ਮੌਜੂਦਾ ਦੌਰ ਵਿਚ ਸਕੂਲੀ ਬੱਚੇ ਕਈ ਪ੍ਰਕਾਰ ਦੇ ਮਨੋਰੋਗਾਂ ਦੀ ਚਪੇਟ ਵਿਚ ਆ ਰਹੇ ਹਨ। ਬੱਚਿਆਂ ਵਿਚ ਤਨਾਓ ਵੱਧ ਰਿਹਾ ਹੈ। ਉਹ ਚਾਹੇ ਪੜ੍ਹਾਈ ਦਾ ਤਨਾਓ ਹੋਵੇ, ਆਪਣੇ ਨਾਲ ਵਾਪਰ ਰਹੀਆਂ ਘਟਨਾਵਾਂ ਦਾ ਹੋਵੇ ਜਾਂ ਸਰੀਰ ਵਿਚ ਹੋ ਰਹੇ ਪਰਿਵਰਤਨ ਦਾ ਹੋਵੇ। ਅਜੋਕੇ ਸਮੇਂ 5 ਤੋਂ 15 ਸਾਲ ਤੱਕ ਉੱਮਰ ਦੇ ਬੱਚੇ ਤਨਾਓ ਦਾ ਸ਼ਿਕਾਰ ਜਿਆਦਾ ਗਿਣਤੀ ਵਿਚ ਹੋ ਰਹੇ ਹਨ। ਇਸ ਤਨਾਓ ਦਾ ਸਭ ਤੋਂ ਵੱਡਾ ਪ੍ਰਭਾਵ ਇਹ ਪੈ ਰਿਹਾ ਹੈ ਕਿ ਬੱਚਿਆਂ ਵਿਚ ਆਤਮ-ਵਿਸ਼ਵਾਦ ਦੀ ਕਮੀ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਆਤਮ-ਵਿਸ਼ਵਾਸ ਦੀ ਕਮੀ ਕਾਰਣ ਬੱਚਿਆਂ ਵਿਚ ਹੀਣਭਾਵਨਾ ਘਰ ਕਰ ਗਈ ਹੈ। ਇਸ ਲਈ ਮਾਤਾ-ਪਿਤਾ ਦੀ ਜ਼ਿੰਮੇਵਾਰੀ ਪਹਿਲਾਂ ਨਾਲੋਂ ਵਧੇਰੇ ਮਹਤੱਵਪੂਰਨ ਹੋ ਗਈ ਹੈ।
ਬੱਚਿਆਂ ਦੇ ਮਾਤਾ-ਪਿਤਾ ਅਕਸਰ ਹੀ ਮਨੋਵਿਗਿਆਨੀਆਂ ਤੋਂ ਸਲਾਹਾਂ ਲੈਂਦੇ ਰਹਿੰਦੇ ਹਨ ਕਿ ਕਿਸ ਪ੍ਰਕਾਰ ਹੀਣਭਾਵਨਾ ਨਾਲ ਗ੍ਰਸਤ ਬੱਚੇ ਦਾ ਆਤਮ-ਵਿਸ਼ਵਾਸ ਵਧਾਇਆ ਜਾਏ? ਬਚੇ ਦੇ ਮਨ’ਚੋਂ ਡਰ/ਹੀਣਭਾਵਨਾ ਕੱਢੀ ਜਾਏ? ਜੇਕਰ ਮਾਤਾ-ਪਿਤਾ ਹੇਠ ਲਿਖੇ ਕੁੱਝ ਨਿਯਮਾਂ ਦਾ ਪਾਲਣ ਕਰਨ ਤਾਂ ਹੀਣਭਾਵਨਾ ਨਾਲ ਗ੍ਰਸਤ ਸਕੂਲੀ ਬੱਚਿਆਂ ਵਿਚ ਆਤਮ-ਵਿਸ਼ਵਾਦ ਦੀ ਭਾਵਨਾ ਮੁੜ ਕੇ ਪੈਦਾ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਇਹ ਪਛਾਣ ਕਿਸ ਤਰ੍ਹਾਂ ਹੋਵੇ ਕਿ ਬੱਚਾ ਹੀਣਭਾਵਨਾ ਨਾਲ ਗ੍ਰਸਤ ਹੈ ਅਤੇ ਉਸ ਵਿਚ ਆਤਮ-ਵਿਸ਼ਵਾਸ ਦੀ ਕਮੀ ਹੈ। ਇਸ ਪਛਾਣ ਦੇ ਕੁੱਝ ਲੱਛਣ ਇਸ ਪ੍ਰਕਾਰ ਹਨ।
ਹੀਣਭਾਵਨਾ ਨਾਲ ਗ੍ਰਸਤ ਬੱਚੇ ਵਿਚ ਦੇਖੇ ਜਾਣ ਵਾਲੇ ਪ੍ਰਮੱਖ ਲੱਛਣ
ਬੱਚਾ ਘੱਟ ਬੋਲਣ ਲੱਗਦਾ ਹੈ। ਉਹ ਕਿਸੇ ਨਾਲ ਵੀ ਖੁੱਲ ਕੇ ਗੱਲ ਨਹੀਂ ਕਰਦਾ ਤੇ ਆਪਣੇ ਮਨ ਦੀ ਗੱਲ ਦੱਸਣ ਤੋਂ ਸੰਕੋਚ ਕਰਦਾ ਹੈ।
ਉਹ ਆਪਣੇ ਮਾਤਾ-ਪਿਤਾ ਦੀ ਗੱਲ ਵੱਲ ਵੀ ਵਧੇਰੇ ਧਿਆਨ ਨਹੀਂ ਦਿੰਦਾ ਜੇਕਰ ਮਾਤਾ-ਪਿਤਾ ਉਸ ਨਾਲ ਗੱਲ ਕਰਦੇ ਹਨ ਤਾਂ ਉਹ ਅਣਸੁਣਾ ਕਰ ਦਿੰਦਾ ਹੈ ਜਾਂ ਬਹੁਤਾ ਧਿਆਨ ਨਹੀਂ ਦਿੰਦਾ।
ਜੇ ਕਦੇ ਉਹ ਥੋੜਾ ਬਹੁਤਾ ਬੋਲਦਾ ਹੈ ਤਾਂ ਨਜ਼ਰ ਚੁਰਾ ਕੇ ਬੋਲਦਾ ਹੈ ਉਹ ਨਜ਼ਰ ਮਿਲਾ ਕੇ ਗੱਲ ਨਹੀਂ ਕਰੇਗਾ। ਹਮੇਸ਼ਾ ਜ਼ਮੀਨ ਵੱਲ ਜਾਂ ਉੱਪਰ ਛੱਤ ਵੱਲ ਦੇਖ ਕੇ ਗੱਲ ਕਰੇਗਾ।
ਉਹ ਆਪਣੀਆਂ ਨਿਜੀ ਪ੍ਰਯੋਗ ਵਾਲੀਆਂ ਵਸਤਾਂ ਤੁਹਾਡੇ ਕੋਲੋਂ ਛੁਪਾ ਕੇ ਰੱਖੇਗਾ। ਜਿਵੇਂ ਮੋਬਾਈਲ, ਘੜੀ ਅਤੇ ਬਟੂਆ ਆਦਿਕ।
ਅਜਿਹਾ ਬੱਚਾ ਖਾਣਾ-ਪੀਣਾ ਘੱਟ ਕਰ ਦੇਵੇਗਾ ਤੇ ਆਪਣੀ ਪਸੰਦ ਦੀ ਕਿਸੇ ਖਾਣ ਵਾਲੀ ਚੀਜ ਦੀ ਮੰਗ ਵੀ ਨਹੀ ਕਰੇਗਾ।
ਪੜ੍ਹਾਈ ਵਿਚ ਧਿਆਨ ਨਹੀਂ ਦੇਵੇਗਾ।
ਹੀਣਭਾਵਨਾ ਨਾਲ ਗ੍ਰਸਤ ਬੱਚਾ ਇੱਕਲਾ ਬੈਠਣਾ ਪੰਸਦ ਕਰੇਗਾ ਜਿੱਥੇ ਪਰਿਵਾਰ ਦੇ ਮੈਂਬਰ ਬੈਠਣਗੇ ਉਹ ਉਸ ਜਗ੍ਹਾਂ ਤੋਂ ਦੂਰ ਜਾਵੇਗਾ।
ਆਪਣੇ ਕਪੜਿਆ ਦੀ ਸਾਫ਼-ਸਫ਼ਾਈ ਵੱਲ ਬਹੁਤਾ ਧਿਆਨ ਨਹੀਂ ਦੇਵੇਗਾ ਅਤੇ ਗੰਦੇ ਕਪੜੇ/ਬੂਟ ਆਦਿਕ ਪਾ ਕੇ ਰੱਖੇਗਾ।
ਉਹ ਆਪਣੇ ਕਮਰੇ ਵਿਚ ਹੀ ਬੈਠਣਾ ਪਸੰਦ ਕਰੇਗਾ ਬਾਹਰ ਦੋਸਤਾਂ ਨਾਲ ਘੁੰਮਣ-ਫਿਰਨ ਤੋਂ ਗੁਰੇਜ਼ ਕਰੇਗਾ।
ਉਸ ਨੂੰ ਸਿਰ ਦਰਦ, ਚੱਕਰ ਆਉਣਾ, ਉਲਟੀ ਆਉਣਾ, ਕਮਰ ਦਰਦ ਜਾਂ ਹੋਰ ਕੋਈ ਸ਼ਰੀਰਕ ਤਕਲੀਫ਼ ਵੀ ਹੋ ਸਕਦੀ ਹੈ।
ਕਈ ਵਾਰ ਅਜਿਹੇ ਬੱਚੇ ਇਕੱਲੇ ਬੈਠ ਕੇ ਰੋਂਦੇ ਵੀ ਦੇਖੇ ਜਾਂਦੇ ਹਨ।
ਅਜਿਹੇ ਬੱਚੇ ਜਿੱਦੀ ਸੁਭਾਅ ਦੇ ਹੋ ਜਾਂਦੇ ਹਨ। ਜੇਕਰ ਮਾਤਾ-ਪਿਤਾ ਕਿਸੇ ਕੰਮ ਤੋਂ ਮਨਾ ਕਰਦੇ ਹਨ ਤਾਂ ਇਹ ਉਸੇ ਕੰਮ ਨੂੰ ਕਰਦੇ ਹਨ ਜਿਹੜਾ ਮਾਤਾ-ਪਿਤਾ ਨੇ ਮਨਾ ਕੀਤਾ ਹੁੰਦਾ ਹੈ।
ਆਤਮਵਿਸ਼ਵਾਸ ਕਿਵੇਂ ਦਵਾਈਏ...?
ਹੀਣਭਾਵਨਾ ਦਾ ਗ੍ਰਸਤ ਬੱਚੇ ਨਾਲ ਹਮੇਸ਼ਾ ਪਿਆਰ ਨਾਲ ਪੇਸ਼ ਆਓ।
ਬੱਚੇ ਵਿਚ ਹੀਣਭਾਵਨਾ ਪੈਦਾ ਹੋਣ ਦੇ ਕਾਰਣਾਂ ਦਾ ਪਤਾ ਕਰਨ ਦੀ ਕੋਸ਼ਿਸ਼ ਕਰੋ ਅਤੇ ਇਹਨਾਂ ਨੂੰ ਦੂਰ ਕਰਣ ਲਈ ਕਿਸੇ ਚੰਗੇ ਮਨੋਵਿਗਿਆਨੀ ਨਾਲ ਗੱਲਬਾਤ ਕਰੋ।
ਬੱਚੇ ਨੂੰ ਇਹ ਅਹਸਾਸ ਕਰਵਾਓ ਕਿ ਉਹ ਕਿਸੇ ਬੀਮਾਰੀ ਦਾ ਸ਼ਿਕਾਰ ਨਹੀਂ ਹੈ। ਕਈ ਵਾਰ ਬੱਚੇ ਨੂੰ ਲੱਗਦਾ ਹੈ ਕਿ ਉਹ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਗਿਆ ਹੈ ਜਿਸ ਨਾਲ ਉਸ ਦੇ ਵਿਵਹਾਰ ਵਿਚ ਤਬਦੀਲੀ ਆ ਰਹੀ ਹੈ।
ਬੱਚੇ ਨਾਲ ਦੋਸਤਾਂ ਵਾਂਗ ਪੇਸ਼ ਆਓ ਅਤੇ ਉਸ ਨਾਲ ਹਾਸਾ-ਮਜ਼ਾਕ ਕਰੋ ਤਾਂ ਕਿ ਉਹ ਖੁਸ਼ ਹੋ ਸਕੇ।
ਬੱਚੇ ਨਾਲ ਮਾਰ-ਕੁੱਟ ਜਾਂ ਗਾਲੀ-ਗਲੋਚ ਨਾ ਕਰੋ ਅਤੇ ਭੁੱਲ ਕੇ ਵੀ ਕਦੇ ਤਾਨੇ-ਮਿਹਨੇ ਨਾ ਮਾਰੋ ਨਹੀਂ ਤਾਂ ਬੱਚਾ ਪਹਿਲਾਂ ਨਾਲੋਂ ਜਿਆਦਾ ਪ੍ਰੇਸ਼ਾਨ ਹੋ ਸਕਦਾ ਹੈ।
ਬਚੇ ਨੂੰ ਖਾਣੇ ਵਿਚ ਉਸ ਦੀ ਪਸੰਦ ਪੁੱਛੇ ਅਤੇ ਉਸ ਲਈ ਵਿਸ਼ੇਸ਼ ਤੋਰ ਤੇ ਉਹ ਖਾਣਾ ਬਣਾਓ ਜਿਹੜਾ ਉਸ ਨੂੰ ਪਸੰਦ ਹੈ।
ਸਾਰੇ ਪਰਿਵਾਰਕ ਜੀਅ ਇੱਕਠੇ ਬੈਠ ਕੇ ਟੀ.ਵੀ. ਦੇਖੋ ਜਾਂ ਫਿਲਮ ਵਗੈਰਾ ਦੇਖੋ ਤਾਂ ਕਿ ਉਹ ਤੁਹਾਡੇ ਨਾਲ ਖੁੱਲ ਕੇ ਗੱਲਬਾਤ ਕਰ ਸਕੇ।
ਬੱਚੇ ਨਾਲ ਬਾਹਰ ਘੁੰਮਣ ਲਈ ਨਿਕਲੋ ਅਤੇ ਉਸ ਦੇ ਦੋਸਤਾਂ-ਮਿੱਤਰਾਂ ਘਰ ਜਾਓ।
ਬੱਚੇ ਨੂੰ ਪਿਆਰ ਨਾਲ ਸਕੂਲ ਦਾ ਕੰਮ ਕਰਵਾਓ। ਉਸ ਨੂੰ ਪੜ੍ਹਾਈ ਦੀ ਅਹਿਮੀਅਤ ਬਾਰੇ ਜਾਣਕਾਰੀ ਦਿਓ।
ਬੱਚੇ ਦੀਆ ਕਮੀਆਂ ਉਸ ਦੇ ਯਾਰਾਂ-ਬੇਲੀਆਂ ਸਾਹਮਣੇ ਨਾ ਦੱਸੋ।
ਆਪਣੇ ਬੱਚੇ ਨੂੰ ਇਤਿਹਾਸ ਦੀਆਂ ਪ੍ਰੇਰਣਾਦਾਇਕ ਘਟਨਾਵਾਂ ਸੁਣਾਓ ਤਾਂ ਕਿ ਉਹ ਇਹਨਾਂ ਤੋਂ ਪ੍ਰੇਰਣਾ ਲੈ ਕੇ ਆਪਣੀ ਪੜ੍ਹਾਈ ਤੇ ਧਿਆਨ ਦੇਵੇ ਅਤੇ ਉਸ ਦਾ ਆਤਮ ਵਿਸ਼ਵਾਸ ਮੁੜ ਬਹਾਲ ਹੋ ਜਾ ਸਕੇ।
ਆਪਣੇ ਬੱਚੇ ਦੀ ਤੁਲਨਾ ਦੂਜੇ ਬੱਚਿਆਂ ਨਾਲ ਨਾ ਕਰੋ ਕਿਉਂਕਿ ਹਰ ਬੱਚੇ ਦੇ ਸੋਚਣ ਅਤੇ ਕੰਮ ਕਰਨ ਦੀ ਯੋਗਤਾ ਵੱਖਰੀ-ਵੱਖਰੀ ਹੁੰਦੀ ਹੈ।
ਸਕੂਲ ਵਿਚ ਜਾ ਕੇ ਉਸ ਦੇ ਅਧਿਆਪਕ ਨਾਲ ਗੱਲ ਕਰੋ ਅਤੇ ਉਹਨਾਂ ਨੂੰ ਮਦਦ ਲਈ ਬੇਨਤੀ ਕਰੋ।
ਬੱਚੇ ਸਾਹਮਣੇ ਆਪਣੇ ਪਤੀ/ਪਤਨੀ ਨਾਲ ਲੜਾਈ-ਝਗੜਾ ਨਾ ਕਰੋ ਨਹੀਂ ਤਾਂ ਬੱਚੇ ਦੇ ਮਨ ਤੇ ਬੁਰਾ ਪ੍ਰਭਾਵ ਪੈਂਦਾ ਹੈ।
ਬੱਚੇ ਨੂੰ ਉਸ ਦੀਆਂ ਪਸੰਦ ਦੀਆਂ ਵਸਤਾਂ ਜਿਵੇਂ ਕਪੜੇ, ਬੂਟ, ਖਿਡੋਣੇ ਅਤੇ ਮਨੋਰੰਜਨ ਦੀਆਂ ਚੀਜਾਂ ਲੈ ਕੇ ਦਿਓ।
ਇਹਨਾਂ ਕੰਮਾਂ ਤੋਂ ਪਰਹੇਜ਼ ਕਰੋ
ਬੱਚੇ ਦੀ ਨਾਜਾਇਜ਼ ਜਿੱਦ ਨੂੰ ਪਿਆਰ ਨਾਲ ਟਾਲ ਦਿਓ। ਜਿਵੇਂ ਜੇਕਰ ਛੋਟੀ ਉੱਮਰ ਵਿਚ ਉਹ ਮੋਟਰਸਾਈਕਲ ਦੀ ਮੰਗ ਕਰ ਰਿਹਾ ਹੈ ਤਾਂ ਬਜਾਏ ਸਿੱਧਾ ਨਾਂਹ ਕਰਨ ਦੇ ਇਹ ਕਹਿ ਦਿਓ ਕਿ ਜੇ ਇਸ ਸਾਲ ਉਸ ਦੇ ਪੜ੍ਹਾਈ ਵਿਚ ਚੰਗੇ ਨੰਬਰ ਆਉਂਦੇ ਹਨ ਤਾਂ ਅਗਲੇ ਸਾਲ ਮੋਟਰਸਾਈਕਲ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।
ਬੱਚੇ ਸਾਹਮਣੇ ਕਿਸੇ ਪ੍ਰਕਾਰ ਦਾ ਨਸ਼ਾ ਨਾ ਕਰੋ। ਜਿਵੇਂ ਸ਼ਰਾਬ, ਬੀੜੀ-ਸਿਗਰੇਟ, ਤੰਬਾਕੂ ਆਦਿਕ।
ਬੱਚੇ ਨੂੰ ਗੈਰਜ਼ਰੂਰੀ ਵਰਤੋਂ ਵਾਲਾ ਸਾਮਾਨ ਨਾਂਹ ਲੈ ਕੇ ਦਿਓ।
ਹੀਣਭਾਵਨਾ ਨਾਲ ਗ੍ਰਸਤ ਬੱਚੇ ਨੂੰ ਸਕੂਲ ਤੋਂ ਬਿਨਾਂ ਕਾਰਣ ਦੇ ਛੁੱਟੀ ਨਾ ਕਰਵਾਓ। ਇਸ ਨਾਲ ਉਹ ਨਵੇਂ ਨਵੇਂ ਬਹਾਨੇ ਬਣਾ ਕੇ ਸਕੂਲ ਜਾਣ ਤੋਂ ਬੱਚਣਾ ਆਰੰਭ ਕਰ ਦੇਵੇਗਾ।
ਅਜਿਹੇ ਬੱਚੇ ਨੂੰ ਦੂਰ ਰਿਸ਼ਤੇਦਾਰਾਂ ਕੋਲ ਇੱਕਲਾ ਨਾ ਭੇਜੋ ਅਤੇ ਨਾ ਹੀ ਬਹੁਤੇ ਦਿਨ ਉਹਨਾਂ ਕੋਲ ਰਹਿਣ ਦਿਓ।
ਇਸ ਪ੍ਰਕਾਰ ਉੱਪਰ ਲਿਖੇ ਲੱਛਣਾਂ ਦੁਆਰਾ ਅਸੀਂ ਸਹਿਜੇ ਹੀ ਅੰਦਾਜਾ ਲਗਾ ਸਕਦੇ ਹਾਂ ਕਿ ਸਾਡੇ ਬੱਚੇ ਵਿਚ ਹੀਣਭਾਵਨਾ ਪੈਦਾ ਹੋ ਗਈ ਹੈ ਅਤੇ ਉਸ ਦੇ ਆਤਮਵਿਸ਼ਵਾਸ ਵਿਚ ਕਮੀ ਆ ਗਈ ਹੈ। ਦੂਜਾ ਅਹਿਮ ਨੁਕਤਾ ਕਿ ਬੱਚੇ ਨਾਲ ਪਿਆਰ ਨਾਲ ਪੇਸ਼ ਆ ਕੇ, ਪ੍ਰੇਰਣਾ ਦੇ ਕੇ ਅਤੇ ਉਸ ਦਾ ਖਿਆਲ ਰੱਖ ਕੇ ਆਤਮ-ਵਿਸ਼ਵਾਸ ਮੁੜ ਕੇ ਸੁਰਜੀਤ ਕੀਤਾ ਜਾ ਸਕਦਾ ਹੈ।
ਇੱਥੇ ਮਾਤਾ-ਪਿਤਾ ਲਈ ਯਾਦ ਰੱਖਣ ਵਾਲੀ ਅਹਿਮ ਗੱਲ ਇਹ ਹੈ ਕਿ ਹੀਣਭਾਵਨਾ ਆਪਣੇ ਆਪ ਵਿਚ ਕੋਈ ਬੀਮਾਰੀ ਨਹੀਂ ਹੈ ਇਹ ਮਨ ਦੀ ਇਕ ਅਵਸਥਾ ਹੈ ਤੇ ਇਸ ਤੋਂ ਪਾਰ ਪਾਇਆ ਜਾ ਸਕਦਾ ਹੈ। ਸੋ ਘਬਰਾਉਣ ਦੀ ਲੋੜ ਨਹੀਂ ਹੈ। ਸਹੀ ਦਿਸ਼ਾ-ਨਿਰਦੇਸ ਅਤੇ ਮਾਰਗ-ਦਰਸ਼ਨ ਨਾਲ ਤੁਹਾਡਾ ਬੱਚਾ ਮੁੜ ਕੇ ਆਤਮ-ਵਿਸ਼ਵਾਸੀ ਬਣ ਸਕਦਾ ਹੈ।
ਨਿਸ਼ਾਨ ਰਾਠੌਰ ‘ਮਲਿਕਪੁਰੀ’