ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, September 10, 2012

ਮਾਤ-ਭਾਸ਼ਾ ਦੀ ਵਿਰੋਧਤਾ ਨਾ ਕਰੋ। ਇਸ ਦਾ ਸਤਿਕਾਰ ਕਰੋ।


ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਜਿਸ ਤਰ੍ਹਾਂ ਐਮ. ਫਿਲ. ਦੇ ਵਿਦਿਆਰਥੀਆਂ ਦਾ ਪੰਜਾਬੀ ਦਾ ਪਰਚਾ ਲੈਣ ਤੋਂ ਨਾਂਹ-ਨੁੱਕਰ ਕੀਤੀ ਗਈ ਤੇ ਫਿਰ ਜਦੋਂ ਇਸ ਫੈਸਲੇ ਦੀ ਸਾਰੇ ਸੰਸਾਰ ਦੇ ਪੰਜਾਬੀਆਂ ਵੱਲੋਂ ਵਿਰੋਧਤਾ ਕੀਤੀ ਗਈ ਤਾਂ ਇਹ ਫੈਸਲਾ ਵਾਪਸ ਲੈਣਾ ਪਿਆ। ਕਿਸ ਗੱਲ ਕਰਕੇ ਪੰਜਾਬੀ ਬੋਲੀ ਨਾਲ ਇਹ ਵਿਤਕਰੇ ਭਰਿਆ ਫੈਸਲਾ ਲਿਆ ਗਿਆ ਸੀ? ਇਸ ਯੂਨੀਵਰਸਿਟੀ ਦਾ ਨਾਂਅ ਹੈ ਪੰਜਾਬ ਯੂਨੀਵਰਸਿਟੀ ਅਤੇ ਪੰਜਾਬੀ ਨਾਲ ਹੀ ਇਹ ਵਿਤਕਰਾ ਕਿਉਂ ਕੀਤਾ ਗਿਆ? ਪੰਜਾਬ ਦੇ ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਦੀ ਸ਼ਲਾਘਾ ਕਰਨੀ ਬਣਦੀ ਹੈ, ਜਿਨ੍ਹਾਂ ਨੇ ਮਾਤ-ਭਾਸ਼ਾ ਵਿਰੋਧੀ ਫੈਸਲੇ ਦੀ ਪੂਰੀ ਡਟ ਕੇ ਵਿਰੋਧਤਾ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਂਅ ਦਾ ਬੋਰਡ ਜੋ ਯੂਨੀਵਰਸਿਟੀ ਦੇ ਬਾਹਰ ਲੱਗਾ ਹੈ, ਉਸ ਉੱਪਰ ਸਭ ਤੋਂ ਪਹਿਲਾਂ ਅੰਗਰੇਜ਼ੀ, ਫਿਰ ਹਿੰਦੀ ਤੇ ਸਭ ਤੋਂ ਹੇਠਾਂ ਲਿਖਿਆ ਹੈ ਪੰਜਾਬੀ ਵਿਚ। ਇਹ ਵੀ ਤਾਂ ਪੰਜਾਬੀ ਬੋਲੀ ਦਾ ਅਪਮਾਨ ਹੀ ਹੈ।

ਅਸੀਂ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਘਰਾਂ 'ਚ ਪੰਜਾਬੀ ਨੂੰ ਵਧੇਰੇ ਤਰਜੀਹ ਦਿਆ ਕਰਨ। ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਓ, ਹਿੰਦੂ ਪੜ੍ਹਾਓ, ਕੋਈ ਵਿਰੋਧਤਾ ਨਹੀਂ ਪਰ ਮਾਂ-ਬੋਲੀ ਨਾਲ ਪਿਆਰ ਵਧੇਰੇ ਕਰਿਆ ਕਰੋ। ਮੈਂ ਬਹੁਤ ਬੱਚੇ ਅਜਿਹੇ ਦੇਖੇ ਹਨ ਜੋ ਆਪਣੇ ਘਰਾਂ ਵਿਚ ਅੰਗਰੇਜ਼ੀ ਜਾਂ ਹਿੰਦੀ 'ਚ ਗੱਲ ਕਰਦੇ ਹਨ। ਮਾਂ-ਬਾਪ ਵੀ ਪੰਜਾਬੀ ਵਿਚ ਗੱਲ ਕਰਨੀ ਉਨ੍ਹਾਂ ਨਾਲ ਠੀਕ ਨਹੀਂ ਸਮਝਦੇ। ਕੀ ਅਸੀਂ ਸੋਚਦੇ ਹਾਂ ਕਿ ਪੰਜਾਬੀ ਬੋਲਣ ਨਾਲ ਉਹ ਅੰਗਰੇਜ਼ੀ ਭੁੱਲ ਜਾਣਗੇ। ਨਹੀਂ, ਇਹ ਵਹਿਮ ਹੈ। ਬੱਚਾ ਜੋ ਸਿੱਖ ਜਾਂਦਾ, ਉਹ ਭੁਲਾਉਂਦਾ ਨਹੀਂ। ਸਕੂਲ ਵਿਚ ਤਾਂ ਉਨ੍ਹਾਂ ਪੜ੍ਹਨਾ ਹੁੰਦਾ, ਜ਼ਰੂਰੀ ਵੀ ਹੈ ਕਿ ਉਹ ਅੰਗਰੇਜ਼ੀ ਸਿੱਖਣ ਪਰ ਘਰਾਂ ਵਿਚ ਪੰਜਾਬੀ ਨੂੰ ਛੱਡ ਅੰਗਰੇਜ਼ੀ 'ਚ ਗੱਲ ਕਰੀ ਜਾਣਾ ਠੀਕ ਨਹੀਂ।

ਬਹੁਤ ਵਾਰੀ ਮੈਂ ਦੇਖਿਆ ਕਿ ਕਈ ਲੜਕੀਆਂ-ਲੜਕੇ ਪੰਜਾਬੀ ਵਿਚ ਗੱਲ ਕਰਨ ਨੂੰ ਆਪਣੀ ਹੇਠੀ ਸਮਝਦੇ ਹਨ। ਅਗਲਾ ਬੰਦਾ ਭਾਵੇਂ ਉਨ੍ਹਾਂ ਨਾਲ ਪੰਜਾਬੀ ਵਿਚ ਗੱਲ ਕਰ ਰਿਹਾ ਹੋਵੇ, ਉਹ ਹਿੰਦੀ ਵਿਚ ਗੱਲ ਕਰਨ ਲੱਗ ਪੈਂਦੇ ਹਨ। ਉਸ ਸਮੇਂ ਬਹੁਤ ਦੁੱਖ ਲਗਦਾ ਕਿ ਜਾਣ-ਬੁੱਝ ਕੇ ਪੰਜਾਬੀ ਨੂੰ ਵਿਸਾਰਿਆ ਜਾਂਦਾ। ਸਾਡੀ ਮਾਂ-ਬੋਲੀ ਦਾ ਰੁਤਬਾ ਸੰਸਾਰ ਦੀਆਂ ਭਾਸ਼ਾਵਾਂ ਵਿਚ ਆਉਂਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਕੋਈ ਇਸ ਦੀ ਮਾਣ-ਮਰਿਆਦਾ ਨੂੰ ਹਾਨੀ ਪਹੁੰਚਾਵੇ।

ਪੰਜਾਬ 'ਚ ਸੈਂਕੜੇ ਚੈਨਲ ਪੰਜਾਬੀ ਦੇ ਚੱਲ ਰਹੇ ਨੇ। ਦੇਖਣ ਵਿਚ ਇਹ ਆਇਆ ਕਿ ਕਈ ਵਾਰ ਜਦੋਂ ਖ਼ਬਰਾਂ ਸਮੇਂ ਕਿਸੇ ਨਾਲ ਕਿਸੇ ਖ਼ਬਰ ਸਬੰਧੀ ਗੱਲਬਾਤ ਕੋਈ ਚੈਨਲ ਵਾਲਾ ਕਰ ਰਿਹਾ ਹੁੰਦਾ, ਉਹ ਪੰਜਾਬੀ ਵਿਚ ਪੁੱਛ ਰਿਹਾ ਹੁੰਦਾ ਤੇ ਦੱਸਣ ਵਾਲੇ ਕਈ ਵਾਰ ਹਿੰਦੀ ਵਿਚ ਦੱਸ ਰਹੇ ਹੁੰਦੇ ਹਨ। ਕਿਉਂ ਕਰਦੇ ਨੇ ਲੋਕ ਇਸ ਤਰ੍ਹਾਂ? ਪੰਜਾਬੀ ਨੂੰ ਹਿੰਦੀ ਵਿਚ ਅਨੁਵਾਦ ਕਿਉਂ ਕੀਤਾ ਜਾਂਦਾ?

ਆਓ ਆਪਾਂ ਸਾਰੇ ਇਹ ਪ੍ਰਣ ਕਰੀਏ ਕਿ ਆਪਣੇ ਘਰਾਂ ਵਿਚ ਪੰਜਾਬੀ ਦਾ ਅਖ਼ਬਾਰ ਜ਼ਰੂਰ ਲਗਵਾਓ। ਘੱਟੋ-ਘੱਟ ਪੰਜਾਬ ਵਿਚ ਤਾਂ ਮਾਂ-ਬੋਲੀ ਦਾ ਸਤਿਕਾਰ ਬਰਕਰਾਰ ਰੱਖੀਏ। ਆਪਣੇ ਘਰਾਂ, ਦਫਤਰਾਂ ਆਦਿ ਵਿਚ ਪੰਜਾਬੀ ਨੂੰ ਵਧੇਰੇ ਤਰਜੀਹ ਦੇਈਏ। ਕੋਸ਼ਿਸ਼ ਕਰੋ ਕਿ ਬੋਰਡ, ਨਾਂਅ-ਪਲੇਟਾਂ ਸਭ ਪੰਜਾਬੀ ਵਿਚ ਬਣਾਏ ਜਾਣ। ਬੱਚਿਆਂ ਨਾਲ ਵੀ ਪੰਜਾਬੀ ਵਿਚ ਗੱਲ ਕਰੋ। ਜਦੋਂ ਕਿਧਰੇ ਮਾਤ-ਭਾਸ਼ਾ ਵਿਰੋਧਤਾ ਹੋਵੇ, ਸਾਰੇ ਡਟ ਜਾਈਏ ਤਾਂ ਜੋ ਕੋਈ ਸਾਡੀ ਬੋਲੀ ਦੀ ਵਿਰੋਧਤਾ ਨਾ ਕਰ ਸਕੇ।

ਸਰਤਾਜ ਸਿੰਘ ਧੌਲ
-ਮੈਲਬੌਰਨ (ਆਸਟ੍ਰੇਲੀਆ)। 
0061-423665354


Post Comment


ਗੁਰਸ਼ਾਮ ਸਿੰਘ ਚੀਮਾਂ