ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, September 21, 2012

ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਡੂਮ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ

‘ਗੁਰਬਾਣੀ’ ਸ਼ਬਦ ਅਸੀਂ ਕੇਵਲ ਗੁਰੂ ਸਾਹਿਬਾਨ ਦੀ ਬਾਣੀ ਲਈ ਹੀ ਨਹੀਂ ਵਰਤਦੇ ਸਗੋਂ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਲਈ ਵਰਤਦੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ (ਪਹਿਲੇ ਪੰਜ ਤੇ ਨੌਵੇਂ ਪਾਤਸ਼ਾਹ), ਪੰਦਰਾਂ ਭਗਤਾਂ, ਗਿਆਰਾਂ ਭੱਟਾਂ, ਸੁੰਦਰ ਜੀ, ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਜੀ ਦੀ ਬਾਣੀ ਦਰਜ ਹੈ। (ਨੋਟ: ਕਈ ਵਿਦਵਾਨ ਬਿਹਾਗੜੇ ਕੀ ਵਾਰ ਦੇ ਤਿੰਨ ਸਲੋਕ (‘ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ॥’ ; ‘ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ॥’ ਅਤੇ ‘ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ॥’ (ਪੰਨਾ ੫੫੩) ਭਾਈ ਮਰਦਾਨਾ ਜੀ ਦੇ ਮੰਨਦੇ ਹਨ। ਪਰ ਭਾਈ ਮਰਦਾਨਾ ਜੀ ਆਪਣੀ ਰਚਨਾ ਵਿੱਚ ਗੁਰੂ ਨਾਨਕ ਨਾਮ ਦੀ ਛਾਪ ਦੀ ਵਰਤੋਂ ਨਹੀਂ ਸਨ ਕਰ ਸਕਦੇ। ਇਹ ਅਧਿਕਾਰ ਗੁਰੂ ਨਾਨਕ ਸਾਹਿਬ ਦੇ ਸਿੰਘਾਸਨ `ਤੇ ਬਰਾਜਮਾਨ ਹੋਣ ਵਾਲਿਆਂ ਲਈ ਹੀ ਰਾਖਵਾਂਸੀ।) ਗੁਰੂ ਗ੍ਰੰਥ ਸਾਹਿਬ ਵਿੱਚ ‘ੴ’ ਤੋਂ ਲੈ ਕੇ `ਤੇਰਾ ਕੀਤਾ ਜਾਤੋ ਨਾਹੀ ਦੇ’ ਦੇ ਸਲੋਕ ਤੀਕ, ਚਾਹੇ ਉਹ ਗੁਰੂ ਸਾਹਿਬਾਨ ਦੀ ਬਾਣੀ ਹੈ ਜਾਂ ਭਗਤ ਸਾਹਿਬਾਨ ਆਦਿ ਦੀ, ਸਮੁੱਚੀ ਬਾਣੀ ਦਾ ਇੱਕ ਹੀ ਆਸ਼ਾ ਅਤੇ ਉਦੇਸ਼ ਹੈ।
ਗੁਰੂ ਗ੍ਰੰਥ ਸਾਹਿਬ ਦੇ ਸਮੂਹ ਬਾਣੀਕਾਰ ਸਾਧਾਰਨ ਕਵੀ ਹੀ ਨਹੀਂ ਬਲਕਿ ਆਤਮਕ ਬੁਲੰਦੀਆਂ ਨੂੰ ਛੂਹਣ ਵਾਲੇ ਰੂਹਾਨੀਅਤ ਦੇ ਮੁੱਜਸਮੇ ਸਨ। ਇਸ ਲਈ ਗੁਰੂ ਗ੍ਰੰਥ ਸਾਹਿਬ ਦਾ ਇਹ ਫ਼ਰਮਾਨ ਕੇਵਲ ਗੁਰੂ ਸਾਹਿਬਾਨ ਦੀ ਬਾਣੀ ਲਈ ਹੀ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਬਾਰੇ ਹੀ ਸਮਝਣਾ ਚਾਹੀਦਾ ਦਾ ਹੈ:
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ (ਪੰਨਾ ੨੩੫)ਅਰਥ: ਜਗਤ ਸਮਝਦਾ ਹੈ ਕਿ ਸਤਿਗੁਰੂ ਦਾ ਸ਼ਬਦ (ਕੋਈ ਸਧਾਰਨ ਜਿਹਾ) ਗੀਤ ਹੀ ਹੈ, ਪਰ ਇਹ ਤਾਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ (ਜੋ ਹਉਮੈ ਤੋਂ ਜਿਊਂਦਿਆਂ ਹੀ ਮੁਕਤੀ ਦਿਵਾਉਂਦੀ ਹੈ)।
ਸਾਡੇ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਜਦ ਗੁਰੂ ਅਰਜਨ ਸਾਹਿਬ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾ ਰਹੇ ਸਨ ਤਾਂ ਉਸ ਸਮੇਂ ਕਾਨ੍ਹਾ, ਪੀਲੂ, ਸ਼ਾਹ ਹੁਸੈਨ ਅਤੇ ਛੱਜੂ ਵੀ ਆਪਣੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਾਉਣ ਦੀ ਭਾਵਨਾ ਨਾਲ ਸਤਿਗੁਰੂ ਜੀ ਦੇ ਪਾਸ ਆਏ ਸਨ। ਪਰ ਗੁਰੂ ਅਰਜਨ ਸਾਹਿਬ ਨੇ ਇਹਨਾ ਦੀਆਂ ਰਚਨਾਵਾਂ ਨੂੰ ਸੁਣਨ ਮਗਰੋਂ, ਇਹਨਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਕਾਰਨ ਬਾਰੇ ਸਾਡਾ ਇਤਿਹਾਸ ਇਹ ਦੱਸਦਾ ਹੈ ਕਿ ਗੁਰੂ ਸਾਹਿਬ ਨੇ ਇਹਨਾ ਭਗਤਾਂ (ਕਾਨ੍ਹਾ, ਪੀਲੂ, ਸ਼ਾਹ ਹੁਸੈਨ ਅਤੇ ਛੱਜੂ) ਨੂੰ ਸਪਸ਼ਟ ਕਰ ਦਿੱਤਾ ਸੀ ਕਿ ਇਹਨਾ ਦੀਆਂ ਰਚਨਾਵਾਂ ਗੁਰਬਾਣੀ ਦੇ ਆਸ਼ੇ ਅਨੁਕੂਲ ਨਹੀਂ ਹਨ। ਜੇਕਰ ਇਹ ਸਾਖੀ ਸੱਚੀ ਹੈ ਤਾਂ ਇਸ ਸਬੰਧ ਵਿੱਚ ਇਤਨੀ ਕੁ ਬੇਨਤੀ ਜ਼ਰੂਰ ਹੈ ਕਿ ਗੁਰੂ ਅਰਜਨ ਸਾਹਿਬ ਵਲੋਂ ਇਹਨਾਂ ਦੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਚੜ੍ਹਾਉਣ ਤੋਂ ਇਨਕਾਰ ਕਰਨ ਦਾ ਕਾਰਨ ਕੇਵਲ ਇਹਨਾਂ ਦੀਆਂ ਰਚਨਾਵਾਂ ਦਾ ਗੁਰੂ ਆਸ਼ੇ ਦੇ ਅਨਕੂਲ ਨਾ ਹੋਣਾ ਹੀ ਨਹੀਂ ਸਗੋਂ ਇਹਨਾ ਦਾ ਕੇਵਲ ਕਥਨੀ ਦੇ ਸੂਰਮੇ ਹੋਣਾ ਵੀ ਹੈ।
ਜਦ ਅਸੀਂ ਗੁਰਬਾਣੀ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਇਸ ਪਹਿਲੂ ਵਲ ਨਜ਼ਰ ਮਾਰਦੇ ਹਾਂ ਤਾਂ ਇਹ ਸਪਸ਼ਟ ਹੁੰਦਾ ਹੈ ਕਿ ਜੇਕਰ ਇਹਨਾ ਦੀਆਂ ਰਚਨਾਵਾਂ ਗੁਰੂ ਆਸ਼ੇ ਦੇ ਅਨਕੁਲ ਹੁੰਦੀਆਂ, ਤਾਂ ਵੀ ਹਜ਼ੂਰ ਇਹਨਾ ਦੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਭਾਗ ਨਾ ਬਣਾਉਂਦੇ। ਇਸ ਦਾ ਮੁੱਖ ਕਾਰਨ ਇਹਨਾ ਕੱਿਥਤ ਭਗਤਾਂ ਦਾ ਆਤਮਕ ਜੀਵਨ ਤੋਂ ਰਹਿਤ ਹੋਣਾ ਹੈ। ਇਹਨਾ ਦੀ ਕਥਨੀ ਅਤੇ ਕਰਨੀ ਇੱਕ ਨਹੀਂ ਸੀ। ਇਹ ਕੱਿਥਤ ਭਗਤ ਕਵੀ ਤਾਂ ਸਨ ਪਰ ਭਗਤੀ ਭਾਵ ਤੋਂ ਰਹਿਤ ਸਨ। ਇਸ ਲਈ ਇਹਨਾ ਦੀਆਂ ਰਚਨਾਵਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਾ ਬਣਨ ਦਾ ਕਾਰਨ, ਕੇਵਲ ਇਹਨਾ ਦੀਆਂ ਰਚਨਾਵਾਂ ਦਾ ਗੁਰੂ ਆਸ਼ੇ ਦੇ ਅਨੁਕੂਲ ਨਾ ਹੋਣਾ ਹੀ ਨਹੀਂ ਬਲਕਿ ਇਹਨਾ ਦਾ ਆਤਮਕ ਜੀਵਨ ਤੋਂ ਬਿਲਕੁਲ ਕੋਰੇ ਹੋਣਾ ਹੈ।
ਪਾਠਕਾਂ ਦੇ ਗਿਆਤ ਲਈ ਅਸੀਂ ਪੀਲੂ ਦੀ ਰਚਨਾ ਦਾ ਵਰਣਨ ਕਰ ਰਹੇ ਹਾਂ ਤਾਂ ਕਿ ਇਸ ਗੱਲ ਨੂੰ ਸਮਝ ਸਕੀਏ:
ਪੀਲੂ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਜੁ ਮੁਏ। ਓਨਾਂ ਚਿੱਕੜ ਪਾਵ ਨ ਬੋੜਿਆ ਨਾ ਆਲੂਦ ਭਏ। (ਭਾਵ ਹੇ ਪੀਲੂ ਸਾਡੇ ਨਾਲੋਂ ਉਹ ਚੰਗੇ ਹਨ ਜਿਹੜੇ ਜੰਮਦਿਆਂ ਹੀ ਮਰ ਗਏ। ਉਨ੍ਹਾਂ ਸੰਸਾਰ ਰੂਪੀ ਚਿੱਕੜ ਵਿੱਚ ਪੈਰ ਨਹੀਂ ਡੋਬਿਆ ਤੇ ਨਾ ਹੀ ਉਹ ਵਿਸ਼ਿਆਂ ਦੀ ਮੈਲ ਨਾਲ ਮੈਲੇ ਹੋਏ।
ਬਾਬਾ ਫ਼ਰੀਦ ਸਾਹਿਬ ਦੇ ਨਿਮਨ ਲਿਖਤ ਸਲੋਕ ਨੂੰ ਇਸ ਦੇ ਸਾਹਮਣੇ ਰੱਖ ਕੇ ਪੜ੍ਹਿਆਂ ਇਹਨਾ ਦੋਹਾਂ ਰਚਨਾਵਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਅੰਤਰ ਨਜ਼ਰ ਨਹੀਂ ਆਉਂਦਾ:
ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ॥ ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ॥ (ਪੰਨਾ ੧੩੮੧) ਅਰਥ: ਹੇ ਫਰੀਦ! (ਆਖ—) (ਹੇ ਦਾਈ!) ਜਿਸ ਦਿਨ ਮੇਰਾ ਨਾੜੂ ਕੱਟਿਆ ਸੀ, ਜੇ ਰਤਾ ਕੁ ਮੇਰਾ ਗਲ ਵੱਢ ਦੇਂਦੀਓਂ, ਤਾਂ (ਮਨ ਦੇ ਇਹਨਾਂ ਟੋਇਆਂ ਟਿੱਬਿਆਂ ਦੇ ਕਾਰਣ) ਨਾਹ ਇਤਨੇ ਝੰਬੇਲੇ ਪੈਂਦੇ ਅਤੇ ਨਾਹ ਹੀ ਮੈਂ ਇਤਨੇ ਦੁੱਖ ਸਹਾਰਦਾ।
ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਆਤਮਕ ਜੀਵਨ ਤੋਂ ਸੱਖਣੇ ਕੱਿਥਤ ਭਗਤ ਦੀ ਬਾਣੀ ਦਰਜ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸੱਚੀ ਅਤੇ ਕੱਚੀ ਬਾਣੀ ਸਬੰਧੀ ਨਿਮਨ ਲਿਖਤ ਫ਼ਰਮਾਨ ਨਿਰਣਾਇਕ ਅਤੇ ਸਪਸ਼ਟ ਸੇਧ ਪ੍ਰਦਾਨ ਕਰਦਾ ਹੈ:
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ (ਪੰਨਾ ੯੨੦)ਅਰਥ: ਗੁਰ-ਆਸ਼ੇ ਤੋਂ ਉਲਟ (ਕੋਈ ਵੀ) ਬਾਣੀ (ਮਾਇਆ) ਦੀ ਝਲਕ ਦੇ ਸਾਹਮਣੇ ਥਿੜਕਾ ਦੇਣ ਵਾਲੀ ਹੁੰਦੀ ਹੈ। ਇਹ ਪੱਕੀ ਗੱਲ ਹੈ ਕਿ ਗੁਰ-ਆਸ਼ੇ ਦੇ ਉਲਟ ਜਾਣ ਵਾਲੀ ਬਾਣੀ ਨੂੰ ਸੁਣਨ ਵਾਲਿਆਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ, ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ, ਤੇ ਜੋ ਅਜੇਹੀ ਬਾਣੀ ਦੀ ਪੜ੍ਹ ਕੇ ਵਿਆਖਿਆ ਕਰਦੇ ਹਨ, ਉਹ ਭੀ ਕਮਜ਼ੋਰ ਮਨ ਦੇ ਹੋ ਜਾਂਦੇ ਹਨ।
ਜੇ ਉਹ ਬੰਦੇ ਜੀਭ-ਨਾਲ ਹਰੀ-ਨਾਮ ਭੀ ਬੋਲਣ ਤਾਂ ਭੀ ਜੋ ਕੁੱਝ ਉਹ ਬੋਲਦੇ ਹਨ ਉਸ ਨਾਲ ਉਹਨਾਂ ਦੀ ਡੂੰਘੀ ਸਾਂਝ ਨਹੀਂ ਪੈਂਦੀ ਕਿਉਂਕਿ ਉਹਨਾਂ ਦੇ ਮਨ ਨੂੰ ਮਾਇਆ ਨੇ ਮੋਹ ਰੱਖਿਆ ਹੈ, ਉਹ ਜੋ ਕੁੱਝ ਬੋਲਦੇ ਹਨ ਜ਼ਬਾਨੀ ਜ਼ਬਾਨੀ ਹੀ ਬੋਲਦੇ ਹਨ। ਨਾਨਕ ਆਖਦਾ ਹੈ—ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ।
‘ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ’ ਦੇ ਫ਼ਰਮਾਨ ਦਾ ਇਹ ਹਰਗ਼ਿਜ਼ ਭਾਵ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਤੋਂ ਬਿਨਾਂ ਹੋਰ ਬਾਣੀਕਾਰਾਂ ਦੀ ਬਾਣੀ ਕੱਚੀ ਹੈ। (ਨੋਟ: ਭਾਵੇਂ ਕਈ ਵਿਦਵਾਨ ਸੱਜਣ ਇਸ ਫ਼ਰਮਾਨ ਨੂੰ ਆਧਾਰ ਬਣਾ ਕੇ ਇਹ ਸਿੱਧ ਕਰਨ ਦੀ ਕੋਸ਼ਸ਼ ਕਰਦੇ ਹਨ ਕਿ ਧੁਰ ਕੀ ਬਾਣੀ ਕੇਵਲ ਗੁਰੂ ਸਾਹਿਬਾਨ ਦੀ ਹੀ ਬਾਣੀ ਹੈ। ਪਰੰਤੂ ਖ਼ਾਲਸਾ ਪੰਥ ਨੇ ਅਜਿਹੇ ਸੱਜਣਾਂ ਦੀ ਇਸ ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਹੈ।) ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਾਹੇ ਉਹ ਭਗਤ ਸਾਹਿਬਾਨ ਦੀ ਹੈ ਚਾਹੇ ਭੱਟਾਂ ਆਦਿ ਦੀ, ਸਭ ਸੱਚੀ ਬਾਣੀ ਹੀ ਹੈ। ਚੂੰਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਭੂ ਨਾਲ ਇੱਕ ਸੁਰ ਹੋ ਕੇ, ਉਸ ਦੇ ਹੁਕਮ ਨੂੰ ਬੁੱਝਣ ਵਾਲਿਆਂ ਨੇ ਜੀਵਾਂ ਦੀ ਕਲਿਆਣ ਲਈ ਉਚਾਰੀ ਹੈ, ਇਸੇ ਲਈ ਗੁਰੂ ਗ੍ਰੰਥ ਸਾਹਿਬ ਦਾ ਹਰੇਕ ਫ਼ਰਮਾਨ ਸੱਚ ਕੀ ਬਾਣੀ ਹੀ ਹੈ।
ਭਾਵੇਂ ਕਈ ਵਿਦਵਾਨ ਗੁਰੂ ਸਾਹਿਬਾਨ ਦੇ ਕੁੱਝ ਸ਼ਬਦਾਂ ਬਾਰੇ ਇਹ ਧਾਰਨਾ ਰੱਖਦੇ ਹਨ ਕਿ ਗੁਰੂ ਸਾਹਿਬ ਨੇ ਇਹਨਾ ਸ਼ਬਦਾਂ ਜਾਂ ਸਲੋਕਾਂ ਵਿੱਚ ਭਗਤਾਂ ਦੇ ਪ੍ਰਗਟਾਏ ਖ਼ਿਆਲ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ। ਪਰ ਜੇਕਰ ਅਸੀਂ ਧਿਆਨ ਨਾਲ ਇਹਨਾ ਸ਼ਬਦਾਂ ਨੂੰ ਪੜ੍ਹਾਂਗੇ ਤਾਂ ਇਹ ਗੱਲ ਸਪਸ਼ਟ ਹੋਵੇਗੀ ਕਿ ਗੁਰੂ ਸਾਹਿਬ ਨੇ ਭਗਤਾਂ ਦੇ ਕਿਸੇ ਖ਼ਿਆਲ ਨਾਲ ਅਸਹਿਮਤੀ ਪ੍ਰਗਟ ਕਰਨ ਲਈ ਨਹੀਂ ਸਗੋਂ ਉਨ੍ਹਾਂ ਦੇ ਭਾਵ ਨੂੰ ਹੋਰ ਸਪਸ਼ਟ ਕਰਨ ਲਈ ਅਜਿਹੇ ਸ਼ਬਦ ਨਾਲ ਦਰਜ ਕੀਤੇ ਹੋਏ ਹਨ। ਉਦਾਹਰਣ ਵਜੋਂ ਫ਼ਰੀਦ ਸਾਹਿਬ ਦੇ ਇਸ ਸਲੋਕ ਨਾਲ ਦਰਜ ਗੁਰੂ ਸਾਹਿਬ ਦੇ ਸਲੋਕ ਨੂੰ ਦੇਖਿਆ ਜਾ ਸਕਦਾ ਹੈ:
ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ॥ ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ॥ ਅਰਥ: ਹੇ ਫਰੀਦ! ਜੋ ਬੰਦੇ ਰੱਬ ਨਾਲ ਰੰਗੇ ਹੁੰਦੇ ਹਨ (ਭਾਵ, ਰੱਬ ਦੇ ਪਿਆਰ ਵਿੱਚ ਰੰਗੇ ਹੁੰਦੇ ਹਨ), ਉਹਨਾਂ ਦੇ ਸਰੀਰ ਵਿੱਚ ਲਹੂ ਨਹੀਂ ਹੁੰਦਾ, ਜੇ ਕੋਈ (ਉਹਨਾਂ ਦਾ) ਸਰੀਰ ਚੀਰੇ (ਤਾਂ ਉਸ ਵਿਚੋਂ) ਰਤਾ ਜਿਤਨਾ ਭੀ ਲਹੂ ਨਹੀਂ ਨਿਕਲਦਾ (ਪਰ, ਹੇ ਫਰੀਦ! ਤੂੰ ਤਾਂ ਮੁਸੱਲੇ ਤੇ ਖ਼ਫ਼ਨੀ ਆਦਿਕ ਨਾਲ ਨਿਰਾ ਬਾਹਰ ਦਾ ਹੀ ਖ਼ਿਆਲ ਰੱਖਿਆ ਹੋਇਆ ਹੈ)।
ਨੋਟ:- ਫਰੀਦ ਜੀ ਨੇ ਜਿਸ ‘ਰਤੁ’ ਦਾ ਜ਼ਿਕਰ ਸ਼ਲੋਕ ਨੰ: ੫੧ ਵਿੱਚ ਕੀਤਾ ਹੈ, ਉਸ ਨੂੰ ਸ਼ਲੋਕ ਨੰ: ੫੦ ਵਿੱਚ ਲਫ਼ਜ਼ ‘ਦਿਲਿ ਕਾਤੀ’ ਵਿੱਚ ਇਸ਼ਾਰੇ-ਮਾਤ੍ਰ ਹੀ ਦੱਸਿਆ ਹੈ। ਉਸ ਨੂੰ ਹੋਰ ਸਪਸ਼ਟ ਕਰਨ ਵਾਸਤੇ ਗੁਰੂ ਅਮਰਦਾਸ ਜੀ ਨੇ ਇਹ ਸ਼ਲੋਕ ਉਚਾਰਿਆ। (ਪ੍ਰੋਫੈਸਰ ਸਾਹਿਬ ਸਿੰਘ)
ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ॥ ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ॥ ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ॥ ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ॥ (ਪੰਨਾ ੧੩੮੦) ਅਰਥ: ਇਹ ਸਾਰਾ ਸਰੀਰ ਲਹੂ ਹੈ (ਭਾਵ, ਸਾਰੇ ਸਰੀਰ ਵਿੱਚ ਲਹੂ ਮੌਜੂਦ ਹੈ), ਲਹੂ ਤੋਂ ਬਿਨਾ ਸਰੀਰ ਰਹਿ ਨਹੀਂ ਸਕਦਾ (ਫਿਰ, ਸਰੀਰ ਨੂੰ ਚੀਰਿਆਂ, ਭਾਵ, ਸਰੀਰ ਦੀ ਪੜਤਾਲ ਕੀਤਿਆਂ, ਕੇਹੜਾ ਲਹੂ ਨਹੀਂ ਨਿਕਲਦਾ?) ਜੋ ਬੰਦੇ ਆਪਣੇ ਖਸਮ (ਪ੍ਰਭੂ ਦੇ ਪਿਆਰ) ਵਿੱਚ ਰੰਗੇ ਹੋਏ ਹਨ (ਉਹਨਾਂ ਦੇ) ਇਸ ਸਰੀਰ ਵਿੱਚ ਲਾਲਚ-ਰੂਪ ਲਹੂ ਨਹੀਂ ਹੁੰਦਾ।
ਜੇ (ਪਰਮਾਤਮਾ ਦੇ) ਡਰ ਵਿੱਚ ਜੀਵੀਏ, ਤਾਂ ਸਰੀਰ (ਇਸ ਤਰ੍ਹਾਂ) ਲਿੱਸਾ ਹੋ ਜਾਂਦਾ ਹੈ (ਕਿ) ਇਸ ਵਿਚੋਂ ਲੋਭ-ਰੂਪ ਰੱਤ ਨਿਕਲ ਜਾਂਦੀ ਹੈ। ਜਿਵੇਂ ਅੱਗ ਵਿੱਚ (ਪਾਇਆ ਸੋਨਾ ਆਦਿਕ) ਧਾਤ ਸਾਫ਼ ਹੋ ਜਾਂਦੀ ਹੈ; ਇਸੇ ਤਰ੍ਹਾਂ ਪਰਮਾਤਮਾ ਦਾ ਡਰ (ਮਨੁੱਖ ਦੀ) ਭੈੜੀ ਮੱਤ-ਰੂਪ ਮੈਲ ਨੂੰ ਕੱਟ ਦੇਂਦਾ ਹੈ। ਹੇ ਨਾਨਕ! ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਨਿਹੁਂ ਲਾ ਕੇ (ਉਸ ਦੇ ਨਿਹੁਂ ਵਿਚ) ਰੰਗੇ ਹੋਏ ਹਨ।
ਗੁਰੂ ਗ੍ਰੰਥ ਸਾਹਿਬ ਸ਼ੁਰੂ ਤੋਂ ਲੈ ਕੇ ਅੰਤ ਤੱਕ ( ‘ੴ’ ਤੋਂ ਲੈ ਕੇ `ਤੇਰਾ ਕੀਤੋ ਜਾਤੋ ਨਾਹੀ’ ਤੀਕ) ਗੁਰਮਤਿ ਦੀ ਜੀਵਨ-ਜੁਗਤ ਦਾ ਇੱਕ ਹੀ ਰੂਪ ਦਰਸਾਇਆ ਗਿਆ ਹੈ।
ਗੁਰੂ ਕਾਲ ਵਿੱਚ ਹੀ ਭਾਵੇਂ ਮਿਹਰਵਾਨ ਵਰਗਿਆਂ ਨੇ ਨਾਨਕ ਨਾਮ ਦੀ ਛਾਪ ਦੀ ਵਰਤੋਂ ਕਰਦਿਆਂ ਹੋਇਆਂ ਕੁੱਝ ਰਚਨਾ ਰਚ ਕੇ ਸਿੱਖ ਸੰਗਤਾਂ ਨੂੰ ਗੁਮਰਾਹ ਕਰਨਾ ਚਾਹਿਆ ਸੀ ਪਰ ਗੁਰੂ ਸਾਹਿਬਾਨ ਦੀ ਸੁਚੱਜੀ ਅਗਵਾਈ ਕਾਰਨ ਅਜਿਹੀਆਂ ਤਾਕਤਾਂ, ਸੰਗਤਾਂ ਨੂੰ ਗੁਮਰਾਹ ਕਰਨ ਵਿੱਚ ਕਾਮਯਾਬ ਨਾ ਹੋ ਸਕੀਆਂ। ਗੁਰਬਾਣੀ ਦੇ ਇਸ ਫ਼ਰਮਾਨ ਤੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥ ਓਨਾੑ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ॥ (ਪੰਨਾ ੩੦੪) ਅਰਥ: ਕਈ ਹੋਰ ਕੂੜ ਦੇ ਵਪਾਰੀ ਸਤਿਗੁਰੂ ਦੀ ਰੀਸ ਕਰ ਕੇ ਕੱਚੀ-ਪਿੱਲੀ ਬਾਣੀ ਉਚਾਰਦੇ ਹਨ, ਪਰ ਉਹ (ਹਿਰਦੇ ਵਿਚ) ਕੂੜ ਹੋਣ ਕਰਕੇ ਝੜ ਪੈਂਦੇ ਹਨ (ਭਾਵ, ਸਤਿਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ, ਤੇ ਉਹਨਾਂ ਦਾ ਪਾਜ ਖੁੱਲ੍ਹ ਜਾਂਦਾ ਹੈ), ਉਹਨਾਂ ਦੇ ਹਿਰਦੇ ਵਿੱਚ ਕੁੱਝ ਹੋਰ ਹੁੰਦਾ ਹੈ ਤੇ ਮੂੰਹ ਵਿੱਚ ਹੋਰ, ਉਹ ਵਿਹੁ-ਮਾਇਆ ਨੂੰ ਇਕੱਤਰ ਕਰਨ ਲਈ ਝੁਰਦੇ ਹਨ ਤੇ ਖਪ ਖਪ ਮਰਦੇ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾਂ ਦੇ ਸਵਈਆਂ ਅਤੇ ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਵਿੱਚ ਗੁਰੂ ਸਾਹਿਬਾਨ ਦੀ ਮਹਿਮਾ ਦਾ ਵਰਣਨ ਹੈ। ਇਹਨਾ ਦੀਆਂ ਇਹਨਾ ਰਚਨਾਵਾਂ ਵਿੱਚ ਗੁਰੂ ਉਸਤਤ ਸਾਧਾਰਨ ਖ਼ੁਸ਼ਾਮਦ-ਨੁਮਾ ਉਸਤਤ ਨਹੀਂ ਹੈ। ਇਹਨਾਂ ਨੇ ਕਿਸੇ ਲਾਲਚ ਵਿੱਚ ਜਾਂ ਕਿਸੇ ਡਰ ਕਾਰਨ ਗੁਰੂ ਉਪਮਾ ਨਹੀਂ ਕੀਤੀ ਸੀ। ਇਹਨਾ ਮਹਾਂ ਪੁਰਸ਼ਾਂ ਨੇ ‘ਸੰਤਨ ਕੀ ਸੁਣਿ ਸਾਚੀ ਸਾਖੀ॥ ਸੋ ਬੋਲਹਿ ਜੋ ਪੇਖਹਿ ਆਖੀ॥’ (ਪੰਨਾ ੮੯੪), ਦੇ ਗੁਰਵਾਕ ਅਨੁਸਾਰ ਜੋ ਕੁੱਝ ਆਪਣੀਆਂ ਅੱਖਾਂ ਨਾਲ ਦੇਖਿਆ ਅਥਵਾ ਅਨੁਭਵ ਕੀਤਾ ਹੈ, ਉਹ ਹੀ ਬਿਆਨ ਕੀਤਾ ਹੈ। ਇਹਨਾਂ ਨੇ ਤਾਂ ਗੁਰੂ ਸਾਹਿਬਾਨ ਨੂੰ ਪਾਰਬ੍ਰਹਮ ਦਾ ਰੂਪ ਸਮਝ ਕੇ, ਸਤਿਗੁਰੂ ਤੋਂ ਬਲਿਹਾਰ ਹੁੰਦਿਆਂ ਦੂਜਿਆਂ ਨੂੰ ਵੀ ਗੁਰੂ ਸਾਹਿਬਾਨ ਦੀ ਅਜ਼ਮਤ ਤੋਂ ਜਾਣੂ ਕਰਾਉਣਾ ਅਪਣਾ ਫ਼ਰਜ਼ ਸਮਝਿਆ। ਗੁਰੂ ਸਾਹਿਬਾਨ ਦੀ ਬਾਣੀ ਵਿੱਚ ਵੀ ਇਸ ਗੱਲ ਦਾ ਵਰਣਨ ਹੈ ਕਿ ਜਿਸ ਉੱਤੇ ਅਕਾਲ ਪੁਰਖ ਮਿਹਰ ਕਰਦਾ ਹੈ ਉਹ ਸਤਿਗੁਰੂ ਨੂੰ ਪਾਰਬ੍ਰਹਮ ਦੇ ਰੂਪ ਵਿੱਚ ਦੇਖ ਕੇ ਉਨ੍ਹਾਂ ਨੂੰ ਆਪਣਾ ਆਪ ਸਮਰਪਣ ਕਰਦਾ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿਚੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:
(ੳ) ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ॥ (ਪੰਨਾ ੩੦੫)ਅਰਥ: ਜੇ ਮੇਰਾ ਸਿਰਜਣਹਾਰ-ਪ੍ਰਭੂ ਮਿਹਰ ਕਰੇ ਤਾਂ (ਉਸ ਮਨੁੱਖ ਨੂੰ ਭੀ) ਦਿੱਸ ਪੈਂਦਾ ਹੈ ਕਿ ਸਤਿਗੁਰੂ ਪਾਰਬ੍ਰਹਮ (ਦਾ ਰੂਪ ਹੈ) ਉਹ ਸਤਿਗੁਰੂ ਦਾ ਸ਼ਬਦ-ਰੂਪ ਅੰਮ੍ਰਿਤ ਪੀਂਦਾ ਹੈ ਅਤੇ ਝੋਰਾ, ਚਿੰਤਾ ਤੇ ਭਟਕਣਾ ਸਭ ਮੁਕਾ ਲੈਂਦਾ ਹੈ।
(ਅ) ਦੂਜਾ ਨਹੀ ਜਾਨੈ ਕੋਇ॥ ਸਤਗੁਰੁ ਨਿਰੰਜਨੁ ਸੋਇ॥ ਮਾਨੁਖ ਕਾ ਕਰਿ ਰੂਪੁ ਨ ਜਾਨੁ॥ ਮਿਲੀ ਨਿਮਾਨੇ ਮਾਨੁ॥ (ਪੰਨਾ ੮੯੫)ਅਰਥ: ਹੇ ਭਾਈ! ਗੁਰੂ ਉਸ ਮਾਇਆ-ਰਹਿਤ ਨਿਰਲੇਪ ਪ੍ਰਭੂ ਨੂੰ ਹੀ (ਹਰ ਥਾਂ) ਜਾਣਦਾ ਹੈ, ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨੂੰ (ਵੱਖਰੀ ਹਸਤੀ) ਨਹੀਂ ਜਾਣਦਾ, (ਇਸ ਵਾਸਤੇ ਗੁਰੂ ਨੂੰ) ਨਿਰਾ ਮਨੁੱਖ ਦਾ ਰੂਪ ਹੀ ਨਾਹ ਸਮਝ ਰੱਖ। (ਗੁਰੂ ਦੇ ਦਰ ਤੋਂ ਉਸੇ ਮਨੁੱਖ ਨੂੰ) ਆਦਰ ਮਿਲਦਾ ਹੈ ਜੋ (ਆਪਣੀ ਸਿਆਣਪ ਦਾ) ਅਹੰਕਾਰ ਛੱਡ ਦੇਂਦਾ ਹੈ।
ਸੋ, ਗੱਲ ਕੀ ਗੁਰੂ ਉਪਮਾ ਕਰਨ ਵਾਲੇ ਇਹਨਾ ਸਤਪੁਰਸ਼ਾਂ ਦੀਆਂ ਇਹ ਰਚਨਾਵਾਂ ਸਾਧਾਰਨ ਕਾਵਿ ਨਹੀਂ ਹਨ। ਇਹ ਤਾਂ ਇਹਨਾ ਦੇ ਨਿਜੀ ਤਜਰਬੇ ਦੇ ਆਧਾਰਤ ਰੂਹਾਨੀਅਤ ਨਾਲ ਭਰਪੂਰ ਗਿਆਨ ਦਾ ਮੁਜੱਸਮਾ ਹਨ। ਜਦ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾਉਂਦੇ ਹਾਂ ਤਾਂ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਨਾਲ ਇਹਨਾਂ ਦੀ ਬਾਣੀ ਨੂੰ ਵੀ ਸਿਰ ਝੁਕਾਉਂਦੇ ਹਾਂ।
ਜਸਬੀਰ ਸਿੰਘ ਵੈਨਕੂਵਰ

ਚੱਲਦਾ


Post Comment


ਗੁਰਸ਼ਾਮ ਸਿੰਘ ਚੀਮਾਂ