ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, September 13, 2012

ਤੀਜੇ ਵਿਸ਼ਵ ਕਬੱਡੀ ਕੱਪ ਦੇ ਪੁਰਸ਼ ਵਰਗ ਵਿੱਚ ਪੁੱਜਣਗੀਆਂ 16 ਟੀਮਾਂ


ਪੰਜਾਬ ਸਰਕਾਰ ਵੱਲੋਂ 1 ਤੋਂ 15 ਦਸਬੰਰ ਤੱਕ ਕਰਵਾਏ ਜਾਣ ਵਾਲੇ ਤੀਜੇ ਕਬੱਡੀ ਵਿਸ਼ਵ ਕੱਪ ਦੇ ਪੁਰਸ਼ ਵਰਗ ਵਿੱਚ 16 ਮੁਲਕਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਜਦੋਂ ਕਿ ਮਹਿਲਾ ਵਰਗ ਵਿੱਚ ਛੇ ਟੀਮਾਂ ਜ਼ੋਰ ਅਜ਼ਮਾਉਣਗੀਆਂ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਵਿਸ਼ਵ ਕੱਪ ਦੀ ਤਿਆਰੀ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਮਾਲ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ, ਸਿੱਖਿਆ ਮੰਤਰੀ ਤੇ ਪੰਜਾਬੀ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਖੇਡ ਵਿਭਾਗ ਦੇ ਸਕੱਤਰ ਪੀ.ਐਸ. ਔਜਲਾ ਤੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ ਹਾਜ਼ਰ ਸਨ। ਸ੍ਰੀ ਬਾਦਲ ਨੇ ਦੱਸਿਆ ਕਿ ਇਸ ਵਾਰ ਪੁਰਸ਼ ਵਰਗ ਵਿੱਚ ਕੀਨੀਆ ਦੀ ਟੀਮ ਪਹਿਲੀ ਵਾਰ ਅਫਰੀਕਾ ਮਹਾਂਦੀਪ ਦੀ ਨੁਮਾਇੰਦਗੀ ਕਰੇਗੀ। ਮਹਿਲਾ ਵਰਗ ਵਿੱਚ ਵਿੱਚ ਵੀ ਇਰਾਨ ਤੇ ਮਲੇਸ਼ੀਆ ਦੀਆਂ ਟੀਮਾਂ ਪਹਿਲੀ ਵਾਰ ਸ਼ਾਮਲ ਹੋਣਗੀਆਂ।
ਪੁਰਸ਼ ਵਰਗ ਦੀ ਜੇਤੂ ਟੀਮ ਨੂੰ 2 ਕਰੋੜ ਰੁਪਏ, ਦੂਜੇ ਸਥਾਨ ਵਾਲੀ ਟੀਮ ਨੂੰ 1 ਕਰੋੜ ਰੁਪਏ ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 51 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਿੱਸਾ ਲੈਣ ਵਾਲੀ ਹਰੇਕ ਟੀਮ ਨੂੰ 10 ਲੱਖ ਰੁਪਏ ਦਿੱਤੇ ਜਾਣਗੇ। ਮਹਿਲਾ ਵਰਗ ਦੀ ਜੇਤੂ ਟੀਮ ਨੂੰ 25 ਲੱਖ ਰੁਪਏ, ਦੂਜੇ ਸਥਾਨ ਵਾਲੀ ਟੀਮ ਨੂੰ 15 ਲੱਖ ਰੁਪਏ ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਕਬੱਡੀ ਵਿਸ਼ਵ ਕੱਪ ਨੂੰ ਪੂਰੀ ਤਰ੍ਹਾਂ ਡੋਪ ਮੁਕਤ ਕਰਵਾਉਣ ਲਈ 40 ਲੱਖ ਦੀ ਰਕਮ ਡੋਪ ਟੈਸਟਾਂ ਲਈ ਰੱਖੀ ਗਈ ਹੈ। ਹਰ ਟੀਮ ਨੂੰ ਹਦਾਇਤ ਹੈ ਕਿ ਟੀਮ ਦੀ ਚੋਣ ਵੇਲੇ ਡੋਪ ਟੈਸਟ ਲਾਜ਼ਮੀ ਕੀਤੇ ਜਾਣ ਅਤੇ ਵਿਸ਼ਵ ਕੱਪ ਦੌਰਾਨ ਆਲਮੀ ਡੋਪਿੰਗ ਰੋਕੂ ਏਜੰਸੀ (ਵਾਡਾ) ਵੱਲੋਂ ਮਾਨਤਾ ਪ੍ਰਾਪਤ ਲੈਬਾਰਟਰੀ ਰਾਹੀਂ ਡੋਪ ਟੈਸਟ ਕੀਤੇ ਜਾਣਗੇ ਅਤੇ ਦੋਸ਼ੀ ਖਿਡਾਰੀਆਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇਗਾ। ਇਸ ਵਾਰ 16 ਮੁਲਕਾਂ ਦੀਆਂ ਟੀਮਾਂ ਵਿਸ਼ਵ ਕੱਪ ਵਿੱਚ ਹਿੱਸਾ ਲੈਣਗੀਆਂ। ਪੁਰਸ਼ ਵਰਗ ਵਿੱਚ ਭਾਰਤ, ਪਾਕਿਸਤਾਨ, ਅਫਗਾਨਸਿਤਾਨ, ਇਰਾਨ, ਸ੍ਰੀਲੰਕਾ, ਅਮਰੀਕਾ, ਕੈਨੇਡਾ, ਡੈਨਮਾਰਕ, ਨਾਰਵੇ, ਸਕਾਟਲੈਂਡ, ਕੀਨੀਆ ਤੇ ਅਰਜਨਟੀਨਾ ਦੀਆਂ ਟੀਮਾਂ ਦਾ ਨਾਂ ਤੈਅ ਹੋ ਗਿਆ ਜਦੋਂ ਕਿ ਮਹਿਲਾ ਵਰਗ ਵਿੱਚ ਭਾਰਤ, ਇਰਾਨ, ਮਲੇਸ਼ੀਆ, ਅਮਰੀਕਾ, ਬਰਤਾਨੀਆ ਤੇ ਤੁਰਕਮੇਸਿਤਾਨ ਦੀਆਂ ਟੀਮਾਂ ਹਿੱਸਾ ਲੈਣਗੀਆਂ। ਤੀਜਾ ਕਬੱਡੀ ਵਿਸ਼ਵ ਕੱਪ 1 ਤੋਂ 15 ਦਸੰਬਰ ਤੱਕ ਕਰਵਾਇਆ ਜਾਵੇਗਾ ਜਿਸ ਦੇ ਸਥਾਨਾਂ ਦਾ ਫੈਸਲਾ ਹਾਲੇ ਕਰਨਾ ਹੈ। ਬਠਿੰਡਾ ਵਿਖੇ ਉਦਘਾਟਨੀ ਅਤੇ ਲੁਧਿਆਣਾ ਵਿਖੇ ਸਮਾਪਤੀ ਸਮਾਰੋਹ ਹੋਵੇਗਾ। ਇਸ ਵਾਰ ਵੀ ਸ਼ਹਿਰਾਂ ਦੇ ਨਾਲ-ਨਾਲ ਪਿੰਡ ਵਿੱਚ ਵੀ 15 ਥਾਵਾਂ ’ਤੇ ਕਬੱਡੀ ਵਿਸ਼ਵ ਕੱਪ ਦੇ ਮੁਕਾਬਲੇ ਕਰਵਾਏ ਜਾਣਗੇ।


Post Comment


ਗੁਰਸ਼ਾਮ ਸਿੰਘ ਚੀਮਾਂ