ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, September 27, 2012

ਬਦਲੋ ਆਦਤਾਂ ਅਤੇ ਰਹੋ ਤੰਦਰੁਸਤ ਪੰਜਾਬੀਓ


‘‘ਅਰਲੀ ਟੂ ਬੈੱਡ’-ਅਰਲੀ ਟੂ ਰਾਈਜ਼’ ਵਾਲੀ ਗੱਲ ਅਸੀਂ ਬੱਚਿਆਂ ਨੂੰ ਸਮਝਾਉਂਦੇ ਹਾਂ। ਅੱਜ ਆਪਾਂ ਗੱਲ ਕਰਾਂਗੇ ਸਾਡੀ ਰੋਜ਼ਾਨਾ ਦੀਆਂ ਗਤੀਵਿਧੀਆਂ ਦੀ। ਹਰ ਇਨਸਾਨ ਚਾਹੇ ਉਹ ਔਰਤ ਹੈ ਜਾਂ ਮਰਦ ਉਹ ਕੁਦਰਤ ਦੇ ਨਿਯਮਾਂ ਵਿਚ ਬੰਨ੍ਹਿਆ ਹੋਇਆ ਹੈ। ਕੁਦਰਤ ਦੇ ਨਿਯਮ ਅਟੱਲ ਹਨ, ਜਿਨ੍ਹਾਂ ਦਾ ਅਸੀਂ ਉਲੰਘਣ ਨਹੀਂ ਕਰ ਸਕਦੇ। ਜੇ ਅਸੀਂ ਉਲੰਘਣ ਕਰਦੇ ਹਾਂ ਤਾਂ ਉਸ ਦਾ ਨਤੀਜਾ ਵੀ ਸਾਨੂੰ ਮਿਲ ਜਾਂਦਾ ਹੈ। ਸ਼ਰਾਪ ਦੇ ਰੂਪ ਵਿਚ ਮਿਲਿਆ ਇਹ ਨਤੀਜਾ ਕਦੇ ਜਲਦੀ ਮਿਲਦਾ ਹੈ, ਕਦੇ ਕੁਝ ਦੇਰੀ ਨਾਲ। ਪਰ ਮਿਲਦਾ ਜ਼ਰੂਰ ਹੈ। ਸਾਡੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਸਾਨੂੰ ਤੰਦਰੁਸਤ ਰੱਖਣ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਮੌਸਮ ਦੇ ਮੁਤਾਬਕ ਇਹ ਗਤੀਵਿਧੀਆਂ ਬਦਲ ਸਕਦੀਆਂ ਹਨ ਅਤੇ ਇਨ੍ਹਾਂ ਦਾ ਪ੍ਰਭਾਵ ਸਾਡੇ ਤਨ-ਮਨ ’ਤੇ ਹੁੰਦਾ ਹੈ। ਸੂਰਜ ਦੀ ਪਹਿਲੀ ਕਿਰਨ ਤੋਂ ਬਾਅਦ ਅਸੀਂ ਆਪਣੇ ਨਵੇਂ ਦਿਨ ਦੀ ਸ਼ੁਰੂਆਤ ਕਰਨ ਜਾ ਰਹੇ ਹੁੰਦੇ ਹਾਂ। ਸੂਰਜ ਨਿਕਲਦਾ ਹੈ ਆਪਣੇ ਸਹੀ ਸਮੇਂ ’ਤੇ। ਪਰ ਕੀ ਅਸੀਂ ਵੀ ਉੱਠਦੇ ਹਾਂ ਆਪਣੇ ਸਹੀ ਸਮੇਂ ’ਤੇ? ਬਹੁਤਿਆਂ ਇਨਸਾਨਾਂ ਨੇ ਜ਼ਿੰਦਗੀ ਇੰਨੀ ਰੁਝੇਵਿਆਂ ਵਾਲੀ ਕਰ ਰੱਖੀ ਹੈ ਕਿ ਸਵੇਰੇ ਆਪਣਾ ਸਮਾਂ ਸ਼ੁਰੂ ਕਰਨ ਲਈ ਉਨ੍ਹਾਂ ਨੇ ਕੋਈ ਟਾਈਮ ਟੇਬਲ ਨਹੀਂ ਬਣਾਇਆ ਭਾਵ ਕੁਝ ਨਿਰਧਾਰਤ ਨਹੀਂ ਕੀਤਾ।
ਆਪਣੀ ਆਦਤ ਦੇ ਅਨੁਸਾਰ ਕੋਈ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉੱਠ ਜਾਂਦਾ ਹੈ ਤੇ ਕੋੋਈ ਸੂਰਜ ਚੜ੍ਹਨ ਤੋਂ ਬਾਅਦ ਵੀ ਸੁੱਤਾ ਰਹਿਣਾ ਪਸੰਦ ਕਰਦਾ ਹੈ। ਹਰ ਇਕ ਇਨਸਾਨ ਦੀ ਆਪਣੀ-ਆਪਣੀ ਆਦਤ ਹੈ। ਜੇ ਰਾਤ ਨੂੰ ਅਸੀਂ ਦੇਰੀ ਨਾਲ ਸੌਂਦੇ ਹਾਂ ਤਾਂ ਸਾਨੂੰ ਸਵੇਰੇ ਜਲਦੀ ਉੱਠਣ ਵਿਚ ਪ੍ਰੇਸ਼ਾਨੀ ਹੋਵੇਗੀ ਹੀ। ਕਈਆਂ ਦਾ ਕੰਮ-ਕਾਰ ਦਾ ਸਮਾਂ ਰਾਤ ਦਾ ਹੀ ਹੁੰਦਾ ਹੈ। ਰਾਤ ਨੂੰ ਦਿੱਤੀ ਡਿਊਟੀ ਕਾਰਨ ਸਵੇਰੇ ਉੱਠਣਾ ਨਾ ਤਾਂ ਸੰਭਵ ਹੈ ਅਤੇ ਨਾ ਹੀ ਸਹੀ। ਪਰ ਇਕ ਆਮ ਇਨਸਾਨ ਜਿਹੜਾ ਸਵੇਰੇ ਉੱਠਦਾ ਤੇ ਰਾਤ ਨੂੰ ਸੌਂਦਾ ਹੈ ਉਸ ਨੂੰ ਤੰਦਰੁਸਤ ਰਹਿਣ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉੱਠ ਜਾਣਾ ਚਾਹੀਦਾ ਹੈ। ਆਯੁਰਵੈਦ ਵਿਚ ਆਉਂਦਾ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣ ਵਾਲਾ ਵਿਅਕਤੀ ਜ਼ਿੰਦਗੀ ਦਾ ਅਜਿਹਾ ਆਨੰਦ ਪ੍ਰਾਪਤ ਕਰਦਾ ਹੈ ਜਿਵੇਂ ਬਹੁਤ ਹੀ ਸੁਹਾਵਣੇ ਬਸੰਤ ਵਾਲੇ ਮੌਸਮ ਵਿਚ ਆਨੰਦ ਮਿਲਦਾ ਹੈ। ਜਿਹੜੇ ਵਿਅਕਤੀ ਗੁਰੂ ਸਾਹਿਬ ਦੇ ਕਹੇ ਅੰਮ੍ਰਿਤ ਵੇਲੇ ਨੂੰ ਖੁੰਝਿਆ ਦਿੰਦੇ ਹਨ, ਉਹ ਤੰਦਰੁਸਤ ਰਹਿਣ ਦਾ ਇਕ ਬਹੁਤ ਵਧੀਆ ਮੌਕਾ ਗਵਾ ਦਿੰਦੇ ਹਨ।
ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣ ਦੇ ਕਈ ਫਾਇਦੇ ਹਨ। ਸਭ ਤੋਂ ਪਹਿਲਾ ਮੌਸਮ ਵਿਚ ਠੰਢਕ ਅਤੇ ਸ਼ੁੱਧ ਸਾਫ ਹਵਾ। ਜੇ ਹਾੜ੍ਹ ਦੀਆਂ ਤੱਤੀਆਂ ਧੁੱਪਾਂ ਵਾਲੇ ਦਿਨਾਂ ਵਿਚ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਜੋ ਮੌਸਮ ਹੁੰਦਾ ਹੈ ਉਹ ਠੰਢਕ ਵਾਲਾ ਹੀ ਹੁੰਦਾ ਹੈ। ਇਹੀ ਠੰਢਕ ਜਿਸ ਨੂੰ ਅੰਮ੍ਰਿਤ ਕਿਹਾ ਗਿਆ ਹੈ ਅਤੇ ਇਹ ਠੰਢਕ ਦਾ ਸਮਾਂ ਜਿਸ ਨੂੰ ਅੰਮ੍ਰਿਤ ਵੇਲਾ ਕਿਹਾ ਗਿਆ ਹੈ, ਸਾਡੀ ਸਿਹਤ ਦੀ ਰਾਖੀ ਲਈ ਬਹੁਤ ਜ਼ਰੂਰੀ ਹੈ। ਜਿਵੇਂ ਫਰਿੱਜ ਵਿਚ ਰੱਖਿਆ ਕੋਈ ਵੀ ਸਾਮਾਨ ਜਲਦੀ ਖਰਾਬ ਨਹੀਂ ਹੁੰਦਾ, ਉਸੇ ਤਰ੍ਹਾਂ ਠੰਢੇ ਵਕਤ ਅੰਮ੍ਰਿਤ ਵੇਲੇ ਕੀਤਾ ਗਿਆ ਯੋਗਾ ਪ੍ਰਣਾਯਾਮ ਸਾਡੀ ਸਿਹਤ ਨੂੰ ਅਤੇ ਸਾਡੇ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਜਲਦੀ ਖਰਾਬ ਨਹੀਂ ਹੋਣ ਦਿੰਦਾ। ਆਮ ਤੌਰ ’ਤੇ ਕਿਹਾ ਵੀ ਜਾਂਦਾ ਹੈ ਕਿ ਠੰਢ ਦੇ ਦਿਨਾਂ ਵਿਚ ਸਿਹਤ ਬਣਨ ਲੱਗਦੀ ਹੈ ਅਤੇ ਗਰਮੀ ਵਿਚ ਕਮਜ਼ੋਰੀ ਆ ਜਾਂਦੀ ਹੈ। ਠੀਕ ਇਸੇ ਤਰ੍ਹਾਂ ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਵਾਲਾ ਠੰਢਾ ਵਕਤ ਸਾਡੀ ਸਿਹਤ ਨੂੰ ਦਰੁਸਤ ਰੱਖੇਗਾ। ਸਰਦੀਆਂ ਸਾਲ ਵਿਚ 3 ਕੁ ਮਹੀਨੇ ਰਹਿੰਦੀਆਂ ਹਨ। ਸਾਨੂੰ ਸਰਦੀਆਂ ਵਾਸਤੇ ਇੰਤਜ਼ਾਰ ਕਰਨਾ ਪੈਂਦਾ ਹੈ।  ਪਰ ਸੂਰਜ ਚੜ੍ਹਨ ਤੋਂ ਪਹਿਲਾਂ ਵਾਲਾ ਠੰਢਾ ਅੰਮ੍ਰਿਤ ਵੇਲਾ ਸਾਨੂੰ ਹਰ ਰੋਜ਼ ਮਿਲਦਾ ਹੈ। ਪਰ ਮਿਲਦਾ ਸਿਰਫ 24 ਘੰਟੇ ਬਾਅਦ ਹੈ। ਵੈਸੇ ਤਾਂ ਠੰਢਕ ਰਾਤ ਨੂੰ ਵੀ ਹੁੰਦੀ ਹੈ ਪਰ ਵਾਤਾਵਰਨ ਦੇ ਵਿਚ ਸਾਨੂੰ ਮਿਲਣ ਵਾਲੀ ਤਾਜ਼ਾ ਹਵਾ ਓਨੀ ਜ਼ਿਆਦਾ ਨਹੀਂ ਹੁੰਦੀ। ਸਵੇਰ ਵਕਤ ਨਾ ਤਾਂ ਧੂੜ ਹੁੰਦੀ ਹੈ ਅਤੇ ਨਾ ਹੀ ਧੂੰਆਂ ਤੇ ਨਾ ਹੀ ਰੌਲਾ-ਰੱਪਾ, ਇਸੇ ਕਾਰਨ ਸਵੇਰੇ ਵਾਤਾਵਰਨ ਵਿਚ ਸਫਾਈ ਵੀ ਹੁੰਦੀ ਹੈ।
ਅੰਮ੍ਰਿਤ ਵੇਲੇ ਉੱਠ ਕੇ ਆਪਣੇ ਰੋਜ਼ਾਨਾ ਦੇ ਕੰਮਾਂ ਤੋਂ ਵਿਹਲੇ ਹੋਣ ’ਤੇ ਅਸੀਂ ਆਪਣੇ ਆਪ ਨੂੰ ਤੰਦਰੁਸਤ, ਹਲਕਾ-ਫੁਲਕਾ, ਬੀਮਾਰੀਆਂ ਤੋਂ ਰਹਿਤ ਅਤੇ ਫੁਰਤੀਲਾ ਮਹਿੂਸਸ ਕਰਦੇ ਹਾਂ। ਸਾਨੂੰ ਭੁੱਖ ਜਲਦੀ ਅਤੇ ਖੁੱਲ੍ਹ ਕੇ ਲੱਗਦੀ ਹੈ ਅਤੇ ਸ਼ਾਮ ਦੀ ਰੋਟੀ ਵੀ ਅਸੀਂ ਜਲਦੀ ਖਾ ਸਕਦੇ ਹਾਂ। ਜੇ ਸ਼ਾਮ ਦਾ ਭੋਜਨ ਅਸੀਂ ਜਲਦੀ ਖਾਈਏ  ਭਾਵ ਦੇਰ ਰਾਤ ਨੂੰ ਨਾ ਖਾਈਏ ਤਾਂ ਸਾਡਾ ਹਾਜ਼ਮਾ ਠੀਕ ਰਹੇਗਾ। ਜੇ ਹਾਜ਼ਮਾ ਠੀਕ ਰਹੇਗਾ ਤਾਂ ਪੇਟ ਸਹੀ ਰਹੇਗਾ ਅਤੇ ਕਬਜ਼ ਨਹੀਂ ਰਹੇਗੀ। ਸਵੇਰੇ ਜਲਦੀ ਉੱਠਣ ਦੇ ਨਾਲ ਰਾਤ ਨੂੰ ਨੀਂਦ ਵੀ ਸਮੇਂ ਸਿਰ ਆ ਜਾਵੇਗੀ। ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਜਿਸ ਨੂੰ ਮੈਡੀਕਲ ਭਾਸ਼ਾ ਵਿਚ ਇਨਸੋਮੈਨੀਆਂ ਦਾ ਰੋਗੀ ਕਿਹਾ ਜਾਂਦਾ ਹੈ, ਨੂੰ ਵੀ ਬਹੁਤ ਵੱਡੀ ਰਾਹਤ ਮਿਲ ਜਾਵੇਗੀ। ਜਦੋਂ ਅਸੀਂ ਸਵੇਰੇ ਉੱਠ ਕੇ ਤਾਜ਼ੀ ਹਵਾ ਵਿਚ ਪ੍ਰਣਾਯਾਮ ਕਰਦੇ ਹਾਂ ਤਾਂ ਸਾਡੇ ਫੇਫੜਿਆਂ ਨੂੰ ਸ਼ੁੱਧ ਹਵਾ ਮਿਲਦੀ ਹੈ ਅਤੇ ਖੂਨ ਵੀ ਸਾਫ ਹੁੰਦਾ ਹੈ। ਗੱਲ ਮੁਕਾਓ ਸਵੇਰੇ ਜਲਦੀ ਉੱਠਣ ਦੇ ਫਾਇਦੇ ਹੀ ਫਾਇਦੇ ਹਨ। ਜਿਹੜੇ ਇਨਸਾਨ ਦੇਰੀ ਨਾਲ ਉੱਠਦੇ ਹਨ, ਸੂਰਜ ਚੜ੍ਹਨ ਤੋਂ ਬਾਅਦ ਵੀ ਸੁੱਤੇ ਰਹਿੰਦੇ ਹਨ ਉਸ ਦੇ ਨੁਕਸਾਨ ਵੀ ਬਹੁਤ ਹਨ। ਸਵੇਰੇ ਦੇਰ ਤੱਕ ਸੁੱਤੇ ਰਹਿਣ ਦੇ ਨਾਲ ਚਿਹਰਾ ਮੁਰਝਾਇਆ ਹੋਇਆ ਅਤੇ ਦਿਨ ਭਰ ਸਰੀਰ ਆਲਸੀ ਹੋ ਜਾਂਦਾ ਹੈ। ਹਾਜ਼ਮਾ ਠੀਕ ਨਹੀਂ ਰਹਿੰਦਾ। ਸਰੀਰ ਵਿਚ ਆਯੁਰਵੈਦਿਕ ਮੁਤਾਬਕ ਪਿੱਤ ਪ੍ਰਕਿਰਤੀ ਵਿਚ ਵਾਧਾ ਹੋ ਜਾਂਦਾ ਹੈ ਅਤੇ ਸਰੀਰ ਵਿਚ ਵਧੀ ਹੋਈ ਗਰਮੀ ਦੇ ਕਾਰਨ ਪੇਟ ਵਿਚ ਪਿਆ ਹੋਇਆ ਮਲ ਸੁੱਕਣ ਲੱਗਦਾ ਹੈ, ਪਖਾਨਾ ਸਾਫ ਨਹੀਂ ਆਉਂਦਾ ਅਤੇ ਨਤੀਜਾ: ਹਾਜ਼ਮਾ ਖਰਾਬ, ਕਬਜ਼ ਅਤੇ ਪੇਟ ਗੈਸ। ਹੋਰ ਤਾਂ ਹੋਰ ਸਵੇਰੇ ਸੂਰਜ ਚੜ੍ਹੇ ਤੋਂ ਬਾਅਦ ਉੱਠਣ ਦੇ ਨਾਲ ਗਰਮੀ ਸਿਰ ਨੂੰ ਚੜ੍ਹ ਜਾਂਦੀ ਹੈ ਅਤੇ ਸਿਰ ਭਾਰੀ ਰਹਿਣਾ ਜਾਂ ਸਿਰ ਦਰਦ ਕਰਨਾ ਸ਼ੁਰੂ ਹੋ ਜਾਂਦਾ ਹੈ।
ਹੋਰ ਬਹੁਤ ਅਜਿਹੀਆਂ ਬੀਮਾਰੀਆਂ ਹਨ ਜਿਹੜੀਆਂ ਦੇਰੀ ਨਾਲ ਉੱਠਣ ਕਰਕੇ ਹੀ ਹੁੰਦੀਆਂ ਹਨ ਪਰ ਇਨ੍ਹਾਂ ਦਾ ਪਤਾ ਸਾਨੂੰ ਤੁਰੰਤ ਨਹੀਂ ਚੱਲਦਾ। ਸਿਹਤ ਬਚਾਉਣ ਲਈ ਅਤੇ ਸਿਹਤ ਬਣਾਉਣ ਲਈ ਇਕ ਗੱਲ ਨੋਟ ਕਰ ਲਵੋ ਕਿ ਅਸੀਂ ਕੱਲ੍ਹ ਤੋਂ ਜਲਦੀ ਉੱਠਾਂਗੇ ਅਤੇ ਰਾਤ ਨੂੰ ਜਲਦੀ ਸੌਂਵਾਂਗੇ। ਬਹੁਤੇ ਲੋਕਾਂ ਦੀਆਂ ਆਦਤਾਂ ਆਮ ਤੌਰ ’ਤੇ ਮਿਲਦੀਆਂ-ਜੁਲਦੀਆਂ ਹੁੰਦੀਆਂ ਹਨ। ਸਵੇਰੇ ਉੱਠ ਕੇ ਬੈੱਡ ਟੀ (ਸਵੇਰ ਦੀ ਚਾਹ) ਪੀ ਕੇ ਹੀ ਦਿਨ ਦੀ ਸ਼ੁਰੂਆਤ ਕਰਦੇ ਹਨ। ਜਦੋਂ ਉਨ੍ਹਾਂ ਨੂੰ ਪਖਾਨੇ ਦਾ ਜ਼ੋਰ ਪਿਆ ਹੁੰਦਾ ਹੈ ਉਸ ਵਕਤ ਉਹ ਅਖ਼ਬਾਰ ਪੜ੍ਹਨ ਲੱਗ ਜਾਂਦੇ ਹਨ। ਕਈ ਤਾਂ ਟਾਇਲਟ ਦੇ ਵਿਚ ਹੀ ਅਖ਼ਬਾਰ ਲੈ ਕੇ ਬੈਠ ਜਾਂਦੇ ਹਨ। ਅਖ਼ਬਾਰ ਪੜ੍ਹਦੇ-ਪੜਦੇ ਪਤਾ ਹੀ ਨਹੀਂ ਲੱਗਦਾ ਕਿ ਇੰਨਾ ਵਕਤ ਉੱਥੇ ਹੀ ਬੈਠੇ ਰਹਿੰਦੇ ਹਨ। ਅਜਿਹੇ ਮਰੀਜ਼ ਕਹਿੰਦੇ ਹਨ ਕਿ ਉਨ੍ਹਾਂ ਨੂੰ ਉੱਠਣਸਾਰ ਪਖਾਨੇ ਜਾਣ ਦੀ ਆਦਤ ਨਹੀਂ ਹੈ। ਜਿਨ੍ਹਾਂ ਚਿਰ ਉਹ ਚਾਹ ਨਹੀਂ ਪੀ ਲੈਣ ਉਨ੍ਹਾਂ ਨੂੰ ਪਖਾਨੇ ਦਾ ਜ਼ੋਰ ਨਹੀਂ ਪੈਂਦਾ। ਪਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਸਾਡੇ ਰੱਖੇ ਪਾਲਤੂ ਪਸ਼ੂ-ਡੰਗਰ, ਗਾਵਾਂ, ਮੱਝਾਂ ਤਾਂ ਕੋਈ ਚਾਹ ਨਹੀਂ ਪੀਂਦੀਆਂ। ਉਹ ਗੋਹਾ ਕਿਵੇਂ ਕਰ ਦਿੰਦੀਆਂ ਹਨ, ਉਨ੍ਹਾਂ ਨੂੰ ਤਾਂ ਕੋਈ ਚਾਹ ਨਹੀਂ ਦਿੱਤੀ ਜਾਂਦੀ। ਉਨ੍ਹਾਂ ਦਾ ਨਿੱਤ ਨੇਮ ਕੁਦਰਤ ਦੇ ਅਨੁਸਾਰ ਹੈ। ਉਨ੍ਹਾਂ ਦੀ ਖੁਰਾਕ ਵਿਚ ਵਧੇਰੇ ਕੁਦਰਤੀ ਰੇਸ਼ਾ ਹੈ ਅਤੇ ਸਾਡੀ ਖੁਰਾਕ ਗੈਰ-ਕੁਦਰਤੀ ਹੋ ਰਹੀ ਹੈ। ਬਸ ਇਹੀ ਫਰਕ ਹੈ। ਸਵੇਰੇ ਉੱਠਦੇ ਹੀ ਜ਼ਰੂਰਤ ਮੁਤਾਬਕ ਰਾਤ ਦਾ ਰੱਖਿਆ ਦੋ ਗਿਲਾਸ ਪਾਣੀ ਪੀਉ। ਪਖਾਨਾ ਆਵੇ ਨਾ ਆਵੇ, ਤੁਸੀਂ ਆਪਣਾ ਫਰਜ਼ ਪੂਰਾ ਕਰ ਆਵੋ। ਕੁਦਰਤੀ ਢੰਗਾਂ ਨਾਲ ਕੁੁਝ ਦਿਨਾਂ ਵਿਚ ਆਪਣੇ ਆਪ ਹੀ ਫਰਕ ਪੈਣਾ ਸ਼ੁਰੂ ਹੋ ਜਾਵੇਗਾ। ਤਾਂਬੇ ਦੇ ਜੱਗ ਵਿਚ ਰੱਖਿਆ ਪਾਣੀ ਸਵੇਰੇ ਪੀਣਾ ਵੀ ਬਹੁਤ ਫਾਇਦਾ ਕਰਦਾ ਹੈ। ਪੇਟ ਸਾਫ ਹੋ ਜਾਂਦਾ ਹੈ ਅਤੇ ਆਯੁਰਵੈਦ ਵਿਚ ਕਹੀ ਗਈ ਪਿੱਤ ਪ੍ਰਕਿਰਤੀ ਵੀ ਸ਼ਾਂਤ ਹੁੰਦੀ ਹੈ। ਭਾਵ ਗਰਮਾਇਸ਼ ਨਿਕਲ ਜਾਂਦੀ ਹੈ। ਇਕ ਕਹਾਵਤ ਹੈ:-
ਸੌ ਕੰਮ ਛੱਡ ਕੇ ਖਾਣਾ ਚਾਹੀਦਾ,
ਹਜ਼ਾਰ ਕੰਮ ਛੱਡ ਕੇ ਨਹਾਉਣਾ ਚਾਹੀਦਾ।
ਲੱਖ ਕੰਮ ਛੱਡ ਕੇ ਪਖਾਨੇ ਜਾਣਾ ਚਾਹੀਦਾ।
ਅਗਲੀ ਗੱਲ ਜਿਵੇਂ ਹਜ਼ਾਰ ਕੰਮ ਛੱਡ ਕੇ ਨਹਾਉਣ ਦੀ ਗੱਲ ਕੀਤੀ ਹੈ ਉਸ ਦਾ ਮਹੱਤਵ ਬਹੁਤ ਵਧੀਆ ਹੈ। ਇਕੱਲਾ ਇਸ਼ਨਾਨ ਹੀ ਨਹੀਂ ਇਥੋਂ ਤੱਕ ਪਸ਼ੂ-ਪੰਛੀ ਵੀ ਇਸ਼ਨਾਨ ਕਰਦੇ ਹਨ। ਜਿੰਨਾ ਇਨਸਾਨ ਦਾ ਫਾਇਦਾ ਸਾਡੇ ਹਿੰਦੁਸਤਾਨ ਵਿਚ ਕਿਹਾ ਗਿਆ ਹੈ ਓਨਾ ਕਿਸੇ ਹੋਰ ਦੇਸ਼ ਵਿਚ ਨਹੀਂ ਕਿਹਾ ਗਿਆ। ਪੂਰਨਮਾਸ਼ੀ, ਮੱਸਿਆ, ਸੰਗਰਾਂਦ, ਕੁੰਭ, ਮਾਘੀ ਹਰ ਇਕ ਦਾ ਆਪਣਾ-ਆਪਣਾ ਫਾਇਦਾ ਧਾਰਮਿਕ ਆਗੂ ਦੱਸਦੇ ਹਨ। ਅਰਦਾਸ ਦੇ ਵਿਚ ਹਰ ਸਿੱਖ ਦੋ ਵਕਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਅਤੇ ਇਸ਼ਨਾਨ ਦੀ ਗੱਲ ਜ਼ਰੂਰ ਕਰਦਾ ਹੈ। ਮਹਾਂਰਿਸ਼ੀ ਚਰਕ ਨੇ ਚਰਕ ਸਹਿੰਤਾ ਵਿਚ ਕਿਹਾ ਹੈ ਕਿ ਇਸ਼ਨਾਨ ਕਰਨ ਦੇ ਨਾਲ ਸਰੀਰ ਸ਼ੁੱਧ ਹੁੰਦਾ ਹੈ, ਤਾਕਤ ਵੱਧਦੀ ਹੈ, ਵੀਰਜ ਵਿਚ ਵਾਧਾ ਹੁੰਦਾ ਹੈ, ਉਮਰ ਵੱਧਦੀ ਹੈ ਅਤੇ ਇਹ ਥਕਾਵਟ ਪਸੀਨਾ ਅਤੇ ਗੰਦਗੀ ਨੂੰ ਦੂਰ ਕਰਦਾ ਹੈ। ਮੈਂ ਇਕ ਯੋਗ ਰਤਨਾਕਰ ਨਾਮਕ ਗ੍ਰੰਥ ਪੜ੍ਹ ਰਿਹਾ ਸੀ ਉਸ ਦੇ ਵਿਚ ਇਸ਼ਨਾਨ ਦੇ ਦੱਸ ਗੁਣ ਦੱਸੇ ਹਨ। ਸਵੇਰੇ ਜਲਦੀ ਇਸ਼ਨਾਨ ਕਰਨੇ ਦੇ ਨਾਲ ਮੈਲ ਅਤੇ ਪਾਪ ਖਤਮ ਹੁੰਦੇ ਹਨ, ਭੈੜੇ ਸੁਪਨੇ ਆਉਣੇ ਬੰਦ ਹੋ ਜਾਂਦੇ ਹਨ, ਪਵਿੱਤਰਤਾ ਬਣਦੀ ਹੈ, ਮੈਲ ਖਤਮ ਹੁੰਦੀ ਹੈ, ਸਰੀਰ ਤਾਕਤਵਰ ਬਣਦਾ ਹੈ, ਸਰੀਰ ਨੂੰ ਸੁੱਖ ਮਿਲਦਾ ਹੈ, ਚਿਹਰੇ ਉਤੇ ਚਮਕ ਆਉਂਦੀ ਹੈ, ਮਰਦ ਦੀ ਕਾਮ ਸ਼ਕਤੀ ਅਤੇ ਸਰੀਰ ਵਿਚਲੀ ਅੱਗ ਉਸ ਨੂੰ ਤੰਦਰੁਸਤ ਰੱਖਦੀ ਹੈ। ਔਰਤਾਂ ਦੀ ਕਾਮ ਸ਼ਕਤੀ ਵਿਚ ਵਾਧਾ ਹੁੰਦਾ ਹੈ ਅਤੇ ਥਕਾਵਟ ਮਿਟਦੀ ਹੈ। ਇਸ ਤਰ੍ਹਾਂ ਇਸ਼ਨਾਨ ਦੇ ਬਹੁਤ ਗੁਣ ਦੱਸੇ ਗਏ ਹਨ।
ਅਖੀਰ ਵਿਚ ਇਕ ਗੱਲ ਦੱਸ ਦੇਣੀ ਚਾਹੁੰਦਾ ਹਾਂ ਕਿ ਇਸ਼ਨਾਨ ਕਦੇ ਵੀ ਜਲਦੀ ਅਤੇ ਕਾਹਲੀ ਨਾਲ ਨਹੀਂ ਕਰਨਾ ਚਾਹੀਦਾ। ਜਿਵੇਂ ਅਸੀਂ ਰੋਟੀ ਵੀ ਸਵਾਦ ਦੇ ਨਾਲ ਹੌਲੀ-ਹੌਲੀ ਖਾਣ ਨੂੰ ਕਹਿੰਦੇ ਹਾਂ, ਉਸੇ ਤਰੀਕੇ ਨਾਲ ਇਸ਼ਨਾਨ ਪੂਰੇ ਮਨ ਨਾਲ ਅਤੇ ਤਸੱਲੀ ਨਾਲ ਕਰਨਾ ਚਾਹੀਦਾ ਹੈ। ਕੁਝ ਖਾਸ ਸਥਿਤੀਆਂ ਵਿਚ ਜਿਵੇਂ ਬੀਮਾਰ ਇਨਸਾਨ ਅਤੇ ਜ਼ਿਆਦਾ ਪਸੀਨਾ ਆਉਣ ਤੋਂ ਬਾਅਦ ਜਾਂ ਧੁੱਪ ਤੋਂ ਛਾਂ ਦੇ ਵਿਚ ਆਉਣ ਤੋਂ ਤੁਰੰਤ ਬਾਅਦ ਇਸ਼ਨਾਨ ਨਹੀਂ ਕਰਨਾ ਚਾਹੀਦਾ। ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਜੇਕਰ ਸਵੇਰੇ ਜਲਦੀ ਜਾਗਣਾ, ਪਖਾਨਾ ਅਤੇ ਇਸ਼ਨਾਨ ਨੂੰ ਅਸੀਂ ਸਹੀ ਢੰਗ ਦੇ ਨਾਲ ਸ਼ਾਮਲ ਕਰ ਲਈਏ ਅਤੇ ਭੋਜਨ ਸਾਫ ਸਾਤਵਿਕ, ਹਲਕਾ ਅਤੇ ਪਚਣਯੋਗ ਕਰ ਲਈਏ ਤਾਂ ਕੋਈ ਕਾਰਨ ਨਹੀਂ ਬਣਦਾ ਕਿ ਅਸੀਂ ਬੀਮਾਰ ਹੋ ਜਾਈਏ।
ਡਾ. ਹਰਪ੍ਰੀਤ ਸਿੰਘ ਭੰਡਾਰੀ




Post Comment


ਗੁਰਸ਼ਾਮ ਸਿੰਘ ਚੀਮਾਂ