ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, September 26, 2012

ਖੂਹ ਦਾ ਚੱਕ


ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ। ਮਸ਼ੀਨਰੀ ਅਤੇ ਤਕਨਾਲੋਜੀ ਨੇ ਬਹੁਤ ਉੱਨਤੀ ਕਰ ਲਈ ਹੈ। ਪੁਰਾਣੀਆਂ ਚੀਜ਼ਾਂ ਸਾਡੀ ਵਿਰਾਸਤ ਦਾ ਹਿੱਸਾ ਬਣ ਗਈਆਂ ਹਨ। ਐਸੀ ਹੀ ਇੱਕ ਯਾਦ ਬਾਰੇ ਜ਼ਿਕਰ ਹੈ ਇਸ ਲੇਖ ਵਿੱਚ!
ਇਹ ਉਸ ਸਮੇਂ ਦੀ ਗੱਲ ਹੈ , ਜਦੋਂ ਸਿੰਚਾਈ ਖੂਹਾਂ ਰਾਹੀਂ ਹੁੰਦੀ ਸੀ,ਪੀਣ ਦਾ ਪਾਣੀ ਵੀ ਖੂਹਾਂ ਤੋਂ ਲਿਆ ਜਾਂਦਾ ਸੀ। ਇਹ ਲਗਪਗ ਛੇ ਤੋਂ ਦਸ ਦਹਾਕੇ ਪਹਿਲਾਂ ਦੀ ਗੱਲ ਹੈ। ਭਾਵੇਂ ਅੱਜ ਵੀ ਕਈ ਥਾਵਾਂ ‘ਤੇ ਖੂਹ ਮਿਲ ਜਾਂਦੇ ਹਨ, ਪਰ ਚਲਦੇ ਬਹੁਤ ਘੱਟ ਹਨ। ਫਿਰ ਵੀ ਜੇ ਅਸੀਂ ਖੂਹ ਦੇਖੇ ਵੀ ਹਨ, ਭਾਵੇਂ ਇਤਿਹਾਸਕ ਸਥਾਨ ਛੇਹਰਟਾ ਸਾਹਿਬ ਵਰਗੇ ਥਾਂ ‘ਤੇ ਜਾਂ ਕਿਧਰੇ ਹੋਰ, ਇੱਕ ਜਾਣਕਾਰੀ ਫਿਰ ਵੀ ਸਾਡੇ ਸਾਰਿਆਂ ਨੂੰ ਸ਼ਾਇਦ ਨਾ ਹੋਵੇ, ਉਹ ਹੈ ਕਿ ਇਸ ਖੂਹ ਨੂੰ ਬਣਾਇਆ ਕਿਵੇਂ ਜਾਂਦਾ ਸੀ?ਇਸ ਦੀ ਤਿਆਰੀ ਕਿਵੇਂ ਹੁੰਦੀ ਸੀ?
ਇਸ ਸਵਾਲ ਦਾ ਜਵਾਬ ਮੈਨੂੰ ਮੇਰੇ ਫੁੱਫੜ ਜੀ ਤੋਂ ਮਿਲਿਆ, ਜੋ ਆਪਣੀ ਉਮਰ ਦੇ ਸੱਤਵੇਂ ਦਹਾਕੇ ‘ਚੋਂ ਗੁਜ਼ਰ ਰਹੇ ਹਨ ਅਤੇ ਇੱਕ ਸੇਵਾ ਮੁਕਤ ਪਟਵਾਰੀ ਹਨ। ਪਿੰਡਾਂ ਨਾਲ਼ ਨੇੜਿਓਂ ਵਾਹ ਪੈਂਦਾ ਰਿਹਾ ਹੋਣ ਕਰਕੇ ਉਨ੍ਹਾਂ ਨੇ ਬਹੁਤ ਸਾਰੇ ਖੂਹ ਪੁੱਟੇ ਜਾਂਦੇ ਦੇਖੇ ਹਨ। ਜੋ ਜਾਣਕਾਰੀ ਮੈਨੂੰ ਉਨ੍ਹਾਂ ਤੋਂ ਮਿਲੀ, ਉਹ ਆਪ ਦੇ ਸਾਹਮਣੇ ਰੱਖਣ ਦੀ ਖੁਸ਼ੀ ਲੈ ਰਿਹਾ ਹਾਂ।
ਖੂਹ ਪੁੱਟਣ ਸਮੇਂ ਸਭ ਤੋਂ ਪਹਿਲਾ ਕੰਮ ਹੁੰਦਾ ਸੀ ਉਸ ਦਾ ਚੱਕ ਬਣਾਉਣਾ। ਚੱਕ, ਲੱਕੜ ਦੀ ਇੱਕ ਗੋਲ ਆਕ੍ਰਿਤੀ ਰੂਪੀ ਰਚਨਾ ਹੁੰਦੀ ਸੀ, ਜਿਸ ਨੂੰ ਖੂਹ ਦੇ ਬਿਲਕੁੱਲ ਹੇਠਾਂ ਪਹੁੰਚਾਉਣਾ ਹੁੰਦਾ ਸੀ। ਇਸ ਦਾ ਰੋਲ ਓਹੀ ਹੁੰਦਾ ਹੈ, ਜੋ ਇੱਕ ਇਮਾਰਤ ਵਿੱਚ ਨੀਂਹਾਂ ਦਾ ਹੁੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਰਚਨਾ ਕਿਸੇ ਲੰਮੀ ਮੋਟੀ ਗੋਲ ਲੱਕੜ ‘ਚੋਂ ਨਹੀਂ ਸੀ ਹੁੰਦੀ, ਸਗੋਂ ਸਿੱਧੀਆਂ ਆਇਤਾਕਾਰ ਰਚਨਾਵਾਂ ਨੂੰ ਆਪਸ ਵਿੱਚ ਟੇਢੇ ਅਤੇ ਕਲਮੀ  ਜੋੜ ਪਾ ਕੇ ਬਣਾਇਆ ਜਾਂਦਾ ਸੀ। ਇਹਦੇ ਲਈ ਪੂਰੇ ਮਾਹਿਰ ਮਿਸਤਰੀ ਦੀ ਲੋੜ ਹੁੰਦੀ ਸੀ। ਪਾਠਕਾਂ ਨੇ ਸ਼ਇਦ ਲੱਕੜੀ ਦੇ ਪਹੀਆਂ ਵਾਲੇ ਗੱਡੇ ਵਿੱਚ ਇਸ ਤਰ੍ਹਾਂ ਦੇ ਲੱਕੜੀ ਦੇ ਟੇਢੇ ਜੋੜ ਲੱਗੇ ਦੇਖੇ ਹੋਣਗੇ। ਖੂਹ ਦੇ ਚੱਕ ਵਿੱਚ ਵੀ  10-12 ਲੱਕੜੀ ਦੇ ਟੁਕੜੇ ਬੜੀ ਮਿਹਨਤ ਅਤੇ ਕਾਰੀਗਰੀ ਨਾਲ ਜੋੜੇ ਜਾਂਦੇ ਸਨ। ਸੁਆਦਲੀ ਗੱਲ ਇਹ ਕਿ ਲੱਕੜ ਨੂੰ ਲੱਕੜ ਨਾਲ ਹੀ ਜੋੜਿਆ ਜਾਂਦਾ ਸੀ, ਲੋਹੇ ਦੇ ਕਿੱਲ ਆਦਿ ਨਹੀਂ ਸੀ ਵਰਤੇ ਜਾਂਦੇ। ਕੁਦਰਤੀ ਹੈ ਕਿ ਲੱਕੜੀ ਦੀ ਚੋਣ ਇਸ ਤਰ੍ਹਾਂ ਦੀ ਸੀ, ਜਿਹੜੀ ਵਧੇਰੇ ਸਮਾਂ ਪਾਣੀ ਵਿੱਚ ਸੁਰੱਖਿਅਤ ਰਹਿ ਸਕੇ।
ਇਸ ਤਰ੍ਹਾਂ ਇਹ ਚੱਕ ਜ਼ਮੀਨ ‘ਤੇ ਹੀ ਤਿਆਰ ਕੀਤਾ ਜਾਂਦਾ ਸੀ। ਫਿਰ ਖੂਹ ਦੀ ਪੁਟਾਈ ਸ਼ੁਰੂ ਹੁੰਦੀ ਸੀ, ਜਿਹੜੀ ਕਿ ਲੋੜੀਂਦੇ ਘੇਰੇ ਨਾਲੋਂ ਥੋੜ੍ਹੀ ਵੱਧ ਰੱਖ ਕੇ ਕੀਤੀ ਜਾਂਦੀ ਸੀ। ਖੂਹ ਨੂੰ ਓਨਾ ਪੁੱਟਿਆ ਜਾਂਦਾ ਸੀ ਜਿੱਥੋਂ ਤੱਕ ਪਾਣੀ ਦਾ ਪੱਧਰ ਹੋਵੇ। ਕੁਦਰਤੀ ਹੀ ਇਹ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਹੁੰਦਾ ਸੀ।
ਹੁਣ ਮਹੱਤਵਪੂਰਨ ਅਤੇ ਔਖਾ ਕੰਮ ਇਸ ਚੱਕ ਨੂੰ ,ਜਿਹੜਾ ਕਾਫ਼ੀ ਭਾਰਾ ਹੁੰਦਾ ਸੀ,ਖੂਹ ਦੇ ਅੰਦਰ ਪਹੁੰਚਾਉਣਾ ਹੁੰਦਾ ਸੀ। ਇਸ ਮਕਸਦ ਲਈ ਚੱਕ ਦੇ ਚਾਰੇ ਪਾਸਿਓਂ ਮੋਟੀਆਂ ਲੱਜਾਂ ਲਪੇਟ ਲਈਆਂ ਜਾਂਦੀਆਂ ਸਨ। ਲੱਜਾਂ ਦੇ ਚੱਕ ਦੁਆਲ਼ੇ  ਨਾਗ-ਵਲ਼ (ਇੱਕ ਐਸੀ ਗੰਢ, ਜਿਹੜੀ ਬਹੁਤ ਜ਼ੋਰ ਲਗਾਉਣ ‘ਤੇ ਵੀ ਨਹੀਂ ਖੁੱਲਦੀ ਸਭ ਤੋਂ ਮਜ਼ਬੂਤ ਮੰਨੀ ਗਈ ਗੰਢ) ਪਾ ਕੇ ਸਿਰੇ ਬਾਹਰ ਛੱਡ ਦਿੱਤੇ ਜਾਂਦੇ ਸਨ।10-12 ਰਿਸ਼ਟ-ਪੁਸ਼ਟ ਆਦਮੀ ਲੱਜਾਂ ਤੋਂ ਫੜ ਕੇ ਹੌਲੀ-ਹੌਲੀ ਖਿੱਚਦੇ ਹੋਏ ਖੂਹ ਦੇ ਕੰਢੇ ਤੱਕ ਲਿਆਉਂਦੇ ਸਨ। 3-4 ਆਦਮੀ ਪਹਿਲਾਂ ਹੀ ਖੂਹ ਦੇ ਅੰਦਰ ਉਤਾਰ ਦਿੱਤੇ ਜਾਂਦੇ ਸਨ,ਜਿਨ੍ਹਾਂ ਕੋਲ਼ ਲੱਕੜੀ ਦੇ ਮੋਟੇ ਬਾਲੇ ਹੁੰਦੇ ਸਨ। ਇਨ੍ਹਾਂ ਬਾਲਿਆਂ ਦੀ ਸਹਾਇਤਾ ਨਾਲ਼  ਇਨ੍ਹਾਂ ਹੇਠਲੇ ਆਦਮੀਆਂ ਨੇ  ਉੱਪਰ ਤੋਂ ਹੇਠਾਂ ਆਉਣ ਵਾਲੇ ਚੱਕ ਦੀ ਦਿਸ਼ਾ ਠੀਕ ਰੱਖਣੀ ਹੁੰਦੀ ਸੀ ਅਤੇ ਸੰਤੁਲਨ ਬਣਾਈ ਰੱਖਣਾ ਹੁੰਦਾ ਸੀ। ਉਪਰਲੇ ਵਿਅਕਤੀ ਬਹੁਤ ਹੀ ਆਰਾਮ ਨਾਲ ਹੌਲੀ-ਹੌਲੀ ਇਸ ਚੱਕ ਨੂੰ ਖੂਹ ਦੇ ਅੰਦਰ ਵੱਲ ਜਾਣ ਦਿੰਦੇ ਸਨ। ਕੋਣ ਅਤੇ ਦਿਸ਼ਾ ਦਾ ਖਿਆਲ ਰੱਖਦੇ ਹੋਏ,ਗੁਰੂਤਾ-ਆਕਰਸ਼ਣ ਦੇ ਉਲਟ ਜ਼ੋਰ ਲਗਾਉਂਦੇ ਹੋਏ ਚੱਕ ਨੂੰ ਹੇਠਾਂ ਜਾਣ ਦਿੱਤਾ ਜਾਂਦਾ ਸੀ ਤਾਂ ਕਿ ਚੱਕ ਹੇਠਾਂ ਸਿੱਧਾ ਰੱਖਿਆ ਜਾ ਸਕੇ। ਬਹੁਤ ਹੀ ਸੰਘਰਸ਼ ਵਾਲ਼ਾ ਅਤੇ ਸ਼ਾਨਾਮੱਤਾ ਕੰਮ ਹੁੰਦਾ ਸੀ ਇਹ, ਜਿਸ ਨੂੰ ਵੇਖਣ ਲਈ ਪਿੰਡ ਇਕੱਠਾ ਹੋ ਜਾਂਦਾ ਸੀ। ਕਾਮਿਆਂ ਦਾ ਹੌਂਸਲਾ ਬਣਾਈ ਰੱਖਣ ਲਈ ਢੋਲ ਵੀ ਵਜਾਇਆ ਜਾਂਦਾ ਸੀ। ਇਸ ਤਰ੍ਹਾਂ ਚੱਕ ਨੂੰ ਹੇਠਾਂ ਤੱਕ ਪਹੁੰਚਾ ਦਿੱਤਾ ਜਾਂਦਾ ਸੀ।
ਹੇਠਾਂ ਖੜ੍ਹੇ ਵਿਅਕਤੀ ਉਸ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਠੀਕ ਕਰ ਦਿੰਦੇ ਸਨ। ਚੱਕ ਬਣਾਉਣ ਵਾਲ਼ੇ ਮਿਸਤਰੀ ਦਾ ਸਨਮਾਨ ਵੀ ਕੀਤਾ ਜਾਂਦਾ ਸੀ ਅਤੇ ਹੁਣ ਰਾਜ਼ ਮਿਸਤਰੀ ਦੀ ਪਰਖ਼ ਦਾ ਸਮਾਂ ਆ ਜਾਂਦਾ ਸੀ। ਹਰ ਮਿਸਤਰੀ ਇਸ ਕੰਮ ਨੂੰ ਹੱਥ ਨਹੀਂ ਸੀ ਪਾਉਂਦਾ। ਇਸ ਦੀ ਚਿਣਾਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਮਿਸਤਰੀ ਨੇ ਇਸ ਲੱਕੜ ਦੇ ਚੱਕ ਉੱਪਰ ਚਿਣਾਈ ਕਰਨੀ ਹੁੰਦੀ ਸੀ। ਪਹਿਲੇ 3-4 ਫੁੱਟ ਤਾਂ ਉਹ ਜ਼ਮੀਨ ‘ਤੇ ਖੜ੍ਹੇ ਹੋ ਕੇ ਚਿਣਾਈ ਕਰ ਦਿੰਦਾ ਸੀ। ਪਰ ਉਸ ਤੋਂ ਬਾਅਦ ਉਸ ਨੇ ਉਸੇ ਕੰਧ ‘ਤੇ ਬੈਠ ਕੇ ਚਿਣਾਈ ਕਰਨੀ ਹੁੰਦੀ ਸੀ ਜਿਸ ਨੂੰ ਉਹ ਬਣਾ ਰਿਹਾ ਹੁੰਦਾ ਸੀ। ਗਜ਼ਬ ਦੀ ਗੱਲ ਇਹ ਕਿ ਚਿਣਾਈ ਅੱਜ ਵਾਂਗ ਸੀਮਿੰਟ ਨਾਲ਼ ਨਹੀਂ ਸੀ, ਸਗੋਂ ਗਾਰੇ ਨਾਲ਼ ਹੁੰਦੀ ਸੀ। ਸੱਚਮੁੱਚ ਉਹ ਕਾਰੀਗਰ ਧੰਨ ਸਨ ਜੋ ਆਪਣੀ ਜਾਨ ਜੌਖਮ ਵਿੱਚ ਪਾ ਕੇ ਲੋਕ ਭਲਾਈ ਦਾ ਕੰਮ ਕਰਦੇ ਸਨ। (ਯਾਦ ਰਹੇ, ਉਦੋਂ ਸਾਂਝੇ ਖੂਹ ਦਾ ਅਤੇ ਸਾਂਝੇ ਕੰਮਾਂ ਦਾ ਰਿਵਾਜ਼ ਸੀ) ਇਸ ਮਿਸਤਰੀ ਨੂੰ ਵੀ ਪਿੰਡ ਵਾਸੀਆਂ ਵੱਲੋਂ ਅਨਾਜ, ਵਸਤਾਂ ਆਦਿ ਨਾਲ਼ ਸਨਮਾਨਿਆ ਜਾਂਦਾ ਸੀ।
ਮੈਂ ਸੋਚਦਾ ਹਾਂ ਕਿ ਅੱਜ ਮਸ਼ੀਨਰੀ ਦਾ ਯੁੱਗ ਹੈ, ਕੰਪਿਊਟਰ ਦਾ ਯੁੱਗ ਹੈ, ਇਸ ਕਿਰਿਆ ਨੂੰ ਜੇਕਰ ਫਿਲਮਾ ਕੇ ਦਰਸ਼ਕਾਂ ਸਾਹਮਣੇ ਰੱਖਿਆ ਜਾਵੇ, ਤਾਂ ਹੋਰ ਵੀ ਜ਼ਿਆਦਾ ਵਧੀਆ ਢੰਗ ਨਾਲ ਸਮਝ ਆ ਸਕਦੀ ਹੈ। ਸ਼ਬਦਾਂ ਰਾਹੀਂ ਕਈ ਵਾਰ ਪੂਰੀ ਗੱਲ ਨਹੀਂ ਕਹੀ ਜਾ ਸਕਦੀ, ਭਾਵੇਂ ਕੋਸ਼ਿਸ਼ ਤਾਂ ਕੀਤੀ ਗਈ ਹੈ। ਪਾਠਕਾਂ ਪਾਸੋਂ ਟਿੱਪਣੀ ਦੀ ਆਸ ਰੱਖਦਾ ਹਾਂ।
ਜਸਵਿੰਦਰ ਸਿੰਘ ਰੁਪਾਲ




Post Comment


ਗੁਰਸ਼ਾਮ ਸਿੰਘ ਚੀਮਾਂ