ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, September 11, 2012

ਸ੍ਰੀ ਹਰਿਮੰਦਰ ਸਾਹਿਬ ਦੀ ਸ਼ਬਦ ਕੀਰਤਨ ਪਰੰਪਰਾ – 2



ਅੰਮ੍ਰਿਤਸਰ ਦੀ ਜੰਗ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਕੀਰਤਪੁਰ ਜਾ ਬਿਰਾਜੇ। ਅੰਮ੍ਰਿਤਸਰ ਤੋਂ ਵਿਦਾ ਹੋਣ ਤੋਂ ਪਹਿਲਾਂ ਗੁਰੂ ਜੀ ਸਮੇਤ ਪਰਿਵਾਰ ਦਰਬਾਰ ਸਾਹਿਬ ਵਿੱਚ ਆਏ, ਕੀਰਤਨ ਸਰਵਣ ਕੀਤਾ ਅਤੇ ਇਕ ਪਾਲਕੀ ਵਿੱਚ, ਗੁਰੂ ਅਰਜਨ ਦੇਵ ਜੀ ਵੱਲੋਂ ਇਥੇ ਪ੍ਰਕਾਸ਼ ਕੀਤੇ ਗਏ ਆਦਿ ਗ੍ਰੰਥ ਨੂੰ ਵੀ ਆਪਣੇ ਨਾਲ ਲੈ ਗਏ। ਇਸ ਮਗਰੋਂ ਪ੍ਰਿਥੀ ਚੰਦ ਦੇ ਪਰਿਵਾਰ ਵਿੱਚੋਂ ਸੋਢੀ ਮਿਹਰਵਾਨ ਨੇ ਦਿੱਲੀ ਸਰਕਾਰ ਦੀ ਮਦਦ ਨਾਲ ਸ੍ਰੀ ਹਰਿਮੰਦਰ ਸਾਹਿਬ ‘ਤੇ ਕਬਜ਼ਾ ਕਰ ਲਿਆ। ਰੋਸ ਵਜੋਂ ਸਿੱਖ ਸੰਗਤਾਂ ਵੀ ਗੁਰੂ ਸਾਹਿਬ ਦੇ ਨਾਲ ਚਲੀਆਂ ਗਈਆਂ। ਸ੍ਰੀ ਦਰਬਾਰ ਸਾਹਿਬ ਦੇ ਰਾਗੀ-ਰਬਾਬੀ ਵੀ ਇਸ ਸਥਾਨ ਦਾ ਤਿਆਗ ਕਰ ਗਏ।
65 ਸਾਲਾਂ ਦੇ ਇਸ ਲੰਮੇ ਸਮੇਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦੀ ਕੀਰਤਨ ਮਰਿਆਦਾ ਖੰਡਤ ਹੋਈ। ਗੁਰੂ ਘਰ ਦੇ ਕੀਰਤਨੀਏ ਇਥੋਂ ਚਲੇ ਗਏ। ਸੋਢੀ ਮਿਹਰਵਾਨ ਦੀ ਮੌਤ ਤੋਂ ਬਾਅਦ ਇਸ ਦੇ ਪੁੱਤਰ ਹਰਿ ਜੀ ਨੇ ਹਰਿਮੰਦਰ ਸਾਹਿਬ ਦਾ ਪ੍ਰਬੰਧ ਆਪਣੇ ਹੱਥ ਲੈ ਲਿਆ। ਇਸ ਸਮੇਂ ਦੌਰਾਨ ਵੀ ਬਹੁਤੀਆਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਤੋਂ ਦੂਰ ਹੀ ਰਹੀਆਂ। ਹਰਿ ਜੀ ਖੁਦ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਕਰਦਾ ਰਿਹਾ। ਉਸ ਦਾ ਮੁੱਖ ਮੰਤਵ ਭੇਟਾਵਾਂ ਇਕੱਤਰ ਕਰਨਾ ਸੀ।
ਹਰਿ ਜੀ ਦੇ ਅਕਾਲ ਚਲਾਣੇ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਦੇ ਪੁੱਤਰ ਨਰਾਇਣ ਦਾ ਕਬਜ਼ਾ ਹੋ ਗਿਆ। ਇਹ ਕਬਜ਼ਾ 1756 ਬਿ. ਤਕ ਜਾਰੀ ਰਿਹਾ। ਇਸ ਸਮੇਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਬਹੁਤ ਘੱਟ ਗਈ। ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਕਿਰਪਾਲ ਸਿੰਘ ਅਨੁਸਾਰ, ਮਿਹਰਵਾਨ, ਹਰਿ ਜੀ ਅਤੇ ਨਾਰਾਇਣ ਦੇ ਕਬਜ਼ੇ ਅਧੀਨ ਸ੍ਰੀ ਹਰਿਮੰਦਰ ਸਾਹਿਬ ਬਹੁਤੀ ਦੇਰ ਸਿੱਖ ਸੰਗਤਾਂ ਲਈ ਖਿੱਚ ਦਾ ਕੇਂਦਰ ਨਾ ਰਿਹਾ। ਜ਼ਿਆਦਾ ਸੰਗਤਾਂ ਕੀਰਤਪੁਰ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ ਦੇ ਸਥਾਨ ’ਤੇ ਹਾਜ਼ਰੀ ਭਰਨ ਲਗੀਆਂ।
ਕਿਉਂ ਜੋ ਰਬਾਬੀ ਤੇ ਰਾਗੀ ਕੀਰਤਨਕਾਰ ਇਸ ਸਮੇਂ ਦੌਰਾਨ ਇਥੋਂ ਬਾਹਰ ਚਲੇ ਗਏ, ਫਲਸਰੂਪ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਖ-ਵੱਖ ਕੀਰਤਨ ਚੌਕੀਆਂ ਲੱਗਣ ਦੀ ਮਰਿਆਦਾ ਨਹੀਂ ਰਹੀ। ਕੇਵਲ ਮਿਹਰਵਾਨ ਅਤੇ ਹਰਿ ਜੀ ਹੀ ਇਸ ਅਸਥਾਨ ਦੀ ਕੀਰਤਨ ਪਰੰਪਰਾ ਦਾ ਪ੍ਰਵਾਹ ਚਲਾਉਂਦੇ ਰਹੇ।
ਸ੍ਰੀ ਗੁਰੂ ਹਰਿਰਾਇ ਜੀ, ਗੁਰੂ ਹਰਿਕ੍ਰਿਸ਼ਨ ਜੀ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਪਰੰਪਰਾ ਨਾਲ ਸਿੱਧੇ ਤੌਰ ‘ਤੇ ਸਬੰਧਤ ਨਹੀਂ ਰਹੇ। ਗੁਰੂ ਹਰਿਰਾਏ ਜੀ ਕੀਰਤਪੁਰ ਸਾਹਿਬ, ਦੋਆਬਾ, ਮਾਲਵਾ, ਜੰਮੂ-ਕਸ਼ਮੀਰ, ਸਿਆਲਕੋਟ, ਲਾਹੌਰ ਆਦਿ ਸਥਾਨਾਂ ’ਤੇ ਸਿੱਖਾਂ ਦੇ ਪ੍ਰਚਾਰ ਵਿੱਚ ਅਗ੍ਰਸਰ ਰਹੇ। 1651 ਈ. (1708 ਬਿਕ੍ਰਮੀ) ਨੂੰ ਗੁਰੂ ਹਰਿਰਾਇ ਜੀ ਕੁਝ ਦੇਰ ਲਈ ਦੀਵਾਲੀ ਦੇ ਅਵਸਰ ‘ਤੇ ਦਰਸ਼ਨਾਂ ਵਾਸਤੇ ਪਧਾਰੇ ਪਰ ਜਲਦੀ ਹੀ ਵਾਪਸ ਕੀਰਤਪੁਰ ਸਾਹਿਬ ਚਲੇ ਗਏ। ਗੁਰੂ ਹਰਿਕ੍ਰਿਸ਼ਨ ਜੀ ਕੀਰਤਪੁਰ ਸਾਹਿਬ ਤੇ ਦਿੱਲੀ ਵਿੱਚ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੰਦੇ ਰਹੇ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ੍ਰੀ ਹਰਿਮੰਦਰ ਸਾਹਿਬ ਆਏ ਤਾਂ ਹਰਿ ਜੀ ਨੇ ਇਸ ਨੀਅਤ ਨਾਲ ਦਰਸ਼ਨੀ ਡਿਊੜੀ ਦੇ ਕਿਵਾੜ ਬੰਦ ਕਰਵਾ ਦਿੱਤੇ ਕਿ ਜੇ ਗੁਰੂ ਜੀ ਨੇ ਇਥੇ ਪੱਕਾ ਡੇਰਾ ਜਮ੍ਹਾਂ ਲਿਆ ਤਾਂ ਸਾਡਾ ਕੀ ਬਣੇਗਾ। ਹਰਿ ਜੀ ਆਪ ਇਧਰ-ਉਧਰ ਹੋ ਗਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਝ ਦੇਰ ਉਡੀਕ ਕੀਤੀ। ਹਰਿ ਜੀ ਨੂੰ ਵਾਪਸ ਨਾ ਆਉਂਦਾ ਦੇਖ ਗੁਰੂ ਜੀ ਵਾਪਸ ਚਲੇ ਗਏ। ਮਸੰਦਾਂ ਨੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ। ਗੁਰੂ ਸਾਹਿਬ ਉਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਬਾਹਰ ਹੀ ਬੈਠ ਕੇ ਸੰਗਤਾਂ ਨਾਲ ਵਾਪਸ ਚਲੇ ਗਏ। ਇਸ ਸਥਾਨ ‘ਤੇ ਵਰਤਮਾਨ ਸਮੇਂ ਗੁਰਦੁਆਰਾ ਥੜਾ ਸਾਹਿਬ ਸ਼ੁਸ਼ੋਭਿਤ ਹੈ।

ਡਾ. ਕੰਵਲਜੀਤ ਸਿੰਘ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ੍ਰੀ ਹਰਿਮੰਦਰ ਸਾਹਿਬ ਆਉਣ ਦੇ ਹਵਾਲੇ ਵੀ ਨਹੀਂ ਮਿਲਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕਰਮ ਸਿੰਘ (ਹਿਸਟੋਰੀਅਨ) ਕ੍ਰਿਤ ‘ਅੰਮ੍ਰਿਤਸਰ ਦੀ ਤਵਾਰੀਖ’ ਤੋਂ ਐਨਾ ਹਵਾਲਾ ਮਿਲਦਾ ਹੈ ਕਿ ਦਸ਼ਮੇਸ਼ ਪਿਤਾ ਅੰਮ੍ਰਿਤਸਰ ਇਕ ਗੁਰਸਿੱਖ ਦੇ ਘਰ ਆਏ। ਇਹ ਸਥਾਨ ਨਵੇਂ ਸਿਰਿਓਂ ਬਣਾਏ ਸ਼ਹਿਰ ਦੇ ਕੌਂਲਸਰ ਪਾਸ ਹਿੰਮਤੀ ਮਹੰਤ ਭਾਈ ਗੁਰਦਿੱਤ ਸਿੰਘ ਨੇ ਠੀਕ-ਠਾਕ ਕਰਵਾ ਲਿਆ ਸੀ। ਇਹ ਸਥਾਨ ਕਟੜਾ ਦਲ ਸਿੰਘ ਵਿੱਚ ਸੀ। ਇਸਦੀ ਪੂਰਕ ਸੂਚਨਾ ਗੁਰਦੁਆਰਿਆਂ ਦੀ ਲਿਸਟ ਵਿੱਚ ਵੀ ਦਿੱਤੀ ਹੈ, ਜਿਸ ਤੋਂ ਇਸ ਸੂਚਨਾ ਦੀ ਪੁਸ਼ਟੀ ਹੁੰਦੀ ਹੈ, ਮਹੰਤ ਦੀ ਦੱਸੀ ਰਵਾਇਤ ਤੋਂ ਪਤਾ ਚਲਦਾ ਹੈ ਕਿ ਸੰਮਤ 1752 ਵਿੱਚ ਦਸ਼ਮੇਸ਼ ਜੀ ਏਥੇ ਅੰਮ੍ਰਿਤਸਰ ਆਏ ਸਨ। ਗੁਰੂ ਜੀ ਦੇ ਮਕਾਨ ਵਿੱਚ ਜੋ ਸੇਵਕ ਰਹਿੰਦਾ ਸੀ, ਉਨ੍ਹਾਂ ਦਾ ਵੱਡਾ ਭਾਈ, ਮੀਹਾਂ ਜੀ ਗੁਰੂ ਤੇਗ ਬਹਾਦਰ ਜੀ ਦਾ ਚਾਕਰ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਇਕ ਲੋਹ ਅਤੇ ਨਗਾਰਾ ਬਖਸ਼ ਕੇ, ਹੁਕਮ ਕੀਤਾ ਸੀ ਕਿ, ਲੰਗਰ ਚਲਾਓ, ਸਿੱਖੀ ਵਧਾਓ। ਦਸ਼ਮੇਸ਼ ਪਿਤਾ ਵੀ ਇਸੇ ਸਥਾਨ ‘ਤੇ ਆਏ ਅਤੇ ਪ੍ਰਸ਼ੰਨ ਹੋ ਕੇ ਇਥੇ ਰਹਿ ਰਹੇ ਭਾਈ ਮੀਹਾਂ ਨੂੰ ਦਸਤਾਰ, ਨਗਾਰਾ, ਇਕ ਸ਼ਮਸ਼ੀਰ ਤੇ ਇਕ ਗ੍ਰੰਥ ਬਖਸ਼ਿਸ਼ ਕਰਕੇ ਮੀਹਾਂ ਸਾਹਿਬ ਦੇ ਖ਼ਿਤਾਬ ਨਾਲ ਨਿਵਾਜਿਆ।
ਸਿੱਖ ਮਿਸਲਾਂ ਦੇ ਜਥੇਦਾਰਾਂ, ਸਿੱਖ ਸਰਦਾਰਾਂ ਅਤੇ ਹੋਰ ਪਤਵੰਤੇ ਗੁਰਸਿੱਖਾਂ ਦੇ ਯਤਨਾਂ ਸਦਕਾ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਲਈ ਅਨੇਕਾਂ ਉਪਰਾਲੇ ਕੀਤੇ ਜਾਣ ਲੱਗੇ ਤਾਂ ਜੋ ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਪਰੰਪਰਾ ਤੇ ਹੋਰ ਮਰਿਆਦਾਵਾਂ ਮੁੜ ਤੋਂ ਪੂਰੀ ਸਿੱਖੀ ਸ਼ਾਨ ਸਹਿਤ ਬਹਾਲ ਕੀਤੀਆਂ ਜਾ ਸਕਣ।
ਸ੍ਰੀ ਹਰਿਮੰਦਰ ਸਾਹਿਬ ਦੇ ਚੜ੍ਹਦੇ ਪਾਸੇ ਦੇ 10 ਬੁੰਗੇ, ਦੱਖਣੀ ਪਾਸੇ ਦੇ 22 ਬੁੰਗੇ, ਪੱਛਮੀ ਪਾਸੇ ਵੱਲ 28 ਬੁੰਗੇ, ਉੱਤਰੀ ਬਾਹੀ ਦੇ 9 ਬੁੰਗੇ ਸਨ। ਇਸ ਤਰ੍ਹਾਂ 1807 ਬਿਕ੍ਰਮੀ ਤੋਂ ਲੈ ਕੇ 1881 ਬਿਕ੍ਰਮੀ ਤੱਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਵੱਖ-ਵੱਖ ਮਿਸਲਾਂ ਦੇ ਸਰਦਾਰਾਂ ਤੇ ਪਿੰਡਾਂ ਦੇ 69 ਬੁੰਗੇ ਸਥਾਪਤ ਹੋ ਚੁੱਕੇ ਸਨ। ਇਨ੍ਹਾਂ ਵਿੱਚੋਂ ਕੁਝ ਬੁੰਗਿਆਂ ਵਿੱਚ ‘ਆਦਿ ਗ੍ਰੰਥ’ ਦਾ ਪ੍ਰਕਾਸ਼ ਕੀਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀਆਂ-ਗ੍ਰੰਥੀਆਂ, ਰਬਾਬੀਆਂ-ਰਾਗੀਆਂ ਅਤੇ ਹੋਰ ਸੇਵਾਦਾਰਾਂ ਨੇ ਇਨ੍ਹਾਂ ਬੁੰਗਿਆਂ ਵਿੱਚ ਰਿਹਾਇਸ਼ ਕਰ ਲਈ।
ਕੁਝ ਬੁੰਗਿਆਂ ਵਿੱਚ ਨਿਤਨੇਮ ਦਾ ਪ੍ਰਵਾਹ ਜਾਰੀ ਰਿਹਾ। ਸ਼ਬਦ ਕੀਰਤਨ ਦੀ ਸਿੱਖਲਾਈ ਹੁੰਦੀ ਰਹੀ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਉਸਾਰੇ ਗਏ ਅਕਾਲ ਤਖਤ ਦੀ ਉਸਾਰੀ ਵੇਲੇ ਇਸ ਦਾ ਨਾਂ ਤਖ਼ਤ ਅਕਾਲ ਬੁੰਗਾ ਸੀ। ਇਨ੍ਹਾਂ ਬੁੰਗਿਆਂ ਵਿੱਚ ਆਉਣ ਵਾਲੀ ਸੰਗਤ ਨੂੰ ਸਿੱਖ ਸਿਧਾਂਤਾਂ ਦੀ ਜਾਣਕਾਰੀ ਦਿੱਤੀ ਜਾਂਦੀ ਸੀ। ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਇਸ ਸਥਾਨ ‘ਤੇ ਇਕ ਬੇਰੀ ਹੇਠ ਬੈਠਿਆ ਕਰਦੇ ਸਨ।
ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਸਥਾਨ ’ਤੇ ਬੁੰਗੇ ਦੀ ਉਸਾਰੀ ਕਰਵਾਈ ਅਤੇ ਇਸੇ ਸਥਾਨ ’ਤੇ ਬੈਠ ਕੇ ਗੁਰਆਈ ਦੀ ਪੌਸ਼ਾਕ ਪਹਿਨੀ। ਇਸ ਲਈ ਇਸ ਦਾ ਨਾਮਕਰਨ ਤਖ਼ਤ ਅਕਾਲ ਬੁੰਗਾ ਹੋ ਗਿਆ। ਇਸ ਨੂੰ ਅਸੀਂ ਅੱਜ-ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਵਜੋਂ ਸਤਿਕਾਰਦੇ ਹਾਂ। ਇਸ ਸਥਾਨ ‘ਤੇ ਸ਼ਾਮ ਵੇਲੇ ਬੜਾ ਦੀਵਾਨ ਲਗਦਾ ਅਤੇ ਰਾਗੀ, ਰਬਾਬੀ ਕੀਰਤਨ ਕਰਦੇ ਅਤੇ ਢਾਡੀ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਦੱਸੀਆਂ ਧੁਨੀਆਂ ਅਨੁਸਾਰ ਢਾਡੀ ਵਾਰਾਂ ਗਾ ਕੇ ਸਿੱਖ ਸੰਗਤਾਂ ਵਿੱਚ ਜੋਸ਼, ਉਤਸ਼ਾਹ ਤੇ ਵੀਰ ਰਸੀ ਭਾਗਨਾਵਾਂ ਦਾ ਸੰਚਾਰ ਕਰਦੇ।
ਇਤਿਹਾਸਕ ਹਵਾਲਿਆਂ ਅਨੁਸਾਰ, ਬੁੰਗਾ ਰਾਮ ਸਿੰਘ ਗਿਆਨੀ ਗਿਆਨੀ ਕੌਮ ਭੱਟ, ਬੂੰਗਾ ਚੜ੍ਹਤ ਸਿੰਘ ਰਾਗੀ, ਬੁੰਗਾ ਲੱਖਾ ਸਿੰਘ ਨਿਰਮਲਾ, ਬੁੰਗਾ ਰਾਗੀ ਧਨਪਤਿ ਸਿੰਘ, ਅਕਾਲ ਬੁੰਗਾ, ਬੁੰਗਾ ਭਾਈ ਸਾਹਿਬਾਨ, ਬੁੰਗਾ ਰਾਗੀ ਕਾਹਨ ਸਿੰਘ ਰਾਗੀ ਵਿਖੇ ਪਾਠ ਸੰਥਿਆ ਅਤੇ ਕੀਰਤਨ ਦਾ ਪ੍ਰਵਾਹ ਚਲਦਾ ਰਹਿੰਦਾ ਸੀ। ਜਿਗਿਆਸੂ ਇਥੇ ਰਹਿ ਗੁਰੂ ਘਰ ਦੇ ਕੀਰਤਨੀਆਂ ਕੋਲੋਂ ਸ਼ਬਦ-ਕੀਰਤਨ ਦੀ ਦਾਤ ਪ੍ਰਾਪਤ ਕਰਦੇ ਸਨ।
ਘੰਟਾ ਘਰ ਦੀ ਉਸਾਰੀ ਤੇ ਮੌਜੂਦਾ ਪ੍ਰਕਰਮਾਂ ਦੀ ਉਸਾਰੀ ਲਈ ਇਤਿਹਾਸਕ ਬੁੰਗਿਆਂ ਦਾ ਵਜੂਦ ਖ਼ਤਮ ਹੁੰਦਾ ਗਿਆ। ਅੱਜ-ਕੱਲ੍ਹ ਬੁੰਗਾ ਰਾਮਗੜ੍ਹੀਆ ਦੀ ਸੰਕੇਤਿਕ ਉਚੇ ਮੀਨਾਰਨੁਮਾ ਇਮਾਰਤ, ਜੋ ਲੰਗਰ ਹਾਲ ਦੇ ਨਾਲ ਲਗਵੀਂ ਹੈ, ਸਿੱਖ ਸਭਿਆਚਾਰ ਦੀ ਇਹ ਪਰੰਪਰਾ ਦੇ ਚਿੰਨ੍ਹ ਵਜੋਂ ਮੌਜੂਦ ਹੈ।
ਸਰਦਾਰ ਐਸ ਐਸ ਰਾਮਗੜ੍ਹੀਆ ਅਨੁਸਾਰ, 1900 ਈ. (1957 ਬਿਕਮੀ) ਦੇ ਆਸ-ਪਾਸ 15 ਕੀਰਤਨੀ ਜਥੇ ਦਰਬਾਰ ਸਾਹਿਬ ਵਿੱਚ ਕੀਰਤਨ ਦੀ ਸੇਵਾ ਨਿਭਾਉਂਦੇ ਸਨ। ਇਨ੍ਹਾਂ ਜਥਿਆਂ ਵਿੱਚੋਂ 8 ਜਥੇ ਸਿੱਖ ਕੀਰਤਨੀਆਂ ਦੇ ਸਨ, ਜੋ ਅੰਮ੍ਰਿਤ ਵੇਲੇ ਆਸਾ ਤੋਂ ਲੈ ਕੇ ਦੁਪਹਿਰ ਤਕ ਕੀਰਤਨ ਕਰਦੇ ਸਨ ਅਤੇ 7 ਜਥੇ ਮੁਸਲਮਾਨ ਰਬਾਬੀਆਂ ਦੇ ਸਨ, ਜੋ ਦੁਪਹਿਰ ਤੋਂ ਲੈ ਕੇ ਦੀਵਾਨ ਦੀ ਸਮਾਪਤੀ ਤਕ ਇਲਾਹੀ ਬਾਣੀ ਦੇ ਕੀਰਤਨ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ। ਇਸ ਸਮੇਂ ਦੌਰਾਨ ਰਬਾਬ, ਦੋਤਾਰਾ, ਸਰੰਦਾ, ਤਾਉਸ, ਸਿਤਾਰ, ਤੰਬੂਰਾ ਤੇ ਤਬਲਾ ਜੋੜੀ ਦੀ ਪ੍ਰਧਾਨਤਾ ਹੁੰਦੀ ਸੀ।
ਸਿੱਖ ਮਿਸਲਾਂ ਦੇ ਸਰਦਾਰਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ, ਜੋ ਬੁੰਗੇ ਸਥਾਪਤ ਕੀਤੇ ਉਨ੍ਹਾਂ ਵਿੱਚ ਸਿੱਖ ਫੌਜਾਂ ਦੀ ਰਿਹਾਇਸ਼ ਦੇ ਪ੍ਰਬੰਧ ਕੀਤੇ ਗਏ। ਦੂਰੋਂ-ਨੇੜਿਓਂ ਵੱਖ ਵੱਖ ਨਗਰਾਂ ਤੋਂ ਆਉਣ ਵਾਲੀਆਂ ਸਿੱਖ ਸੰਗਤਾਂ ਆਪੋ ਆਪਣੀਆਂ ਮਿਸਲਾਂ, ਸਰਦਾਰਾਂ ਜਾਂ ਇਲਾਕਿਆਂ ਦੇ ਬੁੰਗਿਆਂ ਵਿੱਚ ਆ ਠਹਿਰਦੀਆਂ।
ਸਿੱਖ ਮਿਸਲਾਂ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਬਦ ਕੀਰਤਨ ਦੀ ਮਰਿਆਦਾ ਮੁੜ ਤੋਂ ਬਹਾਲ ਹੋਈ। ਪਰ ਅਹਿਮਦ ਸ਼ਾਹ ਅਬਦਾਲੀ ਅਤੇ ਉਸ ਦੇ ਪੁੱਤਰ ਤੈਮੂਰ ਸ਼ਾਹ ਦੇ ਹਮਲਿਆਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਫਿਰ  ਤੋਂ ਹੋਣ ਲੱਗੀ। 1762 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ ਤੇ ਸਰੋਵਰ ਨੂੰ ਆਲੇ-ਦੁਆਲੇ ਦੀ ਮਿੱਟੀ, ਗੰਦ-ਮੰਦ ਤੇ ਗਾਵਾਂ ਦੇ ਪਿੰਜਰਾਂ ਦੇ ਨਾਲ ਭਰ ਦਿੱਤਾ। ਇਸ ਨਾਲ ਸਿੱਖ ਸੰਗਤਾਂ ਵਿਆਕੁਲ ਹੋ ਉਠੀਆਂ। ਸਮੂਹ ਸਿੱਖ ਸੰਗਤ ਸ੍ਰੀ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ ਦੀ ਕਾਮਨਾ ਕਰਨ ਲੱਗੀ।
            ਡਾ. ਕੰਵਲਜੀਤ ਸਿੰਘ
ਅਬਦਾਲੀ ਦੇ ਜਾਣ ਪਿੱਛੋਂ 1765 ਈ. (1822 ਬਿਕ੍ਰਮੀ) ਨੂੰ ਵੈਸਾਖੀ ਸਮੇਂ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸਰਬਤ ਖ਼ਾਲਸਾ ਇਕੱਠ ਹੋਇਆ। ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਸਫਾਈ ਕੀਤੀ ਗਈ। ਸਿੰਘਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਮਰਿਆਦਾ ਮੁੜ ਤੋਂ ਬਹਾਲ ਕੀਤੀ।
ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਹੋਏ ਛੇ ਮਿਸਲਾਂ ਦੇ ਸਰਦਾਰਾਂ ਨੇ ਆਪਣੇ ਪ੍ਰਤੀਨਿਧੀ ਅੰਮ੍ਰਿਤਸਰ ਦੀ ਸੁਰੱੱਖਿਆ ਲਈ ਨਿਯੁਕਤ ਕੀਤੇ। ਪਾਠ, ਕੀਰਤਨ ਅਤੇ ਲੰਗਰ ਦੀ ਮਰਿਆਦਾ ਮੁੜ ਤੋਂ ਜਾਰੀ ਕੀਤੀ ਗਈ।
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਜਲੰਧਰ ਅਤੇ ਦੁਆਬੇ ਉਤੇ ਆਪਣਾ ਕਬਜ਼ਾ ਕਰਨ ਤੋਂ ਬਾਅਦ ਸਰਹਿੰਦ ਦੇ ਮੁਗਲ ਨੁਮਾਇੰਦੇ ਜੈਨ ਖ਼ਾਨ ਨੂੰ ਮਾਰ ਮੁਕਾਇਆ। ਇਸ ਲੜਾਈ ਦੌਰਾਨ ਸਿੰਘਾਂ ਦੇ ਹੱਥ ਕਾਫੀ ਧਨ-ਦੌਲਤ ਆਈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਪਣੇ ਹਿੱਸੇ ਦਾ ਨੌਂ ਲੱਖ ਰੁਪਿਆ ਸ੍ਰੀ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ ‘ਤੇ ਖਰਚ ਕਰਨ ਦੀ ਯੋਜਨਾ ਬਣਾਈ। ਇਸ ਤੋਂ ਪ੍ਰੇਰਨਾ ਲੈ ਕੇ ਅਨੇਕਾਂ ਗੁਰੂ ਪ੍ਰੇਮੀਆਂ ਨੇ ਦਿਲ ਖੋਲ੍ਹ ਕੇ ਆਪੋ-ਆਪਣਾ ਯੋਗਦਾਨ ਪਾਇਆ, ਫਲਸਰੂਪ 21 ਲੱਖ ਰੁਪਿਆ ਇਕੱਠਾ ਹੋ ਗਿਆ। ਇਸ ਰਕਮ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ ਕਰਵਾਈ ਗਈ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਪ੍ਰਵਾਹ ਮੁੜ ਤੋਂ ਸਥਾਪਤ ਹੋਇਆ।
ਕੈਪਟਨ ਮੈਥੀਓ, ਜੋ ਕਿ ਈਸਟ ਇੰਡੀਆਂ ਕੰਪਨੀ ਦਾ ਸੂਹੀਆ ਸੀ, ਨੇ ਆਪਣੇ ਗੁਪਤ ਸੂਚਨਾ ਪੱਤਰ, ਜੋ ਕਿ ਅਪ੍ਰੈਲ਼-ਮਈ 1880 ਈ. ਵਿੱਚ ਲਿਖਿਆ ਗਿਆ, ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਉਸ ਸਮੇਂ ਪ੍ਰਚਲਤ ਕੀਰਤਨ ਮਰਿਆਦਾ ਸਬੰਧੀ ਦੱਸਿਆ ਹੈ ਕਿ ਹਰ ਰੋਜ਼ ਸਵੇਰੇ 3.00 ਵਜੇ ਕੀਰਤਨ ਆਰੰਭ ਹੋ ਜਾਂਦਾ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਾਇਨ ਕੀਤਾ ਜਾਂਦਾ ਅਤੇ ਇਹ ਮਰਿਆਦਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਰ ਰਾਤ ਤੱਕ ਚਲਦੀ ਰਹਿੰਦੀ। ਇਸ ਦੇ ਨਾਲ ਹੀ ਦੋ ਹੋਰ ਅਸਥਾਨਾਂ ’ਤੇ ਵੀ ਕੀਰਤਨ ਦਾ ਪ੍ਰਵਾਹ ਚਲਦਾ ਰਹਿੰਦਾ ਹੈ।
ਮਹਾਰਾਜਾ ਰਣਜੀਤ ਸਿੰਘ ਨੇ 1802 ਈ. (ਸੰਮਤ 1859) ਵਿੱਚ ਅੰਮ੍ਰਿਤਸਰ ਸ਼ਹਿਰ ’ਤੇ ਕਬਜ਼ਾ ਕਰਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੀ ਸੰਗਮਰਮਰ ਤੇ ਸੋਨ-ਪੱਤਰੇ ਦੀ ਸੇਵਾਰ ਕਰਵਾ ਕੇ ਹਰਿਮੰਦਰ ਨੂੰ ਸਜਾਇਆ, ਜਿਸ ਤੋਂ ਇਸ ਅਸਥਾਨ ਨੂੰ ‘ਗੋਲਡਨ ਟੈਂਪਲ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਹਰਿਮੰਦਰ ਸਾਹਿਬ ਦੀ ਕੀਰਤਨ ਮਰਿਆਦਾ ਵਿੱਚ ਭਾਈ ਮੁਨਸ਼ਾ ਸਿੰਘ ਵਰਗੇ ਉੱਚ ਕੋਟੀ ਦੇ ਕੀਰਤਨੀ ਜਥੇ ਕੀਰਤਨ ਦੀ ਸੇਵਾ ਕਰਦੇ ਰਹੇ। ਜਦ ਭਾਈ ਮੁਨਸ਼ਾ ਸਿੰਘ ਜੀ ਕੀਰਤਨ ਕਰਦੇ ਸਨ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਨੇਤਰ ਗੁਰਬਾਣੀ ਦੇ ਸਤਿਕਾਰ ਵਿੱਚ ਨਮ ਹੋ ਜਾਂਦੇ। ਇਵੇਂ ਹੀ ਭਾਈ ਦੇਸਾ ਜੀ, ਭਾਈ ਗਰਜਾ ਸਿੰਘ ਜੀ, ਭਾਈ ਬੂੜਾ ਜੀ ਦੇ ਕੀਰਤਨ ਤੋਂ ਸੰਗਤਾਂ ਬਹੁਤ ਪ੍ਰਭਾਵਿਤ ਹੁੰਦੀਆਂ ਸਨ। ਇਨ੍ਹਾਂ ਜਥਿਆਂ ਦੇ ਕੀਰਤਨ ਵਿੱਚ ਐਨੀ ਸ਼ਕਤੀ ਸੀ, ਕਿ ਸਰੋਤਿਆਂ ਦੇ ਮਨ ਇਕਾਗਰ ਹੋ ਜਾਂਦੇ ਸਨ, ਬਿਰਤੀਆਂ ਗੁਰੂ ਚਰਨਾਂ ਨਾਲ ਜੁੜ ਜਾਦੀਆਂ ਅਤੇ ਸਭ ਗੁਰੂ ਦੀ ਬਾਣੀ ਦਾ ਆਨੰਦ ਮਾਣਦੇ।
ਇਕ ਦਿਨ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਭਾਈ ਮੁਨਸ਼ਾ ਸਿੰਘ, ਜੋ ਵਕਤ ਦੇ ਸਿਰਮੌਰ ਕੀਰਤਨੀਏ ਹਨ, ਦਾ ਜੀਵਨ ਇਸ ਸਮੇਂ ਬੜੀ ਮੰਦਹਾਲੀ ਅਤੇ ਗਰੀਬੀ ਵਿੱਚ ਨਿਕਲ ਰਿਹਾ ਹੈ। ਰਣਜੀਤ ਸਿੰਘ ਨੂੰ ਪਤਾ ਸੀ ਕਿ ਅਜਿਹਾ ਸੂਝਵਾਨ ਰਾਗੀ ਕੀਰਤਨਕਾਰ, ਕਦੇ-ਕਦੇ ਹੀ ਅਕਾਲ ਪੁਰਖ ਦੀ ਬਖ਼ਸ਼ਿਸ਼ ਸਦਕਾ ਸੇਵਾ ਨਿਭਾਉਣ ਦੇ ਸਮਰੱਥ ਹੁੰਦਾ ਹੈ। ਅਜਿਹਾ ਜਾਣ ਕੇ ਮਹਾਰਾਜਾ, ਭਾਈ ਮੁਨਸ਼ਾ ਸਿੰਘ ਲਈ ਤੋਹਫੇ ਤੇ ਮਾਇਆ ਲੈ ਕੇ ਲਾਮ-ਲਸ਼ਕਰ ਸਹਿਤ ਉਨ੍ਹਾਂ ਦੇ ਘਰ ਅੱਗੇ ਜਾ ਪਹੁੰਚੇ। ਜਦ ਬਾਈ ਮੁਨਸ਼ਾ ਸਿੰਘ ਨੂੰ ਭਿਣਕ ਪਈ ਤਾਂ ਉਨ੍ਹਾਂ ਨੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਅੰਦਰੋਂ ਹੀ ਬੜੀ ਨਿਮਰਤਾ ਨਾਲ ਮਹਾਰਾਜੇ ਦੀ ਸੋਚ ਦੀ ਸਰਾਹਣਾ ਕਰਦੇ ਹੋਏ ਧੰਨਵਾਦ ਕਰਦਿਆਂ ਭੇਟਾਵਾਂ ਲੈਣ ਤੋਂ ਅਸਮਰੱਥਾ ਜਤਾਈ। ਮਹਾਰਾਜੇ ਵੱਲੋਂ ਬਾਰ-ਬਾਰ ਕਹਿਣ ‘ਤੇ ਭਾਈ ਮੁਨਸ਼ਾ ਸਿੰਘ ਨੇ ਕਿਹਾ ਕਿ ਮੈਂ ਗੁਰੂ ਰਾਮਦਾਸ ਦੇ ਘਰ ਦਾ ਸੇਵਕ ਹਾਂ, ਮੈਨੂੰ ਕਿਸੇ ਦੁਨਿਆਵੀ ਸਹਾਰੇ ਦੀ ਲੋੜ ਨਹੀਂ। ਇਹ ਸੁਣ ਕੇ ਸਾਰੀ ਸੰਗਤ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਆਭਾਸ ਹੋਇਆ ਕਿ ਗੁਰੂ ਘਰ ਦੇ ਕੀਰਤਨੀਏ ਦੁਨਿਆਵੀ ਰਾਜਿਆਂ-ਮਹਾਂਰਾਜਿਆਂ ਨਾਲੋਂ ਜ਼ਿਆਦਾ ਅਮੀਰ ਤੇ ਰੱਜੇ ਹੋਏ ਹਨ।
ਹਰਿਮੰਦਰ ਸਾਹਿਬ ਦੇ ਕੀਰਤਨੀਆਂ ਦੁਆਰਾ ਦਰਬਾਰ ਸਾਹਿਬ ਦੀ ਕੀਰਤਨ ਦੀ ਸੇਵਾ ਬੜੀ ਸ਼ਰਧਾ ਪੂਰਵਕ ਨਿਭਾਈ ਜਾਂਦੀ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਨਾਲ ਪ੍ਰਕਰਮਾਂ ਵਿੱਚ ਬਣੇ ਬੁੰਗਿਆਂ ਵਿੱਚ ਵੀ ਕੀਰਤਨ ਦਾ ਪ੍ਰਵਾਹ ਜਾਰੀ ਰਿਹਾ। ਇਨ੍ਹਾਂ ਬੁੰਗਿਆਂ ਵਿੱਚ ਭਾਈ ਚੜ੍ਹਤ ਸਿੰਘ ਰਾਗੀ, ਭਾਈ ਧਨਪਤ ਸਿੰਘ ਰਾਗੀ, ਭਾਈ ਕਾਨ੍ਹ ਸਿੰਘ ਰਾਗੀ, ਉਹ ਕੀਰਤਨ ਦੀ ਸਿਖਲਾਈ ਵੀ ਦਿੰਦੇ ਰਹੇ। ਬੁੰਗਾ ਆਹਲੂਵਾਲੀਆ ਵਿੱਚ ਵੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੇਵਾ ਕਰਨ ਲਈ ਜਥੇ ਤਿਆਰ ਕੀਤੇ ਜਾਂਦੇ ਸਨ।
ਮਹਾਰਾਜਾ ਰਣਜੀਤ ਸਿੰਘ  ਦੇ ਸਮੇਂ 31 ਮਈ, 1827 ਨੂੰ ਇਕ ਅੰਗਰੇਜ਼ੀ ਮਿਸ਼ਨ ਭਾਰਤ ਆਇਆ ਜਿਸ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਲਿਆਂਦਾ ਗਿਆ। ਇਸ ਮਿਸ਼ਨ ਨਾਲ ਲਾਰਡ ਆਕਲੈਂਡ ਜਦ ਅੰਮ੍ਰਿਤਸਰ ਪਹੁੰਚਿਆ ਤਾਂ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਜਾਣ ਦੀ ਇੱਛਾ ਪ੍ਰਗਟ ਕੀਤੀ। ਮਹਾਰਾਜੇ ਨੇ ਅੰਮ੍ਰਿਤਸਰ ਦੇ ਸ਼ਹਿਰੀਆਂ ਨੂੰ ਆਗਾਹ ਕੀਤਾ ਕਿ ਕੋਈ ਗਵਰਨਰ ਜਰਨਲ ਬਾਹਰੋਂ ਆਇਆ ਹੈ ਅਤੇ ਉਸ ਨਾਲ ਆਏ ਆਦਮੀਆਂ ਨਾਲ ਕੋਈ ਵੀ ਅਜਿਹਾ ਸਲੂਕ ਨਾ ਕਰੇ ਜਿਸ ਨਾਲ ਸਿੱਖਾਂ ਬਾਰੇ ਉਸ ਦੇ ਵਿਚਾਰ ਮੰਦ ਭਾਵਨਾ ਵਾਲੇ ਹੋ ਜਾਣ ਅਤੇ ਸਿੱਖ ਕੌਮ ਦੀ ਛਵੀ ਵਿੱਚ ਨਿਘਾਰ ਆਵੇ।
ਗਵਰਨਰ ਜਨਰਲ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਦਾ ਕੋਈ ਪਤਾ ਨਹੀਂ ਸੀ ਅਤੇ ਨਾ ਹੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਅਧਿਕਾਰੀਆਂ ਨੇ ਉਸ ਨੂੰ ਇਸ ਸਬੰਧੀ ਦੱਸਿਆ। ਆਕਲੈਂਡ ਬੂਟਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਦਾਖਲ ਹੋਣ ਲੱਗਾ ਜਿਸ ’ਤੇ ਸੰਗਤਾਂ ਨੇ ਉਸ ਦੇ, ਬੂਟਾਂ ਸਮੇਤ ਇਸ ਪਵਿੱਤਰ ਅਸਥਾਨ ਵਿੱਚ ਪ੍ਰਵੇਸ਼ ਉਤੇ ਇਤਰਾਜ਼ ਕੀਤਾ। ਅਖੀਰ ਵਿੱਚ ਗਵਰਨਰ ਜਨਰਲ ਨੂੰ ਬੂਟਾਂ ਦੇ ਉਤੋਂ ਜੁਰਾਬਾਂ ਪੁਆਈਆਂ ਗਈਆਂ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਗਏ। ਸ੍ਰੀ ਹਰਿਮੰਦਰ ਸਾਹਿਬ ਵਿਖੇ ਆਕਲੈਂਡ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਇਕ ਗਲੀਚੇ ’ਤੇ ਬੈਠ ਕੇ ਸ਼ਬਦ ਕੀਰਤਨ ਸੁਣਦਾ ਰਿਹਾ।
ਅੰਗਰੇਜ਼ਾਂ ਦੇ ਪੰਜਾਬ ਉੱਪਰ ਕਬਜ਼ੇ ਤੋਂ ਬਾਅਦ ਹੈਨਰੀ ਲਾਰੈਂਸ ਨੇ ਸ੍ਰੀ ਲਹਿਣਾ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮੈਨੇਜਰ ਨਿਯੁਕਤ ਕੀਤਾ। ਉਦੋਂ ਤੋਂ ਹੁਣ ਤੱਕ ਸ੍ਰੀ ਹਰਿਮੰਦਰ ਸਾਹਿਬ ਦਾ ਸਮੁੱਚਾ ਪ੍ਰਬੰਧ ਪੰਥ ਅਤੇ ਸਥਾਨਕ ਸੰਗਤਾਂ ਦੇ ਹੱਥ ਵਿੱਚ ਰਿਹਾ। ਬਰਤਾਨਵੀ ਰਾਜ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵਿੱਚ ਸਮੇਂ-ਸਮੇਂ ਉਤੇ ਸਰਕਾਰੀ ਦਖ਼ਲ ਤਾਂ ਰਿਹਾ ਪਰ ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਮਰਿਆਦਾ ਨਿਰਵਿਘਨ ਚਲਦੀ ਰਹੀ। ਇਸ ਸਮੇਂ ਸਿੱਖ ਰਾਗੀਆਂ ਅਤੇ ਮੁਸਲਿਮ ਰਬਾਬੀਆਂ ਦੇ ਕੀਰਤਨੀ ਜਥੇ ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਮਰਿਆਦਾ ਦੇ ਪ੍ਰਵਾਹ ਨੂੰ ਚਲਾਉਂਦੇ ਰਹੇ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਬਹੁਤੇ ਮੁਸਲਿਮ ਰਬਾਬੀ ਜਥੇ ਪਾਕਿਸਤਾਨ ਵੱਲ ਕੂਚ ਕਰ ਗਏ। ਉਨ੍ਹਾਂ ਵਿੱਚੋਂ ਕੁਝ  ਨੇ ਭਾਰਤ ਵਿੱਚ ਰਹਿ ਕੇ ਸਿੱਖੀ ਧਾਰਨ ਕਰ ਲਈ। ਪਾਕਿਸਤਾਨ ਗਏ ਕੁਝ ਰਬਾਬੀਆਂ ਦੇ ਪਰਿਵਾਰ ਦੇ ਜੀਅ ਅੱਜ-ਕੱਲ੍ਹ ਸਮੇਂ-ਸਮੇਂ ਸੰਗਤਾਂ ਦੀ ਆਮਦ ’ਤੇ ਪਾਕਿਸਤਾਨ ਵਿਚ ਸ਼ਬਦ ਕੀਰਤਨ ਕਰਦੇ ਹਨ। ਇਸ ਨਾਲ ਉਨ੍ਹਾਂ ਦੀ ਉਪਜੀਵਕਾ ਲਈ ਮਾਇਆ ਵੀ ਇਕੱਤਰ ਹੋ ਜਾਂਦੀ ਹੈ ਅਤੇ ਗੁਰਮਤਿ ਸੰਗੀਤ ਦੀ ਰਬਾਬੀ ਪਰੰਪਰਾ ਵੀ ਕਿਸੇ ਨਾ ਕਿਸੇ ਰੂਪ ਵਿਚ ਪ੍ਰਫੁੱਲਤ ਹੋ ਰਹੀ ਹੈ। ਸਿੱਖੀ ਸਰੂਪ ਦੇ ਧਾਰਣੀ ਨਾ ਹੋਣ ਕਾਰਨ ਇਨ੍ਹਾਂ ਰਬਾਬੀ ਕੀਰਤਨਕਾਰਾਂ ਦਾ ਹਰਿਮੰਦਰ ਸਾਹਿਬ ਜਾਂ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਵਿਚ ਸ਼ਬਦ ਕੀਰਤਨ ਸੰਭਵ ਨਹੀਂ ਹੋ ਸਕਦਾ ਅਤੇ ਨਾ ਹੀ ਇਹ ਰਬਾਬੀ ਕੀਰਤਨਕਾਰ ਸਿੱਖੀ ਧਾਰਨ ਕਰਨ ਲਈ ਅੱਗੇ ਆ ਰਹੇ ਹਨ। ਇਨ੍ਹਾਂ ਦਾ ਮੰਤਵ ਤਾਂ ਕੰਠ ਬਾਣੀ ਤੇ ਸੰਗੀਤ ਗਿਆਨ ਦੇ ਪ੍ਰਗਟਾਵੇ ਨਾਲ ਪੈਸੇ ਇਕੱਠੇ ਕਰਨ ਤੱਕ ਹੀ ਸੀਮਤ ਹੈ। ਪਰ ਫੇਰ ਵੀ ਸਾਨੂੰ ਇਸ ਪਰੰਪਰਾ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਰਬਾਬੀਆਂ ਕੀਰਤਨਕਾਰਾਂ ਦੀਆਂ ਵਰਕਸ਼ਾਪਾਂ ਆਯੋਜਿਤ ਕਰਕੇ ਸਿੱਖ ਨੌਜਵਾਨਾਂ ਨੂੰ ਰਬਾਬੀ ਕੀਰਤਨ ਪ੍ਰਣਾਲੀ ਦੇ ਗੁਣ ਗ੍ਰਹਿਣ ਕਰਵਾਉਣੇ ਚਾਹੀਦੇ ਹਨ। ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਦੁਆਰਾ ਅਜਿਹੇ ਯਤਨ ਕੀਤੇ ਵੀ ਗਏ ਸਨ। ਜੇ ਕਰ ਅਸੀਂ ਹੁਣੇ ਇਸ ਦਿਸ਼ਾ ਵੱਲ ਸੁਚੇਤ ਰੂਪ ਵਿਚ ਕਦਮ ਨਾ ਚੁੱਕੇ ਤਾਂ ਸਾਥੋਂ ਇਹ ਅਣਮੋਲ ਵਿਰਾਸਤ ਖੁਸ ਜਾਵੇਗੀ ਅਤੇ ਕੇਵਲ ਰਿਕਾਰਡਿੰਗ ਅਤੇ ਅਜਾਇਬਘਰਾਂ ਵਿੱਚ ਹੀ ਰਬਾਬੀਆਂ ਅਤੇ ਇਨ੍ਹਾਂ ਦੀ ਕੀਰਤਨਸ਼ੈਲ਼ੀ ਦੇ ਦਰਸ਼ਨ ਹੋ ਸਕਣਗੇ।
ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਦੁਆਰਾ ਕਰਵਾਈ ਗਈ ਮੁੜ ਉਸਾਰੀ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦਾ ਪ੍ਰਵਾਹ ਜੂਨ 1985 ਤੱਕ ਨਿਰਵਿਘਨ ਚਲਦਾ ਰਿਹਾ। ਭਾਰਤ ਸਰਕਾਰ ਦੁਆਰਾ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਓਪਰੇਸ਼ਨ ਬਲਿਊ ਸਟਾਰ ਵੇਲੇ ਕੀਰਤਨ ਦੀ ਮਰਿਆਦਾ ਇਕ ਵਾਰ ਫੇਰ ਰੁਕੀ, ਜਿਸ ਨੂੰ ਬਾਅਦ ਵਿੱਚ 7 ਜੂਨ 1985 ਨੂੰ ਤਤਕਾਲੀਨ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਸ੍ਰੀ ਹਰਿਮੰਦਰ ਸਾਹਿਬ ਫੇਰੀ ਸਮੇਂ ਭਾਰਤੀ ਫੌਜਾਂ ਵੱਲੋਂ ਗ੍ਰਿਫਤਾਰ ਕੀਤੇ ਗਏ ਭਾਈ ਗੁਰਚਰਨ ਸਿੰਘ ਅੰਮ੍ਰਿਤਸਰੀ ਵੱਲੋਂ ਉਨ੍ਹਾਂ ਕੈਦੀਆਂ ਵਿੱਚੋਂ ਰਾਗੀ ਸਿੰਘਾਂ ਦੀ ਪਹਿਚਾਣ ਕਰਕੇ ਬਣਾਏ ਗਏ ਜਥੇ ਵੱਲੋਂ ਕੀਰਤਨ ਮੁੜ ਸ਼ੁਰੂ ਕੀਤਾ ਗਿਆ ਜੋ ਅੱਜ ਤਕ ਨਿਰਵਿਘਨ ਜਾਰੀ ਹੈ।
   ( ਸਮਾਪਤ )
ਡਾ. ਕੰਵਲਜੀਤ ਸਿੰਘ

ਸੰਪਰਕ: 98153-72017


Post Comment


ਗੁਰਸ਼ਾਮ ਸਿੰਘ ਚੀਮਾਂ