. ਡਬਲਊ. ਐਮ. ਸੀ. ਦੁਆਰਾ ਬਾਰਾਂਦਰੀ 'ਚ ਬਣਾਏ ਕੂੜਾ-ਘਰ ਦੇ ਸੰਬੰਧ ਵਿਚ ਸ਼ਾਲਾਮਾਰ ਟਾਊਨ ਮਿਊਂਸਪਲ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਕਰਨ ਦੇ ਨਾਲ-ਨਾਲ ਲਾਹੌਰ ਹਾਈ ਕੋਰਟ ਵਿਚ ਵੀ ਮਾਮਲਾ ਦਾਇਰ ਕਰ ਦਿੱਤਾ ਗਿਆ, ਜਿਸ 'ਤੇ ਐਲ. ਡਬਲਊ. ਐਮ. ਸੀ. ਦੇ ਮੈਨੇਜਿੰਗ ਡਾਇਰੈਕਟਰ ਵਸੀਮ ਅਜਮਲ ਨੇ ਵਿਸ਼ਵਾਸ ਦਿਵਾਇਆ ਕਿ ਕੰਪਨੀ ਇਕ ਸਾਲ ਦੇ ਵਿਚ ਹੀ ਕੂੜਾ ਘਰ ਨੂੰ ਕਿਸੇ ਹੋਰ ਜਗ੍ਹਾ 'ਤੇ ਤਬਦੀਲ ਕਰ ਲਵੇਗੀ। ਉਧਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਪੁਰਾਤੱਤਵ ਵਿਭਾਗ (ਪਾਕਿਸਤਾਨ) ਅਤੇ ਪਾਰਕ ਐਂਡ ਹਾਰਟੀਕਲਚਰ ਅਥਾਰਟੀ ਦੀ ਦੇਖ-ਰੇਖ ਵਿਚ ਕਰੀਬ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਜੰਗੀ ਪੱਧਰ 'ਤੇ ਉਪਰੋਕਤ ਦੋਵੇਂ ਸਮਾਰਕਾਂ ਦੇ ਨਵ-ਨਿਰਮਾਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਆਉਂਦੇ ਦੋ ਸਾਲਾਂ ਵਿਚ ਮਹਾਰਾਜਾ ਸ਼ੇਰ ਸਿੰਘ ਨਾਲ ਸਬੰਧਤ ਉਪਰੋਕਤ ਸਮਾਰਕਾਂ ਦੇ ਨਵ-ਨਿਰਮਾਣ ਦਾ ਕੰਮ ਮੁਕੰਮਲ ਕਰਾ ਲਿਆ ਜਾਵੇਗਾ।

ਖੈਰ, ਫਿਲਹਾਲ ਮਹਾਰਾਜਾ ਸ਼ੇਰ ਸਿੰਘ ਦੀਆਂ ਅੰਤਿਮ ਯਾਦਗਾਰਾਂ ਦੇ ਰੂਪ ਵਿਚ ਸ਼ਾਮਿਲ ਉਪਰੋਕਤ ਦੋਵੇਂ ਯਾਦਗਾਰਾਂ ਸਮਾਧ ਅਤੇ ਬਾਰਾਂਦਰੀ ਦੇ ਨਵ-ਨਿਰਮਾਣ ਦਾ ਪਹਿਲਾ ਪੜਾਅ ਖਤਮ ਹੋ ਚੁੱਕਾ ਹੈ ਅਤੇ ਦੂਜੇ ਪੜਾਅ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਇਹ ਸਾਰਾ ਕੰਮ ਪਾਕਿਸਤਾਨ ਪੁਰਾਤਤੱਵ ਵਿਭਾਗ ਦੇ ਮਾਹਿਰਾਂ ਦੀ ਦੇਖ-ਰੇਖ ਵਿਚ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਵੇਖਦਿਆਂ ਇਹ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਮਹਾਰਾਜਾ ਸ਼ੇਰ ਸਿੰਘ ਦੀਆਂ ਅੰਤਿਮ ਯਾਦਗਾਰਾਂ ਸੰਕਟ ਦੇ ਦੌਰ ਵਿਚੋਂ ਬਾਹਰ ਨਿਕਲ ਆਈਆਂ ਹਨ ਅਤੇ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਸੁਰਿੰਦਰ ਕੋਛੜ
-ਅੰਮ੍ਰਿਤਸਰ।


Post Comment


ਗੁਰਸ਼ਾਮ ਸਿੰਘ ਚੀਮਾਂ