ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, September 25, 2012

ਲੱਚਰ ਗਾਇਕੀ ਪੰਜਾਬੀਅਤ ਲਈ ਕਲੰਕ


ਸਮਕਾਲੀ ਪੰਜਾਬੀ ਸਮਾਜ ਅੱਜ ਵੀ ਰਵਾਇਤੀ-ਗਾਇਕੀ ਨੂੰ ਮੋਹ ਕਰਦਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੋ ਰਿਹਾ ਹੈ ਕਿ ਪੌਪ ਮਿਊਜ਼ਿਕ ਦੀ ਜੋ ਲਹਿਰ ਪਿਛਲੇ ਦਹਾਕੇ ਵਿਚ ਆਰੰਭ ਹੋਈ ਹੈ, ਇਸ ਦਾ ਜਨੂੰਨ ਲੋਕਾਂ ਤੋਂ ਘਟ ਰਿਹਾ ਹੈ। ਕੋਈ ਵੀ ਹਨੇਰੀ ਜਾਂ ਤੂਫ਼ਾਨ ਹਮੇਸ਼ਾ ਨਹੀਂ ਰਹਿੰਦਾ। ਕੋਈ ਵੀ ਲਹਿਰ ਸਦੀਵੀ ਨਹੀਂ ਹੁੰਦੀ। ਪਿਛਲੇ ਦਹਾਕੇ ਵਿਚ ਆਰਕੈਸਟਰਾ ਪਾਰਟੀਆਂ ਅਤੇ 'ਪੌਪ ਮਿਊਜ਼ਿਕ' ਦੀ ਲਹਿਰ ਇਕ ਹਨੇਰੀ ਵਾਂਗ ਆਈ ਜਿਸ ਵਿਚੋਂ ਸ਼ਰਮ-ਹਯਾ, ਪਵਿੱਤਰ ਭਾਵਨਾਵਾਂ, ਮਰਯਾਦਾ ਅਤੇ ਇੱਜ਼ਤ-ਮਾਣ, ਸਭ ਕੁਝ ਖ਼ਤਮ ਹੋ ਗਿਆ। ਘਰ ਪਰਿਵਾਰ ਵਿਚ ਇਕੱਠੇ ਬੈਠ ਕੇ ਟੀ. ਵੀ. ਜਾਂ ਵੀਡੀਓ ਸੁਣਨਾ, ਦੇਖਣਾ ਮੁਸ਼ਕਿਲ ਹੋ ਜਾਂਦਾ ਹੈ। ਬਹੁਤ ਸਾਰੇ ਸਾਜ਼ਾਂ ਦੀ ਵਰਤੋਂ ਕਰਕੇ ਹਰੇਕ ਬੇਸੁਰਾ-ਬੌਂਗਾ ਗਾਇਕ ਛੇਤੀ ਸਫਲ ਹੋਣ ਦੀ ਆਸ ਵਿਚ ਬੇਤਾਲਾ ਨੱਚਣ ਲੱਗ ਪਿਆ ਹੈ। ਉਹ ਅੱਧ ਨੰਗੀਆਂ ਕੁੜੀਆਂ ਸਟੇਜ 'ਤੇ ਨਚਾ ਕੇ ਪੰਜਾਬੀ ਸੱਭਿਆਚਾਰ ਦੀ ਗੱਲ ਕਰਦਾ ਹੈ। ਕਿਸੇ 'ਚੁੰਨੀ' ਦੇ ਗੀਤ ਵਿਚ ਮਾਡਲ ਕੁੜੀ ਦੇ ਚੁੰਨੀ ਨੇੜੇ ਵੀ ਨਹੀਂ। ਗੁੱਤ ਵਾਲੇ ਗੀਤ ਵਿਚ ਸਿਰ 'ਤੇ ਗੁੱਤ ਨਹੀਂ ਤੇ ਘੱਗਰੇ ਵਾਲੇ ਗੀਤ ਵਿਚ ਘੱਗਰਾ ਨਹੀਂ।
ਪੰਜਾਬੀ ਗਾਇਕੀ ਵਿਚ ਹੁਣ ਕਈ ਅਜਿਹੀਆਂ ਗਾਇਕਾਵਾਂ ਆਈਆਂ ਹਨ, ਜਿਨ੍ਹਾਂ ਨੂੰ ਰਾਗਾਂ ਦੀ ਭੋਰਾ ਸਮਝ ਨਹੀਂ ਪਰ ਉਹ ਲੱਚਰ ਗੀਤ ਗਾ ਕੇ ਤੇ ਮਾਡਲ ਮਰਦਾਂ ਨੂੰ ਨਚਾ ਸਫਲ ਹੋਣ ਦਾ ਯਤਨ ਕਰ ਰਹੀਆਂ ਹਨ। ਅਜਿਹੀਆਂ ਔਰਤਾਂ ਪੰਜਾਬੀ ਸੱਭਿਆਚਾਰ ਨੂੰ ਵੱਡੀ ਢਾਹ ਲਾਉਣ ਦੀਆਂ ਜ਼ਿੰਮੇਵਾਰ ਹਨ। ਲੰਮਾ ਸਮਾਂ ਪਹਿਲਾਂ ਪੰਜਾਬੀ ਸੱਭਿਆਚਾਰ ਦੇ ਗੀਤ ਗਾਉਣ ਵਾਲੀਆਂ ਅਨੇਕਾਂ ਗਾਇਕਾਵਾਂ ਨੇ ਸਾਫ਼-ਸੁਥਰਾ ਗਾ ਕੇ ਗਾਇਕੀ ਦੇ ਖੇਤਰ ਵਿਚ ਔਰਤਾਂ ਲਈ ਰਾਹ ਪੱਧਰਾ ਕੀਤਾ। ਕਲਾ ਨੂੰ ਸਿਰਫ ਤੇ ਸਿਰਫ ਕਾਮੁਕਤਾ ਲਈ ਵਰਤਣਾ ਸ਼ਰਮ ਦੀ ਗੱਲ ਹੈ। ਸਾਫ਼-ਸੁਥਰੀ ਗਾਇਕੀ ਵਾਲੀਆਂ ਔਰਤਾਂ ਨੂੰ ਹੁਣ ਵੀ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਯਾਦ ਕਰਦਿਆਂ ਜ਼ਿਹਨ ਵਿਚ ਇਕ ਪਵਿੱਤਰ ਤੇ ਨਤਮਸਤਕ ਕਰਨ ਯੋਗ ਔਰਤ ਦਾ ਚਿੰਨ੍ਹ ਉੱਭਰਦਾ ਹੈ। ਜੇ ਸਾਡੀਆਂ ਅੱਜ ਦੀਆਂ ਗਾਇਕ ਔਰਤਾਂ ਨੰਗੇਜ਼ਵਾਦ ਤੇ ਲੱਚਰ ਗਾਇਕੀ ਦੀ ਬਜਾਏ ਸਾਫ਼-ਸੁਥਰੀ ਗਾਇਕੀ ਪੇਸ਼ ਕਰਨ ਤਾਂ ਉਹ ਲੋਕ-ਮਨਾਂ 'ਤੇ ਲੰਮਾ ਸਮਾਂ ਰਾਜ ਕਰਨਗੀਆਂ। ਸੁਣਨ ਵਾਲੀਆਂ ਔਰਤਾਂ ਵੀ ਘਰ ਵਿਚ ਅਜਿਹੀ ਅਸ਼ਲੀਲ ਪੇਸ਼ਕਾਰੀ ਦੀ ਵਿਰੋਧਤਾ ਕਰਨ। ਸਾਡੇ ਲੇਖਕਾਂ, ਪੱਤਰਕਾਰਾਂ, ਕਲਾਕਾਰਾਂ ਨੂੰ ਵੀ ਆਪਣੀ ਸੁਰ ਲੱਚਰ ਗਾਇਕੀ ਦੀ ਵਿਰੋਧਤਾ ਵਿਚ ਉਚੇਰੀ ਕਰਨ ਦੀ ਲੋੜ ਹੈ। ਲੋੜ ਹੈ ਅਸ਼ਲੀਲਤਾ ਤੋਂ ਦੂਰ ਰਹੀਏ, ਸਮਕਾਲੀ ਸਮਾਜ ਤੇ ਲੋਕ ਜੀਵਨ ਦੀ ਗੱਲ ਕਰੀਏ।

ਪਰਮਜੀਤ ਕੌਰ 'ਸਰਾਂ


Post Comment


ਗੁਰਸ਼ਾਮ ਸਿੰਘ ਚੀਮਾਂ