ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, September 16, 2012

ਕਿੱਧਰ ਗਈਆਂ ਗਿਰਝਾਂ…



 ਬਚਪਨ ਵਿੱਚ ਬਜ਼ੁਰਗਾਂ ਦੁਆਰਾ ਸੁਣਾਈਆਂ ਕਹਾਣੀਆਂ ਵਿੱਚ ਅਕਸਰ ਪਸ਼ੂ-ਪੰਛੀਆਂ ਦਾ ਜ਼ਿਕਰ ਹੁੰਦਾ ਸੀ। ਇਹ ਵੱਖ-ਵੱਖ ਜੀਵਾਂ ਬਾਰੇ ਧਾਰਨਾਵਾਂ ਪੈਦਾ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੀਆਂ ਸਨ। ਉਸੇ ਸਮੇਂ ਸਕੂਲ ਵਿੱਚ ਸਾਇੰਸ ਦੀ ਪੜ੍ਹਾਈ ਕਰਦਿਆਂ ਪਤਾ ਲੱਗਦਾ ਕਿ ਜੀਵ-ਜੰਤੂ ਜੋ ਲੋਕ ਕਹਾਣੀਆਂ ’ਚ ਕਦੇ-ਕਦੇ ਖ਼ਲਨਾਇਕ ਹੋ ਸਕਦੇ ਹਨ, ਉਹ ਅਸਲ ਜ਼ਿੰਦਗੀ ਵਿੱਚ ਸਾਡੇ ਪਰਮ ਮਿੱਤਰ ਹਨ। ਧਰਤੀ ਦੀ ਉਤਪਤੀ ਤੋਂ ਲੈ ਕੇ ਹੁਣ ਤੱਕ ਅਨੇਕਾਂ ਜੀਵ ਪੈਦਾ ਹੋਏ ਅਤੇ ਅਨੇਕਾਂ ਲੋਪ ਹੋ ਗਏ। ਚਾਰਲਸ ਡਾਰਵਿਨ ਦੇ ਉਤਪਤੀ ਦੇ ਸਿਧਾਂਤ ਮੁਤਾਬਕ ਆਪਣੇ-ਆਪ ਨੂੰ ਵਾਤਾਵਰਣਕ ਤਬਦੀਲੀ ਅਨੁਸਾਰ ਢਾਲਣ ਵਾਲੇ ਜੀਵ ਜਿਉਂਦੇ ਰਹੇ ਅਤੇ ਕੁਦਰਤ ਤੋਂ ਆਕੀ ਹੋਈਆਂ ਨਸਲਾਂ ਖ਼ਤਮ ਹੋ ਗਈਆਂ। ਪੌਦੇ ਅਤੇ ਪ੍ਰਾਣੀ ਸਾਡੇ ਚੌਗਿਰਦੇ ਨੂੰ ਵੰਨ-ਸੁਵੰਨਤਾ ਬਣਾਉਣ ਦੇ ਨਾਲ ਵਾਤਾਵਰਣ ਵਿੱਚ ਕੁਦਰਤੀ ਸੰਤੁਲਨ ਬਣਾਈ ਰੱਖਣ ਵਿੱਚ ਵੀ ਸਹਾਇਕ ਹੁੰਦੇ ਹਨ। ਇਸ ਸੰਤੁਲਨ ਵਿੱਚ ਜੇ ਕਿਸੇ ਇੱਕ ਜੀਵ ਦੀ ਗਿਣਤੀ ਘਟਦੀ ਜਾਂ ਉਸ ਦਾ ਖ਼ਾਤਮਾ ਹੁੰਦਾ ਹੈ ਤਾਂ ਇਹ ਸੰਤੁਲਨ ਵਿਗੜ ਜਾਂਦਾ ਹੈ। ਇਸ ਦਾ ਪ੍ਰਭਾਵ ਦੂਸਰੇ ਜੀਵਾਂ ਉਪਰ ਵੀ ਪੈਂਦਾ ਹੈ। ਮਨੁੱਖ ਜਾਤੀ ਦੇ ਸਾਥੀ ਇਹ ਰੁੱਖ-ਬੂਟੇ ਅਤੇ ਜੀਵ-ਜੰਤੂ ਕੁਦਰਤੀ ਪ੍ਰਕਿਰਿਆ ਦੀ ਮਹੱਤਵਪੂਰਨ ਕੜੀ ਹਨ। ਕੁਦਰਤ ਵਿੱਚ ਮਨੁੱਖ ਦੀ ਲਗਾਤਾਰ ਵਧ ਰਹੀ ਬੇਲੋੜੀ ਦਖਲਅੰਦਾਜ਼ੀ ਕਾਰਨ ਇਹ ਤਵਾਜ਼ਨ ਹੌਲੀ-ਹੌਲੀ ਵਿਗੜ ਰਿਹਾ ਹੈ। ਉਦਯੋਗਿਕ ਅਤੇ ਤਕਨੀਕੀ ਵਿਕਾਸ, ਫ਼ਸਲਾਂ ਉਪਰ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ, ਮਸ਼ੀਨਰੀ ਦੇ ਵਾਧੇ ਅਤੇ ਧਰਤੀ ਉਪਰ ਵਧ ਰਹੀ ਵਸੋਂ ਦੇ ਰਹਿਣ ਲਈ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਮਨੁੱਖ ਨੇ ਇਨ੍ਹਾਂ ਜੀਵ-ਜੰਤੂਆਂ ਨੂੰ ਹਾਸ਼ੀਏ ਵੱਲ ਧੱਕ ਦਿੱਤਾ ਹੈ। ਸਾਡੇ ਦੇਸ਼ ਵਿੱਚੋਂ ਵੀ ਅਨੇਕਾਂ ਪਸ਼ੂ-ਪੰਛੀ ਗਾਇਬ ਹੋ ਗਏ ਹਨ। ਚੀਤੇ, ਬਾਜ਼, ਲਗੜ, ਸ਼ਿਕਰੇ, ਗਿਰਝਾਂ, ਉੱਲੂ, ਤਿੱਤਰ, ਬਟੇਰ, ਹੰਸ, ਬਗਲੇ, ਸੁਰਖ਼ਾਬ, ਹਰੀਅਲ, ਚਮਗਿੱਦੜ, ਸੇਹਾਂ, ਗੋਹਾਂ ਅਤੇ ਹੋਰ ਪਤਾ ਨਹੀਂ ਕਿੰਨੇ ਜੀਵ ਗਾਇਬ ਹੋ ਰਹੇ ਹਨ। ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿੱਚ ਲਗਪਗ 60 ਫ਼ੀਸਦੀ ਜੀਵ-ਜੰਤੂਆਂ ਦੀਆਂ ਨਸਲਾਂ ਖ਼ਤਰੇ ’ਚ ਹਨ। 
ਇਨ੍ਹਾਂ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਯਤਨ ਕਰਨ ਦੀ ਲੋੜ ਹੈ। ਗਿਰਝਾਂ ਵੀ ਮਨੁੱਖੀ ਧੱਕੇਸ਼ਾਹੀ ਦਾ ਸ਼ਿਕਾਰ ਹੋਈਆਂ ਹਨ। ਇਸ ਨੂੰ ਗਿੱਧ ਜਾਂ ਕਰਗਸ ਵੀ ਕਿਹਾ ਜਾਂਦਾ ਹੈ ਜੋ ਜਿਅਪਸ ਇਡੀਅਸ ਕਬੀਲੇ ਨਾਲ ਸਬੰਧਤ ਹੈ। ਭਾਰਤ ਵਿੱਚ ਗਿਰਝਾਂ ਦੀਆਂ ਲਗਪਗ ਨੌਂ ਕਿਸਮਾਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਚਿੱਟੀ ਗਰਦਨ ਵਾਲੀਆਂ, ਲੰਮੀ ਚੁੰਝ ਵਾਲੀ ਅਤੇ ਸਲੰਡਰ ਚੁੰਝ ਵਾਲੀਆਂ ਗਿਰਝਾਂ ਪ੍ਰਮੁੱਖ ਹਨ। ਭਾਰਤ ਵਿੱਚ ਪਾਈ ਜਾਂਦੀ ਹਿਮਾਲੀਅਨ ਗਿਰਝ ਦੁਨੀਆਂ ਦੇ ਵੱਡੇ ਪੰਛੀਆਂ ’ਚੋਂ ਇੱਕ ਹੈ। ਇਸ ਤੋਂ ਬਿਨਾਂ ਚਿੱਟੀ ਗਿਰਝ, ਭੂਰੀ ਗਿਰਝ ਅਤੇ ਰਾਜ ਗਿਰਝ ਵੀ ਗਿਰਝ ਪਰਿਵਾਰ ਦਾ ਹਿੱਸਾ ਹਨ। ਭਾਰਤੀ ਲੋਕ ਕਥਾਵਾਂ ਅਤੇ ਸਾਹਿਤ ਵਿੱਚ ਗਿਰਝਾਂ ਦਾ ਮਹੱਤਵਪੂਰਨ ਸਥਾਨ ਹੈ। ਪੁਰਾਣਕ ਕਥਾਵਾਂ ਅਨੁਸਾਰ ਰਮਾਇਣ ਕਾਲ ਵਿੱਚ ਸੀਤਾਹਰਣ ਸਮੇਂ ਜਦੋਂ ਰਾਵਣ ਸੀਤਾ ਨੂੰ ਲੈ ਕੇ ਜਾ ਰਿਹਾ ਸੀ ਤਾਂ ਜਟਾਊ ਨਾਮਕ ਗਿਰਝ ਨੇ ਰਾਵਣ ਨਾਲ ਯੁੱਧ ਕੀਤਾ ਅਤੇ ਬਾਅਦ ਵਿੱਚ ਸ੍ਰੀ ਰਾਮ ਚੰਦਰ ਨੂੰ ਸੀਤਾਹਰਣ ਬਾਰੇ ਜਾਣਕਾਰੀ ਦਿੱਤੀ ਸੀ। ਜਟਾਊ ਗਿਰਝਾਂ ਦਾ ਰਾਜਾ ਸੀ। ਪਾਰਸੀ ਧਰਮ ਵਿੱਚ ਮ੍ਰਿਤਕ ਲਾਸ਼ ਨੂੰ ਗਿਰਝਾਂ ਦੇ ਖਾਣ ਲਈ ਖੁੱਲ੍ਹਾ ਛੱਡ ਦਿੱਤਾ ਜਾਂਦਾ ਸੀ। ਧਾਰਮਿਕ ਮਹੱਤਤਾ ਦੇ ਨਾਲ ਹੀ ਇਹ ਵਾਤਾਵਰਣ ਦੀ ਸਾਫ਼-ਸਫ਼ਾਈ ਵਿੱਚ ਵੀ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਇਹ ਆਪ ਸ਼ਿਕਾਰ ਨਹੀਂ ਕਰਦੇ ਸਗੋਂ ਕੁਦਰਤੀ ਤੌਰ ’ਤੇ ਮਰੇ ਹੋਏ ਜਾਨਵਰਾਂ ਨੂੰ ਖਾਂਦੇ ਹਨ। ਇਹ ਮਰੇ ਹੋਏ ਜੀਵ-ਜੰਤੂਆਂ ਦੀਆਂ ਲਾਸ਼ਾਂ ਆਪਣੀ ਤੇਜ਼ ਸੁੰਘਣ ਸ਼ਕਤੀ ਨਾਲ ਸੁੰਘ ਕੇ ਜਲਦੀ ਹੀ ਉੱਥੇ ਪਹੁੰਚ ਜਾਂਦੇ ਹਨ ਤਾਂ ਜੋ ਵਾਤਾਵਰਣ ਵਿੱਚ ਬਦਬੂ ਫੈਲਣ ਤੋਂ ਪਹਿਲਾਂ ਹੀ ਉਸ ਨੂੰ ਸਮੇਟ ਲਿਆ ਜਾਵੇ। ਆਕਾਸ਼ ਦੀ ਗਹਿਰਾਈ ਵਿੱਚ ਵਿਚਰਦਿਆਂ ਵੀ ਧਰਤੀ ’ਤੇ ਫੈਲੇ ਗੰਦ ਨੂੰ ਸਾਫ਼ ਕਰਨਾ ਇਨ੍ਹਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ। ਇਸੇ ਲਈ ਇਨ੍ਹਾਂ ਨੂੰ ਕੁਦਰਤੀ ਸਫ਼ਾਈ ਕਰਮਚਾਰੀ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਹ ਹਮੇਸ਼ਾ ਸਮੂਹ ਵਿੱਚ ਉੱਚੇ ਅਤੇ ਮਜ਼ਬੂਤ ਦਰੱਖਤਾਂ ’ਤੇ ਰਹਿਣਾ ਪਸੰਦ ਕਰਦੇ ਹਨ। ਗਿਰਝਾਂ ਦੀ ਅਜੋਕੀ ਸਥਿਤੀ: ਗਿਰਝਾਂ ਬਾਰੇ ਪਿੰਡਾਂ ਵਿੱਚ ਬਜ਼ੁਰਗਾਂ ਕੋਲੋਂ ਸੁਣਨ ਨੂੰ ਮਿਲਦਾ ਹੈ ਕਿ ਇਸ ਸ਼ਕਤੀਸ਼ਾਲੀ ਪੰਛੀ ਨੂੰ ਕਿਸੇ ਹੋਰ ਦੇਸ਼ ਦੇ ਵਾਸੀ ਕੁਝ ਸੁੰਘਾ ਕੇ ਆਪਣੇ ਨਾਲ ਲੈ ਗਏ ਹਨ ਜਿਸ ਕਰਕੇ ਇਹ ਭਾਰਤ (ਪੰਜਾਬ ਵਿੱਚ ਕਿਤੇ ਵੀ ਨਹੀਂ) ਵਿੱਚ ਨਜ਼ਰ ਨਹੀਂ ਆਉਂਦੀਆਂ। ਕੁਝ ਸੁੰਘਾ ਕੇ ਲੈ ਜਾਣ ਵਾਲੀ ਗੱਲ ਦਾ ਤਾਂ ਪਤਾ ਨਹੀਂ ਪਰ ਇਹ ਗੱਲ ਤੱਥਾਂ ’ਤੇ ਆਧਾਰਤ ਹੈ ਕਿ ਅਸੀਂ ਮਨੁੱਖਾਂ ਨੇ ਹੀ ਉਨ੍ਹਾਂ ਨੂੰ ਰਸਾਇਣਕ ਖਾਦਾਂ ਅਤੇ ਹੋਰ ਰਸਾਇਣ ਸੁੰਘਾ ਅਤੇ ਖਵਾ ਕੇ ਇੱਥੋਂ ਭਜਾ ਦਿੱਤਾ ਹੈ ਜੋ ਸਾਡੇ ਵਾਤਾਵਰਣ ਲਈ ਬਹੁਤ ਖ਼ਤਰਨਾਕ ਹੈ। ਆਜ਼ਾਦੀ ਵੇਲੇ ਭਾਰਤ ਵਿੱਚ ਗਿਰਝਾਂ ਦੀ ਸੰਖਿਆ ਕਰੋੜਾਂ ਵਿੱਚ ਸੀ। 1980 ਤੱਕ ਇਨ੍ਹਾਂ ਦੀ ਗਿਣਤੀ ਲਗਪਗ ਅੱਠ ਕਰੋੜ ਸੀ ਪਰ ਪਿਛਲੇ ਤਿੰਨ ਦਹਾਕਿਆਂ ਵਿੱਚ 99 ਫ਼ੀਸਦੀ ਗਿਰਝਾਂ ਖ਼ਤਮ ਹੋ ਗਈਆਂ। ਇਹ ਹੈਰਾਨੀਜਨਕ ਵੀ ਹੈ ਅਤੇ ਦੁਖਦਾਈ ਵੀ। ਅੱਜ ਇਨ੍ਹਾਂ ਦੀ ਗਿਣਤੀ ਤਿੰਨ ਕੁ ਹਜ਼ਾਰ ਦੇ ਲਗਪਗ ਰਹਿ ਗਈ ਹੈ। ਹੁਣ ਗਿਰਝਾਂ ਦੀ ਗ਼ੈਰ-ਮੌਜੂਦਗੀ ਦੇ ਬੁਰੇ ਪ੍ਰਭਾਵ ਨਜ਼ਰ ਵੀ ਆਉਣ ਲੱਗੇ ਹਨ। ਪਿਛਲੇ 13 ਸਾਲਾਂ ਵਿੱਚ ਗਿਰਝਾਂ ਦੀਆਂ ਤਿੰਨ ਪ੍ਰਮੁੱਖ ਕਿਸਮਾਂ ਲਗਪਗ ਖ਼ਤਮ ਹੀ ਹੋ ਗਈਆਂ। ਪੰਛੀ ਵਿਗਿਆਨੀਆਂ ਮੁਤਾਬਕ ਇਨ੍ਹਾਂ ਦੇ ਖ਼ਾਤਮੇ ਦਾ ਪ੍ਰਮੁੱਖ ਕਾਰਨ ਦਰਦ ਨਿਵਾਰਕ ਦਵਾਈ ਡਾਇਕਲੋਫਿਨੇਕ ਹੈ ਜੋ ਪਸ਼ੂਆਂ ਦੇ ਇਲਾਜ ਲਈ 80ਵਿਆਂ ਤੋਂ ਬਾਅਦ ਵੱਡੇ ਪੈਮਾਨੇ ’ਤੇ ਵਰਤੀ ਗਈ। ਇਹ ਦਵਾਈ ਇਲਾਜ ਤੋਂ ਬਾਅਦ ਵੀ ਪਸ਼ੂਆਂ ਦੇ ਸਰੀਰ ਵਿੱਚ ਰਹਿ ਜਾਂਦੀ ਹੈ ਅਤੇ ਡਾਇਕਲੋਫਿਨੇਕ ਦਵਾਈ ਵਾਲੇ ਮਰੇ ਹੋਏ ਪਸ਼ੂ ਨੂੰ ਖਾਣ ਤੋਂ ਬਾਅਦ ਇਹ ਗਿਰਝਾਂ ਦੇ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ। ਇਸ ਨੂੰ ਗਿਰਝਾਂ ਦਾ ਗੁਰਦਾ ਅਤੇ ਮਿਹਦਾ ਪਚਾ ਨਹੀਂ ਸਕਦਾ। ਇਸੇ ਤਰ੍ਹਾਂ ਪਸ਼ੂਆਂ ਵਿੱਚ ਦੁੱਧ ਵਧਾਉਣ ਵਾਲੀਆਂ ਕੁਝ ਦਵਾਈਆਂ ਵੀ ਪਸ਼ੂ ਦੀ ਮੌਤ ਤੋਂ ਬਾਅਦ ਸਰੀਰ ਵਿੱਚ ਰਹਿ ਜਾਂਦੀਆਂ ਹਨ ਜੋ ਗਿਰਝਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸੇ ਕਾਰਨ ਗਿਰਝਾਂ ਦੀ ਮੌਤ ਦਰ ਵਿੱਚ ਵੱਡੇ ਪੱਧਰ ’ਤੇ ਵਾਧਾ ਹੋਇਆ ਹੈ। ਇਹ ਵੀ ਤੱਥ ਹੈ ਕਿ ਭਾਰਤ ਵਿੱਚ ਪਸ਼ੂਆਂ ਲਈ ਡਾਈਕਲੋਫਿਨੇਕ ਦੀ ਵਰਤੋਂ ’ਤੇ ਕਾਨੂੰਨੀ ਤੌਰ ’ਤੇ ਪਾਬੰਦੀ ਹੈ ਪਰ ਇਸ ਦੀ ਵਰਤੋਂ ਹੁਣ ਵੀ ਹੋ ਰਹੀ ਹੈ। ਹੁਣ ਮਨੁੱਖ ਲਈ ਵਰਤੀ ਜਾਂਦੀ ਡਾਈਕਲੋਫਿਨੇਕ ਦੀ ਵਰਤੋਂ ਪਸ਼ੂਆਂ ਲਈ ਹੋਣ ਲੱਗੀ ਹੈ। ਦੂਜਾ ਪ੍ਰਮੁੱਖ ਕਾਰਨ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਹੈ ਜਿਸ ਨਾਲ ਇਸ ਦੇ ਕੁਦਰਤੀ ਨਿਵਾਸ ਖ਼ਤਮ ਹੋ ਗਏ ਹਨ। ਇੱਕ ਸਰਵੇਖਣ ਮੁਤਾਬਕ ਪੰਜਾਬ ਦੇ ਕੁੱਲ ਰਕਬੇ ਵਿੱਚੋਂ ਚਾਰ ਫ਼ੀਸਦੀ ਖੇਤਰ ਅਤੇ ਭਾਰਤ ਵਿੱਚ ਜੰਗਲ ਅਧੀਨ ਕੁੱਲ ਰਕਬਾ 20 ਫ਼ੀਸਦੀ ਹੀ ਹੈ ਜੋ ਕੁਦਰਤੀ ਲੋੜ 33 ਫ਼ੀਸਦੀ ਰਕਬਾ ਜੰਗਲ ਅਧੀਨ ਹੋਣ ਤੋਂ ਕਾਫ਼ੀ ਘੱਟ ਹੈ। ਗਿਰਝਾਂ ਨੂੰ ਮਨੁੱਖੀ ਵਸੋਂ ਦੁਆਰਾ ਮਾਸ ਖਾਣੇ ਅਸ਼ੁਭ ਪੰਛੀ ਸਮਝਿਆ ਜਾਂਦਾ ਹੈ। ਗਿਰਝਾਂ ਦੀ ਸੁਰੱਖਿਆ ਲਈ ਸਾਨੂੰ ਰਲ-ਮਿਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ ਅਤੇ ਜਨ ਚੇਤਨਾ ਇਸ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ। ਭਾਰਤੀ ਜੰਗਲੀ ਜੀਵ ਸੁਰੱਖਿਆ ਐਕਟ 1972 ਅਨੁਸਾਰ ਇਨ੍ਹਾਂ ਪੰਛੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣਾ ਕਾਨੂੰਨੀ ਤੌਰ ’ਤੇ ਜੁਰਮ ਹੈ। ਇਸ ਐਕਟ ਦੀ ਉਲੰਘਣਾ ਕਰਨ ’ਤੇ ਭਾਰਤੀ ਸੰਵਿਧਾਨ ਅਨੁਸਾਰ ਘੱਟ ਤੋਂ ਘੱਟ ਤਿੰਨ ਤੋਂ ਲੈ ਕੇ ਸੱਤ ਸਾਲ ਤੱਕ ਕੈਦ ਅਤੇ 25 ਹਜ਼ਾਰ ਰੁਪਏ ਤੱਕ ਜੁਰਮਾਨਾ ਜਾਂ ਦੋਵੇਂ ਹੀ ਕੀਤੇ ਜਾ ਸਕਦੇ ਹਨ। ਇਨ੍ਹਾਂ ਦੀ ਨਸਲ ਬਚਾਅ ਤੇ ਵਿਕਾਸ ਲਈ ਲਗਾਤਾਰ ਖੋਜ ਅਤੇ ਹੋਰ ਯਤਨ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਸਾਨੂੰ ਆਪਣੇ ਪੱਧਰ ’ਤੇ ਵੀ ਯਤਨ ਕਰਨੇ ਚਾਹੀਦੇ ਹਨ ਜਿਵੇਂ ਬੀਮਾਰ ਪਸ਼ੂਆਂ ਲਈ ਦਰਦ ਨਿਵਾਰਕ ਦਵਾਈ ਡਾਇਕਲੋਫਿਨੇਕ ਦੀ ਥਾਂ ਮੈਲੇਕਸੀਕਮ ਦੀ ਵਰਤੋਂ ਕੀਤੀ ਜਾਵੇ ਜੋ ਗਿਰਝਾਂ ਲਈ ਸੁਰੱਖਿਅਤ ਐਲਾਨੀ ਗਈ ਹੈ। ਇਸ ਤੋਂ ਇਲਾਵਾ ਬੀਮਾਰ ਪਸ਼ੂਆਂ ਨੂੰ ਬਿਨਾਂ ਡਾਕਟਰੀ ਜਾਂਚ ਤੋਂ ਦਵਾਈ ਨਾ ਦਿੱਤੀ ਜਾਵੇ। ਬੀਮਾਰ ਪਸ਼ੂ ਮਰ ਜਾਵੇ ਤਾਂ ਉਸ ਨੂੰ ਜ਼ਮੀਨ ਵਿੱਚ ਡੰੂਘਾ ਟੋਆ ਪੁੱਟ ਕੇ ਦੱਬਿਆ ਜਾਵੇ। ਇਸ ਨਾਲ ਮਨੁੱਖ ਅਤੇ ਗਿਰਝਾਂ ਵਿੱਚ ਬੀਮਾਰੀ ਫੈਲਣ ਦਾ ਖ਼ਤਰਾ ਕਾਫ਼ੀ ਹੱਦ ਤੱਕ ਘਟ ਜਾਂਦਾ ਹੈ। ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਉੱਚੇ ਅਤੇ ਮਜ਼ਬੂਤ ਦਰੱਖਤ ਲਗਾਏ ਜਾਣ ਤਾਂ ਜੋ ਗਿਰਝਾਂ ਨੂੰ ਕੁਦਰਤੀ ਘਰ ਪ੍ਰਾਪਤ ਹੋ ਸਕਣ। ਗਿਰਝਾਂ ਦੀ ਗ਼ੈਰ-ਮੌਜੂਦਗੀ ਵਿੱਚ ਮੁਰਦਾ ਪਸ਼ੂਆਂ ਨੂੰ ਸਾਂਭਣ ਦਾ ਕੰਮ ਭਾਵੇਂ ਕਾਂ, ਕੁੱਤੇ ਅਤੇ ਇੱਲਾਂ ਵੀ ਕਰਦੇ ਹਨ ਪਰ ਇਹ ਜੀਵ-ਜੰਤੂ ਕਿਸੇ ਜਾਨਵਰ ਨੂੰ ਓਨੀ ਜਲਦੀ ਅਤੇ ਪੂਰੀ ਤਰ੍ਹਾਂ ਖ਼ਤਮ ਕਰਨ ਵਿੱਚ ਅਸਮਰੱਥ ਹੁੰਦੇ ਹਨ ਜਦੋਂਕਿ ਗਿਰਝਾਂ ਦਾ ਮਿਹਦਾ, ਗੁਰਦੇ, ਸੁੰਘਣ ਸ਼ਕਤੀ ਅਤੇ ਪਾਚਨ ਸ਼ਕਤੀ ਇੰਨੀ ਤੇਜ਼ ਹੁੰਦੀ ਹੈ ਕਿ ਇਹ ਕੁਝ ਮਿੰਟਾਂ ਵਿੱਚ ਹੀ ਪੂਰੀ ਹੱਡਾ ਰੋੜੀ ਸਾਫ਼ ਕਰ ਕੇ ਦੂਜੀ ਹੱਡਾ ਰੋੜੀ ਤੱਕ ਪਹੁੰਚ ਕਰਦੀਆਂ ਹਨ। ਗਿਰਝਾਂ ਦੀ ਅਣਹੋਂਦ ਕਾਰਨ ਹੱਡਾ ਰੋੜੀ ਵਿੱਚ ਪਸ਼ੂ ਉਸੇ ਤਰ੍ਹਾਂ ਪਏ ਰਹਿੰਦੇ ਹਨ। ਇਸ ਕਰਕੇ ਪਿੰਡਾਂ-ਸ਼ਹਿਰਾਂ ਦੀਆਂ ਜੂਹਾਂ ਵਿੱਚ ਸੜਾਂਦ, ਮਹਾਂਮਾਰੀਆਂ ਫੈਲਣ ਦੇ ਖ਼ਤਰੇ, ਕੁਦਰਤੀ ਵਾਤਾਵਰਣ ਵਿੱਚ ਵਿਗਾੜ, ਭੋਜਨ ਲੜੀ ਦਾ ਟੁੱਟਣਾ, ਸਫ਼ਾਈ ਸੰਤੁਲਨ ਵਿੱਚ ਵਿਗਾੜ ਆਦਿ ਜਿਹੀਆਂ ਗੱਲਾਂ ਵਾਪਰਦੀਆਂ ਹਨ। ਇਸ ਲਈ ਸਾਨੂੰ ਆਪਣਾ ਫ਼ਰਜ਼ ਪਛਾਣਦੇ ਹੋਏ ਇਸ ਸੰਕਟ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

ਗੁਰਦੀਪ ਸਿੰਘ ਬੁੱਟਰ



Post Comment


ਗੁਰਸ਼ਾਮ ਸਿੰਘ ਚੀਮਾਂ