ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, September 25, 2012

ਰੁੜਦੀ ਜਾਂਦੀ, ਨਸ਼ਿਆਂ ਵਿਚ ਜਵਾਨੀ


ਵਿਚ ਮੈਦਾਨੇ ਕੁੱਦਣ ਵਾਲੇ, ਮੁੱਠ ਹੱਡੀਆਂ ਦੀ ਬਣਗੇ

ਵੈਰੀ ਅੱਗੇ ਕੀ ਹਿੱਕ ਡਹੁਣਗੇ, ਜਿਹੜੇ ਖੁਦ ਹੀ ਛਣਗੇ

ਦੇਸ਼ ਕੌਮ 'ਤੇ ਭੀੜ ਪਈ ਤੋਂ, ਕੌਣ ਦੇਊ ਕੁਰਬਾਨੀ

ਦੇਸ਼ ਮੇਰੇ ਦੀ ਰੁੜਦੀ ਜਾਂਦੀ, ਨਸ਼ਿਆਂ ਵਿਚ ਜਵਾਨੀ।

ਦੇਖ-ਦੇਖ ਕੇ ਆਉਂਦੇ ਚੱਕਰ, ਮਨ ਪਿਆ ਗੋਤੇ ਖਾਂਦਾ

ਕੋਈ ਚਿਲਮਾਂ, ਸ਼ੀਸ਼ੀ, ਸਿਗਰਟਾਂ ਕੋਈ ਪੈੱਗ ਟਕਰਾਂਦਾ

ਗਲੀਆਂ, ਟੋਭੇ ਰੁਲਦੀ ਫਿਰਦੀ ਚੋਬਰਾਂ ਦੀ ਭਲਵਾਨੀ

ਦੇਸ਼ ਮੇਰੇ ਦੀ ਰੁੜ੍ਹਦੀ ਜਾਂਦੀ, ਨਸ਼ਿਆਂ ਵਿਚ ਜਵਾਨੀ।

ਹਰ ਪਿੰਡ ਮੋੜ 'ਤੇ ਖੁੱਲ੍ਹਿਆ ਠੇਕਾ, ਸ਼ਰੇਆਮ ਨਸ਼ੇ ਦੁਕਾਨਾਂ

ਦੇਖ ਦੁਹੱਥੜੇ ਪਿੱਟਣ ਖੜ੍ਹੀਆਂ, ਮਾਈਆਂ ਤੇ ਰਕਾਨਾਂ

ਘਰ 'ਚੋਂ ਆਟਾ, ਦਾਲਾਂ ਮੁਕੀਆਂ, ਹੋਗੀ ਜਿੰਦ ਦੁਆਨੀ

ਦੇਸ਼ ਮੇਰੇ ਦੀ ਰੁੜਦੀ ਜਾਂਦੀ, ਨਸ਼ਿਆਂ ਵਿਚ ਜਵਾਨੀ।

ਮਾਪਿਆਂ ਦੀ ਜਿੰਦ ਖੇਹ ਨੇ ਕਰਦੇ, ਮਾਰਨ ਡਾਕੇ ਚੋਰੀ

ਫਿਰ ਕੋਈ ਜਦ ਰਾਹ ਨਾ ਲੱਭੇ, ਦਿਖਾਵਣ ਸੀਨਾਜ਼ੋਰੀ

ਲਤ ਨਸ਼ੇ ਦੀ ਹੋਵੇ ਪੂਰੀ, ਘਿਓ-ਦੁੱਧ ਚੀਜ਼ ਬੇਗਾਨੀ

ਦੇਸ਼ ਮੇਰੇ ਦੀ ਰੁੜਦੀ ਜਾਂਦੀ, ਨਸ਼ਿਆਂ ਵਿਚ ਜਵਾਨੀ।

ਧਰਤ ਮਾਤਾ ਨੂੰ ਟੇਕੋ ਮੱਥਾ, ਮਾਂ ਪੰਜਾਬੀ ਨੂੰ ਸਤਿਕਾਰੋ

ਨਸ਼ਿਆਂ ਦੀ ਜਿਹੜੇ ਕਰਨ ਤਸਕਰੀ, ਦੁਸ਼ਟਾਂ ਨੂੰ ਦੁਰਕਾਰੋ

ਰੁੜ-ਪੁੜ ਕਿਧਰੇ ਵਿਸਰ ਨਾ ਜਾਏ, ਲਾਲਾਂ ਦੀ ਨਿਸ਼ਾਨੀ

ਦੇਸ਼ ਮੇਰੇ ਦੀ ਰੁੜ੍ਹਦੀ ਜਾਂਦੀ, ਨਸ਼ਿਆਂ ਵਿਚ ਜਵਾਨੀ।

'ਸਾਧੂ' ਆਖੇ ਆਵਾਜ਼ ਉਠਾਈਏ, ਨੱਥ ਨਸ਼ਿਆਂ ਨੂੰ ਮਾਰੋ

ਅਮਲ, ਅਸੂਲ ਕਰਵਾਉਣੇ ਪੂਰੇ, ਕਾਗਜ਼ੀ ਡੰਗ ਨਾ ਸਾਰੋ

ਵੇਖੋ ਗੱਭਰੂ ਡਿੱਗਦੇ-ਢਹਿੰਦੇ, ਵਿਚ ਸੜਕਾਂ ਅਤੇ ਖਤਾਨੀਂ

ਦੇਸ਼ ਮੇਰੇ ਦੀ ਰੁੜ੍ਹਦੀ ਜਾਂਦੀ, ਨਸ਼ਿਆਂ ਵਿਚ ਜਵਾਨੀ।

-ਡਾ: ਸਾਧੂ ਰਾਮ ਲੰਗੇਆਣਾ


Post Comment


ਗੁਰਸ਼ਾਮ ਸਿੰਘ ਚੀਮਾਂ