ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, September 19, 2012

ਮਾਸਟਰ ਤਾਰਾ ਸਿੰਘ

ਮਾਸਟਰ ਤਾਰਾ ਸਿੰਘ

20ਵੀਂ ਸਦੀ ਦੇ ਮਹਾਨ ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ ਬਖਸ਼ੀ ਗੋਪੀ ਚੰਦ ਮਲਹੋਤਰਾ (ਜੋ ਕਿੱਤੇ ਵਜੋਂ ਪਟਵਾਰੀ ਸਨ) ਦੇ ਘਰ 24 ਜੂਨ, 1885 ਈ: ਨੂੰ ਹੋਇਆ। ਮਾਸਟਰ ਜੀ ਦਾ ਪਹਿਲਾਂ ਨਾਂਅ ਨਾਨਕ ਚੰਦ ਸੀ, ਪਰ ਸਿੰਘ ਸਭਾ ਲਹਿਰ ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੇ ਪ੍ਰਭਾਵ 'ਚ 1902 ਈ: ਵਿਚ ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਏ। ਮੁੱਢਲੀ ਸਿੱਖਿਆ ਉਨ੍ਹਾਂ ਪਿੰਡ ਦੇ ਮਦਰੱਸੇ ਤੋਂ ਪ੍ਰਾਪਤ ਕੀਤੀ। ਮਾਸਟਰ ਜੀ ਨੇ ਉੱਚ ਸਿੱਖਿਆ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਇਥੋਂ ਗਰੈਜੂਏਸ਼ਨ ਕਰਨ ਤੋਂ ਪਿੱਛੋਂ ਉਨ੍ਹਾਂ ਲਾਹੌਰ ਤੋਂ ਬੀ. ਟੀ. ਪਾਸ ਕੀਤੀ। ਟੀਚਰ ਟ੍ਰੇਨਿੰਗ ਲਈ ਬੈਚੁਲਰ ਦੀ ਡਿਗਰੀ ਤੋਂ ਪਿੱਛੋਂ ਮਾਸਟਰ ਤਾਰਾ ਸਿੰਘ ਖ਼ਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਵਜੋਂ ਨਿਯੁਕਤ ਹੋਏ।

ਗੁਰਦੁਆਰਾ ਸੁਧਾਰ ਲਹਿਰ ਲਈ ਚਲੇ ਸੰਘਰਸ਼ ਵਿਚ ਅੰਗਰੇਜ਼ ਸਰਕਾਰ ਨੇ ਬਾਕੀ ਅਕਾਲੀ ਲੀਡਰਾਂ ਸਮੇਤ ਮਾਸਟਰ ਜੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਜਦੋਂ ਰਿਹਾਈ ਹੋਈ, ਉਸ ਸਮੇਂ ਅੰਗਰੇਜ਼ ਸਰਕਾਰ ਵਲੋਂ ਗੁਰਦੁਆਰਾ ਐਕਟ-1925 ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧਾਂ ਲਈ ਲਾਗੂ ਕੀਤਾ। ਅਕਾਲੀ ਦਲ ਨੂੰ ਇਸੇ ਐਕਟ ਨੇ ਦੋ ਧੜਿਆਂ ਵਿਚ ਵੰਡ ਦਿੱਤਾ। ਮਾਸਟਰ ਜੀ ਦੂਜੇ ਧੜੇ ਨਾਲ ਜੁੜ ਗਏ। ਜਦੋਂ 1926 ਵਿਚ ਜੇਲ੍ਹੋਂ ਬਾਹਰ ਆਏ ਤਾਂ ਆਪ ਨੂੰ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਣਾਇਆ ਗਿਆ। ਇਸ ਤੋਂ ਪਿੱਛੋਂ ਸਮੇਂ-ਸਮੇਂ ਮਾਸਟਰ ਜੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਆਪਣੇ ਫਰਜ਼ ਨਿਭਾਉਂਦੇ ਰਹੇ।

ਦੇਸ਼ ਦੀ ਵੰਡ ਤੋਂ ਬਾਅਦ ਫਰਵਰੀ, 1949 ਈ: ਵਿਚ ਜਦੋਂ ਦਿੱਲੀ ਵਿਚ ਹੋ ਰਹੀ ਅਕਾਲੀ ਕਾਨਫ਼ਰੰਸ ਵਿਚ ਆਪ ਹਿੱਸਾ ਲੈਣ ਜਾ ਰਹੇ ਸਨ ਤਾਂ ਆਜ਼ਾਦ ਦੇਸ਼ ਵਿਚ ਦਿੱਲੀ 'ਚ ਦਾਖ਼ਲੇ ਤੋਂ ਪਹਿਲਾਂ ਨਰੇਲਾ ਸਟੇਸ਼ਨ 'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਰਿਹਾਈ ਤੋਂ ਪਿੱਛੋਂ ਆਪ ਨੇ ਭਾਸ਼ਾ 'ਤੇ ਆਧਾਰਿਤ ਪੰਜਾਬੀ ਸੂਬੇ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ। 1960 ਈ: ਵਿਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਮਾਸਟਰ ਜੀ ਨੇ 140 ਸੀਟਾਂ ਵਿਚੋਂ 136 ਸੀਟਾਂ ਅਕਾਲੀ ਦਲ ਲਈ ਜਿੱਤੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ। ਛੇਤੀ ਹੀ ਪ੍ਰਧਾਨਗੀ ਛੱਡ ਕੇ ਪੰਜਾਬੀ ਸੂਬੇ ਦੇ ਅੰਦੋਲਨ ਵਿਚ ਕੁੱਦ ਪਏ। ਅੰਮ੍ਰਿਤਸਰ ਵਿਚ 'ਪੰਜਾਬੀ ਸੂਬਾ ਕਨਵੈਨਸ਼ਨ' ਵਿਚ 'ਪੰਜਾਬੀ ਸੂਬਾ' ਬਣਾਉਣ ਲਈ ਮਤਾ ਪਾਸ ਕਰਵਾਇਆ। ਦਿੱਲੀ ਵਿਚ ਪ੍ਰਭਾਵਸ਼ਾਲੀ ਜਲੂਸ ਕੱਢਣ ਦਾ ਐਲਾਨ ਕੀਤਾ ਗਿਆ। ਜਲੂਸ ਤੋਂ ਪਹਿਲਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਸਿੱਖਾਂ ਵੱਲੋਂ ਪੰਜਾਬੀ ਸੂਬੇ ਦੀ ਮੰਗ ਲਈ ਸ਼ਾਨਦਾਰ ਜਲੂਸ ਕੱਢਿਆ ਗਿਆ। 4 ਜਨਵਰੀ, 1961 ਨੂੰ ਰਿਹਾਅ ਹੋ ਕੇ ਸੰਤ ਫਤਹਿ ਸਿੰਘ ਵੱਲੋਂ ਸ਼ੁਰੂ ਕੀਤਾ ਮਰਨ ਵਰਤ ਖੁਲ੍ਹਵਾਇਆ। ਆਪ ਜੀ ਵੱਲੋਂ 'ਸੱਚਾ ਢੰਡੋਰਾ' ਅਤੇ 'ਪਰਦੇਸੀ ਖਾਲਸਾ' ਸਪਤਾਹਿਕ ਮੈਗਜ਼ੀਨ ਵੀ ਸ਼ੁਰੂ ਕੀਤੇ ਜੋ ਪਿੱਛੋਂ 'ਅਕਾਲੀ' ਅਖ਼ਬਾਰ ਦੇ ਰੂਪ ਵਿਚ ਬਦਲ ਗਏ। 1961 ਈ: ਵਿਚ 'ਜਥੇਦਾਰ' ਅਖ਼ਬਾਰ ਛਾਪਣਾ ਸ਼ੁਰੂ ਕੀਤਾ। ਉਰਦੂ ਵਿਚ ਪੰਥਕ ਹਿੱਤਾਂ ਲਈ 'ਪ੍ਰਭਾਤ' ਅਖ਼ਬਾਰ ਵੀ ਕੱਢਿਆ। 1949 ਈ: ਵਿਚ ਆਪ ਜੀ ਵੱਲੋਂ ਸ਼ੁਰੂ ਕੀਤਾ 'ਸੰਤ ਸਿਪਾਹੀ' ਮਾਸਿਕ ਪੱਤਰ ਹੁਣ ਤੱਕ ਛਪ ਰਿਹਾ ਹੈ। ਮਾਸਟਰ ਤਾਰਾ ਸਿੰਘ ਵਰਗੀ ਮਹਾਨ ਸ਼ਖ਼ਸੀਅਤ 22 ਨਵੰਬਰ, 1967 ਈ: ਨੂੰ ਹਮੇਸ਼ਾ ਲਈ ਸਾਡੇ ਪਾਸੋਂ ਵਿਦਾ ਹੋ ਗਈ।

-ਭਗਵਾਨ ਸਿੰਘ ਜੌਹਲ




Post Comment


ਗੁਰਸ਼ਾਮ ਸਿੰਘ ਚੀਮਾਂ