ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, September 19, 2012

ਸ਼੍ਰੀ ਗੁਰੂ ਅੰਗਦ ਦੇਵ ਜੀ


ਗੁਰੂ ਨਾਨਕ ਦੇਵ ਤੋਂ ਬਾਅਦ ਗੁਰੂ ਗੱਦੀ ਤੇ ਬੈਠਣ ਵਾਲੇ ਉਹ ਦੂਜੇ ਸਿੱਖ ਗੁਰੂ ਸਨ। ਉਨ੍ਹਾਂ ਦਾ ਜਨਮ 31 ਮਾਰਚ 1504 ਈ. ਐਤਵਾਰ ਨੂੰ ਮਤੇ-ਦੀ-ਸਰਾਂ (ਹੁਣ ਨਾਗੇ-ਦੀ-ਸਰਾਂ) ਜਿ਼ਲ੍ਹਾ ਫਰੀਦਕੋਟ ਵਿਚ ਫੇਰੂ ਮਲ ਖੱਤਰੀ (ਤ੍ਰੇਹਨ) ਦੇ ਘਰ ਮਾਤਾ ਦਯਾ ਜੀ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਮੂਲ ਨਾਂ ‘ਲਹਿਣਾ’ ਸੀ। ਉਨ੍ਹਾਂ ਦੇ ਪਿਤਾ ਫੇਰੂ ਮੱਲ ਉਰਦੂ, ਫਾਰਸੀ ਦੇ ਵਿਦਵਾਨ ਤੇ ਹਿਸਾਬ ਕਿਤਾਬ ਵਿਚ ਬਹੁਤ ਮਾਹਰ ਸਨ। ਉਹ ਵਣਜ ਵਪਾਰ ਕਰਦੇ ਸਨ ਅਤੇ ਦੇਵੀ ਦੇ ਉਪਾਸ਼ਕ ਸਨ।
ਭਾਈ ਲਹਿਣਾ ਜੀ ਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਕ ਸੀ। ਭਾਈ ਕੇਸਰ ਸਿੰਘ ਛਿਬਰ ਨੇ ਬੰਸਾਵਲੀਨਾਮਾ ਦੇ ਪੰਨਾ 50 ‘ਤੇ ਲਿਖਿਆ ਹੈ:
ਬਡੋ ਹੋਇ ਕਰ ਬਿਦਿਆ ਪੜ੍ਹੇ।
ਯਗਿਓ ਪਵੀਤ ਪਾਇਆ,
ਖੇਡੈ ਹੰਸ ਘੋੜੀ ਚੜ੍ਹੇ।
ਮੁੱਢਲੀ ਵਿਦਿਆ ਖਤਮ ਕਰਨ ਪਿੱਛੋਂ ਭਾਈ ਲਹਿਣਾ ਜੀ ਨੇ ਆਪਣੇ ਪਰਿਵਾਰਕ ਧੰਦੇ ਵਿਚ ਭਾਗ ਲੈਣਾ ਆਰੰਭ ਕਰ ਦਿੱਤਾ। ਉਨ੍ਹਾਂ ਦਾ ਵਿਆਹ ਸੰਨ 1519 ਈ. ਵਿਚ ਖਡੂਰ ਸਾਹਿਬ ਤੋਂ ਤਿੰਨ ਮੀਲ ਪਿੰਡ ਸੰਘਰ ਦੇ ਇਕ ਸ਼ਾਹੂਕਾਰ ਲਾਲਾ ਦੇਵੀ ਚੰਦ ਮਰਵਾਹ ਦੀ ਸਪੁੱਤਰੀ ਬੀਬੀ ਖੀਵੀ ਨਾਲ ਹੋਇਆ। ਉਸ ਸਮੇਂ ਉਨ੍ਹਾਂ ਦੀ ਉਮਰ 15 ਸਾਲ ਦੇ ਕਰੀਬ ਸੀ ਅਤੇ ਬੀਬੀ ਖੀਵੀ ਦੀ 13 ਸਾਲ। ਪਿਤਾ ਬਾਬਾ ਫੇਰੂ ਮਲ 1526 ਈ. ਵਿਚ ਚੜ੍ਹਾਈ ਕਰ ਗਏ ਤੇ ਭਾਈ ਲਹਿਣਾ ਜੀ ਉਤੇ ਨਾ ਸਿਰਫ ਸਾਰੇ ਪਰਿਵਾਰ ਦੀ ਅਤੇ ਦੁਕਾਨਦਾਰੀ ਦੀ ਜਿ਼ੰਮੇਵਾਰੀ ਆ ਪਈ ਬਲਕਿ ਪਿਤਾ ਵਾਂਗ ਦੇਵੀ ਭਗਤਾਂ ਦਾ ਆਗੂ ਵੀ ਉਹ ਨੂੰ ਥਾਪਿਆ ਗਿਆ। ਮੱਤੇ-ਦੀ-ਸਰਾਂ ਦੇ ਉਜਾੜੇ ਕਾਰਨ ਉਹ ਖਡੂਰ ਸਾਹਿਬ 1524 ਈ. ਵਿਚ ਆ ਵਸੇ। ਏਥੇ ਉਨ੍ਹਾਂ ਦੇ ਘਰ ਦੋ ਲੜਕੇ ਤੇ ਦੋ ਲੜਕੀਆਂ ਦਾ ਜਨਮ ਹੋਇਆ। ਦਾਸੂ ਜੀ-1524ਈ, ਬੀਬੀ ਅਮਰੋ-1526 ਈ., ਬੀਬੀ ਅਨੋਖੀ-1535 ਈ, ਦਾਤੂ ਜੀ-1537 ਈ। (ਕੇਸਰ ਸਿੰਘ ਛਿਬਰ ਬੰਸਾਵਲੀ ਨਾਮਾ ਦਸ ਪਾਤਸ਼ਾਹੀਆਂ ਕਾ ਪੰਨਾ 51)
ਉਨ੍ਹਾਂ ਦੀ ਉਮਰ 22 ਸਾਲ ਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਜੀ ਦਾ ਦਿਹਾਂਤ ਹੋਇਆ। ਪਿਤਾ ਦੀਆਂ ਜਿ਼ੰਮੇਵਾਰੀਆਂ ਨਿਭਾਉਣ ਲਈ ਉਨ੍ਹਾਂ ਨੂੰ ਹਰ ਸਾਲ ਦੇਵੀ ਭਗਤਾਂ ਨਾਲ ਵੈਸ਼ਨੂ ਦੇਵੀ ਦੇ ਦਰਸ਼ਨਾਂ ਲਈ ਜਾਣਾ ਪੈਂਦਾ ਪਰ ਫਿਰ ਵੀ ਮਨ ਨੂੰ ਸ਼ਾਂਤੀ ਨਾ ਮਿਲਦੀ। ਇਕ ਦਿਨ ਸਵੇਰੇ ਅੰਮ੍ਰਿਤ ਵੇਲੇ ਭਾਈ ਜੋਧ ਜੀ ਤੋਂ ਉਨ੍ਹਾਂ ਨੇ ‘‘ਜਪੁਜੀ ਤੇ ਆਸਾ ਦੀ ਵਾਰ’’ ਸੁਣੀ। ਉਨ੍ਹਾਂ ਨੂੰ ਇਉਂ ਲੱਗਿਆ ਕਿ ਅਸਲ ਜੀਵਨ ਜੁਗਤੀ ਇਹੀ ਹੈ। ਭਾਈ ਜੋਧ ਜੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਤੇ ਉਹ ਅੱਜ-ਕੱਲ੍ਹ ਦਰਿਆ ਰਾਵੀ ਦੇ ਕਿਨਾਰੇ ਵਸਾਏ ਹੋਏ ਨਗਰ ਕਰਤਾਰਪੁਰ ਵਿਖੇ ਸੰਸਾਰ ਦੇ ਲੋਕਾਂ ਨੂੰ ਸੱਚ ਦਾ ਰਾਹ ਦਿਖਾ ਰਹੇ ਹਨ। ਭਾਈ ਲਹਿਣਾ ਜੀ ਦੇ ਅੰਦਰ ਗੁਰੂ ਦਰਸ਼ਨਾਂ ਦੀ ਤਾਂਘ ਤੇਜ਼ ਹੋ ਗਈ। ਉਨ੍ਹਾਂ ਨੇ ਛੇਤੀ ਹੀ ਕਰਤਾਰਪੁਰ ਜਾਣ ਦਾ ਫੈਸਲਾ ਕਰ ਲਿਆ।
ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਖਤਮ ਕਰਕੇ 1522 ਈ. ਵਿਚ ਰਾਵੀ ਕੰਢੇ ‘ਤੇ ਕਰਤਾਰਪੁਰ ਨਗਰ ਵਸਾ ਕੇ ਰਹਿ ਰਹੇ ਸਨ। ਉਹ 17 ਸਾਲ 5 ਮਹੀਨੇ ਤੇ 9 ਦਿਨ ਏਥੇ ਹੀ ਰਹੇ ਤੇ ਏਥੇ ਹੀ ਜੋਤੀ ਜੋਤ ਸਮਾਏ। ਸੋ 1532 ਈ. ਵਿਚ ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾਂ ਨੂੰ ਜਾਂਦਿਆਂ ਹੋਇਆਂ ਰਾਹ ਵਿਚ ਪੈਂਦੇ ਕਰਤਾਰਪੁਰ ਗੁਰੂ ਜੀ ਦੇ ਦਰਸ਼ਨਾਂ ਲਈ ਰੁਕ ਗਏ। ਗੁਰੂ ਨਾਨਕ ਦੇਵ ਜੀ ਦੀ ਸਾਧਨਾ-ਪੱਧਤੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਦੇਵੀ-ਪੂਜਾ ਦੀ ਬ੍ਰਿਤੀ ਛੱਡ ਦਿੱਤੀ ਅਤੇ ਆਪਣੀ ਅਧਿਆਤਮਕ ਉਨਤੀ ਲਈ ਗੁਰੂ ਨਾਨਕ ਦੇਵ ਦੇ ਚਰਨਾਂ ਵਿਚ ਰਹਿਣ ਦਾ ਮਨ ਬਣਾ ਲਿਆ। ਪਰ ਜਦੋਂ ਉਹ ਘਰ ਵਾਪਸ ਪਰਤੇ ਤਾਂ ਪਰਿਵਾਰ ਤੇ ਭਾਈਚਾਰੇ ਨੂੰ ਇਹ ਗੱਲ ਚੰਗੀ ਨਾ ਲੱਗੀ। ਇਸ ਵਿਰੋਧ ਕਾਰਨ ਉਹ ਘਰ-ਬਾਰ ਛੱਡ ਕੇ ਗੁਰੂ ਨਾਨਕ ਦੇਵ ਦੀ ਸੇਵਾ ਵਿਚ ਕਰਤਾਰਪੁਰ ਰਹਿਣ ਲਈ ਤੁਰ ਪਏ।
ਗੁਰੂ ਨਾਨਕ ਦੇਵ ਨੇ ਉਨ੍ਹਾਂ ਦੀ ਸਾਧਨਾਂ ਦੀ ਗਹਿਰਾਈ ਦੀ ਕਈ ਢੰਗਾਂ ਨਾਲ ਪ੍ਰੀਖਿਆ ਲਈ। ਉਹ ਹਰ ਪ੍ਰੀਖਿਆ ਵਿਚ ਪੂਰੇ ਉਤਰੇ। ਕੁਝ ਸਮਾਂ ਬੀਤਣ ਤੋਂ ਬਾਅਦ ਉਹ ਗੁਰੂ ਜੀ ਪਾਸੋਂ ਆਗਿਆ ਲੈ ਕੇ ਆਪਣੇ ਘਰ ਗਏ। ਘਰ ਬਾਹਰ ਤੇ ਬੱਚਿਆਂ ਦੀ ਸੰਭਾਲ ਦਾ ਜਿ਼ੰਮਾ ਮਾਤਾ ਖੀਵੀ ਜੀ ਨੂੰ ਸੌਂਪ ਕੇ ਭਾਈ ਲਹਿਣਾ ਜਲਦੀ ਹੀ ਫਿਰ ਗੁਰੂ ਨਾਨਕ ਦੇਵ ਦੀ ਸੱਚੀ ਤੇ ਸੁੱਚੀ ਸੰਗਤ ਦਾ ਆਨੰਦ ਮਾਨਣ ਲਈ ਕਰਤਾਰਪੁਰ ਪਹੁੰਚ ਗਏ। ਉਹ 1539 ਈ. ਭਾਵ ਸੱਤ ਸਾਲ ਤਕ ਕਰਤਾਰਪੁਰ ਹੀ ਰਹੇ। ਇਨ੍ਹਾਂ ਸੱਤਾਂ ਸਾਲਾਂ ਇਚ ਉਨ੍ਹਾਂ ਨੇ ਪੂਰਨ ਤੌਰ ਤੇ ਆਪਣੇ ਆਪ ਨੂੰ ਗੁਰੂ ਚਰਨਾਂ ਨਾਲ ਜੋੜੀ ਰੱਖਿਆ। ਕਠਿਨ ਤੋਂ ਕਠਿਨ ਪ੍ਰੀਖਿਆ ਦੀ ਘੜੀ ਵਿਚ ਉਨ੍ਹਾਂ ਦਾ ਮਨ ਨਹੀਂ ਡੋਲਿਆ। ਬਲਕਿ ਗੁਰੂ ਜੀ ਵਿਚ ਉਨ੍ਹਾਂ ਦਾ ਵਿਸ਼ਵਾਸ ਹੋਰ ਵੀ ਪਰਪੱਕ ਹੁੰਦਾ ਗਿਆ।
ਗੁਰੂ ਨਾਨਕ ਦੇਵ ਨੂੰ ਆਪਣੀ ਢਲ ਰਹੀ ਉਮਰ ਕਰਕੇ ਆਪਣੇ ਮਿਸ਼ਨ ਨੂੰ ਜਾਰੀ ਰਖਣ ਲਈ ਉਤਰਾਧਿਕਾਰੀ ਦੀ ਚੋਣ ਦਾ ਵੀ ਖਿਆਲ ਸੀ। ਉਨ੍ਹਾਂ ਨੇ ਜੋ ਪਰਖਾਂ ਕੀਤੀਆਂ, ਉਨ੍ਹਾਂ ਵਿਚ ਆਪਣੇ ਸਿੱਖਾਂ ਤੋਂ ਛੁਟ, ਆਪਣੇ ਦੋਵਾਂ ਪੁੱਤਰਾਂ, ਭਾਵ ਬਾਬਾ ਸਿਰੀ ਚੰਦ ਤੇ ਬਾਬਾ ਲਕਸ਼ਮੀ ਦਾਸ ਨੂੰ ਵੀ ਸ਼ਾਮਲ ਕੀਤਾ। ਗੁਰੂ ਨਾਨਕ ਦੇਵ ਭਾਈ ਲਹਿਣਾ ਦੀ ਸੇਵਾ ਅਤੇ ਭਗਤੀ ਤੋਂ ਅਜਿਹੇ ਪ੍ਰਭਾਵਿਤ ਹੋਏ ਕਿ ਅੰਗਦ ਨਾਉ ਰਖ ਕੇ 13 ਜੂਨ ਸੰਨ 1539 ਨੂੰ ਆਪਣਾ ਉਤਰਾਧਿਕਾਰੀ ਘੋਸਿ਼ਤ ਕੀਤਾ। ਉਨ੍ਹਾਂ ਸਪਸ਼ਟ ਐਲਾਨ ਕੀਤਾ:
ਅਬ ਤੂੰ, ਮੇਰੇ ਅੰਗ ਤੇ ਭਇਆ
ਤੂੰ ਲਹਿਣਾ ਮੈਂ ਦੇਨਾ ਭਇਆ।
(ਬਾਵਾ ਸਰੂਪ ਦਾਸ ਭੱਲਾ)
ਇਵੇਂ ਹੀ ਰਾਮਕਲੀ ਦੀ ਵਾਰ ਵਿਚ ਰਾਏ ਬਲਵੰਤ ਤੇ ਸਤੇ ਡੂਮ ਨੇ ਸਪਸ਼ਟ ਕਿਹਾ ਕਿ ਅੰਗਦ ਦੇਵ ਜੀ ਹੀ ਹੁਣ ਗੁਰੂ ਹਨ। ਜੋਤਿ ਸਰੂਪ ਹਰਿ ਉਹ ਹਨ। ਮੇਰੀ ਅਤੇ ਇਨ੍ਹਾਂ ਦੀ ਜੋਤਿ ਤੇ ਜੁਗਤਿ ਵਿਚ ਕੋਈ ਅੰਤਰ ਨਹੀਂ। ਕੇਵਲ ਕਾਇਆ ਹੀ ਬਦਲੀ ਹੈ:
ਲਹਿਣੇ ਕੀ ਫਗਈਐ ਨਾਨਕਾ ਦੋਹੀ ਖਟੀਐ।
ਜੋਤਿ ਓਹਾ ਜੁਗਤਿ ਸਾਇ
ਸਹਿ ਕਾਇਆ ਫੇਰਿ ਪਲਟੀਐ।
ਸਤਾ ਬਲਵੰਡ (ਰਾਮਕਲੀ ਕੀ ਵਾਰ)
ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦਾ ਨਾਂ ਦੇ ਕੇ ਗੁਰੂ ਨਾਨਕ ਨੇ ਉਨ੍ਹਾਂ ਅੱਗੇ ਮੱਥਾ ਟੇਕਿਆ ਅਤੇ ਗੁਰੂ ਚੇਲਾ ਦੀ ਰੀਤੀ ਨੂੰ ਜਨਮ ਦਿੱਤਾ। ਇਸਤੋਂ ਛੁੱਟ ਉਨ੍ਹਾਂ ਨੇ, ਆਪਣੀ ਸਾਰੀ ਬਾਣੀ ਵੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ। ਧੁਰ ਕੀ ਬਾਣੀ ਜਦੋਂ ਵੀ ਗੁਰੂ ਜੀ ਨੂੰ ਆਉਂਦੀ ਸੀ ਉਹ ਲਿਖ ਲੈਂਦੇ ਸਨ। ਇਸ ਦਾ ਵਰਨਣ ਕਈ ਵਾਰ ਉਨ੍ਹਾਂ ਨੇ ਕੀਤਾ ਹੈ। ਧੁਰ ਕੀ ਬਾਣੀ ਜਿਸ ਪੋਥੀ ਵਿਚ ਉਹ ਲਿਖ ਲੈਂਦੇ ਸਨ। ਉਸ ਦਾ ਜਿਕਰ ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਵਿਚ ਇਉਂ ਕੀਤਾ ਹੈ:
ਬਾਬਾ ਫਿਰ ਮੱਕੇ ਗਿਆ,
ਨੀਲ ਬਸਤਰ ਧਾਰੇ ਬਨਵਾਰੀ।
ਆਸਾ ਹੱਥ ਕਿਤਾਬ ਕੱਛ
ਕੂਜਾਂ ਬਾਂਗ ਮੁੱਸਲਾ ਧਾਰੀ।
ਦੂਜੀ ਵਾਰ ਵਿਚ ਭਾਈ ਗੁਰਦਾਸ ਜੀ ਏਸੇ ਕਿਤਾਬ ਵਲ ਇਸ਼ਾਰਾ ਕਰਦੇ ਹਨ ਜਦੋਂ ਮੱਕੇ ਵਿਚ ਹਾਜੀ ਗੁਰੂ ਜੀ ਨੂੰ ਸੁਆਲ ਕਰਦੇ ਹਨ:
ਪੁੱਛਣ ਫੋਲ ਕਿਤਾਬ ਨੂੰ
ਵਡਾ ਹਿੰਦੂ ਕਿ ਮੁਸਲਮਲੋਈ?
ਬਾਬਾ ਆਖੇ ਹਾਜੀਆਂ
ਸ਼ੁਭ ਅਮਲਾਂ ਬਾਝੋਂ ਦੋਵੇਂ ਰੋਵੀ।
ਸੋ ਗੁਰਿਆਈ ਬਖਸ਼ਣ ਸਮੇਂ ਆਪਣੀ ਸਾਰੀ ਬਾਣੀ ਪੋਥੀ ਰੂਪ ਵਿਚ ਉਨ੍ਹਾਂ ਨੇ ਗੁਰੂ ਅੰਗਦ ਜੀ ਦੇ ਹਵਾਲੇ ਕੀਤੀ। ਪੁਰਾਤਨ ਜਨਮ ਸਾਖੀ ਦੀ ਸਾਖੀ ਨੰ. 57 ਵਿਚ ਇਉ ਲਿਖਿਆ ਮਿਲਦਾ ਹੈ:
‘‘ਤਿਤੁ ਮਹਿਲ ਜੋ ਸ਼ਬਦ ਹੋਆ
ਸੋ ਪੋਥੀ ਗੁਰੂ ਅੰਗਦ ਜੋਗਿ ਮਿਲੀ।
ਇਸ ਤਰ੍ਹਾਂ ਪ੍ਰਿਥੀ ਚੰਦ ਦੇ ਪੁਤਰ ਮਿਹਰਬਾਨ’ ਨੇ ਵੀ ਆਪਣੇ ਗ੍ਰੰਥ ‘‘ਪੋਥੀ ਸਚ ਖੰਡ’’ ਵਿਚ ਸਪਸ਼ਟ ਇਸ਼ਾਰਾ ਕੀਤਾ ਹੈ ਕਿ ਗੁਰੂ ਨਾਨਕ ਦੇਵ ਨੇ ਆਪਣੇ ਜੀਵਨ ਦਾ ਸਰਮਾਇਆ ਪੋਥੀ ਦੇ ਰੂਪ ਵਿਚ ਗੁਰੂ ਅੰਗਦ ਦੇ ਹਵਾਲੇ ਕੀਤਾ। ਗੁਰੂ ਨਾਨਕ ਗੁਰੂ ਅੰਗਦ ਨੂੰ ਗੁਰਗੱਦੀ ਦੀ ਜਿ਼ੰਮੇਵਾਰੀ ਸੌਂਪ ਕੇ 5 ਦਿਨ ਬਾਅਦ ਭਾਵ 7 ਸਤੰਬਰ 1539 ਨੂੰ ਜੋਤੀ ਜੋਤ ਸਮਾ ਗਏ। ਭਾਈ ਲਹਿਣਾ ਨੂੰ ਗੁਰਗੱਦੀ ਮਿਲਣ ‘ਤੇ ਬਾਬਾ ਸਿਰੀ ਚੰਦ ਤੇ ਬਾਬਾ ਲਖਸ਼ਮੀ ਦਾਸ ਨੇ ਕਾਫੀ ਰੋਸ ਪ੍ਰਗਟ ਕੀਤਾ। ਇਨ੍ਹਾਂ ਹਾਲਾਤਾਂ ਨੂੰ ਮੁੱਖ ਰਖ ਕੇ ਹੀ ਗੁਰੂ ਨਾਨਕ ਦੇਵ ਨੇ ਗੁਰੂ ਅੰਗਦ ਦੇਵ ਨੂੰ ਕਰਤਾਰਪੁਰ ਦੀ ਬਜਾਏ ਖਡੂਰ ਨੂੰ ਆਪਣੇ ਪ੍ਰਚਾਰ ਦਾ ਕੇਂਦਰ ਬਣਾਉਣ ਦੇ ਆਦੇਸ਼ ਦਿੱਤੇ ਸਨ। ਭਾਈ ਗੁਰਦਾਸ ਨੇ ਪਹਿਲੀ ਵਾਰ ਦੀ 46 ਪੌੜੀ ਵਿਚ ਫਰਮਾਉਂਦੇ ਹਨ:
ਸੋ ਟਿੱਕਾ ਸੋ ਛਤਰ ਸਿਰ
ਸੋਈ ਸਚਾ ਤਖਤ ਟਿਕਾਈ
ਦਿਤਾ ਛਡ ਕਰਤਾਰਪੁਰ
ਬੈਠ ਖਡੂਰ ਜੋਤਿ ਜਗਾਈ।
ਕਰਤਾਰਪੁਰ ਤੋਂ ਆ ਕੇ ਕੁਝ ਦੇਰ ਤਾਂ ਉਹ ਬੀਬੀ ਭਰਾਈ ਜੀ ਦੇ ਘਰ ਗੁਪਤ ਰੂਪ ਵਿਚ ਰਹੇ ਅੰਗਦ ਦੇਵ ਜੀ ਦਾ ਇਹ ਅਗਿਆਤਵਾਸ ਦਾ ਸਮਾਂ ਲਗਭਗ ਛੇ ਮਹੀਨੇ ਰਿਹਾ ਸੀ ਜਦੋਂ ਸੰਗਤਾਂ ਵਿਚ ਖਬਰ ਪਹੁੰਚੀ ਕਿ ਸਤਿਗੁਰੂ ਨਾਨਕ ਦੀ ਦੂਜੀ ਜੋਤਿ, ਸਤਿਗੁਰੂ ਅੰਗਦ ਦੇਵ ਸਤਿਸੰਗਤ ਦਾ ਪਰਵਾਹ ਚਲਾਉਣਗੇ ਤਾਂ ਚਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ। ਸੰਗਤਾਂ ਦੇ ਉਦਮ ਨਾਲ ਕਰਤਾਰਪੁਰ ਵਿਚ ਇਕ ਧਰਮਸ਼ਾਲਾ ਵੀ ਬਣ ਗਈ ਜਿਥੇ ਲਗਾਤਾਰ ਦੀਵਾਨ ਸਜਦੇ ਤੇ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਦੀਆਂ।
ਸੰਗਤ ਦੇ ਨਾਲ ਨਾਲ ਪੰਗਤ ਭਾਵ ਲੰਗਰ ਦੀ ਪ੍ਰਥਾ ਨੂੰ ਵੀ ਨਿਰੰਤਰਿਤ ਕੀਤਾ ਅਤੇ ਸੰਗਤ ਪੰਗਤ ਦੀ ਜੁਗਤ ਰਾਹੀਂ ਸਮਾਜ ਵਿਚ ਪਰਸਪਰ ਵਿਰੋਧ ਅਤੇ ਊਚ-ਨੀਚ ਦੀ ਭਾਵਨਾ ਨੂੰ ਖਤਮ ਕੀਤਾ। ਲੰਗਰ ਦਾ ਕੰਮ ਗੁਰੂ ਜੀ ਦੀ ਪਤਨੀ ਮਾਤਾ ਖੀਵੀ ਸੰਭਾਲਦੇ ਸਨ। ਮਾਤਾ ਖੀਵੀ ਦੀ ਲੰਗਰ ਸੇਵਾ ਦਾ ਵਰਨਣ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਇਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇ ਭਗਤ ਤੋਂ ਛੁਟ ਕਿਸੇ ਵਿਅਕਤੀ ਦੀ ਉਪਮਾ ਨਹੀਂ ਹੈ। ਸਿਰਫ ਦੋ ਥਾਵੇਂ, ਇਕ ਰਾਮਕਲੀ ਦੀ ਵਾਰ ਜੋ ਸਤੇ ਤੇ ਬਲਵੰਡ ਜੀ ਨੇ ਆਖੀ ਹੈ ਤੇ ਦੂਜੇ ‘‘ਰਾਮਕਲੀ ਸਦ’’ ਵਿਚ ਗੁਰੂ ਪਤਨੀ ਤੇ ਗੁਰੂ ਸੰਤਾਨ ਦੀ ਉਪਮਾ ਹੈ ।’’ ਰਾਮਕਲੀ ਸਦ’’ ਵਿਚ ਮੋਹਰੀ ਪੁਤਰ ਸਨਮੁਖ ਹੋਆ ਕਹਿ ਕੇ ਸਤਕਾਰਿਆ ਹੈ ਤੇ ਬਲਵੰਡ ਜੀ ਨੇ ਪੂਰੀ ਇਕ ਪਉੜੀ ਗੁਰੂ ਅੰਗਦ ਸਾਹਿਬ ਦੀ ਸੁਪਤਨੀ ਦੀ ਉਪਮਾ ਵਿਚ ਲਿਖੀ ਹੈ।
ਪਏ ਕਬੂਲ ਖਸਮ ਨਾਲਿ,
ਜਾਂ ਘਾਲ ਮਰਦੀ ਘਾਲੀ
ਮਾਤਾ ਖੀਵੀ ਸਹੁ ਸੋਇ,
ਜਿਨਿ ਗੋਇ ਉਠਾਲੀ।’
ਮਾਤਾ ਖੀਵੀ ਦੀ ਸੇਵਾ ਸਦਕਾ ਲੰਗਰ ਵਿਚ ਸਭ ਨੂੰ ਘਿਓ ਵਾਲੀ ਖੀਰ ਮਿਲਦੀ ਸੀ।
‘‘ਬਲਵੰਡ ਖੀਵੀ ਨੇਕ ਜਨ,
ਜਿਸੁ ਬਹੁਤੀ ਛਾਉ ਪਤ੍ਰਾਲੀ।
ਲੰਗਰ ਦਉਲਤ ਵੰਡੀਐ,
ਰਸ ਅੰਮ੍ਰਿਤ ਖੀਰ ਘਿਆਲੀ।
ਗੁਰ ਸਿੱਖਾਂ ਦੇ ਮੁਖ ਉਜਲੇ,
ਮਨਮੁਖ ਥੀਏਂ ਪਰਾਲੀ।
ਹਮਾਯੂੰ ਬਾਦਸ਼ਾਹ ਨਾਲ ਮੁਲਾਕਾਤ: ਹਮਾਯੂੰ ਬਾਬਰ ਦਾ ਵੱਡਾ ਪੁੱਤਰ ਸੀ। ਉਹ 26 ਦਸੰਬਰ ਸੰਨ 1530 ਈ. ਨੂੰ ਆਗਰੇ ਵਿਖੇ ਬਾਬਰ ਦੀ ਮੌਤ ਪਿੱਛੋਂ ਬਾਦਸ਼ਾਹ ਬਣਿਆ। ਉਹ ਸ਼ੇਰਸਾ਼ਹ ਸੂਰੀ ਪਾਸੋਂ ਹਾਰ ਖਾ ਪੰਜਾਬ ਵਲ ਨੱਸਿਆ। ਸੰਨ 1540 ਵਿਚ ਹਮਾਯੂੰ ਆਪਣੇ ਫੌਜੀ ਦਸਤੇ ਸਮੇਤ ਗੁਰੂ ਜੀ ਤੋਂ ਬਖਸ਼ਸ਼ ਲਈ ਖਡੂਰ ਸਾਹਿਬ ਪਹੁੰਚਿਆ। ਗੁਰੂ ਜੀ ਉਸ ਘੜੀ ਬੱਚਿਆਂ ਨੂੰ ਪੜ੍ਹਾਉਣ ਵਿਚ ਰੁਝੇ ਹੋਏ ਸਨ। ਗੁਰੂ ਜੀ ਨੇ ਹਮਾਯੂੰ ਦੀ ਆਮਦ ਵਲ ਧਿਆਨ ਨਾ ਦਿੱਤਾ। ਹਮਾਯੂੰ ਨੇ ਇਸਨੂੰ ਆਪਣਾ ਨਿਰਾਦਰ ਸਮਝਿਆ। ਗੁੱਸੇ ਵਿਚ ਉਸ ਦਾ ਹੱਥ ਤਲਵਾਰ ਦੀ ਮੁੱਠ ਵਲ ਵਧਿਆ। ਉਸ ਸਮੇਂ ਗੁਰੂ ਜੀ ਦਾ ਧਿਆਨ ਵੀ ਉਪਰ ਚਲਿਆ ਗਿਆ। ਉਹ ਮੁਸਕਰਾ ਕੇ ਕਹਿਣ ਲੱਗੇ। ‘‘ਜਦੋਂ ਮੈਦਾਨਿ ਜੰਗ ਵਿਚ ਤੈਨੂੰ ਸ਼ੇਰਸ਼ਾਹ ਸੂਰੀ ਦੇ ਮੁਕਾਬਲੇ ਤਲਵਾਰ ਚਲਾਉਣ ਦੀ ਲੋੜ ਸੀ ਉਸ ਵੇਲੇ ਤਾਂ ਚਲਾ ਨਾ ਸਕਿਆ, ਹੁਣ ਫਕੀਰਾਂ ਦਰਵੇਸ਼ਾਂ ਤੇ ਤਲਵਾਰ ਚਲਾਉਣੀ ਚਾਹੁੰਦਾ ਏਂ।’’ ਹਮਾਯੂੰ ਇਹ ਸ਼ਬਦ ਸੁਣ ਕੇ ਬੜਾ ਸ਼ਰਮਿੰਦਾ ਹੋਇਆ। ਉਸਨੇ ਗੁਰੂ ਜੀ ਦੇ ਚਰਨੀਂ ਮੱਥਾ ਟੇਕ ਆਪਣੀ ਭੁੱਲ ਬਖਸ਼ਾਈ। ਇਸਦਾ ਵਰਨਣ ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼’’ ਦੇ ਪੰਨਾ ਨੰਬਰ 1351 ਤੇ ਇਉਂ ਕਰਦੇ ਹਨ।
‘‘ਖੜ੍ਹਗ ਨ ਨਿਕਸਯੌ ਮਿਯਾਨ ਤੇ
ਸੋ ਬਲ ਕਰ ਹਾਰਯੋ
ਹਮ ਬੋਲੇ ਤਬ ਗੁਰੂ ਜੀ
ਸੁਨ ਸਾਹਿ ਪਿਯਾਰਿਯੋ॥
ਸ਼ੇਰ ਸ਼ਾਹ ਕੇ ਸਾਹਮਣੇ
ਬਲ ਲਾਇਓ ਕਿਥਾਂਏ
ਪੀਰ ਫਕੀਰਨ ਪਰ ਚਹੈ,
ਤੂੰ ਖੜਗ ਚਲਾਏ॥
ਗੁਰੂ ਅੰਗਦ ਦੇਵ ਜੀ ਨੇ ਬਾਣੀ ਦੀ ਰਚਨਾ ਬਹੁਤ ਘੱਟ ਕੀਤੀ ਹੈ। ਕੁਲ 63 ਸ਼ਲੋਕ ਉਨ੍ਹਾਂ ਦੇ ਨਾਂ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਨ। ਉਨ੍ਹਾਂ ਦੀ ਬਾਣੀ 9 ਵਾਰਾਂ ਦੀਆਂ ਪਉੜੀਆਂ ਨਾਲ ਸਲੋਕਾਂ ਦੇ ਰੂਪ ਵਿਚ ਖਿੰਡੀ ਹੋਈ ਹੈ । ਵੇਰਵਾ ਇਸ ਪ੍ਰਕਾਰ ਹੈ: ਸਿਰੀ ਰਾਗ ਦੀ ਵਾਰ=2 ਸਲੋਕ, ਮਾਝ ਦੀ ਵਾਰ=12 ਸਲੋਕ, ਆਸਾ ਦੀ ਵਾਰ= 15 ਸਲੋਕ, ਸੋਰਿਠ ਦੀ ਵਾਰ=1 ਸਲੋਕ, ਸੂਹੀ ਦੀ ਵਾਰ=11 ਸਲੋਕ, ਰਾਮ ਕਲੀ ਦੀ ਵਾਰ=7 ਸਲੋਕ, ਮਾਰੂ ਦੀ ਵਾਰ=1 ਸਲੋਕ, ਸਾਰੰਗ ਦੀ ਵਾਰ=9 ਸਲੋਕ, ਮਲਾਰ ਦੀ ਵਾਰ=5 ਸਲੋਕ।
ਦੂਜੇ ਗੁਰੂਆਂ ਦੇ ਮੁਕਾਬਲੇ ਬਹੁਤ ਘਟ ਬਾਣੀ ਰਚੀ ਹੈ ਪਰ ਉਨ੍ਹਾਂ ਨੇ ਇਹਨਾਂ ਵਾਰਾਂ ਵਿਚ ਗੁਰਮਤਿ ਦੇ ਕੁਝ ਕੁ ਪੱਖਾਂ ਦੀ ਬੜੀ ਸੁੰਦਰ ਵਿਆਖਿਆ ਕੀਤੀ ਹੈ। ਉਨ੍ਹਾਂ ਦੀ ਭਾਸ਼ਾ ਬੜੀ ਸਰਲ ਹੈ। ਇਹਨਾਂ ਸਲੋਕਾਂ ਵਿਚ ਇਨਸਾਨੀ ਜੀਵਨ ਦੇ ਸਾਰੇ ਪਹਿਲੂਆਂ ਉਤੇ ਵਿਚਾਰ ਨਹੀਂ ਕੀਤੀ ਗਈ। ਇਸ ਲਈ ਉਹ ਸਿੱਖਾਂ ਦੀਆਂ ਔਕੜਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਰਾਹੀਂ ਹਲ ਕਰਦੇ ਸਨ ਕਿਉਂ ਜੋ ਉਹਨਾਂ ਪਾਸ ਗੁਰੂ ਦੀ ਸਾਰੀ ਬਾਣੀ ਮੌਜੂਦ ਸੀ। ਗੁਰੂ ਅੰਗਦ ਦੇਵ ਦੇ ਸਲੋਕਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦੀ ਸਾਂਝ ਤਾਂ ਹੋਣੀ ਹੀ ਸੀ ਪਰ ਸ਼ਬਦਾਵਲੀ ਦਾ ਅਸਰ ਵੀ ਪ੍ਰਤਖ ਹੈ:
ਭੁਖਿਆ ਭੁਖ ਨਾ ਉਤਰੀ,
ਜੇ ਬੰਨਾ ਪੁਰੀਆ ਭਾਰ’’
(ਗੁਰੂ ਨਾਨਕ ਦੇਵ ਜੀ-ਜਪੁ)
ਭੁਖਿਆ ਭੁਖ ਨਾ ਉਤਰੇ
ਗਲੀ ਭੁਖ ਨਾ ਜਾਇ॥
ਨਾਨਕ ਭੁਖ ਤਾਂ ਰਜੈ
ਜੇ ਗੁਣ ਕਹਿ ਗੁਣੀ ਸਮਾਇ॥
(ਗੁਰੂ ਅੰਗਦ ਦੇਵ ਜੀ-ਮਾਝ ਦੀ ਵਾਰ)
ਉਨ੍ਹਾਂ ਨੇ ਆਪਣੇ ਭਾਵ-ਪ੍ਰਕਾਸ਼ਨ ਲਈ ਦਲੀਲ ਤੋਂ ਕੰਮ ਲਿਆ ਹੈ। ਪਰਮਾਤਮਾ ਨੂੰ ਮਿਲਣ ਲਈ ਹੁਕਮ ਦੀ ਪਛਾਣ ਦੀ ਲੋੜ ਨੂੰ ਦਰਸਾਉਂਦੇ ਹੋਏ ਉਹ ਲਿਖਦੇ ਹਨ।
ਅਖੀ ਬਾਝਹੁ ਵੇਖਣਾ, ਵਿਣ ਕੰਨਾਂ ਸੁਨਣਾ।
ਪੈਰਾਂ ਬਾਝਹੁ ਚਲਣਾ,ਵਿਣ ਹੱਥਾ ਕਰਣਾ।
ਜੀਭੈ ਬਾਝਹੁ ਬੋਲਣਾ, ਇਉਂ ਜੀਵਤ ਮਰਣਾ।
ਨਾਨਕ ਹੁਕਮ ਪਛਾਣਿ ਕੈ
ਤਉ ਖਸਮੈ ਮਿਲਣਾ।
ਗੁਰੂ ਗ੍ਰੰਥ ਸਾਹਿਬ ਅੰਗ 139
ਗੁਰੂ ਨਾਨਕ ਦੇਵ ਜੀ ਲਈ ਉਹਦਾ ਇਤਨਾ ਸਤਿਕਾਰ ਸੀ ਕਿ ਉਨ੍ਹਾਂ ਦੇ ਜੋਤੀ ਜੋਤਿ ਸਮਾਉਣ ਦੀ ਘੜੀ ਉਨ੍ਹਾਂ ਲਈ ਅਸਹਿ ਸੀ। ਉਹ ਆਪਣੀ ਹੋਂਦ ਨੂੰ ਗੁਰੂ ਤੋਂ ਬਿਨਾਂ ਨਿਰਾਰਥਕ ਸਮਝਦੇ ਹਨ। ਹੇਠ ਲਿਖੇ ਸਲੋਕ ਤੋਂ ਉਹਦੇ ਵੈਰਾਗ ਦਾ ਅਹਿਸਾਸ ਸਹਿਜ ਵਿਚ ਹੋ ਜਾਂਦਾ ਹੈ।
ਜਿਸ ਪਿਆਰੇ ਸਿਉ ਨੇਹ
ਤਿਨ ਆਗੈ ਮਰਿ ਚਲੀਐ
ਧ੍ਰਿਗ ਜੀਵਣ ਸੰਸਾਰ ਤਾ ਕੈ ਪਾਛੈ ਜੀਵਣਾ।
ਗੁਰੂ ਗ੍ਰੰਥ ਸਾਹਿਬ ਅੰਗ 831
ਗੁਰੂ ਨੂੰ ਚਾਨਣ ਮੁਨਾਰਾ ਸਮਝਦੇ ਹੋਇਆਂ, ਉਸਤੋਂ ਬਿਨਾਂ ਹਰ ਪਾਸੇ ਘੁਪ ਹਨੇਰਾ ਹੀ ਵਿਆਪਤ ਦਸਦੇ ਹਨ ਭਾਵਂੇ ਸੈਂਕੜੇ ਚੰਦਰਮਾ ਅਤੇ ਹਜ਼ਾਰਾਂ ਸੂਰਜ ਕਿਉਂ ਨਾ ਚੜ੍ਹੇ ਹੋਣ।
ਜੇ ਸਉ ਚੰਦਾ ਉਗਵਹਿ ਸੂਰਜ,
ਚੜ੍ਹਹਿ ਹਜ਼ਾਰ।
ਏਤੇ ਚਾਨਣ ਹੋਂਦਿਆ
ਗੁਰ ਬਿਨ ਘੋਰ ਅੰਧਾਰ।
ਵਾਰ ਆਸਾ ਗੁਰੂ ਗ੍ਰੰਥ 463
‘ਹਉਮੈ’ ਨੂੰ ਸਾਰੇ ਵਿਕਾਰਾਂ ਦਾ ਮੂਲ ਦੱਸਿਆ ਹੈ। ਇਹ ਇਕ ਦੀਰਘ ਰੋਗ ਹੈ। ਪਰ ਚਿੰਤਾ ਦੀ ਕੋਈ ਗੱਲ ਨਹੀਂ, ਇਸਦਾ ਇਲਾਜ ਵੀ ਹੈ। ਜਦੋਂ ਗੁਰੂ ਕ੍ਰਿਪਾ ਕਰਦਾ ਹੈ ਤਾਂ ਉਸਦੀ ਸ਼ਬਦ-ਸਾਧਨਾ ਰਾਹੀਂ ‘ਹਉਮੈ’ ਦਾ ਦੁੱਖ ਵੀ ਕਟਿਆ ਜਾਂਦਾ ਹੈ।
‘ਹਉਮੈ’ ਦੀਰਘ ਰੋਗੁ ਹੈ
ਦਾਰੂ ਵੀ ਇਸ ਮਾਹਿ।
ਗੁਰਮੁਖੀ ਲਿਪੀ ਦਾ ਸੁਧਾਰ:ਗੁਰੂ ਨਾਨਕ ਜੀ ਦੇ ਸਮੇਂ ਮੁਸਲਮਾਨੀ ਸਭਿਆਚਾਰ ਦਾ ਲੋਕਾਂ ਦੇ ਦਿਲਾਂ ‘ਤੇ ਕਾਫੀ ਪ੍ਰਭਾਵ ਸੀ। ਸਿੱਟੇ ਵਜੋਂ ਲੋਕਾਂ ਦਾ ਖਾਣ-ਪੀਣ, ਧਰਮ ਪਹਿਰਾਵਾ ਅਤੇ ਬੋਲੀ ਮੁਸਲਮਾਨੀ ਸਭਿਆਚਾਰ ਦੇ ਗੁਲਾਮ ਹੋ ਚੁੱਕੇ ਸਨ। ਇਸਦੀ ਪ੍ਰੋੜਤਾ ਗੁਰੂ ਨਾਨਕ ਦੇਵ ਜੀ ਦੇ ਇਹਨਾਂ ਕਥਨਾਂ ਤੋਂ ਹੁੰਦੀ ਹੈ।
ਖਤ੍ਰੀਆ ਤ ਧਰਮ ਛੋਡਿਆ,
ਮਲੇਛ ਭਾਖਿਆ ਗਹੀ
(ਗੁ. ਗ੍ਰੰ.  663)
ਗੁਰਬਾਣੀ ਲਿਖਣ ਵਾਸਤੇ ਸਭ ਤੋਂ ਢੁਕਵੀਂ ਲਿੱਪੀ ਗੁਰਮੁਖੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲਿਪੀ ਦਾ ਸੁਧਾਰ ਹੀ ਨਹੀਂ ਕੀਤਾ ਬਲਕਿ ਇਸਨੂੰ ਪ੍ਰਚਲਤ ਕਰਨ ਵਿਚ ਵੀ ਪੂਰੇ ਯਤਨ ਕੀਤੇ। ਉਨ੍ਹਾਂ ਨੇ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਚਾਲੂ ਕੀਤੇ ਜਿਥੇ ਗੁਰਮੁਖੀ ਪੜ੍ਹਾਈ ਜਾਂਦੀ ਸੀ। ਗੁਰਮੁਖੀ ਲਿਪੀ ਵਿਚ ਪੰਜਾਬੀ ਦਾ ਸਭ ਤੋਂ ਪਹਿਲਾ ਕਾਇਦਾ ਗੁਰੂ ਜੀ ਨੇ ਲਿਖਿਆ।
ਅਖਰ ਰਚ ਕੇ ਗੁਰਮੁਖੀ
ਫਿਰ ਸਿਖਨ ਪੜਾਏ॥
ਗੁਰ ਕੀ ਬਾਣੀ ਘਰੁ ਕਥਾ
ਇਲਮੇ ਲਿਖਵਾਏ॥ (ਪੰਥ ਪ੍ਰਕਾਸ਼)
ਉਦਾਸੀ ਸੰਪਰਦਾ ਦੇ ਪ੍ਰਭਾਵ ਤੋਂ ਸਿੱਖੀ ਨੂੰ ਬਚਾਉਣਾ:ਬਾਬਾ ਸਿਰੀ ਚੰਦ ਜੀ ਉਦਾਸੀ ਸੰਪਰਦਾ ਦਾ ਬਹੁਤ ਪ੍ਰਚਾਰ ਕਰ ਰਹੇ ਸਨ। ਗੁਰੂ ਨਾਨਕ ਦੇ ਸਪੂਤ ਹੋਣ ਕਾਰਨ ਵੀ ਲੋਕਾਂ ਦੇ ਦਿਲਾਂ ਤੇ ਉਨ੍ਹਾਂ ਦਾ ਕਾਫੀ ਪ੍ਰਭਾਵ ਪੈ ਰਿਹਾ ਸੀ। ਇਸਦੇ ਵਿਪਰੀਤ ਗੁਰੂ ਜੀ ਗੁਰਸਿੱਖਾਂ ਨੂੰ ਗ੍ਰਹਿਸਥੀ ਤੇ ਭਗਤੀ ਕਰਨ ਦੀ ਪ੍ਰੇਰਨਾ ਦਿੰਦੇ ਸਨ ਉਥੇ ਬਾਬਾ ਸਿਰੀ ਚੰਦ ਸਭ ਕੁਝ ਤਿਆਗ ਕੇ ਉਦਾਸੀ ਸੰਪਰਦਾ ਦਾ ਪ੍ਰਚਾਰ ਕਰ ਰਹੇ ਸਨ। ਸਿੱਖਾਂ ਨੂੰ ਉਦਾਸੀ ਮਤ ਤੋਂ ਬਚਾਉਣ ਲਈ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਿਧਾਂਤ ਨੂੰ ਪੂਰੀ ਤਰ੍ਹਾਂ ਪਰਚਾਰਿਆ। ਉਨ੍ਹਾਂ ਦੀਆਂ ਅਣਥਕ ਘਾਲਣਾਵਾਂ ਸਦਕਾ ਸੰਗਤ ਉਦਾਸੀ ਸੰਪਰਦਾ ਦੇ ਪ੍ਰਭਾਵ ਤੋਂ ਬਹੁਤ ਹਦ ਤੱਕ ਬਚ ਗਈ। ਆਤਮਕ ਬਲ ਦੇ ਨਾਲ ਨਾਲ ਸਰੀਰਕ ਬਲ ਵਲ ਉਚੇਚਾ ਧਿਆਨ ਦਿੱਤਾ। ਗੁਰੂ ਅੰਗਦ ਦੇਵ ਨੇ ਖਡੂਰ ਸਾਹਿਬ ਵਿਚ ਇਕ ਅਖਾੜਾ ਬਣਾਇਆ ਜਿਸ ਦਾ ਨਾਂ ‘ਮਲ ਅਖਾੜਾ’ ਰਖਿਆ ਗਿਆ। ਇਸ ਅਖਾੜੇ ਵਿਚ ਉਹ ਹਰ ਰੋਜ਼ ਬੱਚਿਆਂ ਦੀਆਂ ਕੁਸ਼ਤੀਆਂ ਕਰਾਉਂਦੇ ਤੇ ਨੌਜਵਾਨਾਂ ਨੂੰ ਕੁਸ਼ਤੀਆਂ ਕਰਨ ਤੇ ਹੋਰ ਕਸਰਤਾਂ ਕਰਨ ਲਈ ਪ੍ਰੇਰਦੇ।
ਉਹ 12 ਸਾਲ 9 ਮਹੀਨੇ ਤੇ 17 ਦਿਨ ਗੁਰਗੱਦੀ ‘ਤੇ ਬਿਰਾਜਮਾਨ ਰਹੇ। 29 ਮਾਰਚ 1552, ਉਮਰ 47 ਵਰ੍ਹੇ, 11 ਮਹੀਨੇ 29 ਦਿਨ ਭੋਗ ਕੇ ਖਡੂਰ ਸਾਹਿਬ ਵਿਚ ਹੀ ਜੋਤੀ ਜੋਤ ਸਮਾਏ। ਸਿੱਖਾਂ ਵਿਚੋਂ ਇਨ੍ਹਾਂ ਦੀ ਪਰਖ ਦੀ ਕਸਵੱਟੀ ਤੇ ਬਾਬਾ ਅਮਰਦਾਸ ਹੀ ਪੂਰੇ ਨਿਤਰੇ। ਉਹ ਰਿਸ਼ਤੇ ਵਿਚ ਉਨ੍ਹਾਂ ਦੀ ਪੁੱਤਰੀ ਬੀਬੀ ਅਮਰੋ ਦੇ ਪਤਿਔਰੇ ਲਗਦੇ ਸਨ। ਦਾਸੂ ਤੇ ਦਾਤੂ ਦੀ ਈਰਖਾ ਕਾਰਨ ਉਨ੍ਹਾਂ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਜਾ ਕੇ ਪ੍ਰਚਾਰ ਲਈ ਹੁਕਮ ਦਿੱਤਾ। ਗੁਰੂ ਅਮਰਦਾਸ ਨੇ ਗੋਇੰਦਵਾਲ ਜਾ ਸਿੱਖੀ ਦਾ ਧੁਰਾ ਵਸਾਇਆ।


Post Comment


ਗੁਰਸ਼ਾਮ ਸਿੰਘ ਚੀਮਾਂ