ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ
ਅੱਜ ਦਾ ਮੁੱਖਵਾਕ 23.9.2012, ਐਤਵਾਰ , ੮ ਅੱਸੂ (ਸੰਮਤ ੫੪੪ ਨਾਨਕਸ਼ਾਹੀ)
ਰਾਗੁ ਗੂਜਰੀ ਵਾਰ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਸਲੋਕੁ ਮਃ ੫ ॥
ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥ ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥ ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥ ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥
ਮਃ ੫ ॥ ਰਖੇ ਰਖਣਹਾਰਿ ਆਪਿ ਉਬਾਰਿਅਨੁ ॥ ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥ ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥ ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥ ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥ ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥ ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥
ਪਉੜੀ ॥ ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ ॥ ਸਚੋ ਸਚਾ ਸਚੁ ਸਚੁ ਨਿਹਾਰੀਐ ॥ ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐ ॥ ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥ ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ ॥ ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐ ॥ ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ ॥ ਤੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ ਬਲਿਹਾਰੀਐ ॥੧॥
(ਅੰਗ ੫੧੭-੫੧੮)
ਪੰਜਾਬੀ ਵਿਚ ਵਿਆਖਿਆ :-
ਜੇ ਆਪਣੇ ਗੁਰੂ (ਦੇ ਪਿਆਰ) ਵਿਚ ਰੰਗੇ ਜਾਈਏ ਤਾਂ (ਪ੍ਰਭੂ ਦੀ) ਹਜ਼ੂਰੀ ਵਿਚ ਥਾਂ ਮਿਲਦਾ ਹੈ। ਮਨ ਵਿਚ ਗੁਰੂ ਨੂੰ ਯਾਦ ਕਰਨਾ, ਜੀਭ ਨਾਲ ਗੁਰੂ ਦਾ ਨਾਮ ਜਪਣਾ, ਅੱਖਾਂ ਨਾਲ ਗੁਰੂ ਨੂੰ ਵੇਖਣਾ, ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ-ਇਹ ਦਾਤਿ, ਆਖ, ਹੇ ਨਾਨਕ! ਉਸ ਮਨੁੱਖ ਨੂੰ ਪ੍ਰਭੂ ਦੇਂਦਾ ਹੈ ਜਿਸ ਉਤੇ ਮੇਹਰ ਕਰਦਾ ਹੈ, ਅਜੇਹੇ ਬੰਦੇ ਜਗਤ ਵਿਚ ਸ੍ਰੇਸ਼ਟ ਅਖਵਾਉਂਦੇ ਹਨ, (ਪਰ ਅਜੇਹੇ ਹੁੰਦੇ) ਕੋਈ ਵਿਰਲੇ ਵਿਰਲੇ ਹਨ।੧।
ਰੱਖਿਆ ਕਰਨ ਵਾਲੇ ਪਰਮਾਤਮਾ ਨੇ ਜਿਨ੍ਹਾਂ ਬੰਦਿਆਂ ਦੀ ਮਦਦ ਕੀਤੀ, ਉਹਨਾਂ ਨੂੰ ਉਸ ਨੇ ਆਪ (ਵਿਕਾਰਾਂ ਤੋਂ) ਬਚਾ ਲਿਆ ਹੈ, ਉਹਨਾਂ ਨੂੰ ਗੁਰੂ ਦੀ ਪੈਰੀਂ ਪਾ ਕੇ ਉਹਨਾਂ ਦੇ ਸਾਰੇ ਕੰਮ ਉਸ ਨੇ ਸਵਾਰ ਦਿੱਤੇ ਹਨ, ਜਿਨ੍ਹਾਂ ਉਤੇ ਪ੍ਰਭੂ ਆਪ ਦਿਆਲ ਹੋਇਆ ਹੈ, ਉਹਨਾਂ ਨੂੰ ਉਸ ਨੇ (ਆਪਣੇ) ਮਨੋਂ ਵਿਸਾਰਿਆ ਨਹੀਂ, ਉਹਨਾਂ ਨੂੰ ਗੁਰਮੁਖਾਂ ਦੀ ਸੰਗਤਿ ਵਿਚ (ਰੱਖ ਕੇ) ਸੰਸਾਰ-ਸਮੁੰਦਰ ਤਰਾ ਦਿੱਤਾ। ਜੋ ਉਸ ਦੇ ਚਰਨਾਂ ਤੋਂ ਟੁੱਟੇ ਹੋਏ ਹਨ, ਜੋ ਨਿੰਦਾ ਕਰਦੇ ਰਹਿੰਦੇ ਹਨ, ਜੋ ਗੰਦੇ ਆਚਰਨ ਵਾਲੇ ਹਨ, ਉਹਨਾਂ ਨੂੰ ਇਕ ਪਲ ਵਿਚ ਉਸ ਨੇ ਮਾਰ ਮੁਕਾਇਆ ਹੈ। ਨਾਨਕ ਦੇ ਮਨ ਵਿਚ ਭੀ ਉਸ ਮਾਲਕ ਦਾ ਆਸਰਾ ਹੈ ਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।੨।
ਹੇ ਪਰਮਾਤਮਾ! ਤੇਰੀ ਕੋਈ ਖ਼ਾਸ ਕੁਲ ਨਹੀਂ, ਮਾਇਆ ਦੀ ਕਾਲਖ਼ ਤੈਨੂੰ ਨਹੀਂ ਲੱਗ ਸਕਦੀ, ਸਭ ਵਿਚ ਮੌਜੂਦ ਹੈਂ, ਅਪਹੁੰਚ ਤੇ ਬੇਅੰਤ ਹੈਂ, ਤੂੰ ਸਦਾ ਹੀ ਕਾਇਮ ਰਹਿਣ ਵਾਲਾ ਤੇ ਸੱਚ-ਮੁਚ ਹਸਤੀ ਵਾਲਾ ਵੇਖਣ ਵਿਚ ਆਉਂਦਾ ਹੈਂ, ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ (ਇਸ ਵਿਚ ਭੀ) ਕੋਈ ਚੀਜ਼ ਫ਼ਰਜ਼ੀ (ਭਾਵ, ਮਨਘੜਤ) ਨਹੀਂ ਜਾਪਦੀ। (ਜਿਤਨੀ ਭੀ) ਸ੍ਰਿਸ਼ਟੀ ਪ੍ਰਭੂ ਨੇ ਪੈਦਾ ਕੀਤੀ ਹੈ (ਇਸ ਵਿਚ) ਸਭ ਜੀਵਾਂ ਨੂੰ ਦਾਤਾਰ ਪ੍ਰਭੂ (ਦਾਤਾਂ) ਦੇਂਦਾ ਹੈ; ਸਭ ਨੂੰ ਇੱਕੋ ਹੀ (ਹੁਕਮ-ਰੂਪ) ਧਾਗੇ ਵਿਚ ਪ੍ਰੋ ਕੇ (ਸਭ ਵਿਚ ਉਸ ਨੇ ਆਪਣੀ) ਜੋਤਿ ਮਿਲਾਈ ਹੋਈ ਹੈ; ਆਪਣੇ ਹੁਕਮ ਅੰਦਰ ਹੀ (ਉਸ ਨੇ ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚ (ਫਸਾਇਆ ਹੋਇਆ ਹੈ ਤੇ) ਹੁਕਮ ਅੰਦਰ ਹੀ (ਇਸ ਵਿਚੋਂ) ਤਾਰਦਾ ਹੈ। ਹੇ ਪ੍ਰਭੂ ਜੀ! ਤੈਨੂੰ ਉਹੀ ਮਨੁੱਖ ਸਿਮਰਦਾ ਹੈ ਜਿਸ ਦੇ ਮੱਥੇ ਤੇ ਭਾਗ ਹੋਵੇ; ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਮੈਂ ਤੈਥੋਂ ਸਦਕੇ ਹਾਂ।੧।
ENGLISH TRANSLATION :-
RAAG GUJRI, VAAR, FIFTH MEHL:
ONE UNIVERSAL CREATOR GOD. BY THE GRACE OF THE TRUE GURU:
SHALOK, FIFTH MEHL:
Deep within yourself, worship the Guru in adoration, and with your tongue, chant the Gurus Name.Let your eyes behold the True Guru, and let your ears hear the Gurus Name. Attuned to the True Guru, you shall receive aplace of honor in the Court of the Lord. Says Nanak, this treasure is bestowed on those who are blessed with His Mercy. In themidst of the world, they are known as the most pious they are rare indeed. || 1 ||
FIFTH MEHL: O Savior Lord, save usand take us across. Falling at the feet of the Guru, our works are embellished with perfection. You have become kind, mercifuland compassionate; we do not forget You from our minds. In the Saadh Sangat, the Company of the Holy, we are carriedacross the terrifying world-ocean. In an instant, You have destroyed the faithless cynics and slanderous enemies. That Lordand Master is my Anchor and Support; O Nanak, hold firm in your mind.Remembering Him in meditation, happiness comes, and all sorrows and pains simply vanish. || 2 ||
PAUREE: He is withoutrelatives, immaculate, all-powerful, unapproachable and infinite. Truly, the True Lord is seen to be the Truest of the True.Nothing established by You appears to be false. The Great Giver gives sustenance to all those He has created. He has strungall on only one thread; He has infused His Light in them. By His Will, some drown in the terrifying world-ocean, and by His Will,some are carried across. O Dear Lord, he alone meditates on You, upon whose forehead such blessed destiny is inscribed. Yourcondition and state cannot be known; I am a sacrifice to You. || 1 ||
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ ।।